ਅਮਰੀਕਾ ’ਚ ਗੰਨ ਕਲਚਰ ਤੇ ਗੋਲੀਬਾਰੀ ਦਾ ਸਿਲਸਿਲਾ ਰੁਕਣਾ ਮੁਸ਼ਕਲ ਲੱਗਦਾ ਹੈ!

06/25/2022 1:49:33 AM

ਅਮਰੀਕਾ ’ਚ ਗੋਲੀਬਾਰੀ ਅਤੇ ਹਿੰਸਾ ਦੀਆਂ ਘਟਨਾਵਾਂ ਲਗਾਤਾਰ ਜਾਰੀ ਹਨ ਅਤੇ ਦੇਸ਼ ਦੇ ਲਗਭਗ ਸਾਰੇ ਸੂਬੇ ਆਮ ਤੌਰ ’ਤੇ ਇਸ ਦੀ ਲਪੇਟ ’ਚ ਆਏ ਹੋਏ ਹਨ। ਸਥਿਤੀ ਦੀ ਗੰਭੀਰਤਾ ਦਾ ਅੰਦਾਜ਼ਾ  ਤਾਂ ਇਸੇ  ਤੋਂ ਲਾਇਆ ਜਾ ਸਕਦਾ ਹੈ ਕਿ ਅਮਰੀਕਾ ’ਚ  ਬੀਤੇ ਸਾਲ 3 ਕਰੋੜ 89 ਲੱਖ ਬੰਦੂਕਾਂ ਵਿਕੀਆਂ ਹਨ। ਇਨ੍ਹਾਂ ’ਚ ਵੱਡੀ ਗਿਣਤੀ ’ਚ ਮਹਿਲਾ ਖਰੀਦਦਾਰ ਵੀ ਸ਼ਾਮਲ ਹਨ ਜੋ ਆਪਣੀ ਸੁਰੱਖਿਆ ਨੂੰ ਖਤਰੇ ਦੇ ਮੱਦੇਨਜ਼ਰ ਬੰਦੂਕਾਂ ਖਰੀਦ ਰਹੀਆਂ ਹਨ।ਇਹ ਵੀ ਤ੍ਰਾਸਦੀ ਹੈ ਕਿ  ਅਮਰੀਕਾ ਦੇ ਟੈਕਸਾਸ, ਨਿਊਯਾਰਕ ਅਤੇ ਕੈਲੀਫੋਰਨੀਆ ’ਚ ਹਾਲ ਹੀ ’ਚ ਹੋਈਆਂ ਸਮੂਹਿਕ ਗੋਲੀਬਾਰੀ ਦੀਆਂ ਘਟਨਾਵਾਂ ਅਤੇ ਇਨ੍ਹਾਂ ਦੇ ਵਿਰੁੱਧ ਰੋਸ ਵਿਖਾਵਿਆਂ ਦੇ ਦਰਮਿਆਨ 23 ਜੂਨ ਨੂੰ ਅਮਰੀਕਾ ਦੀ ਸੁਪਰੀਮ ਕੋਰਟ ਨੇ ਨਿਊਯਾਰਕ ਦੇ ਉਸ ਕਾਨੂੰਨ ਨੂੰ ਰੱਦ ਕਰ ਦਿੱਤਾ ਹੈ ਜਿਸ ਦੇ ਅਧੀਨ ਜਨਤਕ ਥਾਵਾਂ ’ਤੇ ਆਪਣੀ ਸਵੈਰੱਖਿਆ ਦੇ ਲਈ ਆਪਣੇ ਕੋਲ ਰੱਖੇ ਹਥਿਆਰਾਂ  ’ਤੇ ਸਖਤ ਪਾਬੰਦੀ ਲਾਈ  ਗਈ ਸੀ।ਅਦਾਲਤ ਨੇ  6:3 ਦੇ ਬਹੁਮਤ ਦੇ ਫੈਸਲੇ ਨਾਲ ਨਿਊਯਾਰਕ ਦੇ 108 ਸਾਲ ਪੁਰਾਣੇ ਕਾਨੂੰਨ ਨੂੰ ਕਾਇਮ ਰੱਖਦੇ ਹੋਏ ਹੇਠਲੀ ਅਦਾਲਤ ਦਾ ਫੈਸਲਾ ਰੱਦ ਕਰ ਦਿੱਤਾ।

ਸੁਪਰੀਮ ਕੋਰਟ ਦੀ ਜੱਜ ਕਲੇਰੇਂਸ ਥਾਮਸ ਨੇ ਆਪਣੇ ਫੈਸਲੇ ’ਚ ਲਿਖਿਆ ਹੈ ਕਿ ‘‘ਨਿਊਯਾਰਕ ਸਵੈਰੱਖਿਆ ਦੇ ਲਈ ਗੰਨ ਲੈ ਕੇ ਚੱਲਣ ਦੀ ਇਜਾਜ਼ਤ ਮੰਗਣ ਵਾਲੇ ਬਿਨੈਕਾਰਾਂ ਨੂੰ ਜਨਤਕ ਤੌਰ ’ਤੇ ਗੰਨ ਲੈ ਕੇ ਚੱਲਣ  ਦਾ ਲਾਇਸੰਸ ਜਾਰੀ ਕਰਦਾ ਹੈ ਕਿਉਂਕਿ ਸੂਬੇ ਦੀ ਇਹ ਲਾਇਸੰਸਿੰਗ ਿਵਵਸਥਾ ਸੰਵਿਧਾਨ ਦੀ ਉਲੰਘਣਾ ਕਰਦੀ ਹੈ।’’ਇਹ ਪਹਿਲਾ ਮੌਕਾ ਹੈ ਜਦੋਂ ਸੁਪਰੀਮ ਕੋਰਟ ਨੇ ਨਿੱਜੀ ਤੌਰ ’ਤੇ ਗੰਨ ਰੱਖਣ ਦੇ ਸੰਵਿਧਾਨਕ ਅਧਿਕਾਰ ਨੂੰ ਲੈ ਕੇ ਟਿੱਪਣੀ ਕਰਦੇ  ਹੋਏ ਕਿਹਾ ਹੈ ਕਿ ਇਹ ਅਧਿਕਾਰ ਜਨਤਕ ਥਾਵਾਂ ’ਤੇ ਹਥਿਆਰ ਲਿਜਾਣ ਦੀ ਇਜਾਜ਼ਤ ਵੀ ਦਿੰਦਾ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਇਸ ਫੈਸਲੇ ’ਤੇ ਦੁੱਖ ਪ੍ਰਗਟਾਉਂਦੇ ਹੋਏ ਕਿਹਾ ਹੈ ਕਿ, ‘‘ਸੁਪਰੀਮ ਕੋਰਟ ਦਾ ਫੈਸਲਾ ਆਮ ਲੋਕਾਂ ਅਤੇ  ਸੰਵਿਧਾਨ ਦੇ ਹਿੱਤ ’ਚ ਨਹੀਂ ਹੈ ਅਤੇ ਇਸ ਨਾਲ ਅੱਗੇ ਚੱਲ ਕੇ ਸਾਰਿਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।’’ ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਦੌਰਾਨ ਸਾਰੇ ਅਮਰੀਕੀ ਸੂਬਿਆਂ ਨੂੰ ਆਪਣੇ ਇੱਥੇ ਬੰਦੂਕ ਕੰਟਰੋਲ ਕਾਨੂੰਨ ਕੁਝ ਹੱਦ ਤੱਕ ਬਣਾਈ ਰੱਖਣ ਦੀ ਅਪੀਲ ਵੀ ਕੀਤੀ ਹੈ। ਅਮਰੀਕਾ ਦੀ ਸੁਪਰੀਮ ਕੋਰਟ ਦਾ ਇਹ ਫੈਸਲਾ ਅਜਿਹੇ ਸਮੇਂ ’ਚ ਆਇਆ ਹੈ ਜਦਕਿ ਇਸ ਸਾਲ ਹੁਣ ਤੱਕ ਅਮਰੀਕਾ ’ਚ ਸਮੂਹਿਕ ਗੋਲੀਬਾਰੀ ਦੀਆਂ 200 ਤੋਂ ਵੱਧ ਘਟਨਾਵਾਂ ਹੋ ਚੁੱਕੀਆਂ ਹਨ ਜਿਨ੍ਹਾਂ ’ਚੋਂ ਸਕੂਲਾਂ ’ਚ ਹੀ ਗੋਲੀਬਾਰੀ ਦੀਆਂ 27 ਘਟਨਾਵਾਂ ਹੋਈਆਂ ਹਨ।

