ਗੁਆਂਢੀ ਦੇਸ਼ਾਂ ਨਾਲ ਅਣਬਣ ਦੇ ਕਾਰਨ ‘ਤੇਲ ਦਾ ਵੱਧ ਭੰਡਾਰ’ ਬਣਾਉਣਾ ਬਹੁਤ ਜ਼ਰੂਰੀ

06/13/2020 4:11:41 PM

ਭਾਰਤ ਸਰਕਾਰ ਨੇ ਕੌਮਾਂਤਰੀ ਬਾਜ਼ਾਰ ’ਚ ਇਸ ਸਾਲ ਮਾਰਚ ਮਹੀਨੇ ਤੋਂ ਕੱਚੇ ਤੇਲ ਦੀਆਂ ਕੀਮਤਾਂ ’ਚ 57 ਫੀਸਦੀ ਤਕ ਆਈ ਭਾਰੀ ਗਿਰਾਵਟ ਦਾ ਲਾਭ ਉਠਾਉਂਦੇ ਹੋਏ ਇਕ ਕਰੋੜ 60 ਲੱਖ ਬੈਰਲ ਕੱਚਾ ਤੇਲ ਖਰੀਦ ਕੇ ਲਗਭਗ 5000 ਕਰੋੜ ਰੁਪਏ ਦੀ ਬੱਚਤ ਕਰਨ ਦੇ ਨਾਲ ਆਪਣਾ ‘ਰਣਨੀਤਿਕ ਤੇਲ ਭੰਡਾਰ’ ਭਰ ਲਿਆ ਜੋ ਵਿਸ਼ਾਖਾਪਟਨਮ , ਮੈਂਗਲੋਰ ਅਤੇ ਪਾਡੂਰ ’ਚ ਰੱਖਿਆ ਗਿਆ ਹੈ। ਇਸਦੇ ਇਲਾਵਾ ਸਰਕਾਰ ਕੰਟ੍ਰੋਲਡ ਕੰਪਨੀਆਂ ਅਤੇ ਪ੍ਰਾਈਵੇਟ ਰਿਫਾਇਨਰੀਆਂ ਨੇ ਲਗਭਗ 6 ਕਰੋੜ 20 ਲੱਖ ਬੈਰਲ ਕੱਚਾ ਤੇਲ ਖਰੀਦਿਆ ਅਤੇ ਉਨ੍ਹਾਂ ਦੇ ਨਿਯਮਤ ਭੰਡਾਰਾਂ ’ਚ ਭਾਰੀ ਮਾਤਰਾ ’ਚ ਕੱਚਾ ਤੇਲ, ਸੋਧਿਆ ਪਟ੍ਰੋਲ, ਮਿੱਟੀ ਦਾ ਤੇਲ, ਕੋਲਤਾਰ ਅਤੇ ਜਹਾਜ਼ਾਂ ਦਾ ਈਂਧਨ ਮੌਜੂਦ ਹੈ। ਵਰਨਣਯੋਗ ਹੈ ਕਿ ਅਮਰੀਕਾ ਅਤੇ ਚੀਨ ਦੇ ਬਾਅਦ ਭਾਰਤ ਵਿਸ਼ਵ ਦਾ ਤੀਸਰਾ ਸਭ ਤੋਂ ਵੱਡਾ ਖਪਤਕਾਰ ਹੈ ਅਤੇ ਆਪਣੀ ਲੋੜ ਦਾ ਲਗਭਗ 80 ਫੀਸਦੀ ਕੱਚਾ ਤੇਲ ਵਿਦੇਸ਼ਾਂ ਤੋਂ ਬਰਾਮਦ ਕਰਦਾ ਹੈ। ਇਸ ਬਾਰੇ ‘ਤਕਸ਼ਿਲਾ ਇੰਸਟੀਚਿਊਟ’ ਦੇ ਪ੍ਰੋਫੈਸਰ ‘ਅਨੁਪਮ ਮਾਨੂਰ’ ਦਾ ਕਹਿਣਾ ਹੈ ਕਿ, ‘‘ਅਸੀਂ ਆਪਣੇ ‘ਰਣਨੀਤਿਕ ਪੈਟ੍ਰੋਲੀਅਮ ਭੰਡਾਰ (ਐੱਸ.ਪੀ.ਆਰ.) ਨੂੰ ਵਧਾ ਕੇ ਇਹ ਸਫਲਤਾ ਹਾਸਲ ਕੀਤੀ ਹੈ ਪਰ ਜੇਕਰ ਅਸੀਂ ਇਸਨੂੰ ਹੋਰ ਵਧਾ ਲੈਂਦੇ ਤਾਂ 12 ਵਾਧੂ ਦਿਨਾਂ ਦੀ ਖਪਤ ਦੀ ਲੋੜ ਨੂੰ ਪੂਰਾ ਕੀਤਾ ਜਾ ਸਕਦਾ ਸੀ।’’

