‘ਆਜ਼ਾਦੀ’ ਦੇ 76ਵੇਂ ਸਾਲ ’ਚ ਨਿਤੀਸ਼ ਵੱਲੋਂ ਵਿਰੋਧੀ ਪਾਰਟੀਆਂ ’ਚ ਏਕਤਾ ਦੀ ਕੋਸ਼ਿਸ਼

08/14/2022 12:41:29 AM

ਕਿਸੇ ਸਮੇਂ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਅਖਵਾਉਣ ਵਾਲੀ ਕਾਂਗਰਸ ਅੱਜ ਹਾਸ਼ੀਏ ’ਤੇ ਆ ਚੁੱਕੀ ਹੈ ਅਤੇ ਆਪਸੀ ਫੁੱਟ ਨਾਲ ਖੇਤਰੀ ਪਾਰਟੀਆਂ ਨੂੰ ਲਗਾਤਾਰ ਖੋਰਾ ਹੋਣ ਦੇ ਕਾਰਨ ਖਦਸ਼ਾ ਹੋਣ ਲੱਗਾ ਹੈ ਕਿ ਕਿਤੇ ਇਹ ਪਾਰਟੀਆਂ ਖਤਮ ਤਾਂ ਨਹੀਂ ਹੋ ਜਾਣਗੀਆਂ।
ਵਿਰੋਧੀ ਪਾਰਟੀਆਂ ਦੇ ਨੇਤਾ ਭਾਜਪਾ ’ਤੇ ਉਨ੍ਹਾਂ ਦੇ ਵਿਰੁੱਧ ਸੀ. ਬੀ. ਆਈ. ਤੇ ਈ. ਡੀ. ਦੀ ਵਰਤੋਂ ਦਾ ਦੋਸ਼ ਲਗਾ ਰਹੇ ਹਨ ਅਤੇ ਉਨ੍ਹਾਂ ਦੇ ਨੇਤਾਵਾਂ ’ਤੇ ਛਾਪੇਮਾਰੀ ਅਤੇ ਉਨ੍ਹਾਂ ਨੂੰ ਜਾਂਚ ’ਚ ਸ਼ਾਮਲ ਕਰਨ ਦੀਆਂ ਉਦਾਹਰਣਾਂ ਦਿੰਦੇ ਹਨ।
ਹਾਲ ਹੀ ’ਚ ਪੱਛਮੀ ਬੰਗਾਲ ’ਚ ਟੀਚਰ ਭਰਤੀ ਘਪਲੇ ’ਚ ਸਾਬਕਾ ਕੈਬਨਿਟ ਮੰਤਰੀ ਪਾਰਥ ਚੈਟਰਜੀ ਅਤੇ ਆਮਦਨ ਤੋਂ ਵੱਧ ਜਾਇਦਾਦ ਮਾਮਲੇ ’ਚ ਅੰਨਾਦ੍ਰਮੁਕ ਦੇ ਸਾਬਕਾ ਵਿਧਾਇਕ ਪੀ. ਪੀ. ਭਾਸਕਰ ਆਦਿ ਦੇ ਟਿਕਾਣਿਆਂ ’ਤੇ ਛਾਪੇ ਮਾਰੇ ਗਏ ਹਨ ਅਤੇ ਕਈ ਪਾਰਟੀਆਂ ਦੇ ਨੇਤਾਵਾਂ ਨੂੰ ਈ. ਡੀ. ਜਾਂਚ ’ਚ ਸ਼ਾਮਲ ਕੀਤਾ ਗਿਆ ਹੈ ਜਿਨ੍ਹਾਂ ’ਚ ਅਭਿਸ਼ੇਕ ਬੈਨਰਜੀ, ਸੋਨੀਆ ਅਤੇ ਰਾਹੁਲ ਗਾਂਧੀ, ਸੰਜੇ ਰਾਊਤ, ਸਤਯੇਂਦਰ ਜੈਨ, ਚਰਨਜੀਤ ਸਿੰਘ ਚੰਨੀ ਤੇ ਹੇਮੰਤ ਸੋਰੇਨ ਦੇ ਇਲਾਵਾ ਰਾਕਾਂਪਾ ਦੇ ਨੇਤਾ ਹਨ।
