ਇਸਰੋ ਦੇ ਨਵੇਂ ਉਪਗ੍ਰਹਿ ‘ਹਾਈਸਇਸ’ ਨਾਲ ਧਰਤੀ ਦੇ ਚੱਪੇ-ਚੱਪੇ ’ਤੇ ਨਜ਼ਰ ਰੱਖਣਾ ਹੋਵੇਗਾ ਆਸਾਨ

11/30/2018 6:41:28 AM

ਭਾਰਤੀ ਪੁਲਾੜ ਪ੍ਰੋਗਰਾਮ ਦੇ ਪਿਤਾਮਾ ਡਾ. ਵਿਕਰਮ ਸਾਰਾਭਾਈ ਦੀਅਾਂ ਅਣਥੱਕ ਕੋਸ਼ਿਸ਼ਾਂ ਨਾਲ 15 ਅਗਸਤ 1969 ਨੂੰ ਆਜ਼ਾਦੀ ਦਿਹਾੜੇ ’ਤੇ ਗਠਿਤ ‘ਭਾਰਤੀ ਪੁਲਾੜ ਖੋਜ ਸੰਗਠਨ’ (ਇਸਰੋ) ਦੇ ਵਿਗਿਆਨੀਅਾਂ ਨੇ ਆਪਣੀ ਮਿਹਨਤ ਨਾਲ ਭਾਰਤ ਨੂੰ ਪੁਲਾੜ ਵਿਗਿਆਨ ਦੇ ਖੇਤਰ ’ਚ ਮੋਹਰੀ ਦੇਸ਼ ਬਣਾ ਦਿੱਤਾ ਹੈ। 
ਇਹ ਅੱਜ ਦੁੁਨੀਆ ਦੇ ਸਭ ਤੋਂ ਸਫਲ ਪੁਲਾੜ ਸੰਗਠਨਾਂ ’ਚੋਂ ਇਕ ਬਣ ਗਿਆ ਹੈ ਅਤੇ ਪੁਲਾੜ ਖੋਜ ਦੀ ਦਿਸ਼ਾ ’ਚ ਨਿੱਤ ਨਵੀਅਾਂ ਪ੍ਰਾਪਤੀਅਾਂ ਹਾਸਿਲ ਕਰ ਰਿਹਾ ਹੈ, ਜਿਨ੍ਹਾਂ ’ਚੋਂ ਕੁਝ ਹੇਠਾਂ ਦਰਜ ਹਨ :
* 15 ਫਰਵਰੀ 2017 ਨੂੰ ਇਸਰੋ ਨੇ 3 ਭਾਰਤੀ ਉਪ-ਗ੍ਰਹਿਅਾਂ ਸਮੇਤ 104 ਉਪ-ਗ੍ਰਹਿ ਦਾਗ ਕੇ ਰਿਕਾਰਡ ਬਣਾਇਆ। ਇੰਨੀ ਵੱਡੀ ਗਿਣਤੀ ’ਚ ਇਕੱਠੇ ਉਪ-ਗ੍ਰਹਿ ਕਿਸੇ ਵੀ ਪੁਲਾੜ ਏਜੰਸੀ ਨੇ ਲਾਂਚ ਨਹੀਂ ਕੀਤੇ।
* 23 ਜੂਨ ਨੂੰ ਇਸਰੋ ਨੇ 31 ਉਪ-ਗ੍ਰਹਿ ਲਾਂਚ ਕੀਤੇ, ਜਿਨ੍ਹਾਂ ’ਚੋਂ 29 ਵਿਦੇਸ਼ੀ ਸਨ।
* 12 ਜਨਵਰੀ 2018 ਨੂੰ ਇਸ ਨੇ 28 ਵਿਦੇਸ਼ੀ ਉਪ-ਗ੍ਰਹਿਅਾਂ ਸਮੇਤ 31 ਉਪ-ਗ੍ਰਹਿ ਲਾਂਚ ਕੀਤੇ।
