ਨਸ਼ਾ ਛੁਡਾਉਣ ਦੇ ਨਾਂ ਉੱਤੇ’ ਦੇਸ਼ ’ਚ ਚੱਲ ਰਹੇ ‘ਤਸ਼ੱਦਦ ਦੇ ਨਾਜਾਇਜ਼ ਅੱਡੇ

02/11/2020 1:11:34 AM

ਦੇਸ਼ ’ਚ ਇਕ ਪਾਸੇ ਜਿਥੇ ਤਰ੍ਹਾਂ-ਤਰ੍ਹਾਂ ਦੇ ਨਸ਼ਿਆਂ ਦਾ ਸੇਵਨ ਵਧ ਰਿਹਾ ਹੈ, ਉਥੇ ਹੀ ਨਸ਼ਾ ਛੁਡਾਉਣ ਦੇ ਨਾਂ ’ਤੇ ਖੋਲ੍ਹੇ ਗਏ ਨਾਜਾਇਜ਼ ਨਸ਼ਾ-ਮੁਕਤੀ ਕੇਂਦਰਾਂ ’ਚ ਨਸ਼ਾ ਪੀੜਤ ਲੋਕਾਂ ਨੂੰ ਨਾ ਸਿਰਫ ਇਲਾਜ ਦੇ ਨਾਂ ’ਤੇ ਦੂਜੀਆਂ ਨਸ਼ੇ ਵਾਲੀਆਂ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ, ਉਥੇ ਹੀ ਉਨ੍ਹਾਂ ਦੇ ਵਾਰਿਸਾਂ ਤੋਂ ਭਾਰੀ ਫੀਸ ਵਸੂਲ ਕੇ ਲੁੱਟਿਆ ਵੀ ਜਾ ਰਿਹਾ ਹੈ। ਇਹੀ ਨਹੀਂ, ਅਨੇਕ ਨਸ਼ਾ-ਮੁਕਤੀ ਕੇਂਦਰਾਂ ’ਚ ਤਾਂ ਇਲਾਜ ਅਧੀਨ ਰੋਗੀਆਂ ’ਤੇ ਤਰ੍ਹਾਂ-ਤਰ੍ਹਾਂ ਨਾਲ ਤਸ਼ੱਦਦ ਅਤੇ ਅੱਤਿਆਚਾਰ ਕਰਨ ਤੋਂ ਇਲਾਵਾ ਬੰਧਕ ਤਕ ਬਣਾ ਕੇ ਰੱਖੇ ਜਾਣ ਦੀਆਂ ਸ਼ਿਕਾਇਤਾਂ ਹਨ, ਜੋ ਹੇਠ ਲਿਖੀਆਂ ਘਟਨਾਵਾਂ ਤੋਂ ਸਿੱਧ ਹੁੰਦਾ ਹੈ :

* 18 ਜਨਵਰੀ 2019 ਨੂੰ ਉੱਤਰਾਖੰਡ ’ਚ ਊਧਮ ਸਿੰਘ ਨਗਰ ਦੇ ਪਿੰਡ ਧਰਮਪੁਰ ’ਚ ਬਿਨਾਂ ਮਨਜ਼ੂਰੀ ਚੱਲ ਰਹੇ ਨਾਜਾਇਜ਼ ਨਸ਼ਾ-ਮੁਕਤੀ ਕੇਂਦਰ ’ਚ ਦਾਖਲ ਇਕ ਮਰੀਜ਼ ਦੀ ਸ਼ੱਕੀ ਹਾਲਾਤ ’ਚ ਮੌਤ ਹੋ ਗਈ। ਪਰਿਵਾਰ ਵਾਲਿਆਂ ਨੇ ਲਾਸ਼ ਦੀ ਖਰਾਬ ਹਾਲਤ ਦੇਖ ਕੇ ਸੰਚਾਲਕਾਂ ’ਤੇ ਮਰੀਜ਼ ਨੂੰ ਤਸੀਹੇ ਦੇਣ ਦਾ ਦੋਸ਼ ਲਾਇਆ।

