ਮੋਦੀ ਦੀ ਯਾਤਰਾ ਨਾਲ ਭਾਰਤ-ਅਮਰੀਕਾ ਸੰਬੰਧ ਹੋਏ ਹੋਰ ਮਜ਼ਬੂਤ

06/28/2017 7:38:03 AM

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 26 ਮਈ 2014 ਨੂੰ ਆਪਣਾ ਅਹੁਦਾ ਸੰਭਾਲਣ ਦੇ ਨਾਲ ਹੀ ਦੇਸ਼ ਦੀ ਵਿਦੇਸ਼ ਨੀਤੀ ਨੂੰ ਮਜ਼ਬੂਤ ਕਰਨ ਦੀ ਮੁਹਿੰਮ ਦੇ ਤਹਿਤ ਦੁਨੀਆ ਦੇ ਪ੍ਰਮੁੱਖ ਦੇਸ਼ਾਂ ਦੀਆਂ ਤੂਫਾਨੀ ਯਾਤਰਾਵਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਸੀ। 
ਇਸੇ ਲੜੀ ਵਿਚ ਉਹ 24 ਜੂਨ 2017 ਨੂੰ ਪੁਰਤਗਾਲ, ਅਮਰੀਕਾ ਅਤੇ ਨੀਦਰਲੈਂਡਜ਼ ਦੀ ਯਾਤਰਾ 'ਤੇ ਰਵਾਨਾ ਹੋਏ। ਇਸ ਦੌਰਾਨ ਪੁਰਤਗਾਲ ਨਾਲ 11 ਅਹਿਮ ਸਮਝੌਤਿਆਂ 'ਤੇ ਦਸਤਖਤ ਕਰਨ ਤੋਂ ਬਾਅਦ ਆਪਣੀ ਯਾਤਰਾ ਦੇ ਦੂਜੇ ਪੜਾਅ ਵਿਚ ਸ਼੍ਰੀ ਮੋਦੀ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕੀਤੀ। 
ਸਾਰੀ ਦੁਨੀਆ ਜਾਣਦੀ ਸੀ ਕਿ ਦੋਹਾਂ ਨੇਤਾਵਾਂ ਵਿਚਾਲੇ ਗੱਲਬਾਤ ਦਾ ਕੀ ਸਿੱਟਾ ਨਿਕਲੇਗਾ। ਇਨ੍ਹਾਂ ਅਟਕਲਾਂ 'ਤੇ 26 ਜੂਨ ਨੂੰ ਉਦੋਂ ਰੋਕ ਲੱਗ ਗਈ, ਜਦੋਂ ਵਾਸ਼ਿੰਗਟਨ ਵਿਚ ਦੋਵੇਂ ਨੇਤਾ ਇਕ-ਦੂਜੇ ਨਾਲ ਖੁੱਲ੍ਹ ਕੇ ਤੇ ਖੁੱਲ੍ਹੇ ਦਿਲ ਨਾਲ ਮਿਲੇ। 
ਅਮਰੀਕਾ ਦਾ ਰਾਸ਼ਟਰਪਤੀ ਬਣਨ ਤੋਂ ਬਾਅਦ ਡੋਨਾਲਡ ਟਰੰਪ, ਜਿਸ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ, ਉਹ ਸੀ ਨਰਿੰਦਰ ਮੋਦੀ ਨਾਲ ਉਨ੍ਹਾਂ ਦੀ ਮੁਲਾਕਾਤ। 