* 14  ਨਵੰਬਰ ਨੂੰ ਇਸਰੋ ਨੇ ਆਪਣੇ ਅਤਿ-ਆਧੁਨਿਕ ਸੰਚਾਰ ਉਪ-ਗ੍ਰਹਿ ‘ਜੀਸੈਟ-29’ ਨੂੰ ਸਫਲਤਾਪੂਰਵਕ ਦਾਗ ਕੇ ਨਵਾਂ ਰਿਕਾਰਡ ਬਣਾਇਆ ਹੈ।
ਅਤੇ ਹੁਣ ਇਸਰੋ ਨੇ ਅਾਂਧਰਾ ਪ੍ਰਦੇਸ਼ ਦੇ ਸ਼੍ਰੀਹਰਿਕੋਟਾ ’ਚ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਵੀਰਵਾਰ ਨੂੰ ਪੀ. ਐੱਸ. ਐੱਲ. ਵੀ.-ਸੀ43 ਰਾਕੇਟ ਨਾਲ ਸਵਦੇਸ਼ੀ ਹਾਈਪਰ ਸਪੈਕਟ੍ਰਲ ਇਮੇਜਿੰਗ ਸੈਟੇਲਾਈਟ (ਹਾਈਸਇਸ) ਉਪ-ਗ੍ਰਹਿ ਲਾਂਚ ਕੀਤਾ। ਇਸਰੋ ਦੇ ਮੁਖੀ ਡਾ. ਕੇ. ਸਿਵਨ ਨੇ ਇਸ ਨੂੰ ਦੇਸ਼ ਦਾ ਹੁਣ ਤਕ ਦਾ ਸਭ ਤੋਂ ਤਾਕਤਵਰ ਇਮੇਜਿੰਗ ਉਪ-ਗ੍ਰਹਿ ਦੱਸਿਆ ਹੈ। 
ਇਸ ਦੇ ਨਾਲ 8 ਦੇਸ਼ਾਂ ਅਮਰੀਕਾ, ਆਸਟ੍ਰੇਲੀਆ, ਕੈਨੇਡਾ, ਕੋਲੰਬੀਆ, ਫਿਨਲੈਂਡ, ਮਲੇਸ਼ੀਆ, ਨੀਦਰਲੈਂਡ ਅਤੇ ਸਪੇਨ ਦੇ 30 ਹੋਰ ਉਪ-ਗ੍ਰਹਿ (ਇਕ ਮਾਈਕ੍ਰੋ ਅਤੇ 29 ਨੈਨੋ) ਵੀ ਛੱਡੇ ਗਏ। ਪੋਲਰ ਸੈਟੇਲਾਈਟ ਲਾਂਚ ਵ੍ਹੀਕਲ (ਪੀ. ਐੱਸ. ਐੱਲ. ਵੀ.) ਦੀ ਇਸ ਸਾਲ ’ਚ ਇਹ 6ਵੀਂ ਉਡਾਣ ਸੀ। ਡਾ. ਸਿਵਨ ਮੁਤਾਬਿਕ ਇਹ ਮਿਸ਼ਨ ਇਸਰੋ ਦੇ ਸਭ ਤੋਂ ਲੰਮੇ ਮਿਸ਼ਨਾਂ ’ਚੋਂ ਇਕ ਸੀ। 
‘ਹਾਈਸਇਸ’ ਧਰਤੀ ਦੀ ਸਤ੍ਹਾ ਦਾ ਅਧਿਐਨ ਕਰਨ ਦੇ ਨਾਲ-ਨਾਲ ‘ਚੁੰਬਕੀ ਖੇਤਰ’ (ਮੈਗਨੈਟਿਕ ਫੀਲਡ) ਉੱਤੇ ਵੀ ਨਜ਼ਰ ਰੱਖੇਗਾ ਅਤੇ ਇਸ ਨੂੰ ਰਣਨੀਤਕ ਉਦੇਸ਼ਾਂ ਲਈ ਵੀ ਇਸਤੇਮਾਲ ਕੀਤਾ ਜਾਵੇਗਾ। ਪੀ. ਐੱਸ. ਐੱਲ. ਵੀ. ਤੀਜੀ ਪੀੜ੍ਹੀ ਦਾ 4 ਗੇੜਾਂ ਦਾ ਲਾਂਚਿੰਗ ਵ੍ਹੀਕਲ ਹੈ, ਜਿਸ ’ਚ ਠੋਸ ਈਂਧਨ ਇਸਤੇਮਾਲ ਕੀਤਾ ਜਾਂਦਾ ਹੈ। 
