‘ਕੁਝ ਕੁ ਔਰਤਾਂ ਦੁਆਰਾ’ ‘ਸਿੱਖਿਆਦਾਇਕ ਅਤੇ ਪ੍ਰੇਰਣਾਦਾਇਕ ਉਦਾਹਰਣਾਂ’

04/16/2021 3:27:11 AM

ਅੱਜ ਪ੍ਰਤੀਕੂਲ ਹਾਲਾਤ ’ਚ ਜਿਊਣ ਦੇ ਬਾਅਦ ਕਈ ਔਰਤਾਂ ਦੇਸ਼ ਅਤੇ ਸਮਾਜ ਪ੍ਰਤੀ ਆਪਣੇ ਸਰੋਕਾਰ ਦਾ ਪ੍ਰਗਟਾਵਾ ਕਰਦੇ ਹੋਏ ਸਮਾਜ ’ਚ ਪੈਦਾ ਹੋਈਆਂ ਬੁਰਾਈਆਂ ਨੂੰ ਦੂਰ ਕਰਨ ਅਤੇ ਦੇਸ਼ ਦੇ ਵਿਕਾਸ ’ਚ ਆਪਣਾ ਮਹੱਤਵਪੂਰਨ ਯੋਗਦਾਨ ਪਾ ਰਹੀਆਂ ਹਨ, ਜਿਸ ਦੀਆਂ ਤਾਜ਼ਾ ਉਦਾਹਰਣਾਂ ਹੇਠਾਂ ਦਰਜ ਹਨ :

* ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪੀਤੀ ਜ਼ਿਲੇ ਦੇ ਕਾਜਾ ਪਿੰਡ ਦੀ ਮੁਟਿਆਰ ਪ੍ਰਧਾਨ ਸੋਨਮ ਡੋਲਮਾ ਦੀ ਅਗਵਾਈ ’ਚ ਪਿੰਡ ਦੀ ਪੰਚਾਇਤ ਨੇ ਜੂਆ, ਖੁੱਲ੍ਹੇ ’ਚ ਜੰਗਲ-ਪਾਣੀ, ਇਧਰ-ਓਧਰ ਕੂੜਾ ਸੁੱਟ ਕੇ ਗੰਦਗੀ ਫੈਲਾਉਣ ਅਤੇ ਜਨਤਕ ਥਾਵਾਂ ’ਤੇ ਸ਼ਰਾਬ ਪੀਣ ਆਦਿ ਬੁਰਾਈਆਂ ਨੂੰ ਖਤਮ ਕਰਨ ’ਚ ਸਫਲਤਾ ਹਾਸਲ ਕੀਤੀ ਹੈ।

ਸਰਬਸੰਮਤੀ ਨਾਲ ਪਾਸ ਮਤੇ ਦੇ ਅਨੁਸਾਰ ਪੰਚਾਇਤ ਦੇ ਅਧੀਨ ਕਿਤੇ ਵੀ ਜੂਆ ਅਤੇ ਤਾਸ਼ ਨਹੀਂ ਖੇਡੀ ਜਾਵੇਗੀ। ਅਜਿਹਾ ਕਰਦੇ ਫੜੇ ਜਾਣ ’ਤੇ ਬਾਲਗ ਨੂੰ 40 ਹਜ਼ਾਰ ਰੁਪਏ ਅਤੇ ਨਾਬਾਲਗ ਨੂੰ 5 ਹਜ਼ਾਰ ਰੁਪਏ ਜੁਰਮਾਨੇ ਦੀ ਵਿਵਸਥਾ ਕੀਤੀ ਗਈ ਹੈ।

ਖੁੱਲ੍ਹੇ ’ਚ ਕੂੜਾ ਸੁੱਟਣ ਵਾਲੇ ਨੂੰ 1000 ਰੁਪਏ ਜੁਰਮਾਨਾ ਕਰਨ ਦੇ ਇਲਾਵਾ ਉਸੇ ਵਿਅਕਤੀ ਕੋਲੋਂ ਕੂੜਾ ਚੁਕਵਾਉਣ ਅਤੇ ਖੁੱਲ੍ਹੇ ’ਚ ਜੰਗਲ-ਪਾਣੀ ਜਾਣ ਵਾਲੇ ਨੂੰ 10,000 ਰੁਪਏ ਜੁਰਮਾਨਾ ਤੈਅ ਕੀਤਾ ਗਿਆ ਹੈ। ਪਿੰਡ ’ਚ ਮੌਜੂਦ ਸ਼ਰਾਬ ਦੇ ਦੋ ਠੇਕੇ ਬਾਹਰ ਕੱਢਣ ਲਈ ਵੀ ਪੰਚਾਇਤ ਨੇ ਸਬੰਧਤ ਅਧਿਕਾਰੀਆਂ ਨੂੰ ਲਿਖਿਆ ਹੈ।