ਵਿਰੋਧੀ ਪਾਰਟੀਆਂ ਦੇ ਅਨੁਸਾਰ ਜਿੱਥੇ ਕੇਂਦਰ ਸਰਕਾਰ ਉਨ੍ਹਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਉੱਥੇ ਹੀ ਬਿਹਾਰ ’ਚ ਇਸ ਦੇ ਉਲਟ ਸਥਿਤੀ ਦਿਖਾਈ ਦੇ ਰਹੀ ਹੈ।
ਉੱਥੇ ਨਿਤੀਸ਼ ਇਕ ਵਾਰ ਫਿਰ ਭਾਜਪਾ ਨਾਲੋਂ ਨਾਤਾ ਤੋੜ ਕੇ ਅਤੇ ਰਾਜਦ ਨਾਲ ਜੁੜ ਕੇ 10 ਅਗਸਤ ਨੂੰ 8ਵੀਂ ਵਾਰ ਸੂਬੇ ਦੇ ਮੁੱਖ ਮੰਤਰੀ ਬਣ ਗਏ ਹਨ। ਉਥੇ ਹੀ ਉਨ੍ਹਾਂ ਨੇ ਕਾਂਗਰਸ ਅਤੇ ਹੋਰਨਾਂ ਪਾਰਟੀਆਂ ਨੂੰ ਵੀ ਨਾਲ ਜੋੜਿਆ ਤੇ ਤੇਜਸਵੀ ਯਾਦਵ (ਰਾਜਦ) ਨੂੰ ਉਪ ਮੁੱਖ ਮੰਤਰੀ ਦੇ ਰੂਪ ’ਚ ਆਪਣੇ ਨਾਲ ਲੈ ਕੇ ਵਿਰੋਧੀ ਧਿਰ ਦੀ ਏਕਤਾ ਦੀ ਦਿਸ਼ਾ ’ਚ ਕਦਮ ਵਧਾਇਆ ਹੈ।
ਸਹੁੰ ਚੁੱਕਣ ਦੇ ਦਿਨ ਤੇਜਸਵੀ ਯਾਦਵ ਨੇ ਨਿਤੀਸ਼ ਦੇ ਪੈਰ ਛੂਹ ਕੇ ਉਨ੍ਹਾਂ ਦਾ ਆਸ਼ੀਰਵਾਦ ਲਿਆ ਅਤੇ ਪਿਛਲੀਆਂ ਕੁੜੱਤਣਾਂ ਭੁਲਾ ਕੇ ਉਨ੍ਹਾਂ ਦਾ ਸਾਥ ਦੇਣ ਦਾ ਵਾਅਦਾ ਕੀਤਾ।
ਉਂਝ ਨਿਤੀਸ਼ ਨੇ ਭਾਜਪਾ ਨਾਲੋਂ ਨਾਤਾ ਤੋੜਨ ਦਾ ਸੰਕੇਤ 8 ਅਗਸਤ ਨੂੰ ਨਵੀਂ ਦਿੱਲੀ ’ਚ ਸੋਨੀਆ ਗਾਂਧੀ ਅਤੇ ਖੱਬੇਪੱਖੀ ਪਾਰਟੀਆਂ ਦੇ ਨੇਤਾਵਾਂ ਨਾਲ ਮੁਲਾਕਾਤ ਕਰ ਕੇ ਦੇ ਦਿੱਤਾ ਸੀ ਅਤੇ ਤੇਜਸਵੀ ਨੇ ਵੀ ਹੁਣ ਏਕਤਾ ਦੇ ਲਈ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨਾਲ ਮਿਲਣਾ ਸ਼ੁਰੂ ਕਰ ਦਿੱਤਾ ਹੈ।