‘ਹਾਈਸਇਸ’ ਦਾ ਭਾਰ 380 ਕਿਲੋ ਅਤੇ 30 ਹੋਰ ਉਪ-ਗ੍ਰਹਿਅਾਂ ਦਾ ਭਾਰ 261.5 ਕਿਲੋ ਹੈ। ਉਪ-ਗ੍ਰਹਿਅਾਂ ਨੂੰ ਪੁਲਾੜ ’ਚ ਭੇਜਣ ਲਈ ਹੋਰਨਾਂ ਦੇਸ਼ਾਂ ਨੇ ਇਸਰੋ ਦੇ ਕਮਰਸ਼ੀਅਲ ਅਦਾਰੇ ‘ਐਂਟ੍ਰਿਕਸ ਕਾਰਪੋਰੇਸ਼ਨ ਲਿਮਟਿਡ’ ਨਾਲ ਸਮਝੌਤਾ ਕੀਤਾ ਹੈ। 
ਡਾ. ਕੇ. ਸਿਵਨ ਅਨੁਸਾਰ ‘ਹਾਈਸਇਸ’ ਨੂੰ ਪੂਰੀ ਤਰ੍ਹਾਂ ਦੇਸ਼ ’ਚ ਹੀ ਬਣਾਇਆ ਗਿਆ ਹੈ।  ਇਹ ਇਸ ਲਈ ਵਿਸ਼ੇਸ਼ ਹੈ  ਕਿਉਂਕਿ ਇਹ ਬਾਰੀਕੀ ਨਾਲ (ਸੁਪਰ ਸ਼ਾਰਪ ਆਈ) ਚੀਜ਼ਾਂ ’ਤੇ ਨਜ਼ਰ ਰੱਖੇਗਾ। ਇਹ ਤਕਨੀਕ ਕੁਝ ਹੀ ਦੇਸ਼ਾਂ ਕੋਲ ਹੈ। 
ਕਈ ਦੇਸ਼ ਹਾਈਪਰ ਸਪੈਕਟ੍ਰਲ ਕੈਮਰਾ ਪੁਲਾੜ ’ਚ ਭੇਜਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਉਸ ਤੋਂ ਨਤੀਜੇ ਮਿਲਣੇ ਸੌਖੇ ਨਹੀਂ ਹਨ। ਹਾਈਪਰ ਸਪੈਕਟ੍ਰਲ ਇਮੇਜਿੰਗ ਸੈਟੇਲਾਈਟ (ਹਾਈਸਇਸ) ਦਾ ਮੁਢਲਾ ਟੀਚਾ ਧਰਤੀ ਦੀ ਸਤ੍ਹਾ ਦਾ ਅਧਿਐਨ ਕਰਨਾ ਹੈ। ਇਸ ਉਪ-ਗ੍ਰਹਿ ਦਾ ਉਦੇਸ਼ ਧਰਤੀ ਦੀ ਸਤ੍ਹਾ ਦੇ ਨਾਲ-ਨਾਲ ਇਲੈਕਟ੍ਰੋ-ਮੈਗਨੈਟਿਕ ਸਪੈਕਟ੍ਰਮ ’ਚ ਇਨਫ੍ਰਾਰੈੱਡ ਅਤੇ ਸ਼ਾਰਟ ਵੇਵ ਇਨਫ੍ਰਾਰੈੱਡ ਫੀਲਡ ਦਾ ਅਧਿਐਨ ਕਰਨਾ ਹੈ। 