* 16 ਜੂਨ ਨੂੰ ਅਲਬਾਮਾ ਸੂਬੇ ਦੇ ‘ਵੇਸਤਾਵਿਆ ਹਿਲਸ’ ਇਲਾਕੇ ਦੇ ਇਕ ਚਰਚ ’ਚ ਗੋਲੀਬਾਰੀ ਦੇ ਕਾਰਨ 3 ਵਿਅਕਤੀਆਂ ਦੀ ਮੌਤ ਅਤੇ ਕਈ ਵਿਅਕਤੀ ਜ਼ਖਮੀ ਹੋ ਗਏ।
* 17 ਤੋਂ 20 ਜੂਨ ਦਰਮਿਆਨ ਰਾਜਧਾਨੀ ਵਾਸ਼ਿੰਗਟਨ ਡੀ. ਸੀ. ਅਤੇ ਹੋਰ ਥਾਵਾਂ ’ਤੇ ਸਮੂਹਿਕ ਗੋਲੀਬਾਰੀ ਦੀਆਂ ਵੱਖ-ਵੱਖ ਘਟਨਾਵਾਂ ’ਚ 17 ਵਿਅਕਤੀਆਂ ਦੀ ਮੌਤ ਅਤੇ 5 ਦਰਜਨ ਤੋਂ ਵੱਧ ਵਿਅਕਤੀ ਜ਼ਖਮੀ ਹੋਏ ਹਨ।
* 22 ਜੂਨ ਨੂੰ ਮੈਰੀਲੈਂਡ ਸੂਬੇ ’ਚ ਭਾਰਤੀ ਮੂਲ ਦੇ ਇਕ ਵਿਅਕਤੀ ਦੇ ਸਿਰ ’ਚ ਗੋਲੀ ਮਾਰ ਕੇ ਅਤੇ ਇਸੇ ਦਿਨ ਸਾਨਫ੍ਰਾਂਸਿਸਕੋ ’ਚ ਇਕ ਰੇਲਗੱਡੀ ’ਚ ਇਕ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਅਤੇ ਇਕ ਹੋਰ ਨੂੰ ਜ਼ਖਮੀ ਕਰ ਦਿੱਤਾ ਗਿਆ। ਇਸੇ ਤਰ੍ਹਾਂ ਦੇ ਹਾਲਾਤ ਦੇ ਦਰਮਿਆਨ ਕੁਝ ਹੀ ਸਮਾਂ ਪਹਿਲਾਂ ਅਮਰੀਕਾ ’ਚ ਟੈਕਸਾਸ ਦੇ ‘ਉਵਾਲਦੇ’ ਸ਼ਹਿਰ ਅਤੇ ਹੋਰ ਥਾਵਾਂ ’ਤੇ ਗੋਲੀਬਾਰੀ ਦੀਆਂ ਘਟਨਾਵਾਂ ਬਾਅਦ ਅਮਰੀਕੀ ਸੰਸਦ ਨੇ ਬੰਦੂਕ ਕੰਟਰੋਲ ਬਿੱਲ ਪਾਸ ਕੀਤਾ ਸੀ ਪਰ ਅਮਰੀਕੀ ਸੀਨੇਟ ’ਚ ਇਸ ਦੇ ਕਾਨੂੰਨ ਬਣਨ ਦੀ ਸੰਭਾਵਨਾ ਨਾਂਹ ਦੇ ਬਰਾਬਰ ਹੀ ਹੈ।ਅਜੇ ਇਹ ਵੀ ਸਪੱਸ਼ਟ ਨਹੀਂ ਹੈ ਕਿ ਕੀ ਇਹ ਬਿੱਲ ਸੀਨੇਟ ’ਚ ਜਾ ਵੀ ਸਕੇਗਾ ਕਿਉਂਕਿ ਇਸ ਦੇ ਵਿਰੋਧ ’ਤੇ ਅੜੇ ਹੋਏ ਵਿਰੋਧੀ ਰਿਪਬਲਿਕਨ  ਪਾਰਟੀ ਦੇ ਮੈਂਬਰ ਅਮਰੀਕਾ ’ਚ ਵੱਡੇ ਪੱਧਰ ’ਤੇ ਗੋਲੀਬਾਰੀ ਦੀਆਂ ਘਟਨਾਵਾਂ ’ਤੇ ਰੋਕ ਲਾਉਣ ਦੀ ਕੋਸ਼ਿਸ਼ ਨੂੰ ਅਸਫਲ ਕਰਦੇ ਆ ਰਹੇ ਹਨ।ਫਿਰ ਵੀ, ਇਸ ਬਿੱਲ  ਨਾਲ ਡੈਮੋਕ੍ਰੇਟਿਕ ਪਾਰਟੀ ਦੇ ਮੈਂਬਰਾਂ ਨੂੰ ਨਵੰਬਰ ’ਚ ਵੋਟਰਾਂ ਦੇ ਸਾਹਮਣੇ ਪੇਸ਼ ਕਰਨ ਦੇ ਲਈ ਬੰਦੂਕ ਕੰਟਰੋਲ ਸਬੰਧੀ ਇਕ ਨੀਤੀ ਬਣਾਉਣ ਦਾ  ਮੌਕਾ ਮਿਲੇਗਾ। ਸਦਨ ਦੀ ਇਕ ਕਮੇਟੀ ’ਚ ਹਾਲ ਹੀ ’ਚ ਹੋਈਆਂ ਗੋਲੀਬਾਰੀ ਦੀਆਂ ਘਟਨਾਵਾਂ ਦੇ ਪੀੜਤਾਂ ਅਤੇ ਪਰਿਵਾਰ ਦੇ ਮੈਂਬਰਾਂ ਦੀ ਦਿਲ ਕੰਬਾਊ ਗਵਾਹੀ ਦੇ ਬਾਅਦ ਇਹ ਬਿੱਲ ਪਾਸ ਕੀਤਾ ਗਿਆ ਹੈ।

