ਜੇ ਸਾਡੀ ਸਰਕਾਰ ਨੇ ਚੰਗਾ ਕੰਮ ਨਹੀਂ ਕੀਤਾ ਤਾਂ ਦੂਜਿਆਂ ਨੂੰ ਮੌਕਾ ਦੇਣ ’ਚ ਦਿੱਕਤ ਨਹੀਂ : ਗਡਕਰੀ

04/10/2019 6:51:08 AM

ਆਪਣੀ ਸਾਫਗੋਈ ਲਈ ਪ੍ਰਸਿੱਧ ਸ਼੍ਰੀ ਨਿਤਿਨ ਗਡਕਰੀ ਨੇ ਆਪਣਾ ਸਿਆਸੀ ਕੈਰੀਅਰ ‘ਭਾਰਤੀ ਜਨਤਾ ਯੁਵਾ ਮੋਰਚਾ’ ਅਤੇ ‘ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ’ ਤੋਂ ਸ਼ੁਰੂ ਕੀਤਾ। ਉਹ 1995 ਤੋਂ 1999 ਤਕ ਮਹਾਰਾਸ਼ਟਰ ਸਰਕਾਰ ’ਚ ਲੋਕ ਨਿਰਮਾਣ ਮੰਤਰੀ ਰਹੇ। ਇਸੇ ਦੌਰਾਨ ਉਨ੍ਹਾਂ ਨੇ ਵੱਡੀ ਗਿਣਤੀ ’ਚ ਸੂਬੇ ਅੰਦਰ ਸੜਕਾਂ, ਰਾਜਮਾਰਗਾਂ ਤੇ ਫਲਾਈਓਵਰਾਂ ਦਾ ਜਾਲ ਵਿਛਾਉਣ ਤੋਂ ਇਲਾਵਾ ਮੁੰਬਈ-ਪੁਣੇ ਐਕਸਪ੍ਰੈੱਸ ਵੇਅ ਦਾ ਨਿਰਮਾਣ ਕਰਵਾਇਆ ਤੇ ਆਪਣੇ ਮੰਤਰਾਲੇ ਨੂੰ ਹੇਠੋਂ ਉੱਪਰ ਤਕ ਨਵਾਂ ਰੂਪ ਦਿੱਤਾ। ਉਹ ਮਹਾਰਾਸ਼ਟਰ ਭਾਜਪਾ ਦੇ ਪ੍ਰਧਾਨ ਤੋਂ ਇਲਾਵਾ 1 ਜਨਵਰੀ 2010 ਤੋਂ 22 ਜਨਵਰੀ 2013 ਤਕ ਭਾਜਪਾ ਦੇ ਕੌਮੀ ਪ੍ਰਧਾਨ ਵੀ ਰਹੇ ਅਤੇ ਇਸ ਸਮੇਂ ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ, ਜਹਾਜ਼ਰਾਨੀ ਅਤੇ ਪਾਣੀ ਦੇ ਸੋਮਿਆਂ ਤੇ ਨਦੀ ਵਿਕਾਸ ਮੰਤਰੀ ਵਜੋਂ ਸ਼ਲਾਘਾਯੋਗ ਕੰਮ ਕਰ ਰਹੇ ਹਨ। ਸ਼੍ਰੀ ਨਿਤਿਨ ਗਡਕਰੀ ਆਪਣੇ ਕੰਮ ਨੂੰ ਲੈ ਕੇ ਜਿੰਨਾ ਚਰਚਾ ’ਚ ਰਹਿੰਦੇ ਹਨ, ਓਨਾ ਹੀ ਆਪਣੇ ਬੇਬਾਕ ਬਿਆਨਾਂ ਨੂੰ ਲੈ ਕੇ ਵੀ ਚਰਚਾ ’ਚ ਰਹਿੰਦੇ ਹਨ ਅਤੇ ਉਨ੍ਹਾਂ ਵਲੋਂ ਦਿੱਤੇ ਗਏ ਕੁਝ ਬੇਬਾਕ ਬਿਆਨ ਹੇਠਾਂ ਦਰਜ ਹਨ :

