ਕੋਝੀਕੋਡ ‘ਜਹਾਜ਼ ਹਾਦਸੇ’ ਨਾਲ ‘ਹਵਾਈ ਅੱਡਿਆਂ ਦੀ ਤਰਸਯੋਗ ਦਸ਼ਾ ਉਜਾਗਰ’

08/11/2020 3:32:04 AM

7 ਅਗਸਤ ਨੂੰ ਕੇਰਲ ਦੇ ਕੋਝੀਕੋਡ ’ਚ ‘ਏਅਰ ਇੰਡੀਆ ਐਕਸਪ੍ਰੈੱਸ’ ਦੇ ਜਹਾਜ਼ ਦੇ ਉਤਰਦੇ ਸਮੇਂ ਰਨ-ਵੇਅ ਤੋਂ ਤਿਲਕ ਕੇ ਅੱਗੇ ਨਿਕਲ ਕੇ ਖਾਈ ’ਚ ਜਾ ਡਿੱਗਣ ਨਾਲ 18 ਵਿਅਕਤੀਆਂ ਦੀ ਮੌਤ ਦੇ ਬਾਅਦ ਜਾਣਕਾਰਾਂ ਨੇ ਕਿਹਾ ਕਿ ਦੇਸ਼ ’ਚ ਅਨੇਕ ਹਵਾਈ ਅੱਡਿਆਂ ਦੀ ਏਅਰ ਸਟਰਿਪਸ ਹਾਦਸਿਆਂ ਦੇ ਜ਼ੋਖਮ ’ਤੇ ਹਨ ਪਰ ਸਰਕਾਰ ਅਤੇ ਹਵਾਬਾਜ਼ੀ ਅਧਿਕਾਰੀਆਂ ਨੇ ਪਿਛਲੇ ਜਹਾਜ਼ ਹਾਦਸਿਆਂ ਤੋਂ ਕੋਈ ਸਬਕ ਨਹੀਂ ਸਿੱਖਿਆ। ਤੈਅ ਮਾਪਦੰਡਾਂ ਅਨੁਸਾਰ ਦੇਸ਼ ’ਚ 6 ਟੇਬਲ ਟਾਪ ਹਵਾਈ ਅੱਡਿਆਂ ਮੰਗਲੌਰ, ਕਰਿਪੁਰ, ਲੇਂਗਪੁਈ, ਪੈਕੇਯਾਂਗ, ਕੁੱਲੂ ਤੇ ਸ਼ਿਮਲਾ ਸਮੇਤ 12 ਹਵਾਈ ਅੱਡਿਆਂ ਦੇ ਰਨ-ਵੇਅ ਖਤਰਨਾਕ ਸ਼੍ਰੇਣੀ ’ਚ ਹਨ।

