ਭਾਰਤ ਦੀ ‘ਪਵਿੱਤਰ ਧਰਤੀ’ ਬਣ ਗਈ ‘ਜਬਰ-ਜ਼ਨਾਹੀਆਂ ਦੀ ਧਰਤੀ’

10/03/2020 2:30:19 AM

ਇਕ ਰਿਪੋਰਟ ਦੇ ਅਨੁਸਾਰ ਦੇਸ਼ ’ਚ ਔਰਤਾਂ ਅਤੇ ਬੱਚਿਆਂ ਦੇ ਵਿਰੁੱਧ ਅਪਰਾਧਾਂ ’ਚ 2019 ’ਚ 7.3 ਫੀਸਦੀ ਅਤੇ 4.5 ਫੀਸਦੀ ਦਾ ਵਾਧਾ ਹੋਇਆ ਹੈ ਅਤੇ ਇਸੇ ਕਾਰਨ 1 ਅਕਤੂਬਰ ਨੂੰ ਹੀ ਮਦਰਾਸ ਹਾਈਕੋਰਟ ਨੇ ਇਕ ਮਾਮਲੇ ਦੀ ਸੁਣਵਾਈ ਕਰਦੇ ਹੋਏ ਇਹ ਤਲਖ ਟਿੱਪਣੀ ਕੀਤੀ ਹੈ ਕਿ, ‘‘ਭਾਰਤ ਦੀ ਪਵਿੱਤਰ ਧਰਤੀ ਹੁਣ ‘ਜਬਰ-ਜ਼ਨਾਹੀਆਂ ਦੀ ਧਰਤੀ’ ਵਿਚ ਬਦਲ ਗਈ ਹੈ ਜਿਥੇ ਹਰ 15 ਮਿੰਟ ਬਾਅਦ ਜਬਰ-ਜ਼ਨਾਹ ਹੁੰਦਾ ਹੈ।’’ ਇਸੇ ਤਰ੍ਹਾਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜ ਜਸਟਿਸ ਸੰਜੇ ਕੁਮਾਰ ਨੇ 1 ਅਕਤੂਬਰ ਨੂੰ ਜਬਰ-ਜ਼ਨਾਹ ਦੇ ਇਕ ਮਾਮਲੇ ’ਚ ਸੁਣਵਾਈ ਕਰਦੇ ਹੋਏ ਟਿੱਪਣੀ ਕੀਤੀ ਹੈ ਕਿ ‘‘ਦੇਸ਼ ’ਚ ਨਾਬਾਲਿਗਾਂ ਦੇ ਵਿਰੁੱਧ ਜੁਰਮ ਲਗਾਤਾਰ ਵਧ ਰਹੇ ਹਨ ਜਿਨ੍ਹਾਂ ’ਤੇ ਕਿਸੇ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾ ਸਕਦਾ।’’

ਇਨ੍ਹੀਂ ਦਿਨੀਂ ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲੇ ਦੇ ‘ਚੰਦਪਾ’ ਥਾਣੇ ਦੇ ਇਕ ਪਿੰਡ ’ਚ 14 ਸਤੰਬਰ ਨੂੰ 19 ਸਾਲਾ ਦਲਿਤ ਮੁਟਿਆਰ ਨਾਲ ਚਾਰ ਨੌਜਵਾਨਾਂ ਵਲੋਂ ਸਮੂਹਿਕ ਜਬਰ-ਜ਼ਨਾਹ ਅਤੇ ਤਸ਼ੱਦਦ ਕਾਰਨ 29 ਸਤੰਬਰ ਨੂੰ ਦਿੱਲੀ ਦੇ ਇਕ ਹਸਪਤਾਲ ’ਚ ਮੌਤ ਤੋਂ ਬਾਅਦ ਦੇਸ਼ ’ਚ ਬਵਾਲ ਮਚਿਆ ਹੋਇਆ ਹੈ। ਦੋਸ਼ ਹੈ ਕਿ 29 ਸਤੰਬਰ ਦੀ ਰਾਤ ਨੂੰ ਪੀੜਤਾ ਦੇ ਪਰਿਵਾਰ ਨੂੰ ਘਰ ’ਚ ਤਾਲਾ ਲਗਾ ਕੇ ਬੰਦ ਕਰਨ ਦੇ ਬਾਅਦ ਹੀ ਦੇਰ ਰਾਤ ਢਾਈ ਵਜੇ ਪੁਲਸ ਵਲੋਂ ਪੀੜਤਾ ਦਾ ਜਬਰੀ ਅੰਤਿਮ ਸੰਸਕਾਰ ਕਰਵਾਇਆ ਗਿਆ ਜਦਕਿ ਯੂ. ਪੀ. ਦੇ ਏ. ਡੀ. ਜੀ. ਕਾਨੂੰਨ ਵਿਵਸਥਾ ਪ੍ਰਸ਼ਾਂਤ ਕੁਮਾਰ ਦੇ ਅਨੁਸਾਰ ਮ੍ਰਿਤਕਾ ਦੀ ਲਾਸ਼ ਖਰਾਬ ਹੁੰਦੀ ਜਾਣ ਦੇ ਕਾਰਨ ਘਰਵਾਲਿਅਾਂ ਦੀ ਸਹਿਮਤੀ ਨਾਲ ਰਾਤ ਨੂੰ ਹੀ ਅੰਤਿਮ ਸੰਸਕਾਰ ਕੀਤਾ ਗਿਆ।