* 10 ਮਾਰਚ 2018 ਨੂੰ ਭਾਜਪਾ ਦੇ ‘ਅੱਛੇ ਦਿਨ’ ਵਾਲੇ ਨਾਅਰੇ ’ਤੇ ਸਵਾਲੀਆ ਨਿਸ਼ਾਨ ਲਾਉਂਦਿਆਂ ਉਨ੍ਹਾਂ ਨੇ ਕਿਹਾ, ‘‘ਚੰਗੇ ਦਿਨ ਹੁੰਦੇ ਹੀ ਨਹੀਂ ਹਨ। ਇਹ ਤਾ ਮੰਨਣ ਵਾਲੇ ’ਤੇ ਨਿਰਭਰ ਕਰਦਾ ਹੈ। ਚੰਗੇ ਦਿਨ ਦਾ ਮਤਲਬ ਹੈ ਰੋਟੀ, ਕੱਪੜਾ ਅਤੇ ਮਕਾਨ।’’

* 24 ਦਸੰਬਰ 2018 ਨੂੰ ਉਹ ਬੋਲੇ, ‘‘ਜਿੱਤ ਦੇ ਕਈ ਬਾਪ ਹੁੰਦੇ ਹਨ ਪਰ ਹਾਰ ਅਨਾਥ ਹੁੰਦੀ ਹੈ। ਸੰਸਥਾ ਪ੍ਰਤੀ ਜਵਾਬਦੇਹੀ ਸਿੱਧ ਕਰਨ ਲਈ ਪਾਰਟੀ ਦੀ ਲੀਡਰਸ਼ਿਪ ਨੂੰ ਹਾਰ ਅਤੇ ਅਸਫਲਤਾਵਾਂ ਦੀ ਵੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ।’’

* 04 ਜਨਵਰੀ 2019 ਨੂੰ ਉਨ੍ਹਾਂ ਨੇ ਕਿਹਾ, ‘‘ਦੇਸ਼ ਨੂੰ ਇਸ ਸਮੇਂ ਜਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਨ੍ਹਾਂ ’ਚ ਬੇਰੋਜ਼ਗਾਰੀ ਸਭ ਤੋਂ ਵੱਡੀ ਸਮੱਸਿਆ ਹੈ। ਹਰ ਕੋਈ ਸਰਕਾਰੀ ਨੌਕਰੀ ਹਾਸਲ ਨਹੀਂ ਕਰ ਸਕਦਾ।’’

* 02 ਫਰਵਰੀ ਨੂੰ ਉਨ੍ਹਾਂ ਨੇ ਪਾਰਟੀ ਵਰਕਰਾਂ ਨੂੰ ਕਿਹਾ, ‘‘ਜੋ ਆਪਣਾ ਘਰ ਨਹੀਂ ਸੰਭਾਲ ਸਕਦਾ, ਉਹ ਦੇਸ਼ ਨਹੀਂ ਸੰਭਾਲ ਸਕਦਾ। ਇਸ ਲਈ ਪਹਿਲਾਂ ਆਪਣਾ ਘਰ ਸੰਭਾਲੋ ਅਤੇ ਆਪਣੇ ਬੱਚੇ, ਜਾਇਦਾਦ ਦੇਖਣ ਤੋਂ ਬਾਅਦ ਪਾਰਟੀ ਅਤੇ ਦੇਸ਼ ਲਈ ਕੰਮ ਕਰੋ।’’