ਸ਼ਿਮਲਾ ਦਾ ‘ਜੁੱਬਰਹੱਟੀ ਹਵਾਈ ਅੱਡਾ’ ਸੁਰੱਖਿਆ ਲਈ ਤੈਅ ਮਾਪਦੰਡਾਂ ਨਾਲੋਂ 300 ਮੀਟਰ ਛੋਟਾ ਹੈ ਅਤੇ ਦੇਸ਼ ਦੇ ਸਭ ਤੋਂ ਵੱਧ ਜ਼ੋਖਮ ਭਰੇ ਟੇਬਲ ਟਾਪ ਹਵਾਈ ਅੱਡਿਆਂ ’ਚੋਂ ਇਕ ਹੈ। ਜੰਮੂ ਤੇ ਪਟਨਾ ਹਵਾਈ ਅੱਡਿਆਂ ਦੇ ਰਨ-ਵੇਅ ਵੀ ਬਹੁਤ ਜ਼ਿਆਦਾ ਜ਼ੋਖਮ ’ਤੇ ਹਨ। ਪਟਨਾ ਹਵਾਈ ਅੱਡੇ ਦੇ ਇਕ ਪਾਸੇ ਰੇਲਵੇ ਲਾਈਨ ਤੇ ਦੂਜੇ ਪਾਸੇ ਹਾਈਵੇ ਹੈ। ਹਵਾਬਾਜ਼ੀ ਸੁਰੱਖਿਆ ਮਾਹਿਰ ਕੈਪਟਨ ਮੋਹਨ ਰੰਗਨਾਥਨ ਦਾ ਕਹਿਣਾ ਹੈ ਕਿ, ‘‘ਰਾਸ਼ਟਰੀ ਅਤੇ ਅੰਤਰਾਸ਼ਟਰੀ ਨਿਯਮਾਂ ਅਨੁਸਾਰ ਆਡਿਟ ਨਾ ਕੀਤੇ ਜਾਣ ਕਾਰਨ ਸਾਡੇ ਦੇਸ਼ ਦੇ ਕਈ ਹਵਾਈ ਅੱਡੇ ਤਾਂ ਸਿਰਫ ਕਾਗਜ਼ਾਂ ’ਤੇ ਹੀ ਸੁਰੱਖਿਅਤ ਹਨ।’’ ਸ਼੍ਰੀ ਰੰਗਨਾਥਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ 2011 ’ਚ ਅਧਿਕਾਰੀਆਂ ਨੂੰ ਚਿਤਾਇਆ ਸੀ ਕਿ, ‘‘ਵਿਸ਼ੇਸ਼ ਤੌਰ ’ਤੇ ਮੀਂਹ ਦੇ ਦੌਰਾਨ ਲੈਂਡਿੰਗ ਲਈ ਕੋਝੀਕੋਡ ਹਵਾਈ ਅੱਡੇ ਦਾ ਰਨ-ਵੇਅ ਅਸੁਰੱਖਿਅਤ ਹੋਣ ਦੇ ਕਾਰਨ ਇਸ ਨੂੰ ਸੁਧਾਰਨ ਦੀ ਲੋੜ ਹੈ।’’

ਸ਼੍ਰੀ ਰੰਗਨਾਥਨ ਅਨੁਸਾਰ, ਹਵਾਈ ਅੱਡਿਆਂ ਦੀ ਸੁਰੱਖਿਆ ਨਾਲ ਜੁਡ਼ੇ ਲੋਕਾਂ ਨੂੰ ਇਸਦੇ ਲਈ ਜਵਾਬਦੇਹ ਬਣਾਉਣ ਦੀ ਲੋੜ ਹੈ। ਸੁਰੱਖਿਆ ਨਿਯਮਾਂ ਦੀ ਪਾਲਣ ਨਾ ਕਰਨ ਦੀ ਸਥਿਤੀ ’ਚ ਇਨ੍ਹਾਂ ਨੂੰ ਬੰਦ ਕਰ ਦੇਣਾ ਚਾਹੀਦਾ ਹੈ ਜਾਂ ਨਿਰਧਾਰਤ ਮਾਪਦੰਡਾਂ ਦੇ ਪੂਰਾ ਹੋਣ ਤਕ ਇਥੇ ਜਹਾਜ਼ਾਂ ਦੀਆਂ ਉਡਾਣਾਂ ਮੁਅੱਤਲ ਕਰ ਦੇਣੀਆਂ ਚਾਹੀਦੀਆਂ ਹਨ।’’ ਇਕ ਹੋਰ ਹਵਾਬਾਜ਼ੀ ਸੁਰੱਖਿਆ ਮਾਹਿਰ ਜਸਵੰਤ ਸ਼ੇਨਾਏ ਨੇ ਇਸਦੇ ਲਈ ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ (ਡੀ. ਜੀ. ਸੀ. ਏ.) ਨੂੰ ਦੋਸ਼ੀ ਠਹਿਰਾਉਂਦੇ ਹੋਏ ਕਿਹਾ ਹੈ ਕਿ :