* 24 ਫਰਵਰੀ 2019 ਨੂੰ ਸੋਨੀਪਤ ਦੇ ਇਕ ਨਾਜਾਇਜ਼ ਨਸ਼ਾ-ਮੁਕਤੀ ਕੇਂਦਰ ’ਚ ਨਸ਼ਾ ਛੁਡਾਉਣ ਲਈ ਦਾਖਲ ਹੋਏ ਸ਼ਰਾਬ ਪੀਣ ਦੇ ਆਦੀ ਇਕ ਨੌਜਵਾਨ ’ਤੇ ਉਥੋਂ ਦੇ ਮੁਲਾਜ਼ਮਾਂ ਨੇ ਇੰਨਾ ਅੱਤਿਆਚਾਰ ਕੀਤਾ ਕਿ ਉਸ ਦੀ ਮੌਤ ਹੋ ਗਈ। ਪੁਲਸ ਨੇ ਕੇਂਦਰ ’ਚ ਲੱਗੇ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਕੀਤੀ ਤਾਂ ਉਸ ’ਚ ਕੇਂਦਰ ਦੇ ਦੋ ਮੁਲਾਜ਼ਮ ਮ੍ਰਿਤਕ ਨੌਜਵਾਨ ’ਤੇ ਰਜਾਈ ਪਾ ਕੇ ਉਸ ਦੇ ਸਰੀਰ ਅਤੇ ਮੂੰਹ ਦੇ ਉੱਪਰ ਬੈਠੇ ਨਜ਼ਰ ਆਏ।

* 14 ਅਪ੍ਰੈਲ 2019 ਨੂੰ ਰਾਜਸਥਾਨ ਦੇ ‘ਨੀਮ ਕਾ ਥਾਣਾ’ ਕਸਬੇ ’ਚ ਚਲਾਏ ਜਾ ਰਹੇ ਨਾਜਾਇਜ਼ ਨਸ਼ਾ-ਮੁਕਤੀ ਕੇਂਦਰ ’ਤੇ ਮਾਰੇ ਗਏ ਛਾਪੇ ਦੌਰਾਨ ਸ਼ਰਾਬ ਅਤੇ ਹੋਰ ਨਸ਼ਿਆਂ ਦੀ ਆਦਤ ਤੋਂ ਪੀੜਤ ਲੋਕਾਂ ਨੂੰ ਇਲਾਜ ਦੇ ਨਾਂ ’ਤੇ ਨਸ਼ੇ ਵਾਲੀਆਂ ਦਵਾਈਆਂ ਖੁਆਉਣ ਦਾ ਪਤਾ ਲੱਗਾ ਅਤੇ ਛਾਪਾਮਾਰ ਟੀਮ ਨੇ ਉਥੋਂ ਭਾਰੀ ਮਾਤਰਾ ’ਚ ਨਸ਼ੇ ਵਾਲੀਆਂ ਦਵਾਈਆਂ ਬਰਾਮਦ ਕੀਤੀਆਂ।

* 31 ਮਈ 2019 ਨੂੰ ਪਿੰਜੌਰ ਥਾਣਾ ਖੇਤਰ ਦੇ ਅਧੀਨ ਪਿੰਡ ਜੱਲਾਹ ’ਚ ਨਾਜਾਇਜ਼ ਤੌਰ ’ਤੇ ਚਲਾਏ ਜਾ ਰਹੇ ਨਸ਼ਾ-ਮੁਕਤੀ ਕੇਂਦਰ ’ਚ ਬਦਤਰ ਹਾਲਤ ’ਚ ਬੰਦੀ ਬਣਾ ਕੇ ਰੱਖੇ ਗਏ 23 ਨਸ਼ਾ ਪੀੜਤਾਂ ਨੂੰ ਛੁਡਾਇਆ ਗਿਆ। ਇਥੇ ਸੰਚਾਲਕਾਂ ਦਾ ਕਹਿਣਾ ਨਾ ਮੰਨਣ ’ਤੇ ਨਸ਼ਾ ਪੀੜਤਾਂ ਨੂੰ ਡੰਡਿਆਂ ਨਾਲ ਕੁੱਟਿਆ ਜਾਂਦਾ ਸੀ ਅਤੇ ਕਿਸੇ ਦੇ ਸਿਰ ਦੇ ਵਾਲ ਤਾਂ ਕਿਸੇ ਦੀਆਂ ਅੱਧੀਆਂ ਮੁੱਛਾਂ ਕੱਟ ਦਿੱਤੀਆਂ ਜਾਂਦੀਆਂ।