* ਮੱਧ ਪ੍ਰਦੇਸ਼ ’ਚ ਪਿਥੌਰਾਗੜ੍ਹ ਦੇ ਬਾਗੇਸ਼ਵਰ ਜ਼ਿਲੇ ਦੇ ਜੈਤੌਲੀ ਪਿੰਡ ਦੀਆਂ ਔਰਤਾਂ ਨੇ ਵੀ ਆਪਣੀ ਪਿੰਡ ਦੀ ਪ੍ਰਧਾਨ ਮਾਲਤੀ ਦੇਵੀ ਦੀ ਅਗਵਾਈ ’ਚ ਤਿੰਨ ਸਾਲ ਸੰਘਰਸ਼ ਕਰ ਕੇ ਆਪਣੇ ਪਿੰਡ ਨੂੰ ਸ਼ਰਾਬ ਮੁਕਤ ਕਰਨ ’ਚ ਸਫਲਤਾ ਹਾਸਲ ਕੀਤੀ ਹੈ ਅਤੇ ਇਥੇ ਸ਼ਰਾਬ ਵੇਚਣ ’ਤੇ 10,000 ਰੁਪਏ ਅਤੇ ਪੀਣ ’ਤੇ 5,000 ਰੁਪਏ ਜੁਰਮਾਨੇ ਦਾ ਨਿਯਮ ਲਾਗੂ ਕਰ ਦਿੱਤਾ ਹੈ।

ਇਹ ਫੈਸਲਾ ਵੀ ਕੀਤਾ ਗਿਆ ਹੈ ਕਿ ਕਿਸੇ ਵਿਅਕਤੀ ਦੇ ਕੋਲ ਸ਼ਰਾਬ ਦੀ ਖਾਲੀ ਬੋਤਲ ਵੀ ਦਿਖਾਈ ਦਿੱਤੀ ਤਾਂ ਉਸ ਨੂੰ ਵੀ 500 ਰੁਪਏ ਜੁਰਮਾਨਾ ਕੀਤਾ ਜਾਵੇਗਾ। ਔਰਤਾਂ ਦੇ ਸਖਤ ਸਟੈਂਡ ਦੇ ਦਮ ’ਤੇ ਅੱਜ ਇਹ ਪਿੰਡ ਸ਼ਰਾਬ ਦੀ ਲਾਹਨਤ ਤੋਂ ਮੁਕਤ ਹੋ ਚੁੱਕਾ ਹੈ। ਪਿੰਡ ਦੀ ਪੰਚਾਇਤ ਨੇ ਜੁਰਮਾਨੇ ਦੇ ਰੂਪ ’ਚ ਵਸੂਲ ਕੀਤੀ ਗਈ ਰਕਮ ਔਰਤਾਂ ਨੂੰ ਵੱਖ-ਵੱਖ ਹਸਤਕਲਾਵਾਂ ਦੀ ਸਿਖਲਾਈ ਦੇਣ ’ਤੇ ਖਰਚ ਕਰਨ ਦਾ ਫੈਸਲਾ ਲਿਆ ਹੈ।

* ਸਰਹੱਦਾਂ ਦੀ ਸੁਰੱਖਿਆ ਦੇ ਮਾਮਲੇ ’ਚ ਵੀ ਔਰਤਾਂ ਕਿਸੇ ਤੋਂ ਪਿੱਛੇ ਨਹੀਂ ਹਨ। ਹਾਲ ਹੀ ’ਚ ਭਾਰਤੀ ਫੌਜ ਦੀ ‘ਅਸਮ ਰਾਈਫਲਸ’ ਵਿਚ ਕਾਇਮ ਕੀਤੇ ਗਏ ‘ਰਾਈਫਲ ਵੂਮੈਨ’ ਨਾਂ ਦੇ ਨੀਮ ਫੌਜੀ ਸਮੂਹ ’ਚ 200 ਔਰਤਾਂ ਸ਼ਾਮਲ ਕੀਤੀਆਂ ਹਨ ਜਿਨ੍ਹਾਂ ਨੂੰ ਮਿਆਂਮਾਰ ਦੇ ਨਾਲ ਲੱਗਦੀ ਸਰਹੱਦ ਦੀ ਨਿਗਰਾਨੀ ਕਰਨ ਦੇ ਨਾਲ-ਨਾਲ ਦੇਸ਼ ਦੇ ਉੱਤਰ-ਪੂਰਬੀ ਹਿੱਸੇ ’ਚ ਹਿੰਸਾ ਅਤੇ ਭੰਨ-ਤੋੜ ਵਾਲੀਆਂ ਸਰਗਰਮੀਆਂ ’ਤੇ ਨਜ਼ਰ ਰੱਖਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।