ਡੋਨਾਲਡ ਟਰੰਪ ਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਨੇ ਵ੍ਹਾਈਟ ਹਾਊਸ ਦੇ ਪੋਰਟਿਕੋ 'ਚ ਬਹੁਤ ਗਰਮਜੋਸ਼ੀ ਨਾਲ ਮੋਦੀ ਦਾ ਸਵਾਗਤ ਕੀਤਾ। ਡੋਨਾਲਡ ਟਰੰਪ ਆਮ ਤੌਰ 'ਤੇ ਕਿਸੇ ਨਾਲ ਵੀ ਹੱਥ ਨਹੀਂ ਮਿਲਾਉਂਦੇ ਪਰ ਉਨ੍ਹਾਂ ਨੇ ਨਰਿੰਦਰ ਮੋਦੀ ਵੱਲ ਜਦੋਂ ਹੱਥ ਵਧਾਇਆ ਤਾਂ ਮੋਦੀ ਨੇ ਵੀ ਅੱਗੇ ਵਧ ਕੇ ਟਰੰਪ ਨੂੰ ਗਲੇ ਲਾ ਲਿਆ।
ਨਰਿੰਦਰ ਮੋਦੀ ਦੀ ਅਮਰੀਕੀ ਵਿਦੇਸ਼ ਮੰਤਰੀ ਰੈਕਸ ਟਿਲਰਸਨ ਨਾਲ ਮੁਲਾਕਾਤ ਤੋਂ ਬਾਅਦ ਅਮਰੀਕੀ ਵਿਦੇਸ਼ ਮੰਤਰਾਲੇ ਨੇ ਪਾਕਿਸਤਾਨ ਨੂੰ ਝਟਕਾ ਦਿੰਦਿਆਂ ਹਿਜ਼ਬੁਲ ਮੁਜਾਹਿਦੀਨ ਦੇ ਸਰਗਣੇ ਸਈਦ ਸਲਾਹੂਦੀਨ ਨੂੰ ਕੌਮਾਂਤਰੀ ਅੱਤਵਾਦੀ ਕਰਾਰ ਦੇ ਕੇ ਅੱਤਵਾਦ ਦੇ ਮੁੱਦੇ 'ਤੇ ਭਾਰਤ ਦੇ ਨਾਲ ਹੋਣ ਦਾ ਸੰਕੇਤ ਦੇ ਦਿੱਤਾ। 
ਕੁਝ ਹੀ ਸਮੇਂ ਬਾਅਦ ਟਰੰਪ ਤੇ ਮੋਦੀ ਦਰਮਿਆਨ ਰੱਖਿਆ, ਅੱਤਵਾਦ ਤੇ ਅਫਗਾਨਿਸਤਾਨ ਨੂੰ ਲੈ ਕੇ 4 ਘੰਟੇ ਚੱਲੀ ਗੱਲਬਾਤ ਤੋਂ ਇਲਾਵਾ 40 ਮਿੰਟਾਂ ਤਕ ਸਿੱਧੀ ਗੱਲਬਾਤ ਵੀ ਹੋਈ, ਜਿਸ ਪਿੱਛੋਂ ਜਾਰੀ ਸਾਂਝੇ ਬਿਆਨ ਵਿਚ :
* ਡੋਨਾਲਡ ਟਰੰਪ ਨੇ ਭਾਰਤ ਨੂੰ ਅਮਰੀਕਾ ਦਾ ਸੱਚਾ ਦੋਸਤ ਤੇ ਮੋਦੀ ਨੂੰ ਇਕ ਮਹਾਨ ਵਿਅਕਤੀ ਦੱਸਿਆ ਤੇ ਉਨ੍ਹਾਂ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ, ''ਭਾਰਤ ਅਤੇ ਅਮਰੀਕਾ ਹਮੇਸ਼ਾ ਬਹੁਤ ਚੰਗੇ ਦੋਸਤ ਰਹਿਣਗੇ। ਮੇਰੇ ਮਨ ਵਿਚ ਭਾਰਤ ਦੇ ਲੋਕਾਂ ਪ੍ਰਤੀ ਸੱਚੀ ਸ਼ਰਧਾ ਹੈ। ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਨੇਤਾ ਦਾ ਸਵਾਗਤ ਕਰਨਾ ਸਾਡੇ ਲਈ ਬਹੁਤ ਸਨਮਾਨ ਵਾਲੀ ਗੱਲ ਹੈ।''