ਜਿਥੇ ਉੱਤਰ ਪ੍ਰਦੇਸ਼ ਪੁਲਸ ਨੇ ਮ੍ਰਿਤਕਾ ਨਾਲ ਜਬਰ-ਜ਼ਨਾਹ ਦਾ ਖੰਡਨ ਕੀਤਾ ਹੈ, ਉਥੇ 5 ਵਿਗਿਆਨੀਅਾਂ ਦੀ ਟੀਮ ਵਲੋਂ ਕੀਤੇ ਗਏ ਪ੍ਰੀਖਣਾਂ ’ਚ ਮ੍ਰਿਤਕਾ ਦੇ ਕੱਪੜੇ ਅਤੇ ਸਲਾਈਡ ’ਤੇ ਵੀਰਜ ਦੇ ਧੱਬੇ ਨਾ ਮਿਲਣ ਨਾਲ ਜਬਰ-ਜ਼ਨਾਹ ਨਾ ਹੋਣ ਦੀ ਗੱਲ ਕਹੀ ਗਈ ਹੈ। ਪੀੜਤ ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਜ਼ਿਲਾ ਪ੍ਰਸ਼ਾਸਨ ਉਨ੍ਹਾਂ ’ਤੇ ਆਪਣੇ ਬਿਆਨ ਵਾਰ-ਵਾਰ ਬਦਲਣ ਨੂੰ ਲੈ ਕੇ ਦਬਾਅ ਪਾ ਰਿਹਾ ਹੈ। ਇਸ ਦਰਮਿਆਨ ਹਾਥਰਸ ਤੋਂ ਇਕ ਕਥਿਤ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ’ਚ ਹਾਥਰਸ ਦਾ ਡੀ. ਐੱਮ. ਪ੍ਰਵੀਨ ਕੁਮਾਰ ਪੀੜਤਾ ਦੇ ਪਰਿਵਾਰ ਨੂੰ ਇਕ ਤਰ੍ਹਾਂ ਨਾਲ ਧਮਕਾਉਂਦੇ ਹੋਏ ਕਹਿ ਰਿਹਾ ਹੈ ਕਿ :

‘‘ਮੀਡੀਆ ਵਾਲੇ ਤਾਂ ਚਲੇ ਜਾਣਗੇ ਪਰ ਪੁਲਸ ਇਥੇ ਰਹੇਗੀ। ਅੱਜ ਅਜੇ ਅੱਧੇ ਚਲੇ ਗਏ। ਕੱਲ ਸਵੇਰ ਤੱਕ ਅੱਧੇ ਹੋਰ ਨਿਕਲ ਜਾਣਗੇ ਅਤੇ... ਅਸੀਂ ਹੀ ਬਸ ਖੜ੍ਹੇ ਹਾਂ ਤੁਹਾਡੇ ਨਾਲ, ਠੀਕ ਹੈ। ਹੁਣ ਤੁਹਾਡੀ ਇੱਛਾ ਹੈ।’’ ਜਿਥੇ ਕਾਂਗਰਸ ਤੇ ਹੋਰ ਵਿਰੋਧੀ ਪਾਰਟੀਅਾਂ ਉੱਤਰ ਪ੍ਰਦੇਸ਼ ’ਚ ਔਰਤਾਂ ਦੇ ਵਿਰੁੱਧ ਜੁਰਮਾਂ ਨੂੰ ਲੈ ਕੇ ਰੋਸ ਵਿਖਾਵੇ ਕਰ ਰਹੀਅਾਂ ਹਨ, ਉਥੇ ਭਾਜਪਾ ਲੀਡਰਸ਼ਿਪ ਕਾਂਗਰਸ ਸ਼ਾਸਿਤ ਸੂਬੇ ਰਾਜਸਥਾਨ ’ਚ ਹਾਲ ਹੀ ਦੀਅਾਂ ਜਬਰ-ਜ਼ਨਾਹ ਦੀਅਾਂ ਘਟਨਾਵਾਂ ਦਾ ਵਰਣਨ ਕਰ ਰਹੀ ਹੈ। ਹਾਲਾਂਕਿ ਅਸਲੀਅਤ ਇਹ ਹੈ ਕਿ ਔਰਤਾਂ ਅਤੇ ਬੱਚਿਅਾਂ ਦੇ ਵਿਰੁੱਧ ਜ਼ੁਲਮ ਤਾਂ ਪੂਰੇ ਦੇਸ਼ ’ਚ ਹੀ ਹੋ ਰਹੇ ਹਨ। ਇਹ ਸਿਰਫ 4 ਦਿਨਾਂ ਦੀਅਾਂ ਹੇਠਲੀਅਾਂ ਘਟਨਾਵਾਂ ਤੋਂ ਸਪੱਸ਼ਟ ਹੈ :

