ਜਥੇਦਾਰ ਜੀ, ਟੁੱਟੇ ਭਰੋਸੇ ਕਿਵੇਂ ਬਹਾਲ ਹੋਣਗੇ?

06/19/2023 12:26:47 PM

ਧਰਮ, ਰਿਸ਼ਤੇ, ਸਿਆਸਤ, ਵਪਾਰ ਸਭ ਕੁੱਝ ਇਕ ਵਿਸ਼ਵਾਸ ਅਤੇ ਭਰੋਸੇ ਦੇ ਆਸਰੇ ਚੱਲਦਾ ਹੈ। ਧਰਮ ਤਾਂ ਅਧਾਰਿਤ ਹੀ ਵਿਸ਼ਵਾਸ਼ ’ਤੇ ਹੈ ਕਿਉਂਕਿ ਧਰਮ ਵਿਚ ਬਹੁਤਾ ਕੁੱਝ ਰਹੱਸ ਅਤੇ ਅਦਿਸ ਹੈ। ਜਿਸ ਕਰ ਕੇ ਭਰੋਸਿਆਂ ਦੇ ਸਹਾਰੇ ਹੀ ਅੱਗੇ ਤੁਰਿਆ ਜਾਂਦਾ ਹੈ ਅਤੇ ਇਹ ਸਿਲਸਿਲਾ ਜਦੋਂ ਤੋਂ ਦੁਨੀਆਂ ਦੀ ਬੁਨਿਆਦ ਬਣਿਆ ਹੈ ਜਾਂ ਧਰਮ ਹੋਂਦ ਵਿਚ ਆਏ ਹਨ, ਨਿਰੰਤਰ ਚੱਲਦਾ ਆ ਰਿਹਾ ਹੈ । ਇਸ ਤਰ੍ਹਾਂ ਹੀ ਸਮਾਜਿਕ ਅਤੇ ਪਰਿਵਾਰਕ ਰਿਸ਼ਤੇ ਵੀ ਇਕ ਵਿਸ਼ਵਾਸ ਅਤੇ ਭਰੋਸੇ ’ਤੇ ਹੀ ਅਧਾਰਤ ਹਨ। ਜਿਥੇ ਵੀ ਕਿਧਰੇ ਥੋੜੀ ਜਿਹੀ ਬੇਭਰੋਸਗੀ ਹੋ ਜਾਵੇ ਜਾਂ ਵਿਸ਼ਵਾਸ ਨੂੰ ਠੋਕਰ ਵੱਜ ਜਾਵੇ ਤਾਂ ਰਿਸ਼ਤੇ ਤਿੜਕ ਕੇ ਖਿੱਲਰ ਜਾਂਦੇ ਹਨ। ਸਿਆਸਤ ਵਿਚ ਬੇਭਰੋਸਗੀ ਦਾ ਭੈਅ ਜਿਆਦਾ ਰਹਿੰਦਾ ਹੈ ਕਿਉਂਕਿ ਇਥੇ ਇਕ ਵੱਖਰੀ ਕਿਸਮ ਦੇ ਰਾਜਰਸ ਦੀ ਲਾਲਸਾ, ਇਕ ਚੰਗੇ-ਭਲੇ ਬੰਦੇ ਨੂੰ ਬਾਂਦਰ ਬਣਾ ਦਿੰਦੀ ਹੈ? ਸਿਆਸਤ ਵਿਚ ਪਿਓ-ਪੁੱਤਰ ਜਾਂ ਸਕੇ ਭਰਾ ਵੀ ਆਹਮੋ ਸਾਹਮਣੇ ਹੁੰਦੇ ਅਕਸਰ ਨਜ਼ਰ ਆਉਂਦੇ ਹਨ | ਇਵੇਂ ਹੀ ਵਪਾਰ ਵਿਚ ਵੀ ਵਿਸ਼ਵਾਸ ਬਣਿਆ ਹੋਵੇ ਤਾਂ ਬੇਸ਼ੱਕ ਕਰੋੜਾਂ ਉਧਾਰ ਚੁੱਕ ਲਵੋ ਪਰ ਜਦੋਂ ਬੇਪ੍ਰਤੀਤੀ ਹੋ ਜਾਵੇ ਤਾਂ ਕੋਈ ਲੂਣ ਦੀ ਥੈਲੀ ਉਧਾਰ ਦੇਣ ਨੂੰ ਤਿਆਰ ਨਹੀਂ ਹੁੰਦਾ।