* ਦੋਹਾਂ ਨੇਤਾਵਾਂ ਨੇ ਅੱਤਵਾਦ ਲਈ ਪਾਕਿਸਤਾਨ ਦੀ ਜ਼ਮੀਨ ਦੀ ਵਰਤੋਂ ਬੰਦ ਕਰਨ ਦੀ ਗੱਲ ਕਹੀ ਅਤੇ ਪਾਕਿਸਤਾਨ ਵਲੋਂ ਅੱਤਵਾਦ ਨੂੰ ਪਨਾਹ ਦੇਣ ਦਾ ਮੁੱਦਾ ਵੀ ਉਠਾਇਆ। ਅਮਰੀਕੀ ਰਾਸ਼ਟਰਪਤੀ ਨੇ ਜ਼ੋਰ ਦੇ ਕੇ ਦੋਹਾਂ ਦੇਸ਼ਾਂ ਵਲੋਂ ਇਸਲਾਮਿਕ ਅੱਤਵਾਦ ਦਾ ਖਾਤਮਾ ਕਰਨ ਦਾ ਸੰਕਲਪ ਪ੍ਰਗਟਾਇਆ ਤੇ ਇਸ ਦੇ ਲਈ ਸੂਚਨਾ ਦੇ ਆਦਾਨ-ਪ੍ਰਦਾਨ 'ਤੇ ਸਹਿਮਤੀ ਪ੍ਰਗਟਾਈ। 
* ਡੋਨਾਲਡ ਟਰੰਪ ਨੇ ਕਿਹਾ ਕਿ ਅਸੀਂ ਸੋਸ਼ਲ ਮੀਡੀਆ ਦੇ ਵਰਲਡ ਲੀਡਰ ਹਾਂ, ਅਸੀਂ ਦੋਵੇਂ ਲੋਕਾਂ ਨਾਲ ਸਿੱਧੇ ਸੰਵਾਦ ਰਚਾਉਂਦੇ ਹਾਂ। 
* ਡੋਨਾਲਡ ਟਰੰਪ ਨੇ ਇਹ ਵੀ ਕਿਹਾ ਕਿ ਭਾਰਤ ਦੀ ਅਰਥ ਵਿਵਸਥਾ ਦੁਨੀਆ ਵਿਚ ਸਭ ਤੋਂ ਜ਼ਿਆਦਾ ਤੇਜ਼ੀ ਨਾਲ ਵਧਦੀ ਹੋਈ ਅਰਥ ਵਿਵਸਥਾ ਹੈ। ਉਨ੍ਹਾਂ ਨੇ ਆਸ ਪ੍ਰਗਟਾਈ ਕਿ ਛੇਤੀ ਹੀ ਉਹ ਅਮਰੀਕਾ ਦੀ ਅਰਥ ਵਿਵਸਥਾ ਦੀ ਬਰਾਬਰੀ ਕਰ ਲਵੇਗੀ।
* ਉਨ੍ਹਾਂ ਨੇ ਜੀ. ਐੱਸ. ਟੀ. ਲਾਗੂ ਕਰਨ ਲਈ ਮੋਦੀ ਨੂੰ ਵਧਾਈ ਵੀ ਦਿੱਤੀ। 
* ਉਨ੍ਹਾਂ ਇਹ ਵੀ ਕਿਹਾ ਕਿ ਸਾਡੀ ਇਸ ਗੱਲਬਾਤ ਨਾਲ ਦੋਹਾਂ ਦੇਸ਼ਾਂ ਵਿਚਾਲੇ ਸੰਬੰਧ ਬਹੁਤ ਮਜ਼ਬੂਤ ਹੋਣਗੇ ਤੇ ਹਿੰਦ ਮਹਾਸਾਗਰ ਵਿਚ ਭਾਰਤ, ਜਾਪਾਨ ਤੇ ਅਮਰੀਕਾ ਮਿਲ ਕੇ ਜੰਗੀ ਅਭਿਆਸ ਕਰਨਗੇ, ਜੋ ਹੁਣ ਤਕ ਦਾ ਸਭ ਤੋਂ ਵੱਡਾ ਜੰਗੀ ਅਭਿਆਸ ਹੋਵੇਗਾ। 
* ਇਸ ਮੌਕੇ ਨਰਿੰਦਰ ਮੋਦੀ ਨੇ ਇਸ ਸਵਾਗਤ ਲਈ ਡੋਨਾਲਡ ਟਰੰਪ ਤੇ ਪਹਿਲੀ ਮਹਿਲਾ ਮੇਲਾਨੀਆ ਟਰੰਪ ਦਾ ਧੰਨਵਾਦ ਪ੍ਰਗਟਾਉਂਦਿਆਂ ਇਸ ਨੂੰ 125 ਕਰੋੜ ਭਾਰਤੀਆਂ ਦਾ ਸਨਮਾਨ ਦੱਸਿਆ ਅਤੇ ਟਰੰਪ ਨੂੰ ਭਾਰਤ ਆਉਣ ਦਾ ਸੱਦਾ ਦਿੰਦਿਆਂ ਕਿਹਾ, ''ਮੈਂ ਉਨ੍ਹਾਂ ਦੀ ਉਡੀਕ ਕਰ ਰਿਹਾ ਹਾਂ।''