ਇਸ ਉਪ-ਗ੍ਰਹਿ ਨਾਲ ਧਰਤੀ ਦੇ ਚੱਪੇ-ਚੱਪੇ ’ਤੇ ਨਜ਼ਰ ਰੱਖਣੀ ਆਸਾਨ ਹੋ ਜਾਵੇਗੀ ਕਿਉਂਕਿ ਧਰਤੀ ਤੋਂ ਲੱਗਭਗ 630 ਕਿਲੋਮੀਟਰ ਦੂਰ ਪੁਲਾੜ ਤੋਂ ਧਰਤੀ ’ਤੇ ਮੌਜੂਦ ਚੀਜ਼ਾਂ ਦੇ 55 ਵੱਖ-ਵੱਖ ਰੰਗਾਂ ਦੀ ਪਛਾਣ ਆਸਾਨੀ ਨਾਲ ਕੀਤੀ ਜਾ ਸਕੇਗੀ। 
ਹਾਈਪਰ ਸਪੈਕਟ੍ਰਲ ਇਮੇਜਿੰਗ ਜਾਂ ਹਾਈਸਪੈਕਸ ਇਮੇਜਿੰਗ ਦੀ ਇਕ ਖੂਬੀ ਇਹ ਵੀ ਹੈ ਕਿ ਇਹ ਡਿਜੀਟਲ ਇਮੇਜਿੰਗ ਅਤੇ ਸਪੈਕਟ੍ਰੋਸਕੋਪੀ ਦੀ ਤਾਕਤ ਨੂੰ ਜੋੜਦੀ ਹੈ। 
ਹਾਈਸਪੈਕਸ ਇਮੇਜਿੰਗ ਪੁਲਾੜ ਤੋਂ ਇਕ ਦ੍ਰਿਸ਼ ਦੇ ਹਰ ਪਿਕਸਲ ਦੇ ਸਪੈਕਟ੍ਰਮ ਨੂੰ ਪੜ੍ਹਨ ਤੋਂ ਇਲਾਵਾ ਧਰਤੀ ’ਤੇ ਚੀਜ਼ਾਂ, ਸਮੱਗਰੀ ਜਾਂ ਪ੍ਰਕਿਰਿਆਵਾਂ ਦੀ ਵੱਖਰੀ ਪਛਾਣ ਵੀ ਕਰਦੀ ਹੈ। ਇਸ ਨਾਲ ਪ੍ਰਦੂਸ਼ਣ ’ਤੇ ਨਜ਼ਰ ਰੱਖਣ ਤੋਂ ਇਲਾਵਾ ਚੌਗਿਰਦਾ ਸਰਵੇਖਣ, ਫਸਲਾਂ ਲਈ ਉਪਯੋਗੀ ਜ਼ਮੀਨ ਦਾ ਜਾਇਜ਼ਾ, ਤੇਲ ਤੇ ਖਣਿਜ ਪਦਾਰਥਾਂ ਵਾਲੀਅਾਂ ਖਾਨਾਂ ਦੀ ਖੋਜ ਕਰਨੀ ਸੌਖੀ ਹੋ ਜਾਵੇਗੀ। 
ਬਿਨਾਂ ਸ਼ੱਕ ਪੁਲਾੜ ਖੋਜ ਦੇ ਖੇਤਰ ’ਚ ਭਾਰਤ ਅਤੇ ‘ਇਸਰੋ’ ਦੀ ਉਕਤ ਸਫਲਤਾ ਈਰਖਾਜਨਕ ਹੈ। ‘ਇਸਰੋ’ ਨੇ ਇਹ ਪ੍ਰਖੇਪਣ ਕਰਕੇ ਭਾਰਤ ਦੇ ਮਾਣ ’ਚ ਵਿਸ਼ਵਵਿਆਪੀ ਵਾਧਾ ਕੀਤਾ ਹੈ, ਜਿਸ ਦੇ ਲਈ ਭਾਰਤੀ ਪੁਲਾੜ ਖੋਜ ਸੰਸਥਾ ਦੇ ਵਿਗਿਆਨੀ ਸ਼ਲਾਘਾ, ਧੰਨਵਾਦ ਦੇ ਪਾਤਰ ਹਨ।                                            

–ਵਿਜੇ ਕੁਮਾਰ