ਅਤੇ ਹੁਣ ਆਪਣੇ ਤਾਜ਼ਾ ਬਿਆਨ ’ਚ ਦੇਸ਼ ਵਿਚ ਚੱਲ ਰਹੇ ਸੱਤਾ ਸੰਗਰਾਮ ਦਰਮਿਆਨ ਸ਼੍ਰੀ ਨਿਤਿਨ ਗਡਕਰੀ ਨੇ ਭਾਰਤੀ ਜਨਤਾ ਪਾਰਟੀ ਦੇ ਦੁਬਾਰਾ ਸੱਤਾ ’ਚ ਆਉਣ ਨੂੰ ਲੈ ਕੇ ਇਕ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ‘‘ਜੇਕਰ ਸਾਡੀ ਸਰਕਾਰ ਨੇ ਚੰਗਾ ਕੰਮ ਨਹੀਂ ਕੀਤਾ ਤਾਂ ਦੂਜਿਆਂ ਨੂੰ ਮੌਕਾ ਦੇਣ ’ਚ ਕੋਈ ਦਿੱਕਤ ਨਹੀਂ ਅਤੇ ਵੋਟ ਪਾਉਣ ਤੋਂ ਪਹਿਲਾਂ ਲੋਕਾਂ ਨੂੰ ਸਰਕਾਰ ਵਲੋਂ ਪਿਛਲੇ ਪੰਜ ਸਾਲਾਂ ’ਚ ਕੀਤੇ ਗਏ ਕੰਮ ਨੂੰ ਵੀ ਧਿਆਨ ’ਚ ਰੱਖਣਾ ਚਾਹੀਦਾ ਹੈ।’’ ਵੋਟਰਾਂ ਨੂੰ ਸਲਾਹ ਦਿੰਦਿਆਂ ਉਨ੍ਹਾਂ ਨੇ ਕਿਹਾ, ‘‘ਜੇਕਰ ਲੋਕਾਂ ਨੂੰ ਲੱਗਦਾ ਹੈ ਕਿ ਅਸੀਂ ਚੰਗਾ ਪ੍ਰਦਰਸ਼ਨ ਨਹੀਂ ਕੀਤਾ ਹੈ ਤਾਂ ਹੋਰਨਾਂ ਪਾਰਟੀਆਂ ਨੂੰ ਮੌਕਾ ਮਿਲਣਾ ਚਾਹੀਦਾ ਹੈ।’’ ਐੱਨ. ਡੀ. ਟੀ. ਵੀ. ਨਾਲ ਗੱਲਬਾਤ ਕਰਦਿਆਂ ਸ਼੍ਰੀ ਗਡਕਰੀ ਬੋਲੇ, ‘‘ਇਸ ਵਾਰ ਸਰਕਾਰ ਦਾ ਇਮਤਿਹਾਨ ਹੈ। ਸੱਤਾ ’ਚ ਜੋ ਪਾਰਟੀ ਹੁੰਦੀ ਹੈ, ਉਸ ਦਾ ਮੁਲਾਂਕਣ ਉਸ ਦੇ ਕੰਮ ਦੇ ਆਧਾਰ ’ਤੇ ਕੀਤਾ ਜਾਂਦਾ ਹੈ। ਜੇਕਰ ਲੋਕਾਂ ਨੂੰ ਲੱਗਦਾ ਹੈ ਕਿ ਸਾਡੀ ਸਰਕਾਰ ਨੇ ਕੰਮ ਨਹੀਂ ਕੀਤਾ ਤਾਂ ਉਨ੍ਹਾਂ ਨੂੰ ਦੂਜਿਆਂ ਨੂੰ ਮੌਕਾ ਦੇਣਾ ਚਾਹੀਦਾ ਹੈ। ਮੈਨੂੰ ਨਹੀਂ ਲੱਗਦਾ ਕਿ ਸਿਆਸਤ ਸਿਰਫ ਸੱਤਾ ’ਚ ਆਉਣ ਲਈ ਹੈ, ਜਦਕਿ ਸਿਆਸਤ ਸਮਾਜ ਲਈ ਹੁੰਦੀ ਹੈ।’’ ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਐੱਨ. ਡੀ. ਏ. ਦੀ ਬਦੌਲਤ ਇਕ ਵਾਰ ਫਿਰ ਸੱਤਾ ’ਚ ਆਉਣ ਦੀ ਕੋਸ਼ਿਸ਼ ’ਚ ਲੱਗੇ ਹੋਏ ਹਨ ਅਤੇ ਇਸੇ ਲਈ ਸਰਕਾਰ ਨੇ ਵੱਖ-ਵੱਖ ਸੈਕਟਰਾਂ ਦੇ ਲੋਕਾਂ ਲਈ ਆਪਣੇ ਵਿਦਾਇਗੀ ਬਜਟ ’ਚ ਕਈ ਲੋਕ-ਲੁਭਾਊ ਵਾਅਦੇ ਕੀਤੇ ਹਨ। ਇਨ੍ਹਾਂ ’ਚ ਇਕ ਵਾਅਦਾ ਗਰੀਬ ਕਿਸਾਨਾਂ ਦੇ ਖਾਤੇ ’ਚ ਨਕਦੀ ਦੀ ਸਿੱਧੀ ਟਰਾਂਸਫਰ ਦਾ ਵੀ ਹੈ। ਸਰਕਾਰ ਨੇ ਗਰੀਬ ਕਿਸਾਨਾਂ ਦੇ ਖਾਤੇ ’ਚ ਹਰ ਸਾਲ 6 ਹਜ਼ਾਰ ਰੁਪਏ ਪਾਉਣ ਦਾ ਵਾਅਦਾ ਕੀਤਾ ਹੈ, ਜਿਸ ਦੀ 2 ਹਜ਼ਾਰ ਰੁਪਏ ਦੀ ਪਹਿਲੀ ਕਿਸ਼ਤ ਉਨ੍ਹਾਂ ਦੇ ਖਾਤੇ ’ਚ ਪਾਈ ਵੀ ਜਾ ਚੁੱਕੀ ਹੈ। ਇਸ ਦਰਮਿਆਨ ਜਿਥੇ ਨੋਟਬੰਦੀ ਅਤੇ ਜੀ. ਐੱਸ. ਟੀ. ਨੂੰ ਲੈ ਕੇ ਵਿਰੋਧੀ ਪਾਰਟੀਆਂ ਵਲੋਂ ਲਗਾਤਾਰ ਹਮਲਿਆਂ ਦਰਮਿਆਨ ਸਰਕਾਰ ਆਪਣੇ ਫੈਸਲਿਆਂ ਨੂੰ ਆਮ ਲੋਕਾਂ ਦੇ ਹਿੱਤ ’ਚ ਦੱਸਣ ’ਚ ਲੱਗੀ ਹੋਈ ਹੈ, ਉਥੇ ਹੀ ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਉਹ ਕਦੇ ਵੀ ਜਾਤ ਦੇ ਆਧਾਰ ’ਤੇ ਅਤੇ ਪਰਿਵਾਰਵਾਦ ਨੂੰ ਲੈ ਕੇ ਸਿਆਸਤ ਨਹੀਂ ਕਰਦੇ। ਉਨ੍ਹਾਂ ਕਿਹਾ, ‘‘ਮੈਂ ਕਈ ਵਾਰ ਲੋਕਾਂ ਨੂੰ ਮਜ਼ਾਕ ’ਚ ਕਹਿੰਦਾ ਹਾਂ ਕਿ ਪਿਛਲੇ ਪੰਜ ਸਾਲਾਂ ’ਚ ਮੈਂ ਜੋ ਕੁਝ ਵੀ ਕੀਤਾ ਹੈ, ਉਹ ਸਿਰਫ ਇਕ ਟ੍ਰੇਲਰ ਹੈ, ਅਜੇ ਪੂਰੀ ਫਿਲਮ ਬਾਕੀ ਹੈ।’’ ਸ਼੍ਰੀ ਗਡਕਰੀ ਨੇ ਇਹ ਵੀ ਕਿਹਾ, ‘‘ਮੈਨੂੰ ਪ੍ਰਧਾਨ ਮੰਤਰੀ ਬਣਨ ਦੀ ਕੋਈ ਇੱਛਾ ਨਹੀਂ ਹੈ। ਮੈਂ ਸੋਨੇ ਦੇ ਪਿੰਜਰੇ ’ਚ ਬੈਠਣ ਦਾ ਕਦੇ ਸੁਪਨਾ ਨਹੀਂ ਦੇਖਿਆ। ਮੰਨ ਲਓ ਜੇ ਮੈਂ ਪ੍ਰਧਾਨ ਮੰਤਰੀ ਬਣ ਵੀ ਗਿਆ ਤਾਂ ਫੁੱਟਪਾਥ ’ਤੇ ਖਾਣ ਕਿਵੇਂ ਜਾਵਾਂਗਾ? ਮੈਂ ਜਿਥੇ ਹਾਂ, ਉਥੇ ਹੀ ਠੀਕ ਹਾਂ।’’ ਸ਼੍ਰੀ ਗਡਕਰੀ ਦੇ ਉਕਤ ਬਿਆਨ ਨੂੰ ਗਲਤ ਨਹੀਂ ਕਿਹਾ ਜਾ ਸਕਦਾ, ਜਿਸ ’ਚ ਉਨ੍ਹਾਂ ਨੇ ਸਾਫ-ਸੁਥਰੀ ਸਿਆਸਤ ਪ੍ਰਤੀ ਆਪਣੀ ਵਚਨਬੱਧਤਾ ਜ਼ਾਹਿਰ ਕਰਦਿਆਂ ਇਕ ਵਾਰ ਫਿਰ ਸਿੱਧ ਕਰ ਦਿੱਤਾ ਹੈ ਕਿ ਉਹ ਨਿਰਪੱਖ ਸਿਆਸਤ ਦੇ ਹਮਾਇਤੀ ਹਨ, ਜੋ ਇਕ ਚੰਗੇ ਸਿਆਸਤਦਾਨ ਦਾ ਸਭ ਤੋਂ ਵੱਡਾ ਗੁਣ ਹੈ।

–ਵਿਜੇ ਕੁਮਾਰ
 

Bharat Thapa

This news is Content Editor Bharat Thapa