ਕੇਜਰੀਵਾਲ ਤੀਸਰੀ ਵਾਰ ਬਣੇ ਦਿੱਲੀ ਦੇ ਮੁੱਖ ਮੰਤਰੀ

02/12/2020 1:16:55 AM

ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ’ਚ ਅਰਵਿੰਦ ਕੇਜਰੀਵਾਲ ਦੀ ਪ੍ਰਚੰਡ ਬਹੁਮਤ ਦੇ ਨਾਲ ਸ਼ਾਨਦਾਰ ਜਿੱਤ ਕਈ ਅਰਥਾਂ ’ਚ ਮਹੱਤਵਪੂਰਨ ਹੈ, ਖਾਸ ਤੌਰ ’ਤੇ ਉਦੋਂ, ਜਦੋਂਕਿ ‘ਆਪ’ ਨੇ ਚੋਣਾਂ ’ਚ ਆਪਣੇ ਆਪ ਨੂੰ ਕੰਮ ਕਰਨ ਵਾਲੀ ਸਰਕਾਰ ਦੱਸ ਕੇ ਵੋਟਾਂ ਮੰਗੀਆਂ। ਦੂਸਰੇ ਪਾਸੇ ਆਰ. ਐੱਸ. ਐੱਸ. ਅਤੇ ਭਾਜਪਾ ਨੇ ਇਨ੍ਹਾਂ ਚੋਣਾਂ ’ਚ ਪੂਰੀ ਤਾਕਤ ਝੋਕ ਦਿੱਤੀ। ਸੰਘ ਪਰਿਵਾਰ ਨੇ 20,000 ਅਤੇ ਭਾਜਪਾ ਨੇ 15,000 ਛੋਟੀਆਂ-ਵੱਡੀਆਂ ਸਭਾਵਾਂ ਕੀਤੀਆਂ। ਭਾਜਪਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪਾਰਟੀ ਪ੍ਰਧਾਨ ਜੇ. ਪੀ. ਨੱਢਾ ਸਮੇਤ 11 ਸੂਬਿਆਂ ਦੇ ਮੁੱਖ ਮੰਤਰੀਆਂ, 200 ਤੋਂ ਵੱਧ ਪਾਰਟੀ ਸੰਸਦ ਮੈਂਬਰਾਂ ਅਤੇ ਸਹਿਯੋਗੀ ਦਲਾਂ ਦੇ ਨੇਤਾਵਾਂ ਤੋਂ ਪ੍ਰਚਾਰ ਕਰਵਾਇਆ ਪਰ ਉਹ ਵੋਟਰਾਂ ਨੂੰ ਪ੍ਰਭਾਵਿਤ ਨਹੀਂ ਕਰ ਸਕੇ। ਭਾਜਪਾ ਨੇਤਾਵਾਂ ਨੇ ਅਰਵਿੰਦ ਕੇਜਰੀਵਾਲ ਦੇ ਹਨੂਮਾਨ ਚਾਲੀਸਾ ਪੜ੍ਹਨ ਅਤੇ ਮੰਦਿਰ ਦਰਸ਼ਨ ਦਾ ਵੀ ਮਜ਼ਾਕ ਉਡਾਇਆ, ਜਿਸ ਦੀ ਪ੍ਰਤੀਕਿਰਿਆ ਵਜੋਂ 11 ਫਰਵਰੀ ਨੂੰ ਜਦੋਂ ‘ਆਪ’ ਦੀ ਪ੍ਰਚੰਡ ਜਿੱਤ ਦੇ ਸੰਕੇਤ ਮਿਲਣ ਲੱਗੇ ਤਾਂ ਲੋਕਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ‘‘ਮੰਗਲਵਾਰ ਦੇ ਦਿਨ ਹਨੂਮਾਨ ਜੀ ਨੇ ਭਾਜਪਾ ਦੀ ਲੰਕਾ ’ਚ ਅੱਗ ਲਾ ਦਿੱਤੀ।’’ ਅਸੀਂ ਅਕਸਰ ਲਿਖਦੇ ਰਹਿੰਦੇ ਹਾਂ ਕਿ ਲੋਕਾਂ ਨੂੰ ਸਸਤੀ ਅਤੇ ਮਿਆਰੀ ਸਿੱਖਿਆ ਅਤੇ ਇਲਾਜ, ਸਵੱਛ ਪੀਣ ਵਾਲਾ ਪਾਣੀ ਅਤੇ ਲਗਾਤਾਰ ਬਿਜਲੀ ਮੁਹੱਈਆ ਕਰਵਾਉਣਾ ਸਾਡੀ ਕੇਂਦਰ ਅਤੇ ਸੂਬਾਈ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਅਤੇ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ ਆਪਣੇ ਦੂਜੇ ਕਾਰਜਕਾਲ ’ਚ ਵਿਕਾਸ ’ਤੇ ਧਿਆਨ ਦਿੰਦੇ ਹੋਏ ਉਕਤ ਸਮੱਸਿਆਵਾਂ ਦੂਰ ਕਰਨ ਦਾ ਯਤਨ ਕੀਤਾ ਅਤੇ ਚੋਣ ਪ੍ਰਚਾਰ ਦੌਰਾਨ ਉਹ ਵਾਦ-ਵਿਵਾਦ ਵਾਲੇ ਮੁੱਦਿਆਂ ਤੋਂ ਦੂਰ ਰਹੇ। ਦੂਜੇ ਪਾਸੇ ਭਾਜਪਾ ਨੇਤਾਵਾਂ ਵਲੋਂ ਹੱਦ ਨਾਲੋਂ ਵੱਧ ਹਮਲਾਵਰੀ ਚੋਣ ਪ੍ਰਚਾਰ, ਅਰਵਿੰਦ ਕੇਜਰੀਵਾਲ ਨੂੰ ਅੱਤਵਾਦੀ ਅਤੇ ਅਰਾਜਕ ਦੱਸਣ, ‘ਦੇਸ਼ ਕੇ ਗੱਦਾਰੋਂ ਕੋ : ....ਗੋਲੀ ਮਾਰੋ ਸਾਲੋਂ ਕੋ’, ‘ਈ. ਵੀ. ਐੱਮ. ਦਾ ਬਟਨ ਇੰਨੀ ਜ਼ੋਰ ਨਾਲ ਦਬਾਓ ਕਿ ਉਸ ਦਾ ਕਰੰਟ ਸ਼ਾਹੀਨ ਬਾਗ ’ਚ ਜਾ ਕੇ ਲੱਗੇ’ ਵਰਗੇ ਨਾਅਰਿਆਂ ਨਾਲ ਲਿਬਰਲ ਵੋਟਰ ਨਾਰਾਜ਼ ਹੋ ਗਏ। ਇਹ ਜਿੱਤ ‘ਆਪ’ ਲਈ ਹੈਰਾਨੀਜਨਕ ਅਤੇ ਭਾਜਪਾ ਅਤੇ ਕਾਂਗਰਸ ਲਈ ਚਿੰਤਾਜਨਕ ਹੈ। ਅਰਵਿੰਦ ਕੇਜਰੀਵਾਲ ਨੂੰ ਕੰਮ ਅਤੇ ਵਿਕਾਸ ਦੇ ਨਾਂ ’ਤੇ ਵੋਟਾਂ ਮਿਲੀਆਂ, ਜਦਕਿ ਲੋਕਾਂ ਨੇ ਨਫਰਤ ਦੀ ਰਾਜਨੀਤੀ ਨੂੰ ਨਕਾਰਿਆ ਹੈ। ਲਿਹਾਜ਼ਾ ਭਾਜਪਾ ਅਤੇ ਕਾਂਗਰਸ ਦੋਵਾਂ ਨੂੰ ਹੀ ਆਪਾ-ਪੜਚੋਲ ਕਰ ਕੇ ਆਪਣੀਆਂ ਕਮੀਆਂ ਨੂੰ ਸੁਧਾਰਨਾ ਹੋਵੇਗਾ। ਵਿਸ਼ੇਸ਼ ਤੌਰ ’ਤੇ ਕਾਂਗਰਸ ਲੀਡਰਸ਼ਿਪ ਨੂੰ ਸੋਚਣਾ ਹੋਵੇਗਾ ਕਿ ਲਗਾਤਾਰ 15 ਸਾਲ ਦਿੱਲੀ ’ਤੇ ਰਾਜ ਕਰਨ ਵਾਲੀ ਪਾਰਟੀ ਅੱਜ ਜ਼ੀਰੋ ’ਤੇ ਕਿਉਂ ਪਹੁੰਚ ਗਈ ਹੈ ਅਤੇ ਭਾਜਪਾ ਲੀਡਰਸ਼ਿਪ ਨੂੰ ਵੀ ਸੋਚਣਾ ਹੋਵੇਗਾ ਕਿ ਉਹ ਪਿਛਲੇ 22 ਸਾਲਾਂ ਤੋਂ ਦਿੱਲੀ ਦੀ ਸੱਤਾ ਤੋਂ ਦੂਰ ਕਿਉਂ ਹੈ? ਇਹ ਗੱਠਜੋੜ ਸਰਕਾਰਾਂ ਦਾ ਯੁੱਗ ਹੈ। ਅਜਿਹੀ ਹਾਲਤ ਿਵਚ ‘ਆਪ’ ਵਲੋਂ ਇਕੱਲੇ ਆਪਣੇ ਦਮ ’ਤੇ ਸਫਲਤਾ ਹਾਸਲ ਕਰਨਾ ਕੁਝ ਤਾਂ ਮਾਇਨੇ ਰੱਖਦਾ ਹੈ ਅਤੇ ਹੋਰਨਾਂ ਸੂਬਿਆਂ ਦੀਆਂ ਸਰਕਾਰਾਂ ਨੂੰ ਵੀ ਆਪਣੇ ਏਜੰਡੇ ’ਚ ਵਿਕਾਸ ਨੂੰ ਪ੍ਰਮੁੱਖਤਾ ਦੇਣੀ ਹੋਵੇਗੀ ਅਤੇ ਵੱਡੇ-ਵੱਡੇ ਐਲਾਨ ਕਰਨ ਦੇ ਨਾਲ-ਨਾਲ ਲੋਕਾਂ ਦੀਆਂ ਤੱਤਕਾਲੀ ਸਮੱਸਿਆਵਾਂ ਬੇਰੋਜ਼ਗਾਰੀ, ਮਹਿੰਗਾਈ ਦੂਰ ਕਰਨ, ਸਸਤਾ ਅਤੇ ਮਿਆਰੀ ਇਲਾਜ ਅਤੇ ਸਿੱਖਿਆ, ਸਵੱਛ ਪਾਣੀ ਅਤੇ ਸਸਤੀ ਬਿਜਲੀ ਦੀ ਸਪਲਾਈ ਆਦਿ ਯਕੀਨੀ ਬਣਾਉਣ ਦੀ ਜ਼ਰੂਰਤ ਹੈ। ਜਿਸ ਤਰ੍ਹਾਂ ਮਮਤਾ ਬੈਨਰਜੀ ਨੇ ‘ਆਪ’ ਦੀ ਦੇਖਾ-ਦੇਖੀ ਬੰਗਾਲ ’ਚ ਤਿੰਨ ਮਹੀਨਿਆਂ ’ਚ 75 ਯੂਨਿਟ ਬਿਜਲੀ ਖਪਤ ਦੇ ਬਿੱਲ ਨਾ ਲੈਣ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ਚੋਣਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਲੋਕ ਦੋਵਾਂ ਹੀ ਮੁੱਖ ਸਿਆਸੀ ਦਲਾਂ ਭਾਜਪਾ ਅਤੇ ਕਾਂਗਰਸ ਤੋਂ ਖੁਸ਼ ਨਹੀਂ ਹਨ। ਦਿੱਲੀ ਦੇ ਵੋਟਰਾਂ ਨੇ ਭਾਜਪਾ ਅਤੇ ਕਾਂਗਰਸ ਦੀਆਂ ਨੀਤੀਆਂ ਨੂੰ ਰੱਦ ਕਰ ਦਿੱਤਾ ਹੈ ਅਤੇ ਤੀਸਰੇ ਬਦਲ ਦੇ ਰੂਪ ਿਵਚ ‘ਆਪ’ ਨੂੰ ਚੁਣਿਆ ਹੈ। ਅਰਵਿੰਦ ਕੇਜਰੀਵਾਲ ਨੇ ਪਾਰਟੀ ਦੀ ਭਾਰੀ ਜਿੱਤ ਦੇ ਸਬੰਧ ’ਚ ਦਿੱਤੇ ਆਪਣੇ ਭਾਸ਼ਣ ’ਚ ਕਿਹਾ ਕਿ ‘‘ਇਨ੍ਹਾਂ ਚੋਣਾਂ ਨੇ ਦੇਸ਼ ’ਚ ਨਵੀਂ ਕਿਸਮ ਦੀ ਰਾਜਨੀਤੀ ਨੂੰ ਜਨਮ ਦਿੱਤਾ ਹੈ ਕਿ ਵੋਟ ਉਸੇ ਨੂੰ ਜੋ ਸਕੂਲ ਬਣਾਏਗਾ, ਮੁਹੱਲਾ ਕਲੀਨਿਕ ਬਣਾਏਗਾ। 