ਨਾਰੀ ਜਾਤੀ ’ਤੇ ਹੋ ਰਹੇ ਗੈਰ-ਮਨੁੱਖੀ ਅੱਤਿਆਚਾਰ ਆਖਿਰ ਕਦੋਂ ਰੁਕਣਗੇ?

01/17/2023 1:28:24 AM

ਭਾਰਤ ’ਚ ਸਦੀਆਂ ਤੋਂ ਪ੍ਰਚਲਿਤ ਹੈ ਕਿ ‘ਯਤਰ ਨਾਰਯਸਤੂ ਪੂਜਯੰਤੇ ਰਮੰਤੇ ਤੰਤਰ ਦੇਵਤਾ’ ਭਾਵ ‘ਜਿਥੇ ਨਾਰੀਆਂ ਦੀ ਪੂਜਾ ਹੁੰਦੀ ਹੈ, ਉਥੇ ਦੇਵਤਾ ਨਿਵਾਸ ਕਰਦੇ ਹਨ’ ਪਰ ਅੱਜ ਅਜਿਹਾ ਲੱਗਦਾ ਹੈ ਕਿ ਭਾਰਤ ਵਾਸੀ ਇਸ ਸਿੱਖਿਆ ਨੂੰ ਭੁਲਾ ਚੁੱਕੇ ਹਨ ਅਤੇ ਆਪਣੇ ਸਮੂਹ ਉੱਚ ਸੰਸਕਾਰਾਂ ਵੱਲ ਅੱਖਾਂ ਬੰਦ ਕਰ ਕੇ ਨਾਰੀ ਜਾਤੀ ’ਤੇ ਗੈਰ-ਮਨੁੱਖੀ ਅੱਤਿਆਚਾਰ ਕਰ ਰਹੇ ਹਨ, ਜੋ ਇਸ ਮਹੀਨੇ ਦੀਆਂ ਹੇਠ ਲਿਖੀਆਂ ਉਦਾਹਰਣਾਂ ਤੋਂ ਸਪੱਸ਼ਟ ਹੈ :

* 4 ਜਨਵਰੀ ਤਿਰੂਪੁਰ (ਕੋਇੰਬਟੂਰ) ਜ਼ਿਲੇ ਦੇ ‘ਪਾਲੀਆਦਾਮ’ ਪਿੰਡ ’ਚ ਇਕ ਨੌਜਵਾਨ ਨੇ ਆਪਣੀ ਪ੍ਰੇਮਿਕਾ ਨੂੰ ਸਾੜ ਕੇ ਮਾਰ ਸੁੱਟਿਆ।

* 5 ਜਨਵਰੀ ਨੂੰ ਸਿੱਲੀਗੁੜ੍ਹੀ (ਪੱਛਮੀ ਬੰਗਾਲ) ’ਚ ਇਕ ਵਿਅਕਤੀ ਵਿਰੁੱਧ ਆਪਣੀ ਪਤਨੀ ਦੀ ਹੱਤਿਆ ਕਰਨ ਪਿੱਛੋਂ ਉਸ ਦੇ ਦੋ ਟੁੱਕੜੇ ਕਰ ਕੇ ਨਹਿਰ ’ਚ ਰੋੜ੍ਹ ਦੇਣ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ।

* 5 ਜਨਵਰੀ ਨੂੰ ਹੀ ਬਾਂਦਾ (ਉੱਤਰ ਪ੍ਰਦੇਸ਼) ਦੇ ‘ਮਵਈ ਬਜ਼ੁਰਗ’ ਵਿਚ ਇਕ ਡੰਪਰ ਚਾਲਕ ਇਕ ਸਕੂਟੀ ਸਵਾਰ ਔਰਤ ਨੂੰ ਟੱਕਰ ਮਾਰ ਕੇ ਤਿੰਨ ਕਿਲੋਮੀਟਰ ਤੱਕ ਘਸੀਟਦਾ ਲੈ ਗਿਆ ਅਤੇ ਸਕੂਟੀ ਨੂੰ ਅੱਗ ਲੱਗ ਜਾਣ ਕਾਰਨ ਔਰਤ ਝੁਲਸ ਕੇ ਮਰ ਗਈ।

* 5 ਜਨਵਰੀ ਨੂੰ ਹੀ ਰੋਹਿਨੀ (ਦਿੱਲੀ) ਵਿਖੇ ਇਕ ਸ਼ਰਮਨਾਕ ਘਟਨਾ ’ਚ ਡੀ. ਟੀ. ਸੀ. ਦੀ ਬੱਸ ’ਚ ਇਕ ਵਿਅਕਤੀ ਨੇ ਇਕ ਕੁੜੀ ਦੇ ਸਾਹਮਣੇ ਗੰਦੀ ਹਰਕਤ ਕਰ ਦਿੱਤੀ।