‘‘ਇਹੀ ਨਿਯਮਾਂ ਦਾ ਸਭ ਤੋਂ ਵੱਡਾ ਉਲੰਘਣਕਰਤਾ ਹੈ। ਇਸਦੀ ਅਗਵਾਈ ਇਕ ਆਈ.ਐੱਸ. ਅਧਿਕਾਰੀ ਕਰ ਰਿਹਾ ਹੈ, ਜਿਸ ਨੂੰ ਹਵਾਬਾਜ਼ੀ ਦੀ ਕੋਈ ਜਾਣਕਾਰੀ ਨਹੀਂ ਹੈ। ਵਿਸ਼ਵ ਦੇ ਕਿਸੇ ਵੀ ਦੇਸ਼ ’ਚ ਪ੍ਰਸ਼ਾਸਕਾਂ ਨੂੰ ਹਵਾਬਾਜ਼ੀ ਅਧਿਕਾਰੀ ਨਿਯੁਕਤ ਨਹੀਂ ਕੀਤਾ ਜਾਂਦਾ।’’ ਡੀ. ਜੀ .ਸੀ. ਏ. ਦੇ ਇਕ ਸਾਬਕਾ ਅਧਿਕਾਰੀ ਦਾ ਵੀ ਕਹਿਣਾ ਹੈ ਕਿ ਹਵਾਈ ਅੱਡਿਆਂ ਦੁਆਰਾ ਅੰਤਰਰਾਸ਼ਟਰੀ ਹਵਾਬਾਜ਼ੀ ਸੰਗਠਨ ਵਲੋਂ ਨਿਰਧਾਰਤ ਨਿਯਮਾਂ ਦੀ ਪਾਲਣਾ ਕੀਤੇ ਜਾਣ ਦੀ ਲੋੜ ਹੈ।’’

ਬੇਸ਼ੱਕ ‘ਏਅਰ ਇੰਡੀਆ ਐਕਸਪ੍ਰੈੱਸ’ ਨੇ 26 ਅਗਸਤ, 2016 ਨੂੰ ਕੋਝੀਕੋਡ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਸਭ ਤੋਂ ਖੂਬਸੂਰਤ ਹਵਾਈ ਅੱਡੇ ਅਤੇ ਹਵਾਈ ਪੱਟੀ ਦੀ ਸੂਚੀ ’ਚ ਸ਼ਾਮਿਲ ਕੀਤਾ ਸੀ ਅਤੇ ਕਿਹਾ ਸੀ ਕਿ ਇਹ ਦੇਸ਼ ਦੇ ਟੇਬਲ ਟਾਪ ਰਨ - ਵੇਅ ਵਾਲੇ ਹਵਾਈ ਅੱਡਿਆਂ ’ਚੋਂ ਇਕ ਹੈ ਪਰ ਹੁਣ ਇਸਦੇ ਰੱਖ-ਰਖਾਅ ’ਤੇ ਸਵਾਲ ਉੱਠਣ ਲੱਗੇ ਹਨ।

ਬੀਤੇ ਸਾਲ 2 ਜੁਲਾਈ ਨੂੰ ਇਸ ਹਵਾਈ ਅੱਡੇ ’ਤੇ ਉਤਰਦੇ ਸਮੇਂ ‘ਏਅਰ ਇੰਡੀਆ ਐਕਸਪ੍ਰੈੱਸ’ ਦੇ ਜਹਾਜ਼ ਦਾ ਪਿਛਲਾ ਹਿੱਸਾ ਹਵਾਈ ਪੱਟੀ ਨਾਲ ਟਕਰਾਉਣ ਦੇ ਬਾਅਦ ਡੀ.ਜੀ.ਸੀ. ਏ. ਨੇ ਹਵਾਈ ਅੱਡਾ ਨਿਰਦੇਸ਼ਕ ਨੂੰ ਹਵਾਈ ਅੱਡੇ ਦੇ ਕਈ ਸਥਾਨਾਂ ’ਤੇ ਸੁਰੱਖਿਆ ਸਬੰਧੀ ਵੱਡੀਆਂ ਤਰੁੱਟੀਆਂ ਮਿਲਣ ਦੇ ਬਾਅਦ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਸੀ।