24 ਘੰਟੇ ਸਸਤੀ ਬਿਜਲੀ ਦੇਵੇਗਾ।’’ ਉਨ੍ਹਾਂ ਨੇ ਇਹ ਵੀ ਕਿਹਾ ਕਿ ‘‘ਇਹ ਚੋਣਾਂ ਦੇਸ਼ ਲਈ ਸ਼ੁੱਭ ਸੰਦੇਸ਼ ਹੈ, ਜੋ ਦੇਸ਼ ਨੂੰ 21ਵੀਂ ਸਦੀ ’ਚ ਲਿਜਾ ਸਕਦਾ ਹੈ। ਇਹ ਭਾਰਤ ਮਾਤਾ ਦੀ ਜਿੱਤ ਹੈ।’’ ਵਰਣਨਯੋਗ ਹੈ ਕਿ ਜ਼ਬਰਦਸਤ ਮੁਕਾਬਲੇ ਵਾਲੀਆਂ ਇਨ੍ਹਾਂ ਚੋਣਾਂ ’ਚ ਪਿਛਲੀਆਂ ਵਿਧਾਨ ਸਭਾ ਦੀਆਂ ਚੋਣਾਂ ਦੀ ਤੁਲਨਾ ’ਚ ਵੱਖ-ਵੱਖ ਦਲਾਂ ਵਲੋਂ ਵੋਟਰਾਂ ਨੂੰ ਵੰਡੀ ਜਾਣ ਵਾਲੀ ਸ਼ਰਾਬ, ਨਸ਼ਿਆਂ ਅਤੇ ਨਕਦ ਰਾਸ਼ੀ ਦੀ ਬਰਾਮਦਗੀ ’ਚ 25 ਗੁਣਾ ਵਾਧਾ ਹੋਇਆ ਅਤੇ ਕੁਲ 52.87 ਕਰੋੜ ਰੁਪਏ ਦੀਆਂ ਵਸਤਾਂ ਅਤੇ ਨਕਦ ਰਾਸ਼ੀ ਜ਼ਬਤ ਕੀਤੀ ਗਈ। ਆਮ ਤੌਰ ’ਤੇ ਇਸ ਤਰ੍ਹਾਂ ਦੀ ਪ੍ਰਚੰਡ ਜਿੱਤ ਨਾਲ ਜੇਕਰ ਪਾਰਟੀ ਦੇ ਨੇਤਾਵਾਂ ’ਚ ਨਹੀਂ ਤਾਂ ਉਨ੍ਹਾਂ ਦੇ ਮਾਤਹਿਤਾਂ ’ਚ ਹੰਕਾਰ ਆ ਜਾਂਦਾ ਹੈ। ਲਿਹਾਜ਼ਾ ਅਰਵਿੰਦ ਕੇਜਰੀਵਾਲ ਨੂੰ ਇਹ ਯਕੀਨੀ ਕਰਨਾ ਹੋਵੇਗਾ ਕਿ ਇਸ ਕਿਸਮ ਦੀ ਨੌਬਤ ਨਾ ਆਵੇ। ਜਿਥੇ ਕੇਜਰੀਵਾਲ ਦੀ ਇਹ ਜਿੱਤ ਸਰਕਾਰ ਵਲੋਂ ਕੰਮ ਅਤੇ ਵਿਕਾਸ ਦੀ ਰਾਜਨੀਤੀ ’ਚ ਵੋਟਰਾਂ ਵਲੋਂ ਜ਼ਾਹਿਰ ਵਿਸ਼ਵਾਸ ਦਾ ਪ੍ਰਮਾਣ ਹੈ, ਉਥੇ ਹੀ ਇਹ ਹਾਰ ਭਾਜਪਾ ਅਤੇ ਕਾਂਗਰਸ ਲਈ ਆਪਾ-ਪੜਚੋਲ ਕਰਨ ਦਾ ਇਕ ਮੌਕਾ ਹੈ। ਭਾਜਪਾ ਆਪਣੀਆਂ ਗਲਤੀਆਂ ਸੁਧਾਰੇ ਅਤੇ ਕਾਂਗਰਸ ਦੂਸਰੇ ਦਲਾਂ ਨਾਲ ਗੱਠਜੋੜ ਕਰ ਕੇ ਆਪਣੀ ਸਥਿਤੀ ਮਜ਼ਬੂਤ ਕਰੇ।

–ਵਿਜੇ ਕੁਮਾਰ\\\

Bharat Thapa

This news is Content Editor Bharat Thapa