ਦਿੱਲੀ ਦੇ ਦੰਗਿਆਂ ’ਚ ਇੰਟੈਲੀਜੈਂਸ ਵਿੰਗ ਦੇ ਅਲਰਟ ਦੀ ਅਣਦੇਖੀ ਕੀਤੀ ਗਈ

03/01/2020 1:33:05 AM

ਇਕ ਪਾਸੇ ਜਿਥੇ ਲੋਕਤੰਤਰ ਅਤੇ ਕਲੰਕਿਤ ਕਰਨ ਵਾਲੇ ਦਿੱਲੀ ਦੇ ਹੁਣੇ ਜਿਹੇ ਹੋਏ ਦੰਗਿਆਂ ਨਾਲ ਵਿਗੜੇ ਹਾਲਾਤ ਪਟੜੀ ’ਤੇ ਆਉਂਦੇ ਦਿਖਾਈ ਦੇ ਰਹੇ ਹਨ ਤਾਂ ਦੂਜੇ ਪਾਸੇ ਪਰਤ ਦਰ ਪਰਤ ਇਨ੍ਹਾਂ ਦੰਗਿਆਂ ਨਾਲ ਜੁੜੀਆਂ ਕਈ ਗੱਲਾਂ ਉਜਾਗਰ ਹੋਣ ਲੱਗੀਆਂ ਹਨ : 23 ਫਰਵਰੀ ਨੂੰ ਉੱਤਰ-ਪੂਰਬ ਦਿੱਲੀ ਦੇ ਮੌਜਪੁਰ ’ਚ ਭਾਜਪਾ ਨੇਤਾ ਕਪਿਲ ਮਿਸ਼ਰਾ ਨੇ ਦੁਪਹਿਰ 1.22 ਵਜੇ ਟਵੀਟ ਰਾਹੀਂ ਲੋਕਾਂ ਨੂੰ ਬਾਅਦ ਦੁਪਹਿਰ 3 ਵਜੇ ਸੀ. ਏ. ਏ. ਦੇ ਪੱਖ ’ਚ ਮੌਜਪੁਰ ਚੌਕ ’ਚ ਇਕੱਠੇ ਹੋਣ ਨੂੰ ਕਿਹਾ ਸੀ। ਹੁਣ ਇਹ ਵੀ ਪਤਾ ਲੱਗਾ ਹੈ ਕਿ ਕਪਿਲ ਮਿਸ਼ਰਾ ਦੇ ਟਵੀਟ ਕਾਰਣ ਸੰਭਾਵਿਤ ਹਿੰਸਾ ਦਾ ਖਤਰਾ ਮਹਿਸੂਸ ਕਰ ਕੇ ਸਪੈਸ਼ਲ ਬ੍ਰਾਂਚ ਅਤੇ ਇੰਟੈਲੀਜੈਂਸ ਵਿੰਗ ਨੇ 6 ਚਿਤਾਵਨੀ ਸੰਦੇਸ਼ ਸਥਾਨਕ ਪੁਲਸ ਅਧਿਕਾਰੀਆਂ ਅਤੇ ਦਿੱਲੀ ਪੁਲਸ ਦੇ ਹੋਰ ਉੱਚ ਅਧਿਕਾਰੀਆਂ ਨੂੰ ਵੀ ਭੇਜੇ ਸਨ। ਹਾਲਾਂਕਿ ਉੱਚ ਅਧਿਕਾਰੀਆਂ ਨੇ ਇਸ ਤੋਂ ਇਨਕਾਰ ਕੀਤਾ ਹੈ ਪਰ ਸੂਤਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਸੰਦੇਸ਼ਾਂ ’ਚ ਉਥੇ ਸੁਰੱਖਿਆ ਬਲਾਂ ਦੀ ਤਾਇਨਾਤੀ ਵਧਾਉਣ ਲਈ ਕਿਹਾ ਗਿਆ ਸੀ, ਜਿਨ੍ਹਾਂ ’ਤੇ ਧਿਆਨ ਨਹੀਂ ਦਿੱਤਾ ਗਿਆ। ਉਸੇ ਸ਼ਾਮ ਉਥੇ ਪੱਥਰਬਾਜ਼ੀ ਅਤੇ ਕਾਲੋਨੀਆਂ ’ਚ ਭੀੜ ਦੇ ਇਕੱਠੇ ਹੋਣ ’ਤੇ ਦੁਬਾਰਾ ਚਿਤਾਵਨੀ ਸੰਦੇਸ਼ ਭੇਜੇ ਗਏ ਸਨ। ਅਨੇਕ ਲੋਕਾਂ ਨੂੰ ਇਨ੍ਹਾਂ ਦੰਗਿਆਂ ਨਾਲ ਇੰਨਾ ਡੂੰਘਾ ਸਰੀਰਕ ਅਤੇ ਮਾਨਸਿਕ ਧੱਕਾ ਲੱਗਾ ਹੈ ਕਿ ਉਹ ਡੂੰਘੇ ਸਦਮੇ ਦਾ ਸ਼ਿਕਾਰ ਹੋ ਗਏ ਹਨ ਅਤੇ ਉਨ੍ਹਾਂ ਦਾ ਜੀਵਨ ਪਟੜੀ ’ਤੇ ਲਿਆਉਣ ਲਈ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰਾਂ ਦੀ ਲੋੜ ਪਵੇਗੀ। ਦੰਗਾਕਾਰੀਆਂ ਨੇ ਨਾ ਅੱਲ੍ਹਾ ਅਤੇ ਨਾ ਭਗਵਾਨ ਦੇ ਮੰਦਰਾਂ ਨੂੰ ਬਖਸ਼ਿਆ ਅਤੇ ਨਾ ਸਿੱਖਿਆ ਦੇ ਮੰਦਰਾਂ ਨੂੰ। ਦੰਗਾਕਾਰੀਆਂ ਨੇ ਕੁਝ ਸਕੂਲਾਂ ’ਤੇ ਵੀ ਕਬਜ਼ਾ ਕਰ ਲਿਆ ਅਤੇ ਭੰਨ-ਤੋੜ ਕੀਤੀ। ਕਿਤਾਬਾਂ ਅਤੇ ਇਕ ਸਕੂਲ ਦੀ ਲਾਇਬ੍ਰੇਰੀ ਤਕ ਨੂੰ ਸਾੜ ਦਿੱਤਾ ਅਤੇ ਉਥੇ ਪੁਲਸ ਘਟਨਾ ਤੋਂ 2 ਦਿਨ ਬਾਅਦ ਪਹੁੰਚੀ। ਪੀੜਤ ਪਰਿਵਾਰ ਆਪਣੇ ਪਰਿਵਾਰਕ ਮੈਂਬਰਾਂ ਦੀਆਂ ਮ੍ਰਿਤਕ ਦੇਹਾਂ ਪ੍ਰਾਪਤ ਕਰਨ ਲਈ ਹਸਪਤਾਲਾਂ ਦੇ ਚੱਕਰ ਲਾ-ਲਾ ਕੇ ਪ੍ਰੇਸ਼ਾਨ ਹੋ ਰਹੇ ਹਨ। ਅਨੇਕ ਮਾਮਲਿਆਂ ’ਚ ਮ੍ਰਿਤਕਾਂ ਦੇ ਸਰੀਰ ਇੰਨੇ ਸੜ ਚੁੱਕੇ ਹਨ ਕਿ ਪਛਾਣ ਲਈ ਉਨ੍ਹਾਂ ਦਾ ਡੀ. ਐੱਨ. ਏ. ਟੈਸਟ ਹੀ ਕਰਨਾ ਹੋਵੇਗਾ। ਫਿਲਹਾਲ ਉਸ ਸਮੇਂ ਜਦੋਂ ਦਿੱਲੀ ਦੰਗਿਆਂ ਦੀ ਅੱਗ ’ਚ ਝੁਲਸ ਰਹੀ ਸੀ, ਉਥੇ ਮਨੁੱਖਤਾ ਅਤੇ ਭਾਈਚਾਰੇ ਦੇ ਅਨੇਕ ਚਿਰਾਗ ਰੌਸ਼ਨ ਸਨ। ਅਨੇਕ ਹਿੰਦੂਆਂ ਨੇ ਮੁਸਲਮਾਨਾਂ ਨੂੰ ਅਤੇ ਮੁਸਲਮਾਨਾਂ ਨੇ ਹਿੰਦੂਆਂ ਨੂੰ ਆਪਣੇ ਘਰਾਂ ’ਚ ਪਨਾਹ ਦੇ ਕੇ ਉਨ੍ਹਾਂ ਦੀ ਜਾਨ ਬਚਾਈ। ਚਾਂਦ ਬਾਗ ’ਚ ਮੁਸਲਿਮ ਫਿਰਕੇ ਨੇ ਭਾਈਚਾਰੇ ਦੀ ਮਿਸਾਲ ਪੇਸ਼ ਕਰਦੇ ਹੋਏ ਦੰਗਿਆਂ ਦੇ ਦਰਮਿਆਨ ਇਕ ਹਿੰਦੂ ਪਰਿਵਾਰ ਦਾ ਵਿਆਹ ਸੰਪੰਨ ਕਰਵਾਉਣ ’ਚ ਮਦਦ ਕੀਤੀ ਅਤੇ ਪੂਰੀ ਸੁਰੱਖਿਆ ’ਚ ਹਿੰਦੂ ਲਾੜੀ ਨੂੰ ਵਿਦਾ ਕੀਤਾ। ਲਖਨਊ ਦੀ ਈਦਗਾਹ ’ਚ ਜੁੰਮੇ ਦੀ ਨਮਾਜ਼ ਦੌਰਾਨ ਦਿੱਲੀ ’ਚ ਸ਼ਾਂਤੀ ਲਈ ਪ੍ਰਾਰਥਨਾ ਕੀਤੀ ਗਈ ਅਤੇ ਦੱਸਿਆ ਗਿਆ ਕਿ ਕਿਸੇ ਪਾਰਟੀ ਜਾਂ ਨੇਤਾ ਦੇ ਝਾਂਸੇ ’ਚ ਆ ਕੇ ਗੁਆਂਢੀਆਂ ਨਾਲ ਦੰਗਾ ਨਾ ਕਰੋ ਕਿਉਂਕਿ ਉਹ ਤੁਹਾਡੇ ਦੁੱਖ-ਸੁੱਖ ਦੇ ਸਾਥੀ ਹਨ। ਇਸੇ ਦਰਮਿਆਨ ਸੀਨੀਅਰ ਭਾਜਪਾ ਨੇਤਾ ਸ਼ਾਂਤਾ ਕੁਮਾਰ ਨੇ ਦੱਖਣ-ਪੂਰਬ ਦਿੱਲੀ ਦੇ ਸ਼ਾਹੀਨ ਬਾਗ ’ਚ ਜਾਰੀ ਸੀ. ਏ. ਏ. ਵਿਰੋਧੀ ਧਰਨੇ ਲਈ ਕੇਂਦਰ ਅਤੇ ਸੂਬਾ ਸਰਕਾਰ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ : ‘‘ਸ਼ਾਹੀਨ ਬਾਗ ਕਾਂਡ ਨਾਲ ਨਜਿੱਠਣ ’ਚ ਦੇਸ਼ ਅਸਫਲ ਰਿਹਾ ਹੈ। ਕੇਂਦਰ ਜਾਂ ਸੂਬੇ ਦੀਆਂ ਸਰਕਾਰਾਂ ਇਕ ਜਨਤਕ ਥਾਂ ’ਤੇ ਇੰਨੀ ਲੰਬੀ ਮਿਆਦ ਤਕ ਧਰਨਾ ਦੇਣ ਦੀ ਇਜਾਜ਼ਤ ਕਿਵੇਂ ਦੇ ਸਕਦੀਆਂ ਹਨ? ਜੋ ਕੋਈ ਵੀ ਸ਼ਾਹੀਨ ਬਾਗ ਕਾਂਡ ਲਈ ਜ਼ਿੰਮੇਵਾਰ ਹੈ, ਉਸ ਵਿਰੁੱਧ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।’’ ‘‘ਅਜਿਹੀ ਸਥਿਤੀ ਪੈਦਾ ਕਿਉਂ ਹੋਣ ਦਿੱਤੀ ਗਈ? ਸ਼ਾਸਨ ਅਨੁਸ਼ਾਸਨ ਨਾਲ ਚੱਲਦਾ ਹੈ। ਸ਼ੁਰੂ ’ਚ ਹੀ ਇਸ ਸਮੱਸਿਆ ਨੂੰ ਸਹੀ ਢੰਗ ਨਾਲ ਨਜਿੱਠਣਾ ਚਾਹੀਦਾ ਸੀ। ਵਿਧਾਇਕਾ, ਕਾਰਜਪਾਲਿਕਾ ਅਤੇ ਨਿਆਂ ਪਾਲਿਕਾ ਨੇ ਇੰਨੇ ਲੰਬੇ ਸਮੇਂ ਤਕ ਇੰਨੇ ਲੰਬੇ ਧਰਨੇ ਦੀ ਇਜਾਜ਼ਤ ਕਿਉਂ ਦਿੱਤੀ? ਉਨ੍ਹਾਂ ਨੇ ਜਾਣਬੁੱਝ ਕੇ ਹਾਲਾਤ ਨੂੰ ਵਿਗੜਨ ਦਿੱਤਾ।’’ ਪੁਲਸ ਅਤੇ ਸੀ. ਆਈ. ਡੀ. ’ਤੇ ਉਂਗਲੀ ਉਠਾਉਂਦੇ ਹੋਏ ਸ਼ਾਂਤਾ ਕੁਮਾਰ ਨੇ ਕਿਹਾ, ‘‘ਜੇਕਰ ਕਿਸੇ ਵਿਅਕਤੀ ਨੇ ਰਾਸ਼ਟਰੀ ਰਾਜਧਾਨੀ ’ਚ ਲੋਕਾਂ ਨੂੰ ਭੜਕਾਇਆ ਤਾਂ ਪੁਲਸ ਅਤੇ ਸੀ. ਆਈ. ਡੀ. ਉਨ੍ਹਾਂ ਦੀ ਅਗਾਊਂ ਸੂਚਨਾ ਹਾਸਲ ਕਰਨ ’ਚ ਕਿਉਂ ਅਸਫਲ ਰਹੀ?’’ ਜਿਥੇ ਦੰਗਿਆਂ ਨਾਲ ਉਪਜੇ ਦਰਦ ਦੇ ਦਰਮਿਆਨ ਸਪੈਸ਼ਲ ਬ੍ਰਾਂਚ ਅਤੇ ਇੰਟੈਲੀਜੈਂਸ ਵਿੰਗ ਵਲੋਂ ਭੇਜੇ ਗਏ ਚਿਤਾਵਨੀ ਸੰਦੇਸ਼ਾਂ ਦੀ ਸਬੰਧਤ ਅਧਿਕਾਰੀਆਂ ਵਲੋਂ ਅਣਦੇਖੀ ਨਾਮਨਜ਼ੂਰ ਹੈ, ਉਥੇ ਹੀ ਸ਼ਾਂਤਾ ਕੁਮਾਰ ਵਲੋਂ ਸ਼ਾਹੀਨ ਬਾਗ ਕਾਂਡ ਨੂੰ ਲੈ ਕੇ ਚੁੱਕੇ ਮੁੱਦਿਆਂ ’ਤੇ ਵੀ ਵਿਚਾਰ ਕਰ ਕੇ ਇਸ ਸਾਰੇ ਕਾਂਡ ਦੀ ਜਲਦੀ ਜਾਂਚ ਕਰਵਾਉਣ ਦੀ ਲੋੜ ਹੈ। ਇਸ ਦੇ ਨਾਲ ਹੀ ਲੋੜ ਇਸ ਗੱਲ ਦੀ ਵੀ ਹੈ ਕਿ ਇਸ ਸਾਰੇ ਦੁਖਦਾਈ ਕਾਂਡ ਲਈ ਜ਼ਿੰਮੇਵਾਰ ਪਾਏ ਜਾਣ ਵਾਲੇ ਲੋਕਾਂ ਵਿਰੁੱਧ ਸਖਤ ਕਾਰਵਾਈ ਕਰਨ ਤੋਂ ਇਲਾਵਾ ਅਜਿਹੇ ਨਿਵਾਰਕ ਕਦਮ ਚੁੱਕੇ ਜਾਣ, ਜਿਨ੍ਹਾਂ ਨਾਲ ਭਵਿੱਖ ’ਚ ਅਜਿਹੀਆਂ ਦੁਖਦਾਈ ਘਟਨਾਵਾਂ ਨਾ ਹੋਣ।

–ਵਿਜੇ ਕੁਮਾਰ\\\

Bharat Thapa

This news is Content Editor Bharat Thapa