ਇਨ੍ਹਾਂ ਗਵਾਹਾਂ ’ਚ ‘ਉਵਾਲਦੇ’ ਦੇ ਐਲੀਮੈਂਟਰੀ ਸਕੂਲ ’ਚ ਪੜ੍ਹਨ ਵਾਲੀ 11 ਸਾਲ ਦੀ ਇਕ ਬੱਚੀ ‘ਮਿਆਹ ਸੇਰਿਲੋ’ ਵੀ ਸ਼ਾਮਲ ਸੀ ਜਿਸ ਨੇ ਆਪਣੇ ਮ੍ਰਿਤਕ ਜਮਾਤੀ ਦਾ ਖੂਨ ਆਪਣੇ ਸਰੀਰ ’ਤੇ ਲਗਾ ਲਿਆ ਸੀ ਤਾਂ ਕਿ ਉਹ ਹੱਤਿਆਰੇ ਵੱਲੋਂ ਗੋਲੀ ਮਾਰੇ ਜਾਣ ਤੋਂ ਬਚ ਜਾਵੇ। ਅਮਰੀਕਾ ’ਚ ਵਧ ਰਹੇ ‘ਬੰਦੂਕ ਸੱਭਿਆਚਾਰ’ ਦੇ ਪਿੱਛੇ ਜਿੱਥੇ ਉੱਥੋਂ ਦੀ ਮਜ਼ਬੂਤ ਗੰਨ ਲਾਬੀ ਦਾ ਰਿਪਬਲਿਕਨ ਪਾਰਟੀ ਨੂੰ ਸਮਰਥਨ ਅਤੇ ਆਰਥਿਕ ਸਹਾਇਤਾ ਦੇਣਾ ਹੈ, ਉਥੇ  ਹੀ ਅਮਰੀਕੀ ਸੰਸਦ ’ਚ ਰਿਪਬਲਿਕਨਾਂ ਦਾ ਦਬਦਬਾ ਵੀ ਹੈ। ਇਹੀ ਨਹੀਂ ਸੁਪਰੀਮ ਕੋਰਟ ਦੀ ਜਿਸ ਬੈਂਚ ਨੇ 6:3 ਦੇ ਫਰਕ ਨਾਲ ਬੰਦੂਕ ਰੱਖਣ ਦੇ ਅਧਿਕਾਰ ਦੇ ਪੱਖ ’ਚ ਫੈਸਲਾ ਸੁਣਾਇਆ ਹੈ ਉਸ ’ਚ ਵੀ ਬਹੁਮਤ ਰਿਪਬਲਿਕਨ ਵਿਚਾਰਧਾਰਾ ਦੇ ਜੱਜਾਂ ਦਾ ਹੀ ਹੈ।
ਇਸ ਦੇ ਇਲਾਵਾ  ਲੋਕਾਂ ’ਚ ਵਧ ਰਹੀ ਅਸਹਿਣਸ਼ੀਲਤਾ ਅਤੇ ਆਸਾਨੀ ਨਾਲ ਹਥਿਆਰਾਂ ਦੇ ਮੁਹੱਈਆ ਹੋਣ ਦਾ ਭੈੜਾ ਨਤੀਜਾ ਦੁਖਦਾਈ ਘਟਨਾਵਾਂ ਦੇ ਰੂਪ ’ਚ ਨਿਕਲ ਰਿਹਾ ਹੈ ਜਿਸ ’ਤੇ ਤੁਰੰਤ ਰੋਕ ਲਾਉਣ ਦੀ ਲੋੜ ਹੈ। ਅਮਰੀਕਾ ਵਰਗੇ ਲੋਕਤੰਤਰਿਕ ਦੇਸ਼ਾਂ ’ਚ ਅਜਿਹਾ ਹੋਣਾ ਬੇਹੱਦ ਦੁਖਦਾਈ।

ਵਿਜੇ ਕੁਮਾਰ
 

Karan Kumar

This news is Content Editor Karan Kumar