ਕਾਨਪੁਰ ਦਾ ‘ਦਰਿੰਦਾ’ ‘ਵਿਕਾਸ ਦੁਬੇ’ ਹੋਇਆ ਗ੍ਰਿਫਤਾਰ

07/10/2020 3:41:06 AM

2-3 ਜੁਲਾਈ ਦੀ ਅੱਧੀ ਰਾਤ ਨੂੰ ਉੱਤਰ ਪ੍ਰਦੇਸ਼ ਦੇ ਕਾਨਪੁਰ ਦੇ ਬਿਕਰੂ ਪਿੰਡ ’ਚ 8 ਪੁਲਸ ਮੁਲਾਜ਼ਮਾਂ ਦੀ ਹੱਤਿਆ ਦਾ ਮੁੱਖ ਦੋਸ਼ੀ ਖਤਰਨਾਕ ਗੈਂਗਸਟਰ ਵਿਕਾਸ ਦੁਬੇ ਪੁਲਸ ਤੋਂ ਬਚਣ ਲਈ 2 ਦਿਨਾਂ ਤਕ ਕਾਨਪੁਰ ਦੇ ਸ਼ਿਵਲੀ ਇਲਾਕੇ ’ਚ ਇਕ ਦੋਸਤ ਦੇ ਘਰ ਰਿਹਾ। ਉਥੋਂ ਉਹ ਫਰੀਦਾਬਾਦ ਪਹੁੰਚਿਆ ਅਤੇ ਨਿਊ ਇੰਦਰਾ ਕੰਪਲੈਕਸ ’ਚ ਆਪਣੇ ਇਕ ਰਿਸ਼ਤੇਦਾਰ ਦੇ ਇਥੇ ਰੁਕਿਆ। ਅਗਲੇ ਹੀ ਦਿਨ ਉਹ ਆਪਣੇ ਸਾਥੀ ਦੇ ਨਾਲ ਇਕ ਗੈਸਟ ਹਾਊਸ ’ਚ ਰੁਕਿਆ ਅਤੇ ਫਿਰ ਆਸਾਨੀ ਨਾਲ ਇਕ ਗੱਡੀ ’ਚ ਫਰੀਦਾਬਾਦ ਤੋਂ ਉਜੈਨ ਪਹੁੰਚ ਗਿਆ।

ਵਿਕਾਸ ਦੁਬੇ 9 ਜੁਲਾਈ ਨੂੰ ਸਵੇਰੇ ਪੌਣੇ ਅੱਠ ਵਜੇ ਆਪਣੇ ਕੁਝ ਸਾਥੀਆਂ ਨਾਲ ਉਥੇ ਮਹਾਕਾਲ ਦੇ ਮੰਦਰ ’ਚ ਗਿਆ। ਉਸਨੇ ਉਥੇ 250 ਰੁਪਏ ਦੀ ਪਰਚੀ ਕਟਵਾਈ ਅਤੇ ਦਰਸ਼ਨਾਂ ਲਈ ਲਾਈਨ ’ਚ ਲਗ ਗਿਆ। ਇਸ ਦੌਰਾਨ ਉਥੇ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਨੂੰ ਸ਼ੱਕ ਹੋਣ ’ਤੇ ਉਨ੍ਹਾਂ ਨੇ ਪੁਲਸ ਨੂੰ ਸੂਚਨਾ ਦਿੱਤੀ ਤਾਂ ਉਨ੍ਹਾਂ ਨੇ ਆ ਕੇ ਉਸਨੂੰ ਗ੍ਰਿਫਤਾਰ ਕਰ ਲਿਆ। ਇਹ ਵੀ ਕਿਹਾ ਜਾਂਦਾ ਹੈ ਕਿ ਵਿਕਾਸ ਦੁਬੇ ਨੇ ਇਕ ਯੋਜਨਾ ਦੇ ਤਹਿਤ ਆਤਮਸਮਰਪਣ ਕੀਤਾ, ਜਿਸਨੂੰ ਗ੍ਰਿਫਤਾਰੀ ਦਾ ਨਾਂ ਦਿੱਤਾ ਗਿਆ। ਉਹ ਮੰਦਰ ’ਚ ਇਸ ਲਈ ਸਰੈਂਡਰ ਕਰਨਾ ਚਾਹੁੰਦਾ ਸੀ ਤਾਂ ਕਿ ਉਹ ਐਨਕਾਊਂਟਰ ’ਚ ਮਾਰਿਆ ਜਾਣ ਤੋਂ ਬਚ ਸਕੇ। ਉਸਨੂੰ ਪਤਾ ਸੀ ਕਿ ਮੰਦਰ ’ਚ ਪੁਲਸ ਗੋਲੀ ਨਹੀਂ ਚਲਾਏਗੀ। ਵਿਕਾਸ ਦੁਬੇ ਨੇ ਆਪਣੇ ਮਹਾਕਾਲ ਮੰਦਰ ਪਹੁੰਚਣ ਦੀ ਸੂਚਨਾ ਖੁਦ ਹੀ ਕੁਝ ਸ੍ਰੋਤਾਂ ਰਾਹੀਂ ਪੁਲਸ ਤਕ ਪਹੁੰਚਾਈ ਸੀ ।