* 29 ਸਤੰਬਰ ਨੂੰ ਉੱਤਰ ਪ੍ਰਦੇਸ਼ ਦੇ ਬਲਰਾਮਪੁਰ ’ਚ ਇਕ ਵਿਦਿਆਰਥਣ ਦੀ ਗੈਂਗਰੇਪ ਦੇ ਬਾਅਦ ਮੌਤ ਹੋ ਗਈ।

* 29 ਸਤੰਬਰ ਨੂੰ ਹੀ ਰਾਜਸਥਾਨ ਦੇ ਅਜਮੇਰ ’ਚ ਆਪਣੀ ਮਾਂ ਨੂੰ ਮਿਲਣ ਜਾ ਰਹੀ ਇਕ ਔਰਤ ਨਾਲ ਤਿੰਨ ਵਿਅਕਤੀਅਾਂ ਨੇ ਜਬਰ-ਜ਼ਨਾਹ ਕੀਤਾ।

* 29 ਸਤੰਬਰ ਨੂੰ ਹੀ ਹਰਿਆਣਾ ਦੇ ਹਿਸਾਰ ’ਚ ਗੁਆਂਢੀ ਨੌਜਵਾਨ ਨੇ ਡਰਾ-ਧਮਕਾ ਕੇ ਵਿਆਹੁਤਾ ਨਾਲ ਜਬਰ-ਜ਼ਨਾਹ ਕੀਤਾ।

* 30 ਸਤੰਬਰ ਨੂੰ ਰਾਜਸਥਾਨ ਦੇ ਸੀਕਰ ’ਚ 2 ਵਿਅਕਤੀਅਾਂ ਨੇ 8ਵੀਂ ਜਮਾਤ ਦੀ 14 ਸਾਲਾ ਵਿਦਿਆਰਥਣ ਨਾਲ ਜਬਰ-ਜ਼ਨਾਹ ਤੋਂ ਬਾਅਦ ਉਸ ਦਾ ਵੀਡੀਓ ਵਾਇਰਲ ਕੀਤਾ।

* 30 ਸਤੰਬਰ ਨੂੰ ਹੀ ਦਿੱਲੀ ’ਚ 16 ਸਾਲਾ ਨੌਜਵਾਨ ਨੇ ਇਕ 7 ਸਾਲਾ ਬੱਚੀ ਨਾਲ ਜਬਰ-ਜ਼ਨਾਹ ਕਰ ਦਿੱਤਾ।

* 30 ਸਤੰਬਰ ਨੂੰ ਫਰੀਦਾਬਾਦ ’ਚ 22 ਸਾਲਾ ਇਕ ਨੌਜਵਾਨ ਨੇ ਇਕ 8 ਸਾਲਾ ਬੱਚੀ ਨਾਲ ਜਬਰ-ਜ਼ਨਾਹ ਕੀਤਾ।

* 30 ਸਤੰਬਰ ਨੂੰ ਯੂ. ਪੀ. ਦੇ ਆਜ਼ਮਗੜ੍ਹ ’ਚ 30 ਸਾਲਾ ਵਿਅਕਤੀ ਨੇ ਆਪਣੀ ਗੁਆਂਢੀ ਬੱਚੀ (7) ਨਾਲ ਜਬਰ-ਜ਼ਨਾਹ ਕੀਤਾ ਜਿਸ ਦੀ ਜਾਨ ਬਚਾਉਣ ਲਈ ਸਰਜਰੀ ਕਰਨੀ ਪਈ।

