ਹਰਿਆਣਾ ਦੀਆਂ ਸਕੂਲੀ ਪ੍ਰੀਖਿਆਵਾਂ ਬਣੀਆਂ ਮਜ਼ਾਕ

03/17/2020 1:27:12 AM

ਪ੍ਰੀਖਿਆਵਾਂ ’ਚ ਨਕਲ ਦੀ ਘਟੀਆ ਪ੍ਰਵਿਰਤੀ ਲਗਾਤਾਰ ਕਿੰਨਾ ਗੰਭੀਰ ਰੂਪ ਧਾਰਨ ਕਰਦੀ ਜਾ ਰਹੀ ਹੈ, ਇਹ 3 ਮਾਰਚ ਤੋਂ ਸ਼ੁਰੂ ਹਰਿਆਣਾ ਸਿੱਖਿਆ ਬੋਰਡ ਦੀਆਂ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ’ਚ ਸਿੱਖਿਆ ਵਿਭਾਗ ਅਤੇ ਪੁਲਸ ਦੇ ਪ੍ਰਬੰਧਾਂ ਦੇ ਬਾਵਜੂਦ ਹੋ ਰਹੀ ਸਮੂਹਿਕ ਨਕਲ ਅਤੇ ਪੇਪਰ ਲੀਕ ਹੋਣ ਦੇ ਮਾਮਲਿਆਂ ਤੋਂ ਸਪੱਸ਼ਟ ਹੈ। 14 ਮਾਰਚ ਤੱਕ 10ਵੀਂ ਅਤੇ 12ਵੀਂ ਜਮਾਤਾਂ ਦੀਆਂ ਹੋਈਆਂ ਪ੍ਰੀਖਿਆਵਾਂ ਦੇ 9 ਪ੍ਰਸ਼ਨ ਪੱਤਰ ਆਊਟ ਹੋ ਗਏ ਅਤੇ ਕੁਝ ਹੀ ਦੇਰ ’ਚ ਸੋਸ਼ਲ ਮੀਡੀਆ ਦੇ ਮਾਧਿਅਮ ਨਾਲ ਸੂਬੇ ਭਰ ’ਚ ਵਾਇਰਲ ਹੋ ਗਏ ਅਤੇ ਪਰਚੀਆਂ ਬਣ ਕੇ ਪ੍ਰੀਖਿਆ ਕੇਂਦਰਾਂ ਦੇ ਅੰਦਰ ਬੈਠੇ ਪ੍ਰੀਖਿਆਰਥੀਆਂ ਨੂੰ ਪਹੁੰਚਣ ਲੱਗੀਆਂ। ਵੱਡੇ ਪੈਮਾਨੇ ’ਤੇ ਨਕਲ ਹੋਣ ਕਾਰਣ ਹਰਿਆਣਾ ਸਕੂਲ ਸਿੱਖਿਆ ਬੋਰਡ ਸਵਾਲਾਂ ਦੇ ਘੇਰੇ ’ਚ ਆ ਗਿਆ ਹੈ ਅਤੇ ਸਕੂਲੀ ਪ੍ਰੀਖਿਆਵਾਂ ’ਚ ਨਕਲ ਦੇ ਮਾਮਲੇ ’ਚ ਹਰਿਆਣਾ ਹੁਣ ਦੂਜਾ ਬਿਹਾਰ ਬਣ ਗਿਆ ਹੈ ਅਤੇ ਵੱਡੀ ਗਿਣਤੀ ਨਕਲ ਦੇ ਮਾਮਲੇ ਫੜੇ ਜਾ ਰਹੇ ਹਨ। ਇਥੋਂ ਤਕ ਕਿ ਫਰਜ਼ੀ ਆਧਾਰ ਕਾਰਡ ਦੀ ਸਹਾਇਤਾ ਨਾਲ ਫਰਜ਼ੀ ਵਿਦਿਆਰਥੀਆਂ ਦੇ ਪ੍ਰੀਖਿਆ ਦੇਣ ਪਹੁੰਚਣ ਦੀਆਂ ਖਬਰਾਂ ਹਨ। ਪ੍ਰੀਖਿਆਰਥੀਆਂ ਦੇ ਆਧਾਰ ਕਾਰਡ ਨਾਲ ਛੇੜਛਾੜ ਕਰ ਕੇ ਸਿਰਫ 200 ਤੋਂ 500 ਰੁਪਏ ’ਚ ਦੂਜੇ ਦੀ ਫੋਟੋ ਲਾ ਕੇ ਫਟਾਫਟ ਫਰਜ਼ੀ ਆਧਾਰ ਕਾਰਡ ਬਣਾਏ ਜਾ ਰਹੇ ਹਨ। ਇਸ ਦੌਰਾਨ ਬੋਰਡ ਦੇ ਉੱਡਣ ਦਸਤਿਆਂ ਨੇ ਜ਼ਿਲਾ ਝੱਜਰ ਦੇ ਪ੍ਰੀਖਿਆ ਕੇਂਦਰਾਂ ਦੇ ਅਚਾਨਕ ਨਿਰੀਖਣ ਦੌਰਾਨ ਇਕ ਕੇਂਦਰ ਸੁਪ੍ਰਿੰਟੈਂਡੈਂਟ, 2 ਕਲਰਕਾਂ, 7 ਸੁਪਰਵਾਈਜ਼ਰਾਂ ਨੂੰ ਡਿਊਟੀ ਤੋਂ ਰਿਲੀਵ ਕੀਤਾ, ਦੋ ਪ੍ਰੀਖਿਆ ਕੇਂਦਰਾਂ ’ਤੇ ਪ੍ਰੀਖਿਆ ਰੱਦ ਕੀਤੀ ਗਈ ਅਤੇ ਇਕ ਪ੍ਰੀਖਿਆ ਕੇਂਦਰ ਨੂੰ ਸ਼ਿਫਟ ਕੀਤਾ ਗਿਆ।ਨਕਲ ਦੀ ਇਸ ਵਧ ਰਹੀ ਭੈੜੀ ਪ੍ਰਵਿਰਤੀ ਦੇ ਕਈ ਕਾਰਣ ਹਨ ਅਤੇ ਇਸ ’ਚ ਸਿੱਖਿਆ ਵਿਭਾਗ ਨਾਲ ਜੁੜਿਆ ਕੁਝ ਸਟਾਫ ਵੀ ਸ਼ਾਮਲ ਦੱਸਿਆ ਜਾ ਰਿਹਾ ਹੈ। ਅਧਿਆਪਕ ਕਿਉਂਕਿ ਸੂਬੇ ਦੇ ਸਿੱਖਿਆ ਵਿਭਾਗ ਦੇ ਅਧੀਨ ਹਨ, ਇਸ ਲਈ ਸਿੱਖਿਆ ਬੋਰਡ ਦਾ ਅਧਿਆਪਕਾਂ ’ਤੇ ਕੋਈ ਕੰਟਰੋਲ ਨਹੀਂ ਅਤੇ ਸਿੱਖਿਆ ਬੋਰਡ ਤਾਂ ਦੋਸ਼ੀ ਅਧਿਆਪਕਾਂ ਤੇ ਹੋਰ ਸਟਾਫ ਦੇ ਵਿਰੁੱਧ ਕਾਰਵਾਈ ਲਈ ਸਿੱਖਿਆ ਵਿਭਾਗ ਨੂੰ ਲਿਖ ਹੀ ਸਕਦਾ ਹੈ। ਬੋਰਡ ਦੇ ਅਧਿਕਾਰੀਆਂ ਦਾ ਤਰਕ ਹੈ ਕਿ ਵਧੇਰੇ ਪ੍ਰੀਖਿਆ ਕੇਂਦਰ ਦਿਹਾਤੀ ਇਲਾਕਿਆਂ ’ਚ ਹੋਣ ਅਤੇ ਉਥੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਵਿਵਸਥਾ ਨਾ ਹੋਣ ਅਤੇ ਪ੍ਰੀਖਿਆ ਭਵਨਾਂ ’ਚ ਚੋਰੀ-ਛਿਪੇ ਮੋਬਾਇਲ ਫੋਨ ਚਲੇ ਜਾਣ ਦਾ ਪ੍ਰੀਖਿਆਰਥੀ ਲਾਭ ਉਠਾਉਂਦੇ ਹਨ। ਲਿਹਾਜ਼ਾ ਜਿਥੇ ਪ੍ਰੀਖਿਆਵਾਂ ਦੇ ਢਾਂਚੇ ’ਚ ਪੈਦਾ ਹੋਈਆਂ ਉਕਤ ਕਮਜ਼ੋਰੀਆਂ ਨੂੰ ਦੂਰ ਕਰਨ ਦੀ ਲੋੜ ਹੈ, ਉਥੇ ਹੀ ਨਕਲ ਕਰਵਾਉਣ ’ਚ ਸ਼ਾਮਲ ਪਾਏ ਜਾਣ ਵਾਲੇ ਸਟਾਫ ਦੇ ਵਿਰੁੱਧ ਸਖਤ ਕਾਰਵਾਈ ਕਰਨ ਦੀ ਲੋੜ ਹੈ।

–ਵਿਜੇ ਕੁਮਾਰ\\\\\\\

Bharat Thapa

This news is Content Editor Bharat Thapa