ਇਸੇ ਦਰਮਿਆਨ ਪੁਲਸ ਵਲੋਂ ਵਿਕਾਸ ਦੁਬੇ ਅਤੇ ਉਸਦੇ ਸਾਥੀਆਂ ਨੂੰ ਫੜਨ ਲਈ ਉੱਤਰ ਪ੍ਰਦੇਸ਼ ’ਚ ਕੀਤੀ ਜਾ ਰਹੀ ਤਾਬੜਤੋੜ ਛਾਪੇਮਾਰੀ ’ਚ ਜਿਥੇ ਵਿਕਾਸ ਦੇ 5 ਗੁਰਗੇ ਮਾਰੇ ਗਏ, ਉਥੇ ਉਸਦੇ ਅਨੇਕ ਸਾਥੀਆਂ ਅਤੇ ਬਾਅਦ ’ਚ ਉਸ ਦੀ ਪਤਨੀ ਅਤੇ ਪੁੱਤਰ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰ ਨੇ ਵਿਕਾਸ ਦੁਬੇ ਦੀ ਗ੍ਰਿਫਤਾਰੀ ਨੂੰ ਮੱਧ ਪ੍ਰਦੇਸ਼ ਪੁਲਸ ਦੀ ਵੱਡੀ ਕਾਮਯਾਬੀ ਦੱਸਿਆ ਅਤੇ ਕਿਹਾ ਹੈ ਕਿ ‘‘ਸਾਡੀ ਪੁਲਸ ਕੋਲੋਂ ਕੋਈ ਅਪਰਾਧੀ ਬਚ ਕੇ ਨਹੀਂ ਜਾ ਸਕਦਾ।’’ ਪਰ ਉਸਦੀ ਨਾਟਕੀ ਗ੍ਰਿਫਤਾਰੀ ’ਤੇ ਵੀ ਸਵਾਲ ਉਠਾਏ ਜਾ ਰਹੇ ਹਨ ਅਤੇ ਪੁੱਛਿਆ ਜਾ ਰਿਹਾ ਹੈ ਕਿ ਇੰਨੀਆਂ ਬੰਦਿਸ਼ਾਂ ਦੇ ਬਾਅਦ ਵੀ ਉਹ ਫਰੀਦਾਬਾਦ ਤੋਂ ਉਜੈਨ ਕਿਵੇਂ ਪਹੁੰਚ ਗਿਆ। ਕਾਨਪੁਰ ਕਾਂਡ ’ਚ ਸ਼ਹੀਦ ਹੋਏ ਡੀ. ਐੱਸ. ਪੀ. ਦੇਵੇਂਦਰ ਮਿਸ਼ਰਾ ਦੇ ਰਿਸ਼ਤੇਦਾਰ ਕਮਲਕਾਂਤ ਮਿਸ਼ਰਾ ਨੇ ਕਿਹਾ ਹੈ ਕਿ ‘‘ਵਿਕਾਸ ਨੂੰ ਮੌਤ ਤੋਂ ਬਚਾਇਆ ਗਿਆ ਹੈ। ਇਸ ਤਰ੍ਹਾਂ ਗ੍ਰਿਫਤਾਰੀ ਨਹੀਂ ਹੁੰਦੀ। ਇਹ ਸਭ ਮਿਲੀਭੁਗਤ ਹੈ। ਵਿਕਾਸ ਨੂੰ ਹੁਣ ਤਕ ਜਿਨ੍ਹਾਂ ਨੇ ਬਚਾਇਆ ਹੈ ਉਨ੍ਹਾਂ ਲੋਕਾਂ ਦੇ ਕਹਿਣ ’ਤੇ ਹੀ ਉਸਨੇ ਗ੍ਰਿਫਤਾਰੀ ਦਿੱਤੀ ਹੈ।’’ ਇਸੇ ਤਰ੍ਹਾਂ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਪੁੱਛਿਆ ਹੈ ਕਿ, ‘‘ ਇਹ ਆਤਮਸਮਰਪਣ ਹੈ ਜਾਂ ਗ੍ਰਿਫਤਾਰੀ?’’