* 01 ਅਕਤੂਬਰ ਨੂੰ ਉੱਤਰ ਪ੍ਰਦੇਸ਼ ਦੇ ਭਦੋਹੀ ’ਚ 14 ਸਾਲਾ ਇਕ ਲੜਕੀ ਦਾ ਸਿਰ ਦਰੜ ਕੇ ਹੱਤਿਆ ਕਰ ਦਿੱਤੀ ਗਈ। ਲੜਕੀ ਦੇ ਮਾਪਿਅਾਂ ਨੇ ਉਸ ਦੀ ਜਬਰ-ਜ਼ਨਾਹ ਤੋਂ ਬਾਅਦ ਹੱਤਿਆ ਕੀਤੇ ਜਾਣ ਦਾ ਖਦਸ਼ਾ ਪ੍ਰਗਟਾਇਆ ਹੈ।

* 01 ਅਕਤੂਬਰ ਨੂੰ ਹੀ ਮੱਧ ਪ੍ਰਦੇਸ਼ ਦੇ ਖਰਗੌਨ ਜ਼ਿਲੇ ’ਚ 3 ਅਣਪਛਾਤੇ ਵਿਅਕਤੀਅਾਂ ਨੇ 16 ਸਾਲਾ ਨਾਬਾਲਿਗ ਨਾਲ ਜਬਰ-ਜ਼ਨਾਹ ਕਰ ਦਿੱਤਾ।

* 01 ਅਕਤੂਬਰ ਨੂੰ ਪੰਜਾਬ ’ਚ ਨਕੋਦਰ ਦੀ ਪੁਲਸ ਨੇ ਇਕ ਨਾਬਾਲਿਗ ਦੇ ਅਗਵਾ ਅਤੇ ਉਸ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਇਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ।

* 01 ਅਕਤੂਬਰ ਨੂੰ ਮਦੂਰੈ ’ਚ 2 ਨਾਬਾਲਿਗ ਲੜਕੀਅਾਂ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ 2 ਵਿਅਕਤੀਅਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਇਸੇ ਦਰਮਿਆਨ ਉੱਤਰ ਪ੍ਰਦੇਸ਼ ਪ੍ਰਸ਼ਾਸਨ ਵਲੋਂ ਪੀੜਤ ਪਰਿਵਾਰ ਨੂੰ ਮਿਲਣ ਲਈ ਜਾਣ ਵਾਲਿਅਾਂ ਨੂੰ ਰੋਕਣ ਦੀਅਾਂ ਖਬਰਾਂ ਵੀ ਮਿਲ ਰਹੀਅਾਂ ਹਨ। ਰਾਹੁਲ ਗਾਂਧੀ ਨਾਲ ਬਦਸਲੂਕੀ ਅਤੇ ਉਨ੍ਹਾਂ ਦਾ ਕਾਲਰ ਫੜਨ ਦੇ ਬਾਅਦ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਡੈਰੇਕ ਓ. ਬ੍ਰਾਇਨ ਨੂੰ ਵੀ ਹਾਥਰਸ ਬਾਰਡਰ ’ਤੇ ਰੋਕ ਦਿੱਤਾ ਗਿਆ ਅਤੇ ਕੁਝ ਟੀ. ਵੀ. ਚੈਨਲ ਵਾਲਿਅਾਂ ਨਾਲ ਬਦਸਲੂਕੀ ਦੀਅਾਂ ਖਬਰਾਂ ਵੀ ਪ੍ਰਾਪਤ ਹੋਈਅਾਂ ਹਨ।

ਉੱਤਰ ਪ੍ਰਦੇਸ਼ ਅਤੇ ਦੇਸ਼ ’ਚ ਹੋ ਰਹੇ ਔਰਤਾਂ ਦੇ ਵਿਰੁੱਧ ਘਿਨੌਣੇ ਜੁਰਮਾਂ ਦੀ ਹਰ ਪਾਸੇ ਆਲੋਚਨਾ ਹੋ ਰਹੀ ਹੈ। ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਹੈ ਕਿ, ‘‘ਪੀੜਤਾ ਦੇ ਜਬਰੀ ਅੰਤਿਮ ਸੰਸਕਾਰ ਨੇ ਉਨ੍ਹਾਂ ਲੋਕਾਂ ਦੀ ਪੋਲ ਖੋਲ੍ਹ ਦਿੱਤੀ ਹੈ ਜੋ ਵੋਟਾਂ ਲਈ ਝੂਠੇ ਵਾਅਦੇ ਕਰਦੇ ਹਨ ਅਤੇ ਨਾਅਰਿਅਾਂ ਦੀ ਵਰਤੋਂ ਕਰਦੇ ਹਨ।’’