* 27 ਸਤੰਬਰ 2019 ਨੂੰ ਗੋਰਾਇਆ ਦੇ ਪਿੰਡ ਜੰਜਾ ਕਲਾਂ ’ਚ ਬਿਨਾਂ ਮਨਜ਼ੂਰੀ ਦੇ ਚੱਲ ਰਹੇ ਨਾਜਾਇਜ਼ ਨਸ਼ਾ-ਮੁਕਤੀ ਕੇਂਦਰ ’ਤੇ ਛਾਪਾ ਮਾਰ ਕੇ 16 ਰੋਗੀਆਂ ਨੂੰ ਮੁਕਤ ਕਰਵਾਇਆ ਗਿਆ। ਇਸ ਸਿਲਸਿਲੇ ’ਚ ਪੁਲਸ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕੀਤਾ। ਕੇਂਦਰ ’ਚ ਨਸ਼ਾ ਛੁਡਾਉਣ ਦੇ ਬਹਾਨੇ ਪੀੜਤਾਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਾਂਦੀ ਸੀ।

* 19 ਨਵੰਬਰ 2019 ਨੂੰ ਮੁਰਾਦਾਬਾਦ ’ਚ ਰਾਮ ਗੰਗਾ ਬਿਹਾਰ ਸਥਿਤ ਨਾਜਾਇਜ਼ ਨਸ਼ਾ-ਮੁਕਤੀ ਕੇਂਦਰ ਅਤੇ ਉਸ ਦੇ ਸੰਚਾਲਕ ਦੇ ਘਰ ਦਾ ਤਾਲਾ ਤੋੜ ਕੇ ਉਥੇ ਇਲਾਜ ਦੇ ਨਾਂ ’ਤੇ ਬੰਧਕ ਬਣਾ ਕੇ ਰੱਖੇ ਗਏ 35 ਨੌਜਵਾਨਾਂ ਨੂੰ ਮੁਕਤ ਕਰਵਾਇਆ ਗਿਆ।

* 3 ਜਨਵਰੀ 2020 ਨੂੰ ਸੰਗਰੀਆ ’ਚ ਇਕ ਨਾਜਾਇਜ਼ ਨਸ਼ਾ-ਮੁਕਤੀ ਕੇਂਦਰ ’ਚ ਇਲਾਜ ਅਧੀਨ ਨੌਜਵਾਨ ਦੀ ਤਸੀਹਿਆਂ ਦੇ ਸਿੱਟੇ ਵਜੋਂ ਮੌਤ ਹੋ ਗਈ। ਮ੍ਰਿਤਕ ਦੇ ਸਰੀਰ ’ਤੇ ਕਈ ਸੱਟਾਂ ਦੇ ਨਿਸ਼ਾਨ ਅਤੇ ਉਸ ਦੇ ਸਰੀਰ ਦਾ ਹੇਠਲਾ ਅਤੇ ਪਿਛਲਾ ਹਿੱਸਾ ਸੜਿਆ ਹੋਇਆ ਸੀ।

* 2 ਫਰਵਰੀ 2020 ਨੂੰ ਸ਼ਰਾਬ ਦੀ ਆਦਤ ਛੱਡਣ ਲਈ ਫਿਰੋਜ਼ਪੁਰ ਦੇ ਪਿੰਡ ਚੰਦੜ ਸਥਿਤ ਪ੍ਰਾਈਵੇਟ ਨਸ਼ਾ-ਮੁਕਤੀ ਕੇਂਦਰ ’ਚ ਦਾਖਲ ਇਕ ਨੌਜਵਾਨ ਦੇ ਅਨੁਸਾਰ ਉਥੇ ਉਸ ਦੇ ਨਾਲ ਬੁਰੇ ਤਰੀਕੇ ਨਾਲ ਕੁੱਟਮਾਰ ਕੀਤੀ ਗਈ।

