ਫਲੋਰੀਡਾ (ਅਮਰੀਕਾ) ਦੇ ਸਕੂਲ ''ਚ ਗੋਲੀਬਾਰੀ ਦੀ ਸਭ ਤੋਂ ਭਿਆਨਕ ਘਟਨਾ

02/17/2018 4:09:32 AM

ਅਮਰੀਕੀ ਸਕੂਲਾਂ 'ਚ ਹਿੰਸਾ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਬੀਤੀ 1 ਫਰਵਰੀ ਨੂੰ ਲਾਸ ਏਂਜਲਸ ਸ਼ਹਿਰ ਦੇ ਡਾਊਨ-ਟਾਊਨ ਵਿਚ ਸੈਲ ਕਾਸਤਰੋ ਮਿਡਲ ਸਕੂਲ ਵਿਚ ਇਕ 12 ਸਾਲਾ ਵਿਦਿਆਰਥਣ ਨੇ ਕਲਾਸ ਅੰਦਰ ਬੰਦੂਕ ਸਮੇਤ ਦਾਖਲ ਹੋ ਕੇ ਅਤੇ ਗੋਲੀ ਚਲਾ ਕੇ 5 ਵਿਅਕਤੀਆਂ ਨੂੰ ਜ਼ਖ਼ਮੀ ਕਰ ਦਿੱਤਾ ਸੀ। 
ਇਸ ਘਟਨਾ ਤੋਂ ਸਿਰਫ 13 ਦਿਨਾਂ ਬਾਅਦ 14 ਫਰਵਰੀ ਨੂੰ ਅਮਰੀਕਾ ਵਿਚ ਫਲੋਰੀਡਾ ਦੇ ਪਾਰਕਲੈਂਡ ਵਿਚ ਮਾਰਜਰੀ ਸਟੋਨਮੈਨ ਡਗਲਸ ਹਾਈ ਸਕੂਲ ਵਿਚ ਸ਼ਕਤੀਸ਼ਾਲੀ ਅਸਾਲਟ ਰਾਈਫਲ ਨਾਲ ਲੈਸ ਨਿਕੋਲਸ ਕਰੂਜ਼ ਨਾਮੀ ਸਾਬਕਾ ਵਿਦਿਆਰਥੀ ਵਲੋਂ, ਜਿਸ ਨੂੰ ਕੁਝ ਮਹੀਨੇ ਪਹਿਲਾਂ ਆਪਣੀ ਸਾਬਕਾ ਪ੍ਰੇਮਿਕਾ ਦੇ ਨਵੇਂ ਬੁਆਏਫ੍ਰੈਂਡ ਨਾਲ ਲੜਾਈ ਕਰਨ ਤੋਂ ਬਾਅਦ ਸਕੂਲ 'ਚੋਂ ਕੱਢ ਦਿੱਤਾ ਗਿਆ ਸੀ, ਇਸੇ ਸਕੂਲ ਵਿਚ ਕੀਤੀ ਗਈ ਗੋਲੀਬਾਰੀ ਨਾਲ ਕਈ ਵਿਦਿਆਰਥੀਆਂ ਸਮੇਤ ਘੱਟੋ-ਘੱਟ 17 ਵਿਅਕਤੀ ਮਾਰੇ ਗਏ ਅਤੇ ਭਾਰਤੀ ਮੂਲ ਦੇ 1 ਵਿਦਿਆਰਥੀ ਸਮੇਤ 15 ਜ਼ਖ਼ਮੀ ਹੋ ਗਏ। 
ਸਕੂਲ 'ਚ ਗੋਲੀਬਾਰੀ ਦੀ ਇਸ ਘਟਨਾ ਤੋਂ ਬਾਅਦ ਅਮਰੀਕਾ ਵਿਚ ਵਿਵਾਦਪੂਰਨ ਬੰਦੂਕ ਕੰਟਰੋਲ ਕਾਨੂੰਨ ਨੂੰ ਲੈ ਕੇ ਫਿਰ ਬਹਿਸ ਸ਼ੁਰੂ ਹੋ ਗਈ ਹੈ ਅਤੇ ਲੋਕਾਂ ਦਾ ਕਹਿਣਾ ਹੈ ਕਿ ਸਕੂਲਾਂ 'ਚ ਗੋਲੀਬਾਰੀ ਦੀਆਂ ਵਧਦੀਆਂ ਘਟਨਾਵਾਂ 'ਤੇ ਰੋਕ ਲਾਉਣ ਲਈ ਕੋਈ ਵੀ ਕਾਨੂੰਨ ਕਾਫੀ ਨਹੀਂ ਹੈ। 
