ਕੈਮੀਕਲ ਨਸ਼ਿਆਂ ਦੀ ਵਰਤੋਂ ਨਾਲ ਜਾਨ ਗੁਆ ਰਹੇ ਭਾਰਤੀ ਨੌਜਵਾਨ

12/01/2021 3:31:18 AM

ਕੁਝ ਸਾਲ ਪਹਿਲਾਂ ਇਕ ਸਰਵੇਖਣ ’ਚ ਦੱਸਿਆ ਗਿਆ ਸੀ ਕਿ ਦੇਸ਼ ’ਚ 9 ਤੋਂ 12 ਸਾਲ ਦੀ ਛੋਟੀ ਉਮਰ ਦੇ ਬੱਚੇ ਵੀ ਨਸ਼ੇ ਦੇ ਸ਼ਿਕਾਰ ਹੁੰਦੇ ਜਾ ਰਹੇ ਹਨ ਤੇ ਇਸ ਦੇ ਲਈ ਉਹ ਵੱਖ-ਵੱਖ ਗੋਲੀਆਂ, ਇੰਜੈਕਸ਼ਨ, ਕਫ ਸਿਰਪ ਆਦਿ ਵਰਤਣ ਲੱਗੇ ਹਨ।

ਨਸ਼ੇੜੀ ਤਲਬ ਪੂਰੀ ਕਰਨ ਦੇ ਲਈ ਚਮੜਾ, ਰਬੜ, ਰੈਕਸਿਨ, ਲੱਕੜੀ ਅਤੇ ਕੱਚ ਆਦਿ ਜੋੜਨ ’ਚ ਵਰਤੇ ਜਾਣ ਵਾਲੇ ਜ਼ਹਿਰੀਲੇ ਲਿਕੁਇਡ, ਥਿਨਰ, ਪੰਕਚਰ ਲਗਾਉਣ ਵਾਲਾ ਸੋਲਿਊਸ਼ਨ ਅਤੇ ਵ੍ਹਾਈਟਨਰ ਤੱਕ ਪੀਣ ਲੱਗੇ ਹਨ।

ਨਸ਼ੇੜੀ ਟਿਊਬ ਨਾਲ ਤਰਲ ਨੂੰ ਪਲਾਸਟਿਕ ਦੀ ਪੰਨੀ ’ਤੇ ਨਿਚੋੜ ਕੇ ਉਸ ਨੂੰ ਨੱਕ ਦੇ ਨੇੜੇ ਲਿਜਾ ਕੇ ਸੁੰਘਦੇ ਹਨ ਅਤੇ ਨਸ਼ਾ ਟੁੱਟਣ ’ਤੇ ਫਿਰ ਇਹੀ ਪ੍ਰਕਿਰਿਆ ਦੁਹਰਾਉਂਦੇ ਹਨ। ਕੁਝ ਮਾਮਲਿਆਂ ’ਚ ਨਸ਼ੇੜੀਆਂ ਨੂੰ ਨਸ਼ੇ ਦੇ ਲਈ ਪੈਟਰੋਲ ਤੱਕ ਸੁੰਘਦੇ ਪਾਇਆ ਗਿਆ।

* 21 ਮਾਰਚ ਨੂੰ ਬਿਹਾਰ ਦੇ ਦੇਵਘਰ ’ਚ ਇਕ ਨੌਜਵਾਨ ਦੀ ਆਪਣੀ ਬਾਈਕ ਦੀ ਟੈਂਕੀ ’ਚ ਨੱਕ ਲਗਾ ਕੇ ਪੈਟਰੋਲ ਸੁੰਘਣ ਨਾਲ ਮੌਤ ਹੋ ਗਈ।

* 20 ਨਵੰਬਰ ਨੂੰ ਬਠਿੰਡਾ ’ਚ ਟਾਇਰਾਂ ’ਤੇ ਪੰਕਚਰ ਲਗਾਉਣ ’ਚ ਵਰਤੇ ਜਾਣ ਵਾਲੇ ਸੋਲਿਊਸ਼ਨ ਨੂੰ ਸੁੰਘਣ ਨਾਲ 14 ਸਾਲਾ ਇਕ ਬੱਚੇ ਦੀ ਮੌਤ ਹੋ ਗਈ। ਦੱਸਿਆ ਜਾਂਦਾ ਹੈ ਕਿ ਇਸ ਤਰ੍ਹਾਂ ਨਸ਼ਾ ਕਰਨ ਦੇ ਆਦੀ ਲੋਕ ਟਾਇਰ ਜਾਂ ਰਬੜ ਦੇ ਸੋਲਿਊਸ਼ਨ ਨੂੰ ਇਕ ਕੱਪੜੇ ’ਤੇ ਮਲਦੇ ਹਨ ਅਤੇ ਦਿਨ ਭਰ ਸੁੰਘਦੇ ਰਹਿੰਦੇ ਹਨ।

* 26 ਨਵੰਬਰ ਨੂੰ ਸਮਾਣਾ ਦੀ ਦਰਦੀ ਕਾਲੋਨੀ ’ਚ ਨਸ਼ੇ ਦੀ ਓਵਰਡੋਜ਼ ਨਾਲ ਇਕ 25 ਸਾਲਾ ਨੌਜਵਾਨ ਦੀ ਜਾਨ ਚਲੀ ਗਈ।

ਡਾਕਟਰਾਂ ਦੇ ਅਨੁਸਾਰ ਕੈਮੀਕਲਾਂ ’ਤੇ ਆਧਾਰਿਤ ਅਤੇ ਹੋਰ ਕਿਸਮ ਦੇ ਨਸ਼ੇ ਸਰੀਰ ਦੀ ਸਾਹ ਪ੍ਰਣਾਲੀ ’ਤੇ ਬੇਹੱਦ ਖਤਰਨਾਕ ਅਸਰ ਪਾਉਂਦੇ ਹਨ ਜੋ ਕਈ ਮਾਮਲਿਆਂ ’ਚ ਜਾਨਲੇਵਾ ਸਿੱਧ ਹੁੰਦਾ ਹੈ। ਇਕ ਸਿਹਤ ਵਰਕਰ ਡਾ. ਵਿਤੁਲ ਕੇ. ਗੁਪਤਾ ਦੇ ਅਨੁਸਾਰ ਵਾਸ਼ਪਸ਼ੀਲ ਪਦਾਰਥਾਂ ਦੇ ਕਾਰਨ ਸਰੀਰ ’ਚ ਜ਼ਹਿਰ ਉਦੋਂ ਫੈਲਦਾ ਹੈ ਜਦੋਂ ਨਸ਼ੇ ਦੇ ਲਈ ਇਨ੍ਹਾਂ ਨੂੰ ਸੁੰਘਿਆ ਜਾਂਦਾ ਹੈ।

ਟਾਇਰ ਮੁਰੰਮਤ ਕਰਨ ਵਾਲੇ ਲਿਕੁਇਡ ’ਚ ‘ਟੋਲੁਇਨ’ ਅਤੇ ‘ਜਾਇਲੀਨ’ ਵਰਗੇ ਰਸਾਇਣ ਹੁੰਦੇ ਹਨ। ਇਨ੍ਹਾਂ ਚੀਜ਼ਾਂ ਨਾਲ ਮੌਤ ਦੇ ਕਾਰਨਾਂ ’ਚ ‘ਏਨੋਕਸੀਆ’ (ਦਿਮਾਗ ਜਾਂ ਸਰੀਰ ’ਚ ਆਕਸੀਜਨ ਇਕਦਮ ਖਤਮ ਹੋਣਾ), ‘ਬਰੈਡੀਕਾਰਡੀਆ’ (ਦਿਲ ਦੀ ਧੜਕਣ ਬਹੁਤ ਜ਼ਿਆਦਾ ਮੱਠੀ ਹੋਣਾ) ਅਤੇ ਦਿਲ ਦਾ ਦੌਰਾ, ਸਾਹ ਰੁਕ ਜਾਣਾ ਆਦਿ ਸ਼ਾਮਲ ਹਨ।

ਸਮਾਜ ਵਿਰੋਧੀ ਤੱਤ ਸਾਡੇ ਬੱਚਿਆਂ ਅਤੇ ਨੌਜਵਾਨਾਂ ਨੂੰ ਨਸ਼ੀਲੇ ਪਦਾਰਥਾਂ ਦਾ ਆਦੀ ਬਣਾ ਕੇ ਨਾ ਸਿਰਫ ਸਿਹਤ ਦੇ ਨਜ਼ਰੀਏ ਤੋਂ ਉਨ੍ਹਾਂ ਨੂੰ ਖੋਖਲਾ ਕਰ ਰਹੇ ਹਨ ਸਗੋਂ ਆਰਥਿਕ ਸੰਕਟ ’ਚ ਉਲਝਾ ਕੇ ਅਪਰਾਧਾਂ ਵੱਲ ਵੀ ਧੱਕ ਰਹੇ ਹਨ। ਲਿਹਾਜ਼ਾ ਅਜਿਹੇ ਲੋਕਾਂ ਲਈ ਸਖਤ ਤੋਂ ਸਖਤ ਸਜ਼ਾ ਦੀ ਵਿਵਸਥਾ ਕਰਨੀ ਅਤੇ ਨਸ਼ਿਆਂ ਦੀ ਸਪਲਾਈ ਦੇ ਸਰੋਤਾਂ ਨੂੰ ਰੋਕਣਾ ਸਮੇਂ ਦੀ ਮੰਗ ਹੈ।

-ਵਿਜੇ ਕੁਮਾਰ

Bharat Thapa

This news is Content Editor Bharat Thapa