''ਹਾਈ ਵੋਲਟੇਜ ਨੰਗੀਆਂ'' ਅਤੇ ਬਿਜਲੀ ਦੇ ਖੰਭਿਆਂ ਨਾਲ ਝੂਲਦੀਆਂ ਤਾਰਾਂ, ਲੋਕਾਂ ਦੇ ਸਿਰ ''ਤੇ ਲਟਕਦੀ ਮੌਤ

04/12/2017 7:35:10 AM

ਪੰਜਾਬ, ਹਰਿਆਣਾ ਸਮੇਤ ਦੇਸ