ਗ਼ੈਰ-ਹਾਜ਼ਰੀ ਅਤੇ ਕੰਮ ''ਚ ਲਾਪਰਵਾਹੀ ਬਣੀ ਸਰਕਾਰੀ ਮੁਲਾਜ਼ਮਾਂ ਦੀ ਪਛਾਣ

07/12/2017 4:54:26 AM

ਕੇਂਦਰ ਅਤੇ ਸੂਬਾ ਸਰਕਾਰਾਂ ਦੀ ਚਿਤਾਵਨੀ ਦੇ ਬਾਵਜੂਦ ਸਰਕਾਰੀ ਮੁਲਾਜ਼ਮਾਂ ਅਤੇ ਅਧਿਕਾਰੀਆਂ ਵਲੋਂ ਆਪਣੀ ਡਿਊਟੀ 'ਤੇ ਦੇਰ ਨਾਲ ਆਉਣ ਅਤੇ ਕੰਮ ਵਿਚ ਲਾਪਰਵਾਹੀ ਵਰਤਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਕਾਰਨ ਉਨ੍ਹਾਂ ਵਿਚ ਸਮੇਂ ਦੀ ਪਾਬੰਦੀ ਦੀ ਭਾਵਨਾ ਭਰਨ ਲਈ ਵੱਖ-ਵੱਖ ਸੂਬਾ ਸਰਕਾਰਾਂ ਵਲੋਂ ਛਾਪੇਮਾਰੀ ਦਾ ਸਿਲਸਿਲਾ ਕਿਤੇ-ਕਿਤੇ ਸ਼ੁਰੂ ਹੋਇਆ ਹੈ ਅਤੇ ਹੁਣੇ-ਹੁਣੇ ਮਾਰੇ ਗਏ ਕੁਝ ਛਾਪੇ ਹੇਠਾਂ ਦਰਜ ਹਨ :
* 08 ਅਪ੍ਰੈਲ ਨੂੰ ਪੁੰਛ ਦੇ ਡਿਪਟੀ ਕਮਿਸ਼ਨਰ ਮੁਹੰਮਦ ਹਾਰੂਨ ਨੇ ਤਹਿਸੀਲ ਮੰਡੀ ਅਤੇ ਸੂਰਨਕੋਟ ਦੇ ਸਰਕਾਰੀ ਦਫਤਰਾਂ 'ਤੇ ਛਾਪੇ ਮਾਰੇ। ਇਸ ਦੌਰਾਨ ਮੰਡੀ ਦੇ ਬਲਾਕ ਵਿਕਾਸ ਦਫਤਰ, ਤਹਿਸੀਲ ਸਪਲਾਈ ਦਫਤਰ, ਸੀ. ਡੀ. ਪੀ. ਓ. ਦਫਤਰ ਅਤੇ ਖੇਤੀਬਾੜੀ ਤੇ ਬਾਗਬਾਨੀ ਵਿਭਾਗਾਂ ਵਿਚ ਕਈ ਮੁਲਾਜ਼ਮ ਬਿਨਾਂ ਇਜਾਜ਼ਤ ਦੇ ਗ਼ੈਰ-ਹਾਜ਼ਰ ਪਾਏ ਗਏ, ਜਿਨ੍ਹਾਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਸ਼ੁਰੂ ਕੀਤੀ ਗਈ ਹੈ। 
* 19 ਮਈ ਨੂੰ ਕੇਰਲਾ ਦੇ ਪੀ. ਡਬਲਯੂ. ਡੀ. ਮੰਤਰੀ ਜੀ. ਸੁਧਾਕਰਨ ਵਲੋਂ ਮੱਲਪੁਰਮ ਵਿਚ ਪੀ. ਡਬਲਯੂ. ਡੀ. ਦਫਤਰ 'ਤੇ ਮਾਰੇ ਗਏ ਛਾਪੇ ਵਿਚ ਬਿਨਾਂ ਇਜਾਜ਼ਤ ਗ਼ੈਰ-ਹਾਜ਼ਰ ਇਕ ਕਾਰਜਕਾਰੀ ਇੰਜੀਨੀਅਰ ਸਮੇਤ 13 ਅਧਿਕਾਰੀਆਂ ਨੂੰ ਮੁਅੱਤਲ ਕੀਤਾ ਗਿਆ।