ਔਰਤਾਂ ਦੇ ਇਸ ਨੀਮ ਫੌਜੀ ਬਲ ਦੀ ਸਹਾਇਤਾ ਨਾਲ ਹੁਣ ਫੌਜ ਨੂੰ ਸਰਹੱਦੀ ਇਲਾਕਿਆਂ ’ਚ ਔਰਤ ਯਾਤਰੀਆਂ ਨੂੰ ਲਿਜਾ ਰਹੇ ਵਾਹਨਾਂ ਦੀ ਤਲਾਸ਼ੀ ਲੈਣ ਅਤੇ ਨਸ਼ੀਲੀਆਂ ਦਵਾਈਆਂ, ਨਸ਼ੀਲੇ ਪਦਾਰਥਾਂ ਅਤੇ ਨਾਜਾਇਜ਼ ਹਥਿਆਰਾਂ ਦੀ ਸਮੱਗਲਿੰਗ ਆਦਿ ਦਾ ਪਤਾ ਲਗਾਉਣ ’ਚ ਕਾਫੀ ਆਸਾਨੀ ਹੋ ਗਈ ਹੈ। ਇਹ ਔਰਤਾਂ ਭਾਰਤ-ਮਿਆਂਮਾਰ ਸਰਹੱਦ ’ਤੇ ਗਸ਼ਤ ਕਰਦੀਆਂ ਹਨ ਜਿਥੇ ਚੀਨ ਦੀ ਸਹਾਇਤਾ ਨਾਲ ਚੱਲਣ ਵਾਲੇ ਗਿਰੋਹਾਂ ਦੁਆਰਾ ਨਸ਼ੀਲੇ ਪਦਾਰਥਾਂ ਅਤੇ ਨਾਜਾਇਜ਼ ਹਥਿਆਰਾਂ ਦੀ ਸਮੱਗਲਿੰਗ ਕਰਵਾਈ ਜਾ ਰਹੀ ਹੈ।

* ਨਾਰੀ ਸ਼ਕਤੀ ਦੀ ਇਕ ਤਾਜ਼ਾ ਉਦਾਹਰਣ 25 ਮਾਰਚ ਨੂੰ ਦਿੱਲੀ ’ਚ ਇਨਾਮੀ ਗੈਂਗਸਟਰ ਰੋਹਿਤ ਚੌਧਰੀ ਅਤੇ ਉਸ ਦੇ ਸਾਥੀਆਂ ਦੇ ਨਾਲ ਪੁਲਸ ਮੁਕਾਬਲੇ ’ਚ ਸ਼ਾਮਲ ਇੰਸਪੈਕਟਰ ਪ੍ਰਿਯੰਕਾ ਸ਼ਰਮਾ ਨੇ ਪੇਸ਼ ਕੀਤੀ ਜਿਨ੍ਹਾਂ ਨੂੰ ਮੁਕਾਬਲੇ ਦੇ ਦੌਰਾਨ ਅਪਰਾਧੀਆਂ ਵਲੋਂ ਚਲਾਈ ਇਕ ਗੋਲੀ ਵੀ ਲੱਗੀ। ਇਸ ਮੁਕਾਬਲੇ ’ਚ ਦੋ ਗੈਂਗਸਟਰ ਮਾਰੇ ਗਏ ਸਨ।

* ਹਿਮਾਚਲ ਪ੍ਰਦੇਸ਼ ਦੀ ਪਹਿਲੀ ਔਰਤ ਬੱਸ ਡਰਾਈਵਰ ਸੀਮਾ ਠਾਕੁਰ ਨੇ 31 ਮਾਰਚ ਨੂੰ ਪਹਿਲੀ ਵਾਰ ਅੰਤਰਰਾਜੀ ਸ਼ਿਮਲਾ-ਚੰਡੀਗੜ੍ਹ ਰੂਟ ’ਤੇ ਹਿਮਾਚਲ ਟਰਾਂਸਪੋਰਟ ਦੀ ਬੱਸ ਚਲਾ ਕੇ ਇਤਿਹਾਸ ਰਚਿਆ। ਸੀਮਾ ਨੇ ਅੰਗਰੇਜ਼ੀ ’ਚ ਐੱਮ. ਏ. ਕਰਨ ਦੇ ਬਾਵਜੂਦ ਡਰਾਈਵਰ ਦੀ ਨੌਕਰੀ ਨੂੰ ਪੇਸ਼ੇ ਦੇ ਰੂਪ ’ਚ ਚੁਣਿਆ।