ਇਸੇ ਸਿਲਸਿਲੇ ’ਚ ਤੇਜਸਵੀ ਯਾਦਵ ਨੇ ਦਿੱਲੀ ’ਚ ਸੋਨੀਆ ਗਾਂਧੀ ਨਾਲ ਮੁਲਾਕਾਤ ਕਰ ਕੇ ਮੰਤਰੀ ਮੰਡਲ ਵਿਸਤਾਰ ਦੇ ਸਬੰਧ ’ਚ ਚਰਚਾ ਕਰਨ ਦੇ ਇਲਾਵਾ ਮਾਕਪਾ ਜਨਰਲ ਸਕੱਤਰ ਸੀਤਾਰਾਮ ਯੇਚੁਰੀ, ਭਾਕਪਾ ਜਨਰਲ ਸਕੱਤਰ ਡੀ. ਰਾਜਾ, ਮਾਕਪਾ (ਐੱਮ. ਐੱਲ.) ਦੇ ਜਨਰਲ ਸਕੱਤਰ ਦੀਪੰਕਰ ਭੱਟਾਚਾਰੀਆ ਆਦਿ ਨੇਤਾਵਾਂ ਨਾਲ ਵੀ ਮੁਲਾਕਾਤ ਕੀਤੀ ਹੈ।
ਇਸੇ ਸੰਦਰਭ ’ਚ ਸਾਬਕਾ ਉਪ ਮੁੱਖ ਮੰਤਰੀ ਸੁਸ਼ੀਲ ਮੋਦੀ (ਭਾਜਪਾ) ਦਾ ਕਹਿਣਾ ਹੈ ਕਿ ‘‘ਵਾਰ-ਵਾਰ ਧੋਖਾ ਦੇ ਕੇ ਵੀ ਮੁੱਖ ਮੰਤਰੀ ਬਣ ਜਾਣਾ ਇਹੀ ਤਾਂ ਨਿਤੀਸ਼ ਕੁਮਾਰ ਦਾ ਚਮਤਕਾਰ ਹੈ।’’
‘‘ਨਿਤੀਸ਼ ਕੁਮਾਰ ਨੇ ਭਾਜਪਾ ਨਾਲੋਂ ਵੱਧ ਲਾਲੂ (ਰਾਜਦ) ਨੂੰ ਧੋਖਾ ਦਿੱਤਾ ਹੈ ਅਤੇ ਇਹ ਸਰਕਾਰ ਢਾਈ ਸਾਲ ਨਹੀਂ ਚੱਲੇਗੀ। ਨਿਤੀਸ਼ ਕੁਮਾਰ ਦੇ ਬਾਅਦ ਜਦ (ਯੂ) ਦਾ ਕੋਈ ਭਵਿੱਖ ਨਹੀਂ।’’
ਓਧਰ ਕੁਝ ਹਲਕਿਆਂ ’ਚ ਇਹ ਵੀ ਚਰਚਾ ਹੈ ਕਿ ਨਿਤੀਸ਼ ਕੁਮਾਰ ਦੀ ਨਜ਼ਰ 2024 ’ਚ ਪ੍ਰਧਾਨ ਮੰਤਰੀ ਦੀ ਕੁਰਸੀ ’ਤੇ ਹੈ ਪਰ ਉਨ੍ਹਾਂ ਨੇ ਕਿਹਾ ਹੈ ਕਿ ਉਹ ਪ੍ਰਧਾਨ ਮੰਤਰੀ ਬਣਨਾ ਨਹੀਂ, ਕੇਂਦਰ ’ਚ ਰਾਜਗ ਦੇ ਵਿਰੁੱਧ ਵਿਰੋਧੀ ਧਿਰ ਦੀ ਏਕਤਾ ਕਾਇਮ ਕਰਨ ’ਚ ਹਾਂਪੱਖੀ ਭੂਮਿਕਾ ਨਿਭਾਉਣਾ ਚਾਹੁੰਦੇ ਹਨ ਜਿਸ ਦੇ ਨਤੀਜੇ ਆਉਣ ਵਾਲੇ ਦਿਨਾਂ ’ਚ ਨਜ਼ਰ ਆਉਣਗੇ।