ਜੋ ਵੀ ਹੋਵੇ ਹੁਣ ਜਦਕਿ ਵਿਕਾਸ ਦੁਬੇ ਨੂੰ ਗ੍ਰਿਫਤਾਰ ਕਰ ਹੀ ਲਿਆ ਗਿਆ ਹੈ ਤਾਂ ਪੁਲਸ ਵਲੋਂ ਅਪਰਾਧੀ ਤੱਤਾਂ ਨਾਲ ਮਿਲੀਭੁਗਤ ਅਤੇ ਮੁਖਬਰੀ ਕੀਤੇ ਜਾਣ ਦੇ ਮਾਮਲਿਆਂ ਨੇ ਮੁੜ ਲੋਕਾਂ ਦਾ ਧਿਆਨ ਆਪਣੇ ਵੱਲ ਖਿਚਿਆ ਹੈ। ਇਸ ਲਈ ਲੋੜ ਇਸ ਗੱਲ ਦੀ ਹੈ ਨਾ ਸਿਰਫ ਵਿਕਾਸ ਦੁਬੇ ਦੇ ਵਿਰੁੱਧ ਜਲਦੀ ਤੋਂ ਜਲਦੀ ਦੋਸ਼ ਸਿੱਧ ਕਰ ਕੇ ਉਸਨੂੰ ਸਖਤ ਸਜ਼ਾ ਦਿੱਤੀ ਜਾਵੇ, ਸਗੋਂ ਉਸਨੂੰ ਸਰਪ੍ਰਸਤੀ ਅਤੇ ਸਹਾਇਤਾ ਦੇਣ ਵਾਲੇ ਉਸਦੇ ਸਿਆਸੀ ਸੰਪਰਕਾਂ, ਉਸ ਤਕ ਜ਼ਰੂਰੀ ਸੂਚਨਾਵਾਂ ਪਹੁੰਚਾਉਣ ਵਾਲੇ ਪੁਲਸ ਮੁਲਾਜ਼ਮਾਂ ਅਤੇ ਸਮਾਜ ਦੇ ਮਹੱਤਵਪੂਰਨ ਲੋਕਾਂ ਦਾ ਪਤਾ ਲਗਾ ਕੇ ਉਨ੍ਹਾਂ ਵਿਰੁੱਧ ਵੀ ਸਖਤ ਕਾਰਵਾਈ ਕੀਤੀ ਜਾਵੇ।

-ਵਿਜੇ ਕੁਮਾਰ


Bharat Thapa

Content Editor

Related News