* ਨਾਰੀ ਸ਼ਕਤੀ ਦੀ ਇਕ ਮਿਸਾਲ 7 ਅਪ੍ਰੈਲ ਨੂੰ ਬਲਾਚੌਰ ’ਚ ਬੈਂਕ ’ਚੋਂ 15 ਹਜ਼ਾਰ ਰੁਪਏ ਪੈਨਸ਼ਨ ਕਢਵਾ ਕੇ ਪਰਤ ਰਹੀ 70 ਸਾਲਾ ਬਜ਼ੁਰਗ ਫੂਲਨ ਕੁਮਾਰੀ ਨੇ ਪੇਸ਼ ਕੀਤੀ। ਇਕ ਲੁਟੇਰੇ ਨੇ ਥੈਲਾ ਖੋਹਣ ਲਈ ਉਸ ’ਤੇ ਹਮਲਾ ਕਰ ਦਿੱਤਾ ਪਰ ਉਸ ਨੇ ਥੈਲਾ ਨਹੀਂ ਛੱਡਿਆ ਅਤੇ ਲੁਟੇਰੇ ਦਾ ਡੱਟ ਕੇ ਮੁਕਾਬਲਾ ਕੀਤਾ। ਅਖੀਰ ਲੋਕਾਂ ਨੂੰ ਆਉਂਦੇ ਦੇਖ ਲੁਟੇਰਾ ਥੈਲਾ ਛੱਡ ਕੇ ਭੱਜ ਗਿਆ।

ਨਾਰੀ ਸ਼ਕਤੀ ਦੀਆਂ ਉਕਤ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਅੱਜ ਦੇ ਪ੍ਰਤੀਕੂਲ ਹਾਲਾਤ ਦੇ ਦਰਮਿਆਨ ਜੇਕਰ ਇਹ ਔਰਤਾਂ ਆਪਣੇ ਦਮ ’ਤੇ ਅਤੇ ਪਰਿਵਾਰ ਅਤੇ ਸਮਾਜ ਦੇ ਸਹਿਯੋਗ ਨਾਲ ਸਫਲਤਾ ਦੀਆਂ ਮੰਜ਼ਿਲਾ ਤੈਅ ਕਰ ਸਕਦੀਆਂ ਹਨ ਤਾਂ ਹੋਰ ਔਰਤਾਂ ਵੀ ਅਜਿਹਾ ਕਰ ਸਕਦੀਆਂ ਹਨ। ਲੋੜ ਹੈ ਬਸ ਆਪਣੇ ਅੰਦਰ ਦੀ ‘ਦੁਰਗਾ’ ਨੂੰ ਜਗਾਉਣ ਅਤੇ ਡੱਟ ਜਾਣ ਦੀ ਅਤੇ ਬਕੌਲ ਸ਼ਹਿਰ ਇਹ ਮਹਿਸੂਸ ਕਰ ਲੈਣ ਦੀ ਕਿ :

ਮੈਂ ਹੂੰ ਝਾਂਸੀ ਕੀ ਸ਼ਮਸ਼ੀਰ, ਮੈਂ ਹੂੰ ਅਰਜੁਨ ਕਾ ਤੀਰ,

ਮੈਂ ਸੀਤਾ ਕਾ ਵਰਦਾਨ, ਦੇ ਸਕਤੀ ਹੂੰ ਬਲਿਦਾਨ,

ਮੈਂ ਭੀਮ ਕੀ ਹੂੰ ਝੰਕਾਰ, ਲੜਨੇ-ਮਰਨੇ ਕੋ ਤੈਯਾਰ,

ਮੁਝੇ ਸਮਝੋ ਨਾ ਕਮਜ਼ੋਰ ਲੋਗੋ, ਸਮਝੋ ਨਾ ਕਮਜ਼ੋਰ।

–ਵਿਜੇ ਕੁਮਾਰ

Bharat Thapa

This news is Content Editor Bharat Thapa