ਜਬਰ-ਜ਼ਨਾਹ ਦੀਆਂ ਘਟਨਾਵਾਂ ਨਾਲ ਦੇਸ਼ ’ਚ ਹੋ ਰਹੀ ਭਾਰੀ ਬਦਨਾਮੀ

11/18/2021 3:32:24 AM

ਸਰਕਾਰ ਵਲੋਂ ਅਪਰਾਧਾਂ ਕਮੀ ਲਿਆਉਣ ਦੇ ਦਾਅਵਿਆਂ ਦੇ ਬਾਵਜੂਦ ਇਹ ਲਗਾਤਾਰ ਜਾਰੀ ਹਨ। ਅਪਰਾਧੀ ਇਸ ਕਦਰ ਬੇਖੌਫ ਹੋ ਚੁੱਕੇ ਹਨ ਕਿ ਹੁਣ ਤਾਂ ਬੱਚੀਆਂ ਅਤੇ ਬਜ਼ੁਰਗਾਂ ਤਕ ਸੁਰੱਖਿਅਤ ਨਹੀਂ ਹਨ। ਸਥਿਤੀ ਕਿੰਨੀ ਚਿੰਤਾਜਨਕ ਹੋ ਚੁੱਕੀ ਹੈ ਕਿ ਇਸੇ ਮਹੀਨੇ ਦੇ ਸਿਰਫ 7 ਦਿਨਾਂ ਦੀ ਹੇਠ ਲਿਖਿਆਂ ਘਟਨਾਵਾਂ ਤੋਂ ਸਪਸ਼ਟ ਹੈ :

* 9 ਨਵੰਬਰ ਨੂੰ ਠਾਣੇ ਜ਼ਿਲੇ ਦੇ ਇਕ ਪਿੰਡ ’ਚ ਨਾਬਾਲਿਗਾ ਨਾਲ ਜਬਰ-ਜ਼ਨਾਹ ਕਰਨ ਅਤੇ ਰੌਲਾ ਪਾਉਣ ’ਤੇ ਉਸਨੂੰ ਬੁਰੀ ਤਰ੍ਹਾਂ ਕੁੱਟਣ ਦੇ ਦੋਸ਼ ’ਚ ਇਕ ਨੌਜਵਾਨ ਨੂੰ ਫੜਿਆ ਗਿਆ।

* 12 ਨਵੰਬਰ ਨੂੰ ਸੂਰਤ ਦੀ ਇਕ ਅਦਾਲਤ ਨੇ ਬੱਚੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ੀ ਅਜੇ ਨਿਸ਼ਾਦ ਨੂੰ ਪੀੜਤਾ ਨੂੰ 15 ਲੱਖ ਰੁਪਏ ਮੁਆਵਜ਼ਾ ਦੇਣ ਦੇ ਹੁਕਮ ਦੇ ਇਲਾਵਾ ਜ਼ਿੰਦਾ ਰਹਿਣ ਤਕ ਜੇਲ ’ਚ ਰਹਿਣ ਦੀ ਸਜ਼ਾ ਸੁਣਾਈ।

* 12 ਨਵੰਬਰ ਨੂੰ ਉਜੈਨ ਦੇ ਇਕ ਪਿੰਡ ’ਚ ਮੁਟਿਆਰ ਨੂੰ 16 ਮਹੀਨਿਆਂ ਤਕ ਬੰਧਕ ਬਣਾ ਕੇ ਉਸ ਨਾਲ ਜਬਰ-ਜ਼ਨਾਹ ਕਰ ਕੇ ਗਰਭਵਤੀ ਕਰਨ ਦੇ ਦੋਸ਼ ’ਚ ਰਾਜਪਾਲ ਸਿੰਘ ਨਾਮਕ ਵਿਅਕਤੀ ਅਤੇ ਇਸ ਅਪਰਾਧ ’ਚ ਉਸਦਾ ਸਹਿਯੋਗ ਕਰਨ ਦੇ ਦੋਸ਼ ’ਚ ਉਸਦੀ ਪਤਨੀ ਨੂੰ ਗ੍ਰਿਫਤਾਰ ਕੀਤਾ ਗਿਆ।