* 6 ਜਨਵਰੀ ਨੂੰ ਆਗਰਾ (ਉੱਤਰ ਪ੍ਰਦੇਸ਼) ਵਿਖੇ ਨਾਰਾਜ਼ ਪ੍ਰੇਮੀ ਨੇ ਇਕ ਮੁਟਿਆਰ ’ਤੇ ਹਮਲਾ ਕਰ ਕੇ ਨਾ ਸਿਰਫ ਉਸ ਨਾਲ ਛੇੜਛਾੜ ਕੀਤੀ, ਸਗੋਂ ਉਸ ਦੇ ਚਿਹਰੇ ’ਤੇ ਟਾਇਲਟ ਕਲੀਨਰ ਸੁੱਟ ਦਿੱਤਾ।

* 6 ਜਨਵਰੀ ਨੂੰ ਹੀ ਅੰਮ੍ਰਿਤਸਰ ਵਿਖੇ ਇਕ ਨੌਜਵਾਨ ਨੇ ਆਪਣੀ ਵਿਆਹੁਤਾ ਮਹਿਲਾ ਮਿੱਤਰ ਨਾਲ ਝਗੜਾ ਹੋਣ ਪਿੱਛੋਂ ਉਸ ਦੇ ਗੁਪਤ ਅੰਗ ’ਚ ਸੱਟ ਮਾਰ ਕੇ ਉਸ ਦੀ ਜਾਨ ਲੈ ਲਈ।

* 8 ਜਨਵਰੀ ਨੂੰ ਦੱਖਣੀ ਮੁੰਬਈ ਦੇ ਇਕ ਸਰਕਾਰੀ ਸਕੂਲ ’ਚ 15 ਸਾਲ ਦੇ ਨਾਬਾਲਗ ਨੇ 5 ਸਾਲ ਦੀ ਇਕ ਬੱਚੀ ਨਾਲ ਜਬਰ-ਜ਼ਨਾਹ ਕਰ ਦਿੱਤਾ।

* 8 ਜਨਵਰੀ ਨੂੰ ਹੀ ਫਗਵਾੜਾ (ਪੰਜਾਬ) ਦੇ ਪਿੰਡ ਲਖਪੁਰ ਵਿਖੇ ਦਿਲ ਹਿਲਾ ਦੇਣ ਵਾਲੀ ਘਟਨਾ ’ਚ ਘਰੇਲੂ ਵਿਵਾਦ ਕਾਰਨ ਇਕ ਔਰਤ ਨੇ ਆਪਣੀ 5 ਮਹੀਨਿਆਂ ਦੀ ਬੱਚੀ ਨੂੰ ਪਾਣੀ ਦੇ ਟੱਬ ’ਚ ਡੁਬੋ ਕੇ ਮਾਰ ਦਿੱਤਾ।

* 10 ਜਨਵਰੀ ਨੂੰ ਰਾਜਕੋਟ (ਗੁਜਰਾਤ) ਵਿਖੇ ਇਕ ਵਿਅਕਤੀ ਨੇ ਆਪਣੀ ਢਾਈ ਸਾਲ ਦੀ ਬੇਟੀ ਦੇ ਰੋਣ ਕਾਰਨ ਗੁੱਸੇ ’ਚ ਆ ਕੇ ਕੰਧ ਨਾਲ ਉਸ ਦਾ ਸਿਰ ਮਾਰਨ ਪਿਛੋਂ ਗਲਾ ਘੁੱਟ ਕੇ ਉਸ ਦੀ ਜਾਨ ਲੈ ਲਈ ਅਤੇ ਬਾਅਦ ’ਚ ਉਸ ਦੀ ਲਾਸ਼ ਝਾੜੀਆਂ ’ਚ ਸੁੱਟ ਦਿੱਤੀ।

* 11 ਜਨਵਰੀ ਨੂੰ ਬਲੀਆ (ਉੱਤਰ ਪ੍ਰਦੇਸ਼) ਵਿਖੇ ਇਕ ਅਵਾਰਾ ਕੁੱਤੇ ਦੇ ਭੌਂਕਣ ਦੀ ਸ਼ਿਕਾਇਤ ਕਰਨ ’ਤੇ ਦੋ ਗੁਆਂਢੀਆਂ ਦਰਮਿਆਨ ਹੋਏ ਝਗੜੇ ’ਚ ਇਕ ਪਰਿਵਾਰ ਵਾਲਿਆਂ ਨੇ ਗੁਆਂਢੀ ਪਰਿਵਾਰ ਦੀ ਔਰਤ ਦੀ ਲਾਠੀਆਂ ਮਾਰ ਕੇ ਜਾਨ ਲੈ ਲਈ।

* 11 ਜਨਵਰੀ ਨੂੰ ਹੀ ਨਾਸਿਕ (ਮਹਾਰਾਸ਼ਟਰ) ਵਿਖੇ 22 ਸਾਲ ਦੇ ਇਕ ਨੌਜਵਾਨ ਨੂੰ 60 ਸਾਲ ਦੀ ਇਕ ਅੰਗਹੀਣ ਔਰਤ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ।