ਇਸ ਕਰ ਕੇ ਦੁਨੀਆ ਦਾ ਸਾਰਾ ਦਾਰੋਮਦਾਰ ਹੀ ਇਕ ਵਿਸ਼ਵਾਸ਼ ਅਤੇ ਭਰੋਸਾ ਹੈ । ਸਿੱਖਾਂ ਨੂੰ ਗੁਰੂ ’ਤੇ ਭਰੋਸਾ ਬਹੁਤ ਸੀ ਅਤੇ ਅੱਜ ਵੀ ਆਗੂਆਂ ਨੂੰ ਛੱਡ ਕੇ ਆਮ ਸਿੱਖਾਂ ਨੂੰ ਬਹੁਤ ਭਰੋਸਾ ਹੈ। ਇਸ ਭਰੋਸੇ ਦੇ ਆਸਰੇ ਸਿੱਖਾਂ ਨੇ ਵੱਡੀਆਂ-ਵੱਡੀਆਂ ਸਲਤਨਤਾਂ ਅਤੇ ਹਕੂਮਤਾਂ ਦੀਆਂ ਗੋਡਣੀਆਂ ਲਵਾਈਆਂ ਹਨ। ਇਸ ਭਰੋਸੇ ਵਿਚੋਂ ਹੀ ਬਾਬਾ ਬੰਦਾ ਸਿੰਘ ਬਹਾਦਰ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਵਿਚ ਸਿੱਖ ਪੰਥ ਨੇ ਦੋ ਖਾਲਸਾਈ ਬਾਦਸ਼ਾਹੀਆਂ ਦੀ ਹੋਂਦ ਬਣਾਈ ਸੀ । ਪਰ ਜਿਵੇਂ-ਜਿਵੇਂ ਦੁਨੀਆ ਦਾ ਵਿਕਾਸ ਹੋਇਆ ਹੈ ਅਤੇ ਪਦਾਰਥਵਾਦ ਦਾ ਯੁੱਗ ਜ਼ੋਰ ਫੜ ਗਿਆ ਹੈ ਤਾਂ ਦੁਨੀਆਂ ਦੇ ਬਾਕੀ ਲੋਕਾਂ ਵਾਂਗੂੰ ਸਿੱਖ ਵੀ ਆਰਾਮਪ੍ਰਸਤ ਅਤੇ ਪਦਾਰਥਵਾਦੀ ਹੋ ਗਏ ਹਨ । ਸਿੱਖ ਨੂੰ ਪਰਮਾਰਥ ਦਾ ਰਸਤਾ ਭੁੱਲਦਾ ਜਾ ਰਿਹਾ ਹੈ। ਸਿੱਖ ਸੰਘਰਸ਼ਾਂ ਨੂੰ ਤਿਆਗ ਕੇ ਅਰਾਮ ਪ੍ਰਸਤੀ ਦੇ ਜੀਵਨ ਵੱਲ ਖਿਚਿਆ ਜਾ ਰਿਹਾ ਹੈ, ਜਿਸ ਕਰ ਕੇ ਭਰੋਸੇ ਟੁੱਟਦੇ ਜਾ ਰਹੇ ਹਨ ਜਾਂ ਪਤਲੇ ਪੈ ਰਹੇ ਹਨ। ਜਿਹੜੇ ਸਿੱਖਾਂ ਦੀ ਖੁਆਰੀ ਦਾ ਕਾਰਕ ਬਣ ਰਹੇ ਹਨ ।

ਆਜ਼ਾਦ ਭਾਰਤ ਜਾਂ ਭਾਰਤ ਵਿਚ ਲੋਕਤੰਤਰ ਦੀ ਹੋਂਦ ਤੋਂ ਪਹਿਲਾਂ ਹੀ ਸਿੱਖਾਂ ਕੋਲ ਤਿੰਨ ਵੱਡੀਆਂ ਸੰਸਥਾਵਾਂ ਸਨ, ਜਿਸ ਵਿਚ ਅਕਾਲ ਤਖ਼ਤ ਸਾਹਿਬ ਜੋ ਛੇਵੇਂ ਪਾਤਸ਼ਾਹ ਦੇ ਵੇਲੇ ਤੋਂ ਹੈ ਅਤੇ ਦੋ ਸੰਸਥਾਵਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਇਕ ਸਦੀ ਪਹਿਲਾਂ ਸਿੱਖਾਂ ਨੇ ਖੁਦ ਹੋਂਦ ਵਿਚ ਲਿਆਂਦੀਆਂ ਸਨ । ਇਨ੍ਹਾਂ ਤਿੰਨਾਂ ਹੀ ਸੰਸਥਾਵਾਂ ਤੇ ਸਿੱਖਾਂ ਦਾ ਅਥਾਹ ਵਿਸ਼ਵਾਸ ਸੀ । ਜਥੇਦਾਰ ਅਕਾਲ ਤਖਤ ਸਾਹਿਬ ਜਾਂ ਉੱਥੋਂ ਜਾਰੀ ਹੋਏ ਕਿਸੇ ਆਦੇਸ਼ ਨੂੰ ਰੱਬੀ ਹੁਕਮ ਮੰਨਿਆ ਜਾਂਦਾ ਸੀ ਪਰ ਉਹ ਇਸ ਕਰ ਕੇ ਸੀ ਕਿ ਉੱਥੋਂ ਆਦੇਸ਼ ਦੇਣ ਵਾਲੇ ਹਮੇਸ਼ਾ ਗੁਰੂ ਦੀ ਰਜ਼ਾ ਵਿਚ ਰਹਿੰਦੇ ਸਨ ਅਤੇ ਕੌਮੀ ਹਿੱਤਾਂ ਨੂੰ ਪਿਆਰ ਕਰਦੇ ਸਨ। ਉਨ੍ਹਾਂ ਦੇ ਅੰਦਰ ਪਰਿਵਾਰਵਾਦ, ਨਿੱਜ ਪ੍ਰਸਤੀ ਜਾਂ ਪੱਖਪਾਤ ਵਰਗੀਆਂ ਅਲਾਮਤਾਂ ਨਹੀਂ ਹੁੰਦੀਆਂ ਸਨ । ਇਸ ਕਰ ਕੇ ਉਨ੍ਹਾਂ ਦੇ ਆਖੇ ਬਚਨਾਂ ਨੂੰ ਮੰਨਣਾ ਸਿੱਖ ਆਪਣੇ ਵੱਡੇ ਭਾਗ ਸਮਝਦੇ ਸਨ।

ਇੰਝ ਹੀ ਗੁਰਦਵਾਰਿਆਂ ਤੋਂ ਮਹੰਤਾਂ ਦਾ ਕਬਜ਼ਾ ਛੁਡਵਾਉਣ ਵੇਲੇ ਜਿਹੜੇ ਸਿੰਘਾਂ ਜਾਂ ਜਥਿਆਂ ਨੇ ਆਪਣੀਆਂ ਜਾਨਾਂ ਦੀ ਪ੍ਰਵਾਹ ਨਾ ਕਰਦਿਆਂ, ਹਰ ਤਰ੍ਹਾਂ ਦੀਆਂ ਕੁਰਬਾਨੀਆਂ ਕਰ ਕੇ, ਪੰਥਕ ਪ੍ਰਬੰਧ ਬਹਾਲ ਕੀਤਾ ਸੀ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਰਗੀ ਸੰਸਥਾ ਦੀ ਹੋਂਦ ਬਣਾਈ ਸੀ, ਉਸ ਉੱਤੇ ਵੀ ਸਿੱਖ ਕੌਮ ਨੂੰ ਪੂਰਨ ਭਰੋਸਾ ਸੀ। ਉਨ੍ਹਾਂ ਆਗੂਆਂ ਦਾ ਬਹੁਤ ਸਤਿਕਾਰ ਕੀਤਾ ਜਾਂਦਾ ਸੀ ਅਤੇ ਆਗੂ ਵੀ ਹਰ ਵੇਲੇ ਕੌਮ ਨੂੰ ਸਮਰਪਿਤ ਰਹੇ ਅਤੇ ਗੁਰੂ ਆਸ਼ੇ ਅਨੁਸਾਰ ਆਪਣੀਆਂ ਸੇਵਾਵਾਂ ਅਤੇ ਫਰਜ਼ ਨਿਭਾਉਂਦੇ ਰਹੇ। ਇਸ ਨਾਲ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਸਿੱਖ ਪਾਰਲੀਮੈਂਟ ਵਾਲਾ ਰੁਤਬਾ ਹਰ ਵੇਲੇ ਬਹਾਲ ਰਿਹਾ । ਸਿੱਖਾਂ ਨੂੰ ਮਾਣ ਸੀ ਕਿ ਦੁਨੀਆਂ ਵਿਚ ਸਾਡੀ ਕੋਈ ਮਹਾਨ ਸੰਸਥਾ ਹੈ । ਜਿਹੜੀ ਗੁਰਦਵਾਰਿਆਂ ਦਾ ਪ੍ਰਬੰਧ ਸੁਚੱਜਤਾ ਦੇ ਨਾਲ ਕਰਨ ਤੋਂ ਇਲਾਵਾ ਦੁਨੀਆਂ ਭਰਦੇ ਸਿੱਖਾਂ ਦੇ ਮਸਲਿਆਂ ਵੱਲ ਵੀ ਤਵੱਜੋਂ ਦਿੰਦੀ ਹੈ । ਇਸ ਕਰ ਕੇ ਇਹ ਭਰੋਸਾ ਕੁੱਝ ਦਹਾਕੇ ਪਹਿਲਾਂ ਤੱਕ ਜਾਂ ਇਹ ਵੀ ਕਹਿਣਾ ਗਲਤ ਨਹੀਂ ਹੋਵੇਗਾ ਕਿ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਪ੍ਰਧਾਨ ਰਹਿਣ ਤੱਕ ਕਿਸੇ ਹੱਦ ਤਾਈਂ ਬਰਕਰਾਰ ਰਿਹਾ।