* 12 ਨਵੰਬਰ ਨੂੰ ਹੀ ਹਨੂੰਮਾਨਗੜ੍ਹ ਦੀ ਇਕ ਅਦਾਲਤ ਨੇ ਇਕ ਵਿਅਕਤੀ ਨੰੂ ਨਾਬਾਲਿਗ ਨਾਲ ਜਬਰ-ਜ਼ਨਾਹ ਦੇ ਦੋਸ਼ ’ਚ 20 ਸਾਲ ਦੀ ਕੈਦ ਅਤੇ 1 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ।

* 12 ਨਵੰਬਰ ਵਾਲੇ ਦਿਨ ਹੀ ਮੁਕਤਸਰ ’ਚ ਇਕ ਵਿਅਕਤੀ ਦੇ ਵਿਰੱੁਧ ਆਪਣੀ 13 ਸਾਲਾ ਗੋਦ ਲਈ ਬੇਟੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਕੇਸ ਦਰਜ ਕੀਤਾ ਗਿਆ।

* 13 ਨਵੰਬਰ ਨੂੰ ਪੀਲੀਭੀਤ ਜ਼ਿਲੇ ਦੇ ਬਰਖੇੜਾ ਇਲਾਕੇ ’ਚ ਟਿਊਸ਼ਨ ਪੜ੍ਹਨ ਗਈ 16 ਸਾਲਾ ਵਿਦਿਆਰਥਣ ਦੀ ਸਮੂਹਿਕ ਜਬਰ-ਜ਼ਨਾਹ ਕਰਨ ਦੇ ਬਾਅਦ ਹੱਤਿਆ ਕਰ ਿਦੱਤੀ ਗਈ।

* 15 ਨਵੰਬਰ ਨੂੰ ਰਾਜਸਥਾਨ ਦੇ ਕੋਟਾ ਜ਼ਿਲੇ ਦੇ ਦਿਗੋਧ ਕਸਬੇ ’ਚ ਅਬਦਲ ਰਹੀਮ ਨਾਮਕ ਇਕ ਉਰਦੂ ਅਧਿਆਪਕ ਨੇ 6 ਸਾਲਾ ਬੱਚੀ ਨਾਲ ਜਬਰ-ਜ਼ਨਾਹ ਨਾਲ ਕਰ ਦਿੱਤਾ।

* 15 ਨਵੰਬਰ ਨੂੰ ਹੀ ਇੰਦੌਰ ਦੀ ਅਦਾਲਤ ਨੇ ਆਪਣੀ 2 ਸਾਲਾ ਬੇਟੀ ਨਾਲ ਜਬਰ-ਜ਼ਨਾਹ ਕਰਨ ਵਾਲੇ ਨਿਰਦਈ ਪਿਤਾ ਨੂੰ ਧੀ ਦੇ ਿਬਆਨ ਦੇ ਆਧਾਰ ’ਤੇ 20 ਸਾਲ ਕੈਦ ਦੀ ਸਜ਼ਾ ਸੁਣਾਈ। ਅਦਾਲਤ ’ਚ ਗਵਾਹੀ ਦਿੰਦੇ ਹੋਏ ਬੱਚੇ ਨੇ ਕਿਹਾ ਸੀ, ‘‘ਪਾਪਾ ਗੰਦੇ ਆਦਮੀ ਹਨ।’’

* 16 ਨਵੰਬਰ ਨੂੰ ਸ਼ਾਹਜਹਾਂਪੁਰ ’ਚ 14 ਸਾਲਾ ਇਕ ਲੜਕੀ ਨੂੰ ਇਕ ਡਾਕਟਰ ਅਤੇ ਉਸ ਦੇ ਸਾਥੀ ਨੇ ਆਪਣੇ ਕਲੀਨਿਕ ਦੇ ਅੰਦਰ ਖਿੱਚ ਕੇ ਉਸ ਨਾਲ ਜਬਰ-ਜ਼ਨਾਹ ਕਰ ਦਿੱਤਾ।