ਕੁਝ ਲੋਕਾਂ ਦਾ ਕਹਿਣਾ ਹੈ ਕਿ ਕਿਤੇ ਨਿਤੀਸ਼ ਕੁਮਾਰ ਵਿਰੋਧੀ ਧਿਰ ਦੀ ਏਕਤਾ ਦੀ ਮੁਹਿੰਮ ਸ਼ੁਰੂ ਕਰ ਕੇ ਦੂਸਰਾ ਜੈਪ੍ਰਕਾਸ਼ ਨਾਰਾਇਣ ਬਣਨ ਦੀ ਕੋਸ਼ਿਸ਼ ਤਾਂ ਨਹੀਂ ਕਰ ਰਹੇ ਕਿਉਂਕਿ 1974 ’ਚ ਬਿਹਾਰ ’ਚ ਲੋਕਨਾਇਕ ਜੈਪ੍ਰਕਾਸ਼ ਨਾਰਾਇਣ ਨੇ ‘ਸੰਪੂਰਨ ਕ੍ਰਾਂਤੀ ਅੰਦੋਲਨ’ ਦੀ ਸ਼ੁਰੂਆਤ ਕੀਤੀ ਸੀ ਜਿਸ ਦਾ ਨਤੀਜਾ ਕੇਂਦਰ ’ਚ ਕਾਂਗਰਸ ਦੀ ਸਰਕਾਰ ਦੇ ਡਿੱਗਣ ਦੇ ਰੂਪ ’ਚ ਨਿਕਲਿਆ ਸੀ।
ਕੁੱਲ ਮਿਲਾ ਕੇ ਇਕ ਪਾਸੇ ਦੇਸ਼ ’ਚ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦਾ ਅੰਮ੍ਰਿਤ ਮਹਾਉਤਸਵ ਮਨਾਇਆ ਜਾ ਰਿਹਾ ਹੈ ਤਾਂ ਦੂਜੇ ਪਾਸੇ ਦੇਸ਼ ’ਚ ਨਿਤੀਸ਼ ਕੁਮਾਰ ਨੇ ਵਿਰੋਧੀ ਪਾਰਟੀਆਂ ਦੀ ਏਕਤਾ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਹੈ।
ਸੰਘ ਮੁਖੀ ਸ਼੍ਰੀ ਮੋਹਨ ਭਾਗਵਤ ਦਾ ਵੀ ਕਹਿਣਾ ਹੈ ਕਿ ‘‘ਇਕ ਨੇਤਾ ਇਕੱਲੇ ਦੇਸ਼ ਦੇ ਸਾਹਮਣੇ ਮੌਜੂਦ ਸਾਰੀਆਂ ਚੁਣੌਤੀਆਂ ਨਾਲ ਨਹੀਂ ਨਜਿੱਠ ਸਕਦਾ ਅਤੇ ਕੋਈ ਇਕ ਸੰਗਠਨ ਜਾਂ ਪਾਰਟੀ ਪੂਰੇ ਦੇਸ਼ ’ਚ ਬਦਲਾਅ ਨਹੀਂ ਲਿਆ ਸਕਦੀ। ਬਦਲਾਅ ਉਦੋਂ ਆਉਂਦਾ ਹੈ ਜਦੋਂ ਆਮ ਲੋਕ ਉਸ ਲਈ ਖੜ੍ਹੇ ਹੁੰਦੇ ਹਨ।’’
ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਇਕੱਠਾ ਕਰਨ ਵਿਚ ਨਿਤੀਸ਼ ਕੁਮਾਰ ਕਿਸ ਹੱਦ ਤੱਕ ਸਫਲ ਹੁੰਦੇ ਹਨ ਅਤੇ ਉਨ੍ਹਾਂ ਦੀਆਂ ਕੋਸ਼ਿਸ਼ਾਂ ਦਾ ਕੀ ਨਤੀਜਾ ਨਿਕਲਦਾ ਹੈ। 

ਵਿਜੇ ਕੁਮਾਰ


Karan Kumar

Content Editor

Related News