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਕੁੱਝ ਮਹੀਨਿਆਂ ਬਾਅਦ ਹੀ ਪੰਥ ਨੂੰ ਇਕ ਹੋਰ ਜਥੇਬੰਦੀ ਦੀ ਹੋਂਦ ਬਣਾ ਕੇ ਦਿੱਤੀ, ਜਿਸ ਨੂੰ ਸ਼ੁਰੂਆਤੀ ਦੌਰ ਵਿਚ ਸੇਵਾਦਲ ਦਾ ਨਾਂ ਮਿਲਿਆ ਪਰ ਕੁੱਝ ਸਮੇਂ ਬਾਅਦ ਸ਼੍ਰੋਮਣੀ ਅਕਾਲੀ ਦਲ ਨਾਮਕਰਨ ਹੋ ਗਿਆ । ਬੇਸ਼ੱਕ ਇਸ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੀ ਮੁੱਖ ਜਿੰਮੇਵਾਰੀ ਗੁਰਦਵਾਰਿਆਂ ਦੀ ਰਾਖੀ ਦੀ ਹੀ ਸੀ ਪਰ ਸਮੇਂ ਦੇ ਲਿਹਾਜ਼ ਨਾਲ ਜਾਂ ਪੰਥ ਦੀ ਲੋੜ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਸਿਆਸਤ ਵਿਚ ਆ ਗਿਆ ਅਤੇ ਸਿੱਖਾਂ ਦੀ ਨੁਮਾਇੰਦਾ ਰਾਜਸੀ ਜਥੇਬੰਦੀ ਦਾ ਦਰਜ਼ਾ ਪ੍ਰਾਪਤ ਕਰ ਗਿਆ । ਬੇਸ਼ੱਕ ਕਾਂਗਰਸ ਨਾਲ ਸਾਂਝੀਆਂ ਸਰਕਾਰਾਂ ਤੋਂ ਰਾਜਨੀਤੀ ਵਿਚ ਪੈਰ ਧਰਾਵਾ ਹੋਇਆ ਪਰ ਹੌਲੀ ਹੌਲੀ ਪੰਜਾਬ ਵਿਚ ਆਪਣੇ ਬਲਬੂਤੇ ਸਰਕਾਰਾਂ ਬਣਾਉਣ ਵਿਚ ਵੀ ਕਾਮਯਾਬੀ ਮਿਲੀ। ਸੰਘਰਸ਼ ਸ਼੍ਰੋਮਣੀ ਅਕਾਲੀ ਦਲ ਦੀ ਰੂਹ ਸੀ । ਇਸ ਕਰ ਕੇ ਅਕਾਲੀਆਂ ਨੇ ਭਾਰਤ ਵਿਚ ਕੇਂਦਰੀ ਹਕੂਮਤ ਦੇ ਵਿਤਕਰਿਆਂ ਜਾਂ ਧੱਕੇਸ਼ਾਹੀਆਂ ਖਿਲਾਫ ਅਨੇਕਾਂ ਸੰਘਰਸ਼ ਲੜੇ ਅਤੇ ਜਿੱਤੇ । ਬੇਸ਼ੱਕ ਉਸ ਵਿਚ ਅਕਾਲੀ ਦਲ ਜਾਂ ਪੰਜਾਬ ਦਾ ਕੋਈ ਬਹੁਤਾ ਫਾਇਦਾ ਜਾਂ ਹਿਤ ਨਹੀਂ ਸੀ ਪਰ ਅਕਾਲੀ ਲੋਕਾਂ ਦੇ ਦਰਦਾਂ ਨੂੰ ਆਪਣੇ ਪਿੰਡੇ ਹੰਢਾਉਣ ਦੇ ਹੁਨਰ ਜਾਣਦੇ ਸਨ ।