* 16 ਨਵੰਬਰ ਨੂੰ ਹੀ ਰਾਜਸਥਾਨ ਦੇ ਚੁਰੂ ਜ਼ਿਲੇ ਦੇ ਸੁਜਾਨਗੜ੍ਹ ’ਚ ਆਪਣੀ ਸਹੇਲੀ ਦੇ ਘਰ ਉਸ ਨੂੰ ਿਮਲਣ ਗਈ ਵਿਦਿਆਰਥਣ ਨਾਲ 2 ਨੌਜਵਾਨਾਂ ਨੇ ਜਬਰ-ਜ਼ਨਾਹ ਕਰ ਦਿੱਤਾ।

ਹੁਣ ਤਾਂ ਭਾਰਤ ’ਚ ਵਧ ਰਹੇ ਅਪਰਾਧਾਂ ਅਤੇ ਅੱਤਵਾਦ ਦਾ ਹਵਾਲਾ ਦਿੰਦੇ ਹੋਏ ਅਮਰੀਕੀ ਵਿਦੇਸ਼ ਮੰਤਰਾਲਾ ਨੇ ਭਾਰਤ ਜਾਣ ਵਾਲੇ ਆਪਣੇ ਨਾਗਰਿਕਾਂ ਨੂੰ ਸਾਵਧਾਨੀ ਵਰਤਣ ਲਈ ਕਹਿ ਦਿੱਤਾ ਹੈ।

ਮੰਤਰਾਲਾ ਨੇ 15 ਨਵੰਬਰ ਨੂੰ ਭਾਰਤੀ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਹੈ ਕਿ ‘‘ਜਬਰ-ਜ਼ਨਾਹ ਭਾਰਤ ’ਚ ਸਭ ਤੋਂ ਤੇਜ਼ੀ ਨਾਲ ਵਧਦੇ ਅਪਰਾਧਾਂ ’ਚੋਂ ਇਕ ਹੈ ਅਤੇ ਸੈਕਸ ਸ਼ੋਸ਼ਣ ਵਰਗੇ ਹਿੰਸਕ ਅਪਰਾਧ ਵੀ ਸੈਰ-ਸਪਾਟੇ ਵਾਲੀਆਂ ਥਾਵਾਂ ਅਤੇ ਹੋਰਨਾਂ ਥਾਵਾਂ ’ਤੇ ਸਾਹਮਣੇ ਆਏ ਹਨ।’’

ਸਪੱਸ਼ਟ ਹੈ ਕਿ ਰੋਜ਼ਾਨਾ ਹੋ ਰਹੀਆਂ ਜਬਰ-ਜ਼ਨਾਹ ਦੀਆਂ ਘਟਨਾਵਾਂ ਨੇ ਨਾ ਸਿਰਫ ਦੇਸ਼ ’ਚ ਨਾਰੀ ਜਾਤੀ ਦੀ ਸੁਰੱਖਿਆ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ, ਵਿਦੇਸ਼ਾਂ ’ਚ ਵੀ ਸਾਡੀ ਬਦਨਾਮੀ ਹੋਣ ਲੱਗੀ ਹੈ। ਇਸ ਲਈ ਲੋੜ ਇਸ ਗੱਲ ਦੀ ਹੈ ਕਿ ਜਬਰ-ਜ਼ਨਾਹ ਦੇ ਮਾਮਲਿਆਂ ਦਾ ਜ਼ਰਾ ਵੀ ਦੇਰ ਕੀਤੇ ਬਿਨਾਂ ਜਲਦੀ ਤੋਂ ਜਲਦੀ ਫੈਸਲਾ ਕਰ ਕੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਕਿ ਇਸ ਬੁਰਾਈ ’ਤੇ ਰੋਕ ਲੱਗ ਸਕੇ।

-ਵਿਜੇ ਕੁਮਾਰ
 

Bharat Thapa

This news is Content Editor Bharat Thapa