ਉਪਰੋਕਤ ਘਟਨਾਕ੍ਰਮ ਤੋਂ ਇਕ ਵਾਰ ਫਿਰ ਇਹ ਸਿੱਧ ਹੋ ਗਿਆ ਹੈ ਕਿ ਦੇਸ਼ ’ਚ ਔਰਤਾਂ ਦੇ ਵਿਰੁੱਧ ਹੋ ਰਹੇ ਜੁਰਮਾਂ ’ਤੇ ਸਾਰੀਅਾਂ ਪਾਰਟੀਅਾਂ ਵਲੋਂ ਆਪਸ ’ਚ ਮਿਲ-ਬੈਠ ਕੇ ਗੰਭੀਰ ਚਿੰਤਨ ਕਰਨ ਅਤੇ ਇਨ੍ਹਾਂ ਦਾ ਹੱਲ ਕੱਢਣ ਦਾ ਕੋਈ ਪ੍ਰਭਾਵਸ਼ਾਲੀ ਉਪਾਅ ਲੱਭਣ ਦੀ ਬਜਾਏ ਸਾਰੀਅਾਂ ਪਾਰਟੀਅਾਂ ਨੇ ਦੂਸਰਿਅਾਂ ਦੀ ਪੀੜਾ ਨੂੰ ਭੁਲਾ ਕੇ ਆਪਣੇ ਸਿਆਸੀ ਸਵਾਰਥਾਂ ਦੀਅਾਂ ਰੋਟੀਅਾਂ ਸੇਕਣੀਅਾਂ ਸ਼ੁਰੂ ਕਰ ਦਿੱਤੀਅਾਂ ਹਨ।

ਜਿਥੇ ਇਲਾਹਾਬਾਦ ਹਾਈਕੋਰਟ ਨੇ ਇਸ ਘਟਨਾ ਦਾ ਖੁਦ ਨੋਟਿਸ ਲੈਂਦੇ ਹੋਏ ਉੱਤਰ ਪ੍ਰਦੇਸ਼ ਸਰਕਾਰ ਦੇ ਚੋਟੀ ਦੇ ਅਧਿਕਾਰੀਅਾਂ ਅਤੇ ਐੱਸ. ਪੀ. ਨੂੰ ਨੋਟਿਸ ਜਾਰੀ ਕਰ ਕੇ ਇਸ ਘਟਨਾ ’ਤੇ ਜਵਾਬ ਮੰਗਿਆ ਹੈ, ਉਥੇ ਇਸ ਘਟਨਾ ਨੂੰ ਲੈ ਕੇ ਸੂਬਾ ਸਰਕਾਰ ਅਤੇ ਭਾਜਪਾ ਦੇ ਅਕਸ ਨੂੰ ਵੀ ਵੱਡਾ ਧੱਕਾ ਲੱਗਾ ਹੈ।

ਸੂਬੇ ਦੇ ਅਨੇਕ ਦਲਿਤ ਭਾਜਪਾ ਆਗੂਅਾਂ ਨੇ ਕਿਹਾ ਹੈ ਕਿ ਅਜਿਹੀਅਾਂ ਘਟਨਾਵਾਂ ਦੇ ਸਿਆਸੀ ਨਤੀਜੇ ਅਜਿਹੇ ਹੋਣਗੇ ਜੋ ਭਾਜਪਾ ਲੀਡਰਸ਼ਿਪ ਲਈ ਇਕ ਚਿਤਾਵਨੀ ਹੈ।

ਇਸੇ ਦਰਮਿਆਨ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਸੂਬੇ ’ਚ ਯੋਗੀ ਆਦਿੱਤਿਆਨਾਥ ਦੀ ਥਾਂ ’ਤੇ ਕਿਸੇ ਹੋਰ (ਸਮਰੱਥ) ਵਿਅਕਤੀ ਨੂੰ ਮੁੱਖ ਮੰਤਰੀ ਬਣਾਉਣ ਜਾਂ ਸੂਬੇ ’ਚ ਰਾਸ਼ਟਰਪਤੀ ਸ਼ਾਸਨ ਲਾਗੂ ਕਰਨ ਦੀ ਮੰਗ ਵੀ ਕੀਤੀ ਹੈ।

–ਵਿਜੇ ਕੁਮਾਰ

Bharat Thapa

This news is Content Editor Bharat Thapa