ਰੇਲ ਗੱਡੀਆਂ ''ਚ ਲਗਾਤਾਰ ਵਧ ਰਹੇ ਯੌਨ ਅਪਰਾਧ, ਲੁੱਟਮਾਰ ਅਤੇ ਗੁੰਡਾਗਰਦੀ

12/12/2017 6:54:51 AM

ਭਾਰਤੀ ਰੇਲਾਂ 'ਚ ਸਫਰ ਕਰਨਾ ਹੁਣ ਖਤਰੇ ਤੋਂ ਖਾਲੀ ਨਹੀਂ ਰਿਹਾ। ਸੁਰੱਖਿਆ ਬਲਾਂ ਦੀ ਮੌਜੂਦਗੀ ਦੇ ਬਾਵਜੂਦ ਇਨ੍ਹਾਂ ਵਿਚ ਵੱਡੀ ਗਿਣਤੀ 'ਚ ਲੁੱਟਮਾਰ, ਕਤਲ, ਡਕੈਤੀ ਅਤੇ ਬਲਾਤਕਾਰ ਦੇ ਮਾਮਲੇ ਸਾਹਮਣੇ ਆ ਰਹੇ ਹਨ, ਜਿਨ੍ਹਾਂ 'ਚ ਆਮ ਅਪਰਾਧੀਆਂ ਤੋਂ ਇਲਾਵਾ ਰੇਲਵੇ ਅਤੇ ਸੁਰੱਖਿਆ ਬਲਾਂ ਦੇ ਜਵਾਨਾਂ ਤਕ ਦੀ ਸ਼ਮੂਲੀਅਤ ਦਾ ਪਤਾ ਲੱਗਾ ਹੈ। 
ਸੰਨ 2016 ਲਈ ਕੌਮੀ ਅਪਰਾਧ ਰਿਕਾਰਡ ਬਿਊਰੋ ਦੀ ਇਕ ਰਿਪੋਰਟ ਮੁਤਾਬਿਕ ਭਾਰਤੀ ਰੇਲਾਂ ਵਿਚ ਪਿਛਲੇ 2 ਸਾਲਾਂ ਦੌਰਾਨ ਭਾਰਤੀ ਦੰਡਾਵਲੀ ਦੇ ਤਹਿਤ ਹੋਣ ਵਾਲੇ ਅਪਰਾਧਾਂ 'ਚ 34 ਫੀਸਦੀ ਵਾਧਾ ਹੋ ਗਿਆ ਹੈ, ਜਿਨ੍ਹਾਂ 'ਚ ਕਤਲ, ਬਲਾਤਕਾਰ, ਲੁੱਟਮਾਰ, ਅਗ਼ਵਾ ਤੇ ਡਕੈਤੀ ਦੇ ਮਾਮਲੇ ਸ਼ਾਮਿਲ ਹਨ। 
ਸਰਕਾਰੀ ਰੇਲਵੇ ਪੁਲਸ (ਜੀ. ਆਰ. ਪੀ.) ਨੇ 2016 ਵਿਚ ਅਜਿਹੇ 42388 ਮਾਮਲੇ ਦਰਜ ਕੀਤੇ ਸਨ, ਜਦਕਿ 2014 'ਚ ਇਨ੍ਹਾਂ ਦੀ ਗਿਣਤੀ 31609 ਅਤੇ 2015 ਵਿਚ 39239 ਸੀ। ਸੰਨ 2016 'ਚ ਸਭ ਤੋਂ ਜ਼ਿਆਦਾ 8293 ਮਾਮਲੇ ਯੂ. ਪੀ. 'ਚ ਦਰਜ ਕੀਤੇ ਗਏ। ਇਸ ਤੋਂ ਬਾਅਦ ਮਹਾਰਾਸ਼ਟਰ (7358), ਮੱਧ ਪ੍ਰਦੇਸ਼ (5082), ਦਿੱਲੀ (4306) ਅਤੇ ਬਿਹਾਰ (2287) ਦਾ ਸਥਾਨ ਰਿਹਾ। 
2016 'ਚ ਭਾਰਤੀ ਰੇਲਾਂ ਵਿਚ ਹੋਏ ਵੱਖ-ਵੱਖ ਅਪਰਾਧਾਂ ਦੇ 42388 ਮਾਮਲਿਆਂ 'ਚੋਂ ਸਭ ਤੋਂ ਜ਼ਿਆਦਾ 33682 ਮਾਮਲੇ ਚੋਰੀ ਦੇ ਸਨ, ਜਦਕਿ ਇਸ ਤੋਂ ਬਾਅਦ ਲੁੱਟਮਾਰ (1069), ਅਗ਼ਵਾ (280), ਕਤਲ (236), ਕਤਲ ਦੀ ਕੋਸ਼ਿਸ਼ (125), ਬਲਾਤਕਾਰ (79), ਡਕੈਤੀ (53) ਅਤੇ ਹਿੰਸਾ (112) ਦੇ ਮਾਮਲੇ ਸ਼ਾਮਿਲ ਹਨ। 
ਜ਼ਿਕਰਯੋਗ ਹੈ ਕਿ ਰੇਲ ਮੰਤਰਾਲੇ ਨੇ ਪਿਛਲੇ ਕੁਝ ਸਮੇਂ ਦੌਰਾਨ ਭਾਰਤੀ ਰੇਲਾਂ 'ਚ ਸੁਧਾਰ ਦੀ ਦਿਸ਼ਾ ਵਿਚ ਕੁਝ ਕਦਮ ਚੁੱਕੇ ਹਨ ਪਰ ਇਨ੍ਹਾਂ ਦੇ ਨਾਲ-ਨਾਲ ਮੁਸਾਫਿਰਾਂ ਦੀ ਸੁਰੱਖਿਆ ਲਈ ਸਮੁੱਚੇ ਕਦਮ ਚੁੱਕਣਾ ਸਭ ਤੋਂ ਵੱਧ ਜ਼ਰੂਰੀ ਹੈ। ਇਸ ਲਈ ਰੇਲ ਮੰਤਰੀ ਪਿਊਸ਼ ਗੋਇਲ ਇਸ ਸਬੰਧੀ ਤੁਰੰਤ ਕਦਮ ਚੁੱਕ ਕੇ ਮੁਸਾਫਿਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ।                                                   
—ਵਿਜੇ ਕੁਮਾਰ