* 20 ਮਈ ਨੂੰ ਜੰਮੂ-ਕਸ਼ਮੀਰ 'ਚ ਕਠੂਆ ਅਤੇ ਰਾਮਬਨ ਦੇ ਸਰਕਾਰੀ ਦਫਤਰਾਂ 'ਤੇ ਜ਼ਿਲਾ ਵਿਕਾਸ ਕਮਿਸ਼ਨਰ ਕਠੂਆ ਨੇ ਛਾਪੇਮਾਰੀ ਦੌਰਾਨ 4 ਮੁਲਾਜ਼ਮਾਂ ਨੂੰ ਡਿਊਟੀ ਤੋਂ ਗ਼ੈਰ-ਹਾਜ਼ਰ ਪਾਏ ਜਾਣ 'ਤੇ ਫੌਰੀ ਪ੍ਰਭਾਵ ਨਾਲ ਮੁਅੱਤਲ ਅਤੇ 8 ਹੋਰਨਾਂ ਨੂੰ 'ਕਾਰਨ ਦੱਸੋ' ਨੋਟਿਸ ਜਾਰੀ ਕਰ ਕੇ ਉਨ੍ਹਾਂ ਦੀ ਤਨਖਾਹ ਵੀ ਰੋਕ ਦਿੱਤੀ ਹੈ। 
* 21 ਮਈ ਨੂੰ ਰਾਮਬਨ ਦੇ ਜ਼ਿਲਾ ਵਿਕਾਸ ਅਫਸਰ ਮੁਹੰਮਦ ਏਜ਼ਾਜ਼ ਨੇ ਜ਼ਿਲਾ ਹਸਪਤਾਲ ਦੇ ਟਰਾਮਾ ਸੈਂਟਰ ਅਤੇ ਸਰਕਾਰੀ ਹਾਇਰ ਸੈਕੰਡਰੀ ਸਕੂਲ ਵਿਚ ਛਾਪਾ ਮਾਰਿਆ ਤੇ ਜ਼ਿਲਾ ਹਸਪਤਾਲ ਦੇ 2 ਗ਼ੈਰ-ਹਾਜ਼ਰ ਡਾਕਟਰ ਫੌਰਨ ਮੁਅੱਤਲ ਕਰ ਦਿੱਤੇ। 
* 08 ਜੂਨ ਨੂੰ ਗੁਰਦਾਸਪੁਰ ਵਿਚ ਨਿਊ ਸਿਵਲ ਹਸਪਤਾਲ, ਬਾਬਰੀ ਬਾਈਪਾਸ ਦੇ ਅਚਨਚੇਤ ਨਿਰੀਖਣ ਦੌਰਾਨ ਐੱਸ. ਐੱਮ. ਓ. ਸਮੇਤ 69 ਮੁਲਾਜ਼ਮ ਗ਼ੈਰ-ਹਾਜ਼ਰ ਪਾਏ ਗਏ। 
* 24 ਜੂਨ ਨੂੰ ਕਾਂਗੜਾ 'ਚ ਸਥਿਤ ਬੀ. ਡੀ. ਓ. ਦਫਤਰ ਵਿਚ ਐੱਸ. ਡੀ. ਓ. ਦੇ ਅਚਨਚੇਤ ਨਿਰੀਖਣ ਦੌਰਾਨ ਸਿਰਫ 2 ਕੰਪਿਊਟਰ ਆਪ੍ਰੇਟਰਾਂ ਤੇ ਇਕ ਚਪੜਾਸੀ ਤੋਂ ਇਲਾਵਾ ਬਾਕੀ 22 ਮੁਲਾਜ਼ਮ ਗ਼ੈਰ-ਹਾਜ਼ਰ ਪਾਏ ਗਏ। 
* 05 ਜੁਲਾਈ ਨੂੰ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਏ. ਡੀ. ਸੀ. (ਵਿਕਾਸ) ਵਲੋਂ ਕੋਟਕਪੂਰਾ ਦੇ ਬਲਾਕ ਵਿਕਾਸ ਅਤੇ ਪੰਚਾਇਤ ਦਫਤਰ ਦੇ ਅਚਨਚੇਤ ਨਿਰੀਖਣ ਦੌਰਾਨ 3 ਮੁਲਾਜ਼ਮ ਗ਼ੈਰ-ਹਾਜ਼ਰ ਮਿਲੇ। 