* ਉਸ ਨੇ ਦੋਸ਼ ਲਾਇਆ ਕਿ ਨਸ਼ਾ-ਛੁਡਾਊ ਕੇਂਦਰਾਂ ’ਚ ਅਣਮਨੁੱਖੀ ਵਤੀਰੇ ਅਤੇ ਆਰਥਿਕ ਸ਼ੋਸ਼ਣ ਦੇ ਨਾਲ-ਨਾਲ ਮਾਨਸਿਕ ਸ਼ੋਸ਼ਣ ਵੀ ਕਰਦੇ ਹਨ ਅਤੇ ਜੋ ਉਨ੍ਹਾਂ ਦੀ ਗੱਲ ਨਹੀਂ ਮੰਨਦਾ, ਉਸ ਦੇ ਨਾਲ ਕੁੱਟਮਾਰ ਅਤੇ ਬੁਰਾ ਵਤੀਰਾ ਕੀਤਾ ਜਾਂਦਾ ਹੈ। ਕੁਲ ਮਿਲਾ ਕੇ ਨਾਜਾਇਜ਼ ਤੌਰ ’ਤੇ ਚਲਾਏ ਜਾ ਰਹੇ ਜ਼ਿਆਦਾਤਰ ਕਥਿਤ ਨਸ਼ਾ-ਮੁਕਤੀ ਕੇਂਦਰਾਂ ’ਚ ਪੀੜਤਾਂ ਦਾ ਇਲਾਜ ਕਰਨ ਦੇ ਨਾਂ ’ਤੇ ਉਨ੍ਹਾਂ ਨੂੰ ਲੁੱਟਿਆ ਅਤੇ ਮਾਨਸਿਕ ਅਤੇ ਸਰੀਰਕ ਤੌਰ ’ਤੇ ਸ਼ੋਸ਼ਣ ਹੀ ਕੀਤਾ ਜਾ ਰਿਹਾ ਹੈ। ਸਬੰਧਤ ਅਧਿਕਾਰੀਆਂ ਨੂੰ ਇਸ ਬਾਰੇ ਨੋਟਿਸ ਲੈਂਦੇ ਹੋਏ ਅਜਿਹੇ ਕਥਿਤ ਅਤੇ ਨਾਜਾਇਜ਼ ਨਸ਼ਾ-ਮੁਕਤੀ ਕੇਂਦਰਾਂ ’ਤੇ ਕਾਰਵਾਈ ਕਰ ਕੇ ਪੀੜਤ ਅਤੇ ਦੁਖੀ ਲੋਕਾਂ ਨੂੰ ਇਨ੍ਹਾਂ ਦੇ ਸ਼ੋਸ਼ਣ ਤੋਂ ਬਚਣਾ ਚਾਹੀਦਾ ਹੈ। ਇਸ ਦੇ ਲਈ ਜ਼ਰੂਰੀ ਹੈ ਕਿ ਸਰਕਾਰੀ ਹਸਪਤਾਲਾਂ ’ਚ ਨਸ਼ਾ-ਮੁਕਤੀ ਕੇਂਦਰਾਂ ਦੀ ਸਥਾਪਨਾ ਅਤੇ ਵਿਸਤਾਰ ਕੀਤਾ ਜਾਵੇ ਤਾਂ ਕਿ ਇਲਾਜ ਦੇ ਇੱਛੁਕ ਨਸ਼ਾ ਪੀੜਤਾਂ ਨੂੰ ਨਿੱਜੀ ਕਥਿਤ ਨਾਜਾਇਜ਼ ਨਸ਼ਾ-ਮੁਕਤੀ ਕੇਂਦਰਾਂ ’ਚ ਜਾ ਕੇ ਲੁੱਟ ਅਤੇ ਤਸ਼ੱਦਦ ਦਾ ਸ਼ਿਕਾਰ ਨਾ ਹੋਣਾ ਪਵੇ ਅਤੇ ਉਨ੍ਹਾਂ ਦਾ ਸਹੀ ਇਲਾਜ ਹੋ ਸਕੇ।

–ਵਿਜੇ ਕੁਮਾਰ\\\

Bharat Thapa

This news is Content Editor Bharat Thapa