ਅੰਗਰੇਜ਼ ਸਾਮਰਾਜ ਤੋਂ ਲੈ ਕੇ ਭਾਰਤ ਦਾ ਭਗਵਾਂ ਨਿਜ਼ਾਮ ਅਤੇ ਦੇਸ਼ ਵਿਆਪੀ ਰਾਜਸੀ ਪਾਰਟੀਆਂ, ਜਿਨ੍ਹਾਂ ਵਿਚ ਕਾਂਗਰਸ, ਜਨਸੰਘ ਜਾਂ ਕੁੱਝ ਹੋਰ ਵੱਡੇ ਆਗੂ ਵੀ ਸ਼ਾਮਲ ਹਨ, ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀਆਂ ਇਹ ਸਰਗਰਮੀਆਂ ਨਹੀਂ ਭਾਉਂਦੀਆਂ ਸਨ ਕਿ ਕੇਂਦਰ ਦੀਆਂ ਤਾਨਸ਼ਾਹੀਆਂ ਖਿਲਾਫ ਸ਼੍ਰੋਮਣੀ ਅਕਾਲੀ ਦਲ ਹਿੱਕ ਤਾਣ ਕੇ ਖੜਾ ਹੋਵੇ? ਇਸ ਕਰ ਕੇ ਆਜ਼ਾਦੀ ਤੋਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਜਾਂ ਸਿੱਧੇ ਲਫ਼ਜ਼ਾਂ ਵਿਚ ਕਿ ਪੰਥਕ ਰਾਜਨੀਤੀ ਉੱਤੇ ਵੱਡੇ ਹਮਲੇ ਹੋਏ ਹਨ । ਪੰਜਾਬ ਨਾਲ ਵਿਤਕਰਿਆਂ ਜਾਂ ਬੇਇਨਸਾਫੀਆਂ ਦਾ ਹੋਣਾ ਵੀ ਅਕਾਲੀਆਂ ਦੀ ਰਾਜਨੀਤੀ ਨੂੰ ਲੀਹੋ ਲਾਹੁਣ ਦੀ ਹੀ ਨੀਤੀ ਸੀ । ਇਸ ਵਿਚ ਕਈ ਤਰ੍ਹਾਂ ਦੇ ਹਰਬੇ ਵਰਤੇ ਗਏ । ਕਦੇ ਅਕਾਲੀਆਂ ਨੂੰ ਕੁੱਟਿਆ ਗਿਆ । ਸਭ ਤੋਂ ਵੱਡੀ ਮਾਰ ਦਰਬਾਰ ਸਾਹਿਬ ਉੱਤੇ ਫੌਜ਼ੀ ਹਮਲੇ ਰਾਹੀਂ ਮਾਰੀ ਗਈ, ਜਿਸ ਤੋਂ ਬਾਅਦ ਸਿੱਖਾਂ ਦੇ ਅੰਦਰ ਹੀ ਖਾਨਾਜੰਗੀ ਵਰਗੇ ਹਾਲਾਤ ਪੈਦਾ ਹੋ ਗਏ । ਦੂਜੀ ਸਾਜ਼ਿਸ਼ ਇਹ ਹੋਈ ਕਿ ਜੇ ਕੋਈ ਜ਼ਹਿਰ ਦਿੱਤੀਆਂ ਨਾ ਮਰੇ ਤਾਂ ਗੁੜ ਹੀ ਏਨਾਂ ਜਿਆਦਾ ਖਵਾ ਦਿਓ ਕਿ ਗੁੜ ਖਾ ਕੇ ਹੀ ਮਰ ਜਾਵੇ । ਫਿਰ ਅਕਾਲੀਆਂ ਵਿਚੋਂ ਕੁੱਝ ਆਗੂਆਂ ਨੂੰ ਕੇਂਦਰ ਵਿਚ ਸਾਂਝ ਭਿਆਲੀਆਂ ਦੀ ਲੱਤ ਲਾ ਕੇ, ਪੰਥ ਅਤੇ ਪੰਜਾਬ ਦੀ ਮੁੱਖ ਧਾਰਾ ਤੋਂ ਵੱਖ ਕਰ ਲਿਆ, ਜਿਸ ਨਾਲ ਰਾਜਸੀ ਤਾਕਤ ਦੇ ਨਸ਼ੇ ਵਿਚ ਅਕਾਲੀ ਆਪਣੀ ਅਕਾਲੀਅਤ ਗਵਾ ਬੈਠੇ ਅਤੇ ਸਿੱਖਾਂ ਦਾ ਭਰੋਸਾ ਟੁੱਟਣਾ ਸ਼ੁਰੂ ਹੋ ਗਿਆ ।

ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਹੀ ਭਗਵੇਂ ਨਿਜ਼ਾਮ, ਸਮੇਂ ਦੀਆਂ ਕੇਂਦਰੀ ਹਕੂਮਤਾਂ ਅਤੇ ਏਜੰਸੀਆਂ ਦੇ ਜਾਲ ਵਿਚ ਫਸਕੇ, ਸਿੱਖਾਂ ਦੀਆਂ ਤਿੰਨੇ ਸੰਸਥਾਵਾਂ ਨੂੰ ਬਰਬਾਦ ਕੀਤਾ ਹੈ । ਅਕਾਲੀ ਸਭ ਤੋਂ ਪਹਿਲਾਂ ਭ੍ਰਿਸ਼ਟਾਚਾਰ ਵਿਚ ਗ੍ਰਸੇ ਗਏ ਅਤੇ ਦੂਜੇ ਆਗੂਆਂ ਵਰਗਾ ਸ਼ੱਕੀ ਕਿਰਦਾਰ ਬਣ ਗਿਆ । ਫਿਰ ਅਕਾਲੀਆਂ ਰਾਹੀਂ ਹੀ ਭਾਰਤੀ ਤਾਣੇ-ਬਾਣੇ ਨੇ ਗੁਰਦਵਾਰਾ ਪ੍ਰਬੰਧ ਨੂੰ ਖਤਮ ਕਰਨ ਲਈ ਅਕਾਲੀਆਂ ਨੂੰ ਵਰਤਿਆ ਅਤੇ ਸ਼੍ਰੋਮਣੀ ਕਮੇਟੀ ਨੂੰ ਇਕ ਪ੍ਰਾਈਵੇਟ ਲਿਮਟਿਡ ਕੰਪਨੀ ਦੀ ਤਰ੍ਹਾਂ ਚਲਾਉਣਾ ਆਰੰਭ ਕਰ ਦਿੱਤਾ, ਜਿਸ ਨਾਲ ਸ਼੍ਰੋਮਣੀ ਕਮੇਟੀ ਦੀ ਭਰੋਸੇਯੋਗਤਾ ਖਟਾਈ ਵਿਚ ਪੈ ਗਈ । ਕਈ ਤਰ੍ਹਾਂ ਦੇ ਦੋਸ਼ ਗੁਰਦਵਾਰਾ ਪ੍ਰਬੰਧ ਵਿਚ ਲੱਗੇ, ਜਿਸ ਨੂੰ ਭਾਰਤ ਦੇ ਗੋਦੀ ਮੀਡੀਆਂ ਨੇ ਬੜੇ ਜ਼ੋਰ ਨਾਲ ਪ੍ਰਚਾਰ ਕੇ, ਸਿੱਖਾਂ ਅਤੇ ਆਮ ਲੋਕਾਂ ਦੇ ਮਨਾਂ ਵਿਚੋਂ ਸ਼੍ਰੋਮਣੀ ਕਮੇਟੀ ਦਾ ਸਤਿਕਾਰ ਘਟਾ ਤਾਂ ਕੀ ਖਤਮ ਹੀ ਕਰ ਦਿੱਤਾ । ਅੱਜ ਧੇਲੇ-ਧੇਲੇ ਦੇ ਬੰਦੇ ਸ਼੍ਰੋਮਣੀ ਅਕਾਲੀ ਦਲ ਨੂੰ ‘‘ਸਿਰੋਮੁੰਨੀ ਕਾਲੀ ਦਲ’’ ਅਤੇ ਸ਼੍ਰੋਮਣੀ ਕਮੇਟੀ ਨੂੰ ‘‘ਸਿਰੋਮੁੰਨੀ ਕਮੇਟੀ’’ ਵਰਗੇ ਮੰਦੇ ਬੋਲਾਂ ਨਾਲ ਸੰਬੋਧਨ ਕਰਦੇ ਹਨ |

ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕ ਆਪਣਾ 1920 ਵਾਲਾ ਕਿਰਦਾਰ ਕਾਇਮ ਨਹੀਂ ਰੱਖ ਸਕੇ ਅਤੇ ਪੰਥਕ ਸਿਧਾਂਤਾਂ ਦੀ ਅਣਦੇਖੀ ਕਰ ਕੇ, ਰਾਜਸੀ ਲੋਕਾਂ ਦੇ ਕਰਿੰਦੇ ਬਣ ਗਏ | ਸ਼੍ਰੋਮਣੀ ਕਮੇਟੀ ਕੋਲ ਹੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਦਾ ਅਧਿਕਾਰ ਹੈ । ਇਸ ਕਰ ਕੇ ਬੇਸ਼ੱਕ ਜਥੇਦਾਰਾਂ ਦੀਆਂ ਬਦਲੀਆਂ ਨਿਯੁਕਤੀਆਂ ਜਾਂ ਬਰਤਰਫ਼ੀਆਂ ਸ਼੍ਰੋਮਣੀ ਕਮੇਟੀ ਨੇ ਹੀ ਕੀਤੀਆਂ ਪਰ ਇਸ ਵਿਚ ਮਰਜ਼ੀ ਭਾਰਤੀ ਨਿਜ਼ਾਮ ਦੀ ਹੀ ਰਹੀ ਹੈ ਅਤੇ ਉਨ੍ਹਾਂ ਦੇ ਹੁਕਮ ਅਕਾਲੀਆਂ ਦੇ ਨੀਲੇ ਪੈਨ ਨਾਲ ਲਿਖ ਕੇ ਆਉਂਦੇ ਰਹੇ ਹਨ? ਇਸ ਕਰ ਕੇ ਹੀ ਲੋਕਾਂ ਵਿਚ ਧਾਰਨਾ ਬਣ ਗਈ, ਜਿਹੜੀ ਸੱਚ ਵੀ ਹੈ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕਿਸੇ ਅਕਾਲੀ ਦਲ ਦੇ ਪ੍ਰਧਾਨ ਦੀ ਜੇਬ ਜਾਂ ਲਿਫਾਫੇ ਵਿਚੋਂ ਨਿਕਲਦਾ ਹੈ? ਇਸ ਤਰ੍ਹਾਂ ਹੀ ਜਥੇਦਾਰਾਂ ਦੇ ਮਾਮਲੇ ਵਿਚ ਵੀ ਇਹ ਪ੍ਰਚਲਿਤ ਹੋ ਚੁੱਕਿਆ ਹੈ ਕਿ ਜਥੇਦਾਰ ਉਹ ਹੀ ਲੱਗ ਸਕਦਾ ਹੈ ਜਿਹੜਾ ਅਕਾਲੀਆਂ ਦੇ ਦਰਵਾਜ਼ੇ ਵਿਚੋਂ ਦੀ ਸਿਰ ਨਿਵਾ ਕੇ ਲੰਘ ਸਕਦਾ ਹੋਵੇ? ਇਸ ਤਰ੍ਹਾਂ ਬਣੇ ਜਥੇਦਾਰਾਂ ਉੱਤੇ ਸਿੱਖਾਂ ਦਾ ਇਹ ਦੋਸ਼ ਉਸ ਵੇਲੇ ਸੱਚ ਸਾਬਿਤ ਹੋ ਗਿਆ, ਜਦੋਂ ਜਥੇਦਾਰਾਂ ਦੇ ਫੈਸਲੇ ਪੰਥਕ ਸਿਧਾਂਤਾਂ ਦੀ ਤਰਜ਼ਮਾਨੀ ਕਰਨ ਦੀ ਥਾਂ ਸਮੇਂ ਦੀਆਂ ਸਰਕਾਰਾਂ ਜਾਂ ਬਿਪਰਵਾਦ ਦਾ ਪੱਖ ਪੂਰਦੇ ਨਜ਼ਰ ਆਏ, ਜਿਸ ਕਰਕੇ ਸਿੱਖਾਂ ਦਾ ਭਰੋਸਾ ਜਥੇਦਾਰਾਂ,ਹੁਕਮਨਾਮਿਆਂ,ਆਦੇਸ਼ਾਂ ਅਤੇ ਇੱਥੋਂ ਤੱਕ ਕਿ ਅਕਾਲ ਤਖਤ ਸਾਹਿਬ ਉੱਤੇ ਹੋਣ ਵਾਲੀਆਂ ਸਰਗਰਮੀਆਂ ਤੋਂ ਵੀ ਟੁੱਟ ਗਿਆ । ਜਿਉਂ ਹੀ ਸਿੱਖਾਂ ਨੇ ਭਰੇ ਮਨ ਨਾਲ ਕੋਈ ਕਿੰਤੂ ਕੀਤਾ ਤਾਂ ਉਸ ਨੂੰ ਗੋਦੀ ਮੀਡੀਆ ਅਤੇ ਪੰਥ ਵਿਰੋਧੀ ਸ਼ਕਤੀਆਂ ਨੇ ਤੂਲ ਦੇ ਕੇ ,ਆਮ ਸਿੱਖਾਂ ਦੇ ਮਨਾਂ ਵਿੱਚੋਂ ਸਤਿਕਾਰ ਘਟਾ ਦਿੱਤਾ।