ਹਵਾਬਾਜ਼ੀ ਮਾਹਿਰਾਂ ਨੇ ਅਜਿਹੀਆਂ ਦੁਰਘਟਨਾਵਾਂ ਰੋਕਣ ਲਈ ਵਿਦੇਸ਼ਾਂ ’ਚ ਪ੍ਰਚਲਿਤ ‘ਈ ਮਾਸ’ ਤਕਨੀਕ ਅਪਣਾਉਣ ਦੀ ਸਲਾਹ ਿਦੱਤੀ ਹੈ ਜਿਸਦੇ ਅਧੀਨ ਸੇਫਟੀ ਏਰੀਆ ’ਚ ਜਹਾਜ਼ ਨੂੰ ਰਨ- ਵੇਅ ਤੋਂ ਤਿਲਕਣ ’ਤੇ ਜ਼ਮੀਨ ’ਚ ਧੱਸਦੇ ਹੋਏ ਰੋਕਣ ਲਈ ‘ਫੋਮ ਕੰਕਰੀਟ’ ਲਗਾਈ ਜਾਂਦੀ ਹੈ।

ਕੁੱਝ ਸਾਲ ਪਹਿਲਾਂ ਵਿਦੇਸ਼ ਤੋਂ ਅਧਿਐਨ ਕਰ ਕੇ ਪਰਤੀ ਹਵਾਬਾਜ਼ੀ ਮਾਹਿਰਾਂ ਦੀ ਟੀਮ ਨੇ ਡੀ. ਜੀ. ਸੀ. ਏ. ਨੂੰ ਇਹ ਤਕਨੀਕ ਅਪਣਾਉਣ ਦਾ ਸੁਝਾਅ ਦਿੱਤਾ ਸੀ ਪਰ ਇਸ ’ਤੇ ਅਮਲ ਨਹੀਂ ਹੋ ਸਕਿਆ।

ਕੋਝੀਕੋਡ ਦੇ ਹਾਦਸੇ ਨੇ ਇਕ ਵਾਰ ਫਿਰ ਦੇਸ਼ ਦੇ ਅਨੇਕ ਹਵਾਈ ਅੱਡਿਆਂ ’ਚ ਪੈਦਾ ਤਰੁੱਟੀਆਂ ਅਤੇ ਉਨ੍ਹਾਂ ਤੋਂ ਪੈਦਾ ਸੁਰੱਖਿਆ ਸਬੰਧੀ ਖਤਰ‌ਿਆਂ ਵਲ ਧਿਆਨ ਿਦਵਾਇਆ ਹੈ।

ਇਸ ਤੋਂ ਪਹਿਲਾਂ ਕਿ ਇਕ ਹੋਰ ਜਹਾਜ਼ ਹਾਦਸੇ ਦੀ ਉਡੀਕ ਕੀਤੀ ਜਾਵੇ, ਹਵਾਈ ਅੱਡਿਆਂ ਦੇ ਨਿਰਮਾਣ ’ਚ ਮੌਜੂਦ ਤਰੁੱਟੀਆਂ ਦੂਰ ਕਰਨ ਅਤੇ ਜਦੋਂ ਤਕ ਤਰੁੱਟੀਪੂਰਨ ਹਵਾਈ ਪੱਟੀਆਂ ’ਚ ਸੁਧਾਰ ਨਹੀਂ ਕਰ ਦਿੱਤਾ ਜਾਂਦਾ ਉਦੋਂ ਤਕ ਅਜਿਹੇ ਹਵਾਈ ਅੱਡਿਆਂ ਤੋਂ ਉਡਾਣਾਂ ’ਤੇ ਰੋਕ ਲਗਾ ਦੇਣਾ ਹੀ ਸੁਰੱਖਿਆ ਦੀ ਦ੍ਰਿਸ਼ਟੀ ਤੋਂ ਉਚਿਤ ਹੋਵੇਗਾ।

—ਵਿਜੇ ਕੁਮਾਰ


Bharat Thapa

Content Editor

Related News