* ਨਰਿੰਦਰ ਮੋਦੀ ਨੇ ਕਿਹਾ ਕਿ ਆਪਣੇ ਸਮਾਜ ਤੇ ਦੁਨੀਆ ਨੂੰ ਅੱਤਵਾਦ, ਕੱਟੜਪੰਥੀ ਵਿਚਾਰਧਾਰਾਵਾਂ ਅਤੇ ਗੈਰ-ਰਵਾਇਤੀ ਸੁਰੱਖਿਆ ਖਤਰਿਆਂ ਤੋਂ ਮੁਕਤ ਕਰਨ ਦੇ ਖੇਤਰ ਵਿਚ ਭਾਰਤ ਤੇ ਅਮਰੀਕਾ ਦੋਹਾਂ ਦੇਸ਼ਾਂ ਦੇ ਹਿੱਤ ਸਾਂਝੇ ਹਨ। 
* ਉਨ੍ਹਾਂ ਨੇ ਆਉਣ ਵਾਲੇ ਸਾਲਾਂ ਵਿਚ ਅਮਰੀਕਾ ਤੋਂ ਭਾਰਤੀ ਕੰਪਨੀਆਂ ਵਲੋਂ 40 ਅਰਬ ਡਾਲਰ ਤੋਂ ਜ਼ਿਆਦਾ ਦੀ ਊਰਜਾ ਖਰੀਦਣ ਤੇ 200 ਤੋਂ ਜ਼ਿਆਦਾ ਅਮਰੀਕੀ ਜਹਾਜ਼ ਭਾਰਤ ਦੇ ਪ੍ਰਾਈਵੇਟ ਖੇਤਰ ਦੇ ਹਵਾਬਾਜ਼ੀ ਬੇੜੇ 'ਚ ਸ਼ਾਮਿਲ ਕਰਨ ਦੀ ਗੱਲ ਵੀ ਕਹੀ। 
* ਉਨ੍ਹਾਂ ਇਹ ਵੀ ਕਿਹਾ ਕਿ ਦੋਹਾਂ ਦੇਸ਼ਾਂ ਦੇ ਵਪਾਰਕ ਸੰਬੰਧ 115 ਅਰਬ ਡਾਲਰ ਸਾਲਾਨਾ ਤਕ ਪਹੁੰਚ ਚੁੱਕੇ ਹਨ ਤੇ ਇਸ 'ਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ।
ਕੁਲ ਮਿਲਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਸ ਤਰ੍ਹਾਂ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਤਾਲਮੇਲ ਕਾਇਮ ਕੀਤਾ ਸੀ, ਉਸੇ ਤਰ੍ਹਾਂ ਦਾ ਤਾਲਮੇਲ ਉਹ ਓਬਾਮਾ ਦੇ ਕੱਟੜ ਵਿਰੋਧੀ ਡੋਨਾਲਡ ਟਰੰਪ ਨਾਲ ਕਾਇਮ ਕਰਨ ਵਿਚ ਸਫਲ ਰਹੇ ਹਨ, ਜੋ ਛੋਟੀਆਂ-ਮੋਟੀਆਂ ਗੱਲਾਂ ਨੂੰ ਅਣਡਿੱਠ ਕਰਦਿਆਂ ਉਨ੍ਹਾਂ ਦੀ ਵੱਡੀ ਕੂਟਨੀਤਕ ਸਫਲਤਾ ਹੈ। ਯਕੀਨੀ ਤੌਰ 'ਤੇ ਨਰਿੰਦਰ ਮੋਦੀ ਦੀ ਇਸ ਅਮਰੀਕਾ ਯਾਤਰਾ ਨੇ ਭਾਰਤ-ਅਮਰੀਕਾ ਸੰਬੰਧਾਂ ਵਿਚ ਮਜ਼ਬੂਤੀ ਦੀ ਨਵੀਂ ਇਬਾਰਤ ਲਿਖੀ ਹੈ।                   
—ਵਿਜੇ ਕੁਮਾਰ

Vijay Kumar Chopra

This news is Chief Editor Vijay Kumar Chopra