ਹੁਣ ਨਵੇਂ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਸਿਰ ’ਤੇ ਜਥੇਦਾਰੀ ਦੀ ਦਸਤਾਰ ਸਜ਼ੀ ਹੈ। ਸਮੇਂ ਤੋਂ ਪਹਿਲਾਂ ਉਨ੍ਹਾਂ ਦੀ ਕਾਰਗੁਜ਼ਾਰੀ ਬਾਰੇ ਕੁੱਝ ਲਿਖਣਾ ਬੋਲਣਾ, ਅਨਿਆਂ ਹੋਵੇਗਾ ਪਰ ਉਨ੍ਹਾਂ ਨੂੰ ਸੁਚੇਤ ਕਰਨਾ ਇਕ ਪੰਥਕ ਜਿੰਮੇਵਾਰੀ ਹੀ ਸਮਝੀ ਜਾਣੀ ਚਾਹੀਦੀ ਹੈ। ਗਿਆਨੀ ਰਘਬੀਰ ਸਿੰਘ ਜੀ ਬਣੇ ਹਨ ਪਰ ਸਿੱਖਾਂ ਵਿਚੋਂ ਬਹੁਤ ਸਾਰੀਆਂ ਸੰਗਤਾਂ ਨੇ ਤਰ੍ਹਾਂ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਹਨ, ਜਿਨ੍ਹਾਂ ਨੂੰ ਇਥੇ ਬਿਆਨ ਕਰਨਾ ਵੀ ਚੰਗਾ ਨਹੀਂ ਸਮਝਦਾ? ਇਹ ਹੀ ਆਵਾਜ਼ ਆ ਰਹੀ ਹੈ ਕਿ ਜਿਵੇਂ ਦੇ ਪਹਿਲੇ ਜਥੇਦਾਰ ਸਨ, ਹੁਣ ਵੀ ਕੋਈ ਫਰਕ ਨਹੀਂ ਪਵੇਗਾ? ਕਿਉਂਕਿ ਸਿਰਫ ਇਕ ਸ਼ਖ਼ਸੀਅਤ ਬਦਲੀ ਹੈ, ਜਦੋਂ ਕਿ ਬਦਲਣੀ ਤਾਂ ਕਾਰਜਸ਼ੈਲੀ ਚਾਹੀਦੀ ਹੈ। ਕੰਮ ਇਸ ਜਥੇਦਾਰ ਨੇ ਵੀ ਆਜ਼ਾਦਾਨਾ ਤੌਰ ਨਹੀਂ ਕਰ ਸਕਣਾ? ਇਹ ਦਾਸ ਲੇਖਕ ਆਪਣੇ ਵੱਲੋਂ ਨਹੀਂ ਲਿਖ ਰਿਹਾ, ਸੰਗਤਾਂ ਦੀ ਆਵਾਜ਼ ਹੈ, ਜਿਸ ਨੇ ਹੱਥਲਾ ਲੇਖ ਲਿਖਣ ਵਾਸਤੇ ਮਜ਼ਬੂਰ ਕੀਤਾ ਹੈ । ਇਸ ਕਰਕੇ ਹੁਣ ਇਕ ਵੀ ਵੱਡਾ ਸਵਾਲ ਹੈ ਕਿ ਹਰ ਖੇਤਰ ਵਿਚ ਭਰੋਸੇ ਅਤੇ ਵਿਸ਼ਵਾਸ ਟੁੱਟ ਚੁੱਕਿਆ ਹੈ ਅਤੇ ਕੱਲ ਨਿਯੁਕਤ ਹੋਏ ਜਥੇਦਾਰ ਦੇ ਸਾਹਮਣੇ ਇਹ ਵੱਡੀ ਚੁਣੌਤੀ ਹੈ ਕਿ ‘‘ਜਥੇਦਾਰ ਜੀ ਟੁੱਟੇ ਭਰੋਸੇ ਕਿਵੇਂ ਬਹਾਲ ਹੋਣਗੇ’’? ਗੁਰੂ ਰਾਖਾ ।

–ਗੁਰਿੰਦਰਪਾਲ ਸਿੰਘ ਧਨੌਲਾ

Shivani Bassan

This news is Content Editor Shivani Bassan