ਕਿਸੇ ਅਮਰੀਕੀ ਸਕੂਲ ਵਿਚ 2012 ਤੋਂ ਬਾਅਦ ਫਾਇਰਿੰਗ ਦੀ ਇਹ ਸਭ ਤੋਂ ਵੱਡੀ ਘਟਨਾ ਹੈ। ਸੰਨ 2016 ਵਿਚ 31 ਹਜ਼ਾਰ ਦੀ ਆਬਾਦੀ ਵਾਲੇ ਪਾਰਕਲੈਂਡ ਇਲਾਕੇ ਨੂੰ ਫਲੋਰੀਡਾ ਦਾ ਸਭ ਤੋਂ ਸੁਰੱਖਿਅਤ ਸ਼ਹਿਰ ਐਲਾਨਿਆ ਗਿਆ ਸੀ। 
ਸਕੂਲ ਵਿਚ ਕਰੂਜ਼ ਪੜ੍ਹਾਈ ਦੌਰਾਨ ਅਮਰੀਕੀ ਫੌਜ ਵਲੋਂ ਪ੍ਰਾਯੋਜਿਤ ਜੂਨੀਅਰ ਰਿਜ਼ਰਵ ਅਧਿਕਾਰੀਆਂ ਦੇ ਟ੍ਰੇਨਿੰਗ ਪ੍ਰੋਗਰਾਮ 'ਚ ਸ਼ਾਮਿਲ ਰਿਹਾ ਸੀ। ਹਮਲੇ ਦੇ ਸਮੇਂ ਉਸ ਨੇ ਗੈਸ ਮਾਸਕ ਪਹਿਨਿਆ ਹੋਇਆ ਸੀ। ਉਸ ਕੋਲੋਂ ਸਮੋਗ ਗ੍ਰਨੇਡ ਅਤੇ ਅਣਗਿਣਤ ਮੈਗਜ਼ੀਨ ਵੀ ਮਿਲੇ। 
ਭਿਆਨਕ ਇਰਾਦਿਆਂ ਅਤੇ ਏ. ਆਰ. 15 ਅਸਾਲਟ ਰਾਈਫਲ ਨਾਲ ਸਕੂਲ ਪੁੱਜੇ ਕਰੂਜ਼ ਨੇ ਪਹਿਲਾਂ ਫਾਇਰ ਅਲਾਰਮ ਵਜਾਇਆ ਤਾਂ ਕਿ ਭਾਜੜ ਮਚੇ ਤੇ ਵੱਧ ਤੋਂ ਵੱਧ ਲੋਕ ਉਸ ਦਾ ਸ਼ਿਕਾਰ ਬਣਨ। ਕਰੂਜ਼ ਵਲੋਂ ਵਰਤੀ ਗਈ ਰਾਈਫਲ 'ਤੇ ਅਮਰੀਕਾ ਵਿਚ 1994 ਤੋਂ 2004 ਤਕ ਪਾਬੰਦੀ ਲੱਗੀ ਹੋਈ ਸੀ ਪਰ ਬਾਅਦ ਵਿਚ ਇਹ ਪਾਬੰਦੀ ਹਟਾ ਲਈ ਗਈ ਸੀ। 
ਫਲੋਰੀਡਾ ਦੇ ਸਕੂਲ 'ਚ ਹੋਇਆ ਹਮਲਾ 2018 ਦੇ ਸ਼ੁਰੂਆਤੀ 45 ਦਿਨਾਂ 'ਚ ਅਮਰੀਕੀ ਸਕੂਲਾਂ ਵਿਚ ਹਮਲੇ ਦੀ 18ਵੀਂ ਘਟਨਾ ਹੈ। ਇਹ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ ਦੁੱਗਣੀ ਤੋਂ ਵੀ ਜ਼ਿਆਦਾ ਹੈ। 