* 11 ਜਨਵਰੀ ਨੂੰ ਗਾਜ਼ੀਅਬਾਦ (ਉੱਤਰ ਪ੍ਰਦੇਸ਼) ਵਿਖੇ 11 ਸਾਲ ਦੀ ਬੱਚੀ ਨਾਲ 28 ਸਾਲ ਦੇ ਨੌਜਵਾਨ ਨੇ ਜਬਰ-ਜ਼ਨਾਹ ਕੀਤਾ।

* 12 ਜਨਵਰੀ ਨੂੰ ਸ੍ਰੀ ਮਾਛੀਵਾੜਾ ਸਾਹਿਬ (ਪੰਜਾਬ) ਨੇੜੇ ਪਿੰਡ ਸਿਕੰਦਰਪੁਰ ਵਿਖੇ ਇਕ ਵਿਅਕਤੀ ਨੇ ਆਪਣੀ ਦਰਾਣੀ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ।

* 14 ਜਨਵਰੀ ਨੂੰ ਪੀਲੀਭੀਤ (ਉੱਤਰ ਪ੍ਰਦੇਸ਼) ਵਿਖੇ ਘਰੇਲੂ ਵਿਵਾਦ ਕਾਰਨ ਗੁੱਸੇ ’ਚ ਆਇਆ ਇਕ ਨੌਜਵਾਨ ਆਪਣੀ ਗਰਭਵਤੀ ਪਤਨੀ ਨੂੰ ਮੋਟਰਸਾਈਕਲ ਨਾਲ ਬੰਨ੍ਹ ਕੇ 200 ਮੀਟਰ ਤੱਕ ਘੜੀਸਦਾ ਲੈ ਗਿਆ, ਜਿਸ ਕਾਰਨ ਉਹ ਗੰਭੀਰ ਰੂਪ ’ਚ ਜ਼ਖਮੀ ਹੋ ਗਈ।

* 14 ਜਨਵਰੀ ਨੂੰ ਸ਼ਹਡੋਲ (ਮੱਧ ਪ੍ਰਦੇਸ਼) ਵਿਖੇ ਰਿਸ਼ਤੇਦਾਰੀ ’ਚ ਆਈ 90 ਸਾਲ ਦੀ ਬਜ਼ੁਰਗ ਔਰਤ ਨੂੰ ਲਿਫਟ ਦੇਣ ਦੇ ਬਹਾਨੇ ਜੰਗਲ ’ਚ ਲਿਜਾ ਕੇ ਉਸ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ਹੇਠ ਪੁਲਸ ਨੇ ਅਗਿਆਤ ਮੁਲਜ਼ਮ ਵਿਰੁੱਧ ਮਾਮਲਾ ਦਰਜ ਕੀਤਾ।

* 15 ਜਨਵਰੀ ਨੂੰ ਬਾਂਦਾ (ਉੱਤਰ ਪ੍ਰਦੇਸ਼) ਵਿਖੇ ਸਹੁਰੇ ਘਰ ਜਾ ਰਹੀ ਇਕ ਔਰਤ ਨਾਲ ਤਿੰਨ ਵਿਅਕਤੀ ਜਬਰ-ਜ਼ਨਾਹ ਕਰਨ ਪਿੱਛੋਂ ਹੈਵਾਨੀਅਤ ਦੀਆਂ ਸਭ ਹੱਦਾਂ ਪਾਰ ਕਰਦੇ ਹੋਏ ਉਸ ਦੇ ਗੁਪਤ ਅੰਗ ’ਚ ਬੋਤਲ ਪਾ ਕੇ ਦੌੜ ਗਏ।

ਬਜ਼ੁਰਗ ਤੋਂ ਲੈ ਕੇ ਬੱਚੀਆਂ ਤਕ ਉੱਪਰ ਇਸ ਤਰ੍ਹਾਂ ਦੇ ਅੱਤਿਆਚਾਰਾਂ ਤੋਂ ਸਪੱਸ਼ਟ ਹੈ ਕਿ ਲੋਕ ਕਿਸ ਕਦਰ ਆਪਣੇ ਪੁਰਾਤਨ ਉੱਚ ਨੈਤਿਕ ਆਦਰਸ਼ਾਂ ਅਤੇ ਸੰਸਕਾਰਾਂ ਨੂੰ ਛੱਡ ਰਹੇ ਹਨ। ਅਜਿਹੀ ਹਾਲਤ ’ਚ ਅਸੀਂ ਤਾਂ ਇਹ ਕਾਮਨਾ ਹੀ ਕਰ ਸਕਦੇ ਹਾਂ ਕਿ ਕਾਸ਼ ਕੋਈ ਮਹਾਨ ਆਤਮਾ ਆਏ ਅਤੇ ਬੁੱਧੀ ਭ੍ਰਿਸ਼ਟ ਹੋਏ ਲੋਕਾਂ ਨੂੰ ਸਦਬੁੱਧੀ ਦੇਵੇ।

–ਵਿਜੇ ਕੁਮਾਰ

Anmol Tagra

This news is Content Editor Anmol Tagra