ਉਨ੍ਹਾਂ ਕਿਹਾ ਕਿ, ‘‘ਅਜੇ ਵੀ ਅਸੀਂ ਭਾਰਤ ਦੇ ਅੰਦਰ ਜ਼ਮੀਨਦੋਜ਼ ਟੈਂਕਰ ਬਣਾ ਕੇ ਜਾਂ ਸ਼੍ਰੀਲੰਕਾ, ਓਮਾਨ ਅਤੇ ਯੂ.ਏ. ਈ. ਆਦਿ ’ਚ ਭੰਡਾਰਨ ਸਹੂਲਤਾਂ ਕਿਰਾਏ ’ਤੇ ਲੈ ਕੇ ਵਾਧੂ ਤੇਲ ਦਾ ਭੰਡਾਰ ਬਣਾ ਸਕਦੇ ਹਾਂ ਅਤੇ ਭਵਿੱਖ ’ਚ ਵੀ ਅਜਿਹਾ ਮੌਕਾ ਆਉਣ ’ਤੇ ਸਾਨੂੰ ਉਸਦਾ ਲਾਭ ਉਠਾਉਣ ਲਈ ਪਹਿਲਾਂ ਤੋਂ ਹੀ ਤਿਆਰੀ ਰੱਖਣੀ ਚਾਹੀਦੀ ਹੈ। ਇਸ ਸਮੇਂ ਜਦਕਿ ਭਾਰਤ ਦੀ ਆਪਣੇ ਨਜ਼ਦੀਕੀ ਗੁਆਢੀਆਂ, ਚੀਨ, ਪਾਕਿਸਤਾਨ ਅਤੇ ਨੇਪਾਲ ਨਾਲ ਵੱਖ-ਵੱਖ ਮੁੱਦਿਆਂ ’ਤੇ ਤਣਾਅ ਅਤੇ ਟਕਰਾਅ ਦੀ ਸਥਿਤੀ ਬਣੀ ਹੋਈ ਹੈ, ਕੱਚੇ ਤੇਲ ਦਾ ਵਾਧੂ ਭੰਡਾਰ ਤਿਆਰ ਕਰ ਕੇ ਸਰਕਾਰ ਨੇ ਸਹੀ ਕਦਮ ਚੁੱਕਿਆ ਹੈ ਕਿਉਂਕਿ ਉਕਤ ਦੇਸ਼ਾਂ ਦੇ ਨਾਲ ਕਿਸੇ ਕਿਸਮ ਦੀ ਅਣਹੋਣੀ ਸਥਿਤੀ ’ਚ ਸਭ ਤੋਂ ਵਧ ਲੋੜ ਤੇਲ ਦੀ ਹੀ ਪੈਣ ਵਾਲੀ ਹੈ ਅਤੇ ਉਦੋਂ ਹੀ ਰਣਨੀਤਿਕ ਭੰਡਾਰ ਜ਼ਰੂਰ ਕੰਮ ਆਵੇਗਾ। ਵਰਨਣਯੋਗ ਹੈ ਕਿ ਦੇਸ਼ ਨੇ ਅਨਾਜ ਉਤਪਾਦਨ ’ਚ ਆਤਮ ਨਿਰਭਰਤਾ ਹਾਸਲ ਕਰ ਲਈ ਹੈ ਅਤੇ ਹੁਣ ਅਸੀਂ ਇਸ ਦੀ ਬਰਾਮਦ ਵੀ ਕਰਨ ਲੱਗੇ ਹਾਂ ਅਤੇ ਦੇਸ਼ ’ਚ ਬਿਜਲੀ ਸੰਕਟ ਦੇ ਦੌਰ ’ਚ ਸਰਕਾਰ ਵਲੋਂ ਨਿੱਜੀ ਖੇਤਰ ਨੂੰ ਗੈਰ-ਰਵਾਇਤੀ ਊਰਜਾ ਸ੍ਰੋਤਾਂ ਤੋਂ ਬਿਜਲੀ ਹਾਸਲ ਕਰਨ ਲਈ ਸਬਸਿਡੀ ਦੇਣ ਦੇ ਨਤੀਜੇ ਵਜੋਂ ਬਿਨਾਂ ਖਰਚ ਕੀਤੇ ਸੂਰਜੀ ਊਰਜਾ ਰਾਹੀਂ ਕਾਫੀ ਬਿਜਲੀ ਪ੍ਰਾਪਤ ਹੋਣ ਲੱਗੀ ਹੈ। ਇਸੇ ਤਰ੍ਹਾਂ ਜੇਕਰ ਦੇਸ਼ ’ਚ ਨਿੱਜੀ ਕੰਪਨੀਆਂ ਨੂੰ ਸਬਸਿਡੀ ਦੇ ਕੇ ਈਂਧਨ ਦੇ ਉਤਪਾਦ ਅਤੇ ਭੰਡਾਰਣ ਦੀ ਵਾਧੂ ਸਮਰੱਥਾ ਕਾਇਮ ਕਰ ਲਈ ਜਾਵੇ ਤਾਂ ਇਹ ਸਾਡੇ ਲਈ ਹੰਗਾਮੀ ਹਾਲਤ ’ਚ ਬਹੁਤ ਸਹਾਇਕ ਸਿੱਧ ਹੋ ਸਕਦੀ ਹੈ ਅਤੇ ਇਸ ਨਾਲ ਵਿਦੇਸ਼ੀ ਕਰੰਸੀ ਦੀ ਬੱਚਤ ਵੀ ਹੋਵੇਗੀ।

-ਵਿਜੇ ਕੁਮਾਰ


Bharat Thapa

Content Editor

Related News