* 06 ਜੁਲਾਈ ਨੂੰ ਜ਼ਿਲਾ ਚੌਕਸੀ ਵਿਭਾਗ ਵਲੋਂ ਨੂਰਪੁਰਬੇਦੀ ਦੇ ਬੀ. ਡੀ. ਪੀ. ਓ. ਦਫਤਰ ਉੱਤੇ ਅਚਾਨਕ ਮਾਰੇ ਛਾਪੇ ਦੌਰਾਨ 3 ਮੁਲਾਜ਼ਮ ਗ਼ੈਰ-ਹਾਜ਼ਰ ਮਿਲੇ, ਜਦਕਿ ਖੁਰਾਕ ਤੇ ਸਪਲਾਈ ਦਫਤਰ ਵਿਚ ਸਵੇਰੇ 10 ਵਜੇ ਤਕ ਕੋਈ ਵੀ ਮੁਲਾਜ਼ਮ ਮੌਜੂਦ ਨਹੀਂ ਸੀ। 
* ਇਸੇ ਤਰ੍ਹਾਂ ਤਰਨਤਾਰਨ ਵਿਚ ਇਸੇ ਦਿਨ ਵੱਖ-ਵੱਖ ਦਫਤਰਾਂ 'ਤੇ ਛਾਪੇਮਾਰੀ 'ਚ 50 ਅਧਿਕਾਰੀ ਗ਼ੈਰ-ਹਾਜ਼ਰ ਪਾਏ ਗਏ, ਜਿਨ੍ਹਾਂ ਨੂੰ ਚਾਰਜਸ਼ੀਟ ਫੜਾ ਦਿੱਤੀ ਗਈ ਹੈ।
* 07 ਜੁਲਾਈ ਨੂੰ ਜਲੰਧਰ ਦੇ ਵੱਖ-ਵੱਖ ਸਰਕਾਰੀ ਦਫਤਰਾਂ 'ਤੇ ਮਾਰੇ ਗਏ ਛਾਪਿਆਂ ਦੌਰਾਨ 130 ਮੁਲਾਜ਼ਮ ਗ਼ੈਰ-ਹਾਜ਼ਰ ਪਾਏ ਗਏ। ਸਿਵਲ ਹਸਪਤਾਲ ਜਲੰਧਰ 'ਚ 3 ਡਾਕਟਰਾਂ ਸਮੇਤ 68 ਮੁਲਾਜ਼ਮ ਗ਼ੈਰ-ਹਾਜ਼ਰ ਸਨ। 
* 07 ਜੁਲਾਈ ਨੂੰ ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਨੇ ਬਠਿੰਡਾ 'ਚ ਸਥਿਤ ਭਾਈ ਮਨੀ ਸਿੰਘ ਸਰਕਾਰੀ ਹਸਪਤਾਲ 'ਚ ਛਾਪਾ ਮਾਰਿਆ। ਇਸ ਦੌਰਾਨ 4 ਡਾਕਟਰ ਗ਼ੈਰ-ਹਾਜ਼ਰ ਅਤੇ ਕਈ ਡਾਕਟਰ ਤੇ ਹੋਰ ਮੁਲਾਜ਼ਮ ਲੇਟ ਪਾਏ ਗਏ ਤੇ ਛਾਪੇ ਤੋਂ ਬਾਅਦ ਪਹੁੰਚੇ। 
* 07 ਜੁਲਾਈ ਨੂੰ ਹੀ ਤਰਨਤਾਰਨ ਵਿਚ ਸਰਹਾਲੀ ਮੰਡ ਦੇ ਪਸ਼ੂਆਂ ਦੇ ਹਸਪਤਾਲ 'ਚ ਜ਼ਿਲਾ ਪ੍ਰਸ਼ਾਸਨ ਵਲੋਂ ਅਚਾਨਕ ਨਿਰੀਖਣ ਦੌਰਾਨ 'ਵੈਟਰਨਰੀ ਇੰਸਪੈਕਟਰ' ਅਤੇ 'ਵੀ. ਓ.' ਅਤੇ 'ਸੀ. ਵੀ. ਐੱਚ.' ਕੈਰੋਂ ਵਿਚ ਦਰਜਾ ਚਾਰ ਮੁਲਾਜ਼ਮ ਨੂੰ ਗ਼ੈਰ-ਹਾਜ਼ਰ ਪਾਇਆ ਗਿਆ। 
* 10 ਜੁਲਾਈ ਨੂੰ ਲੁਧਿਆਣਾ ਵਿਚ 13 ਟੀਮਾਂ ਵਲੋਂ ਇਕੋ ਸਮੇਂ ਸ਼ਹਿਰ ਦੇ ਸਰਕਾਰੀ ਦਫਤਰਾਂ ਦੀ ਅਚਾਨਕ ਕੀਤੀ ਚੈਕਿੰਗ 'ਚ 166 ਮੁਲਾਜ਼ਮ ਗ਼ੈਰ-ਹਾਜ਼ਰ ਜਾਂ ਲੇਟ ਪਾਏ ਗਏ।
ਮੋਟੀਆਂ ਤਨਖਾਹਾਂ ਦੇ ਬਾਵਜੂਦ ਇੰਨੀ ਵੱਡੀ ਗਿਣਤੀ ਵਿਚ ਸਰਕਾਰੀ ਮੁਲਾਜ਼ਮਾਂ ਦਾ ਬਿਨਾਂ ਇਜਾਜ਼ਤ ਦੇ ਗ਼ੈਰ-ਹਾਜ਼ਰ ਹੋਣਾ ਜਾਂ ਡਿਊਟੀ 'ਤੇ ਦੇਰ ਨਾਲ ਪਹੁੰਚਣਾ ਅਤੇ ਆਪਣੇ ਕੰਮ 'ਚ ਲਾਪਰਵਾਹੀ ਵਰਤਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ। 
ਇਸੇ ਕਾਰਨ ਅਸੀਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਕਿਹਾ ਸੀ ਕਿ ਜਦੋਂ ਕਦੇ ਤੁਸੀਂ ਸੜਕ ਮਾਰਗ ਰਾਹੀਂ ਸਫਰ ਕਰੋ ਤਾਂ ਕਦੇ ਕਿਸੇ ਸਰਕਾਰੀ ਸਕੂਲ ਜਾਂ ਹਸਪਤਾਲ ਵਿਚ ਚਲੇ ਜਾਓ। ਜੇ ਤੁਸੀਂ ਕਿਸੇ ਇਕ ਸਰਕਾਰੀ ਸਕੂਲ ਜਾਂ ਹਸਪਤਾਲ ਦਾ ਅਚਾਨਕ ਦੌਰਾ ਕਰ ਲਵੋਗੇ ਤਾਂ ਉਸ ਦੇ ਆਸ-ਪਾਸ ਵਾਲੇ ਕਈ ਸਕੂਲਾਂ ਅਤੇ ਹਸਪਤਾਲਾਂ ਦੀ ਹਾਲਤ ਆਪਣੇ ਆਪ ਸੁਧਰਨ ਲੱਗੇਗੀ।
ਪਰ ਜੇਕਰ ਮੰਤਰੀ ਖ਼ੁਦ ਛਾਪੇ ਮਾਰਨ ਲਈ ਨਾ ਜਾ ਸਕਣ ਤਾਂ ਡਿਪਟੀ ਕਮਿਸ਼ਨਰਾਂ ਦੀ ਡਿਊਟੀ ਲਾ ਕੇ ਸਥਾਈ ਤੌਰ 'ਤੇ ਛਾਪੇ ਮਾਰਨ ਅਤੇ ਦੋਸ਼ੀ ਪਾਏ ਜਾਣ ਵਾਲੇ ਅਧਿਕਾਰੀਆਂ ਨੂੰ ਸਖਤ ਸਜ਼ਾ ਦੇਣ ਦਾ ਸਿਲਸਿਲਾ ਸ਼ੁਰੂ ਕੀਤਾ ਜਾਵੇ। 
ਇਸ ਨਾਲ ਮੁਲਾਜ਼ਮਾਂ 'ਚ ਡਰ ਪੈਦਾ ਹੋਵੇਗਾ ਅਤੇ ਸਰਕਾਰੀ ਕੰਮਕਾਜ 'ਚ ਸੁਧਾਰ ਆਵੇਗਾ। ਇਹ ਸਿਲਸਿਲਾ ਕਿਸੇ ਇਕ ਖੇਤਰ ਤਕ ਸੀਮਤ ਨਾ ਰੱਖ ਕੇ ਸਮੁੱਚੇ ਦੇਸ਼ 'ਚ ਸ਼ੁਰੂ ਕਰਨ ਦੀ ਲੋੜ ਹੈ।                                                  
—ਵਿਜੇ ਕੁਮਾਰ  

Vijay Kumar Chopra

This news is Chief Editor Vijay Kumar Chopra