ਆਪਣੀ ਆਬੋ-ਹਵਾ ਕਾਰਨ ਫਲੋਰੀਡਾ ਨੂੰ 'ਸਨਸ਼ਾਈਨ ਸਟੇਟ' ਕਿਹਾ ਜਾਂਦਾ ਹੈ ਪਰ ਇਥੇ ਹਿੰਸਾ ਦੇ ਪੁਜਾਰੀਆਂ ਨੂੰ ਆਸਾਨੀ ਨਾਲ ਹਥਿਆਰ ਮਿਲ ਜਾਣ ਕਾਰਨ ਇਸ ਨੂੰ 'ਗੰਨਸ਼ਾਈਨ ਸਟੇਟ' ਵੀ ਕਿਹਾ ਜਾਣ ਲੱਗਾ ਹੈ। 
ਸਮੁੱਚੇ ਅਮਰੀਕਾ 'ਚੋਂ ਇਸੇ ਸੂਬੇ ਵਿਚ ਸਭ ਤੋਂ ਵੱਧ ਲੋਕਾਂ ਕੋਲ ਬੰਦੂਕਾਂ ਦੇ ਲਾਇਸੈਂਸ ਹਨ। ਹਾਲ ਹੀ ਦੇ ਵਰ੍ਹਿਆਂ ਵਿਚ ਇਥੇ ਕਈ ਭਿਆਨਕ ਗੋਲੀ ਕਾਂਡ ਹੋ ਚੁੱਕੇ ਹਨ। ਸਭ ਤੋਂ ਭਿਆਨਕ ਗੋਲੀ ਕਾਂਡ 12 ਜੂਨ 2016 ਨੂੰ ਹੋਇਆ ਸੀ, ਜਦੋਂ ਓਰਲੈਂਡੋ ਵਿਚ ਹਥਿਆਰਾਂ ਨਾਲ ਲੈਸ ਵਿਅਕਤੀ ਨੇ 49 ਵਿਅਕਤੀਆਂ ਨੂੰ ਮਾਰ ਦਿੱਤਾ ਸੀ। 
ਇਥੇ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਜਦੋਂ ਤੋਂ ਡੋਨਾਲਡ ਟਰੰਪ ਨੇ ਅਮਰੀਕਾ ਦੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ ਹੈ, ਅਜਿਹੀਆਂ ਘਟਨਾਵਾਂ ਵਿਚ ਤੇਜ਼ੀ ਆ ਗਈ ਹੈ। ਇਕ ਪਾਸੇ ਉੱਤਰੀ ਕੋਰੀਆ ਨਾਲ ਚੱਲ ਰਹੇ ਅਮਰੀਕਾ, ਦੱਖਣੀ ਕੋਰੀਆ ਤੇ ਜਾਪਾਨ ਦੇ ਵਿਵਾਦ ਕਾਰਨ ਸੰਸਾਰ ਜੰਗ ਦਾ ਖਤਰਾ ਵਧ ਰਿਹਾ ਹੈ, ਤਾਂ ਦੂਜੇ ਪਾਸੇ ਅਮਰੀਕਾ ਵਿਚ ਲਗਾਤਾਰ ਵਧ ਰਹੀ ਅਸਹਿਣਸ਼ੀਲਤਾ ਤੇ ਹਿੰਸਾ ਚਿੰਤਾਜਨਕ ਰੂਪ ਧਾਰਨ ਕਰਦੀ ਜਾ ਰਹੀ ਹੈ, ਜੋ ਇਸ ਗੱਲ ਦੀ ਪ੍ਰਤੀਕ ਹੈ ਕਿ ਅੱਜ ਦੁਨੀਆ ਕਿਸ ਤਰ੍ਹਾਂ ਖਤਰਨਾਕ ਦੌਰ 'ਚ ਦਾਖਲ ਹੋ ਗਈ ਹੈ।                          
—ਵਿਜੇ ਕੁਮਾਰ

Vijay Kumar Chopra

This news is Chief Editor Vijay Kumar Chopra