ਪਾਕਿ ਦੇ ਲਈ ਜਾਸੂਸੀ ਤੇ ਸਮੱਗਲਿੰਗ ਕਰਨ ਵਾਲੀਆਂ ਭਾਰਤ ਦੀਆਂ ‘ਕਾਲੀਆਂ ਭੇਡਾਂ’

12/21/2022 1:56:46 AM

ਹੋਂਦ ਵਿਚ ਆਉਣ ਦੇ ਸਮੇਂ ਤੋਂ ਹੀ ਪਾਕਿਸਤਾਨ ਦੇ ਹਾਕਮਾਂ ਵੱਲੋਂ ਭਾਰਤ ਵਿਚ ਜਾਅਲੀ ਕਰੰਸੀ, ਨਸ਼ੀਲੇ ਪਦਾਰਥਾਂ, ਹਥਿਆਰਾਂ ਦੀ ਸਮੱਗਲਿੰਗ, ਅੱਤਵਾਦੀਆਂ ਦੀ ਘੁਸਪੈਠ ਆਦਿ ਦਾ ਸਿਲਸਿਲਾ ਲਗਾਤਾਰ ਜਾਰੀ ਹੈ।

ਇਸ ਦੇ ਨਾਲ ਹੀ ਪਾਕਿਸਤਾਨ ਦੀ ਫੌਜ ਅਤੇ ਖੁਫੀਆ ਏਜੰਸੀ ਆਈ. ਐੱਸ. ਆਈ. ਲਾਲਚ ਦੇ ਕੇ ਭਾਰਤੀਆਂ ਕੋਲੋਂ ਆਪਣੇ ਦੇਸ਼ ਲਈ ਜਾਸੂਸੀ ਵੀ ਕਰਵਾ ਰਹੀ ਹੈ :

* 14 ਦਸੰਬਰ ਨੂੰ ਸੂਰਤ ਵਿਚ ਆਈ. ਐੱਸ. ਆਈ. ਦੇ ਲਈ ਕਥਿਤ ਤੌਰ ’ਤੇ ਜਾਸੂਸੀ ਕਰਨ ਦੇ ਦੋਸ਼ ਵਿਚ ‘ਦੀਪਕ ਕਿਸ਼ੋਰ ਭਾਈ ਸਾਲੁੰਖੇ’ ਨਾਂ ਦੇ ਇਕ ਦੁਕਾਨਦਾਰ ਨੂੰ ਗ੍ਰਿਫਤਾਰ ਕੀਤਾ ਗਿਆ। ਇਹ ਵਿਅਕਤੀ ਪਾਕਿਸਤਾਨ ਸਥਿਤ ਆਪਣੇ ਦੋ ਆਕਿਆਂ ‘ਹਾਮਿਦ’ ਅਤੇ ‘ਕਾਸ਼ਿਫ’ ਦੇ ਸੰਪਰਕ ਵਿਚ ਸੀ ਅਤੇ ਉਨ੍ਹਾਂ ਨੂੰ ਸੰਵੇਦਨਸ਼ੀਲ ਸੂਚਨਾਵਾਂ ਦਿੰਦਾ ਸੀ।

* 15 ਦਸੰਬਰ ਨੂੰ ਆਈ. ਐੱਸ. ਆਈ. ਦੇ ਲਈ ਜਾਸੂਸੀ ਕਰਨ ਦੇ ਦੋਸ਼ ’ਚ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐੱਸ. ਐੱਸ. ਓ. ਸੀ.) ਚੰਡੀਗੜ੍ਹ ਨੇ ‘ਤਪਿੰਦਰ ਸਿੰਘ’ ਨਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ। ਉਹ ਦੇਸ਼ ਦੇ ਪ੍ਰਮੁੱਖ ਸੰਸਥਾਨਾਂ, ਟਿਕਾਣਿਆਂ, ਸੰਵੇਦਨਸ਼ੀਲ ਸਰਕਾਰੀ ਇਮਾਰਤਾਂ ਦੇ ਨਕਸ਼ੇ ਅਤੇ ਤਸਵੀਰਾਂ ਆਈ. ਐੱਸ. ਆਈ. ਨੂੰ ਭੇਜ ਰਿਹਾ ਸੀ।

ਦੋਸ਼ੀ ਦੇ ਅਨੁਸਾਰ ਉਸ ਦੇ ਪਾਕਿਸਤਾਨੀ ਆਕਿਆਂ ਨੇ ਉਸ ਨੂੰ ਰਾਜਸਥਾਨ ਸਰਹੱਦ ਦੇ ਆਰਮੀ ਕੈਂਪ ’ਚ ਆਪਣਾ ਕੋਈ ਸੋਰਸ ਪੈਦਾ ਕਰਨ ਲਈ ਕਿਹਾ ਸੀ ਤਾਂ ਕਿ ਸਰਹੱਦ ਦੇ ਰਸਤੇ ਨਸ਼ੇ ਅਤੇ ਹਥਿਆਰਾਂ ਦੀ ਸਮੱਗਲਿੰਗ ਕਰਨ ਵਿਚ ਮਦਦ ਮਿਲ ਸਕੇ।

* 18 ਦਸੰਬਰ ਨੂੰ ਧਨ ਦੇ ਲਾਲਚ ਵਿਚ ਇਕ ਔਰਤ ਆਈ. ਐੱਸ. ਆਈ. ਏਜੰਟ ਦੇ ਲਈ ਜਾਸੂਸੀ ਕਰਨ ਵਾਲੇ ਰੱਖਿਆ ਮੰਤਰਾਲਾ ਦੇ ਅਵਾਡੀ (ਚੇਨਈ) ਸਥਿਤ ‘ਭਾਰੀ ਵਾਹਨ ਨਿਰਮਾਣ ਫੈਕਟਰੀ’ ਵਿਚ ਕਲਰਕ ਦੇ ਅਹੁਦੇ ’ਤੇ ਕੰਮ ਕਰ ਚੁੱਕੇ ‘ਰਵੀ ਚੌਰਸੀਆ’ ਨਾਂ ਦੇ ਵਿਅਕਤੀ ਨੂੰ ਬਿਹਾਰ ਦੇ ਮੁਜ਼ੱਫਰਪੁਰ ਤੋਂ ਗ੍ਰਿਫਤਾਰ ਕੀਤਾ ਗਿਆ।

ਉਹ ਰੱਖਿਆ ਮੰਤਰਾਲਾ ਬਾਰੇ ਗੁਪਤ ਜਾਣਕਾਰੀ ਉਕਤ ਔਰਤ ਨੂੰ ਦਿੰਦਾ ਸੀ। ਉਸ ਨੂੰ ਮਿਲਣ ਉਹ ਅਕਸਰ ਨੇਪਾਲ ਵੀ ਜਾਂਦਾ ਰਹਿੰਦਾ ਸੀ। ਪੁਲਸ ਨੂੰ ਦੋਸ਼ੀ ਦੇ ਮੋਬਾਇਲ ’ਚੋਂ ਭਾਰਤੀ ਫੌਜ ਦੇ ਟੈਂਕ ਅਤੇ ਤੋਪਾਂ ਦੀਆਂ ਤਸਵੀਰਾਂ ਵੀ ਮਿਲੀਆਂ ਹਨ।

ਇੱਥੇ ਹੀ ਬਸ ਨਹੀਂ, ਹੁਣ ਤਾਂ ਆਈ. ਐੱਸ. ਆਈ. ਨੇ ਜੰਮੂ-ਕਸ਼ਮੀਰ ’ਚ ਨਸ਼ੇ ਦੀ ਸਮੱਗਲਿੰਗ ਕਰਨ ਲਈ ਸਥਾਨਕ ਲੜਕੀਆਂ ਦੀ ਵਰਤੋਂ ਵੀ ਸ਼ੁਰੂ ਕਰ ਦਿੱਤੀ ਹੈ :

* 14 ਦਸੰਬਰ ਨੂੰ ਜੰਮੂ-ਕਸ਼ਮੀਰ ’ਚ ਕੰਟਰੋਲ ਰੇਖਾ (ਐੱਲ. ਓ. ਸੀ.) ਦੇ ਨੇੜੇ ਪੁੰਛ ਜ਼ਿਲੇ ਦੇ ਮੇਂਢਰ ਸੈਕਟਰ ’ਚ ਐੱਲ. ਓ. ਸੀ. ’ਤੇ ਕੰਡਿਆਲੀ ਤਾਰ ਵਾੜ ਤੋਂ ਪਹਿਲਾਂ ਸਥਿਤ ਇਕ ਪਿੰਡ ਦੀ ਰਹਿਣ ਵਾਲੀ ਦਸਵੀਂ ਜਮਾਤ ਦੀ ਵਿਦਿਆਰਥਣ ਨੂੰ 400 ਗ੍ਰਾਮ ਹੈਰੋਇਨ ਦੇ ਨਾਲ ਗ੍ਰਿਫਤਾਰ ਕਰਕੇ ਸੁਰੱਖਿਆ ਏਜੰਸੀਆਂ ਨੇ ਆਈ. ਐੱਸ. ਆਈ. ਵੱਲੋਂ ਸੰਚਾਲਿਤ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਕਰਨ ਵਾਲੇ ਗਿਰੋਹ ਦਾ ਭਾਂਡਾ ਭੰਨਿਆ।

ਸੁਰੱਖਿਆ ਏਜੰਸੀਆਂ ਨੇ ‘ਆਸ਼ਿਕ’ ਨਾਂ ਦੇ ਇਕ ਪਾਕਿਸਤਾਨੀ ਹੈਂਡਲਰ ਦੀ ਪਛਾਣ ਕੀਤੀ ਹੈ ਜੋ ਉਸ ਨੂੰ ਕਥਿਤ ਤੌਰ ’ਤੇ ਨਸ਼ੀਲੇ ਪਦਾਰਥ ਸੌਂਪਦਾ ਸੀ ਜੋ ਐੱਲ. ਓ. ਸੀ. ਦੇ ਨੇੜੇ-ਤੇੜੇ ਦੇ ਪਿੰਡਾਂ ਦੇ ਸਕੂਲੀ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਸਪਲਾਈ ਕੀਤੇ ਜਾਂਦੇ ਸਨ।

* 16 ਦਸੰਬਰ ਨੂੰ ਪੁੰਛ ਜ਼ਿਲੇ ਦੀ ਮੇਂਢਰ ਤਹਿਸੀਲ ’ਚ ਇਕ ਹੋਰ ਲੜਕੀ ਨੂੰ ਹੈਰੋਇਨ ਦੇ ਨਾਲ ਗ੍ਰਿਫਤਾਰ ਕਰਕੇ ਉਸ ਕੋਲੋਂ 490 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।

ਵਰਣਨਯੋਗ ਹੈ ਕਿ ਭਾਰਤ ਸ਼ੁਰੂ ਤੋਂ ਹੀ ਪਾਕਿਸਤਾਨ ’ਤੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਕਰਾਉਣ ਦੇ ਦੋਸ਼ ਲਗਾਉਂਦਾ ਰਿਹਾ ਹੈ। ਜਦੋਂ 28 ਮਾਰਚ, 2010 ਨੂੰ ਵਾਹਗਾ ਵਿਚ ਬੀ. ਐੱਸ. ਐੱਫ. ਦੇ ਐਡੀਸ਼ਨਲ ਡੀ. ਆਈ. ਜੀ. ਸ਼੍ਰੀ ਪੀ. ਪੀ. ਐੱਸ. ਸਿੱਧੂ ਨੇ ਪਾਕਿ ਰੇਂਜਰਸ ਦੇ ਮਹਾਨਿਰਦੇਸ਼ਕ ਬ੍ਰਿਗੇਡੀਅਰ ਮੁਹੰਮਦ ਯਾਕੂਬ ਕੋਲ ਇਹ ਮਾਮਲਾ ਉਠਾਇਆ ਤਾਂ ਯਾਕੂਬ ਨੇ ਸਾਫ ਸ਼ਬਦਾਂ ’ਚ ਸਾਡੇ ਮੂੰਹ ’ਤੇ ਥੱਪੜ ਜੜਦੇ ਹੋਏ ਕਿਹਾ ਸੀ ਕਿ :

‘‘ਭਾਰਤ ਵੱਲੋਂ ਸਰਹੱਦ ’ਤੇ ਕੰਡੇਦਾਰ ਤਾਰ ਵਾੜ ਹੈ। ਸਮੱਗਲਰਾਂ ’ਤੇ ਨਜ਼ਰ ਰੱਖਣ ਦੇ ਲਈ ਫਲੱਡ ਲਾਈਟਸ ਲੱਗੀਆਂ ਹਨ। ਭਾਰਤੀ ਸਰਹੱਦ ’ਤੇ ਚੌਕਸੀ ਅਤੇ ਗਸ਼ਤ ਦੀ ਵਿਵਸਥਾ ਹੈ। ਇਸ ਦੇ ਬਾਵਜੂਦ ਜੇਕਰ ਸਰਹੱਦ ’ਤੇ ਸਮੱਗਲਿੰਗ ਹੁੰਦੀ ਹੈ ਤਾਂ ਭਾਰਤੀ ਅਧਿਕਾਰੀਆਂ ਨੂੰ ਹੀ ਸੋਚਣ ਦੀ ਲੋੜ ਹੈ।’’

ਪਾਕਿ ਰੇਂਜਰਸ ਦੇ ਮਹਾਨਿਰਦੇਸ਼ਕ ਬ੍ਰਿਗੇਡੀਅਰ ਮੁਹੰਮਦ ਯਾਕੂਬ ਦੇ ਉਕਤ ‘ਥੱਪੜ’ ਤੋਂ ਸਪੱਸ਼ਟ ਹੈ ਕਿ ਸਾਡੇ ਦੇਸ਼ ਦੇ ਅੰਦਰ ਹੀ ਅਜਿਹੀਆਂ ਕਾਲੀਆਂ ਭੇਡਾਂ ਮੌਜੂਦ ਹਨ ਜੋ ਭਾਰਤ ਦਾ ਅੰਨ ਖਾ ਕੇ ਉਸ ਨੂੰ ਹੀ ਬਰਬਾਦ ਕਰਨ ’ਤੇ ਤੁਲੀਆਂ ਹੋਈਆਂ ਹਨ।

ਇਸ ਲਈ ਸਾਡੀ ਸਰਕਾਰ ਨੂੰ ਪਾਕਿਸਤਾਨ ’ਤੇ ਦੋਸ਼ ਲਗਾਉਣ ਦੀ ਬਜਾਏ ਆਪਣੇ ਹੀ ਦੇਸ਼ ਵਿਚ ਬੈਠੇ ਉਨ੍ਹਾਂ ਦੇਸ਼ਧ੍ਰੋਹੀਆਂ ਨੂੰ ਫੜਨਾ ਚਾਹੀਦਾ ਹੈ, ਜੋ ਪਾਕਿਸਤਾਨ ਦੇ ਇਸ਼ਾਰੇ ’ਤੇ ਭਾਰਤ ਵਿਰੋਧੀ ਸਰਗਰਮੀਆਂ ’ਚ ਸ਼ਾਮਲ ਹੋ ਕੇ ਆਪਣੇ ਹੀ ਦੇਸ਼ ਨੂੰ ਭਾਰੀ ਹਾਨੀ ਪਹੁੰਚਾ ਕੇ ਜਿਥੇ ਦੇਸ਼ ਦੀ ਸੁਰੱਖਿਆ ਨੂੰ ਖਤਰੇ ’ਚ ਪਾ ਰਹੇ ਹਨ, ਉਥੇ ਹੀ ਨਸ਼ਿਆਂ ਦੇ ਦੁਆਰਾ ਦੇਸ਼ ਦੀ ਨੌਜਵਾਨ ਪੀੜ੍ਹੀ ਦੀ ਸਿਹਤ ਵੀ ਨਸ਼ਟ ਕਰ ਰਹੇ ਹਨ।

-ਵਿਜੇ ਕੁਮਾਰ

Mukesh

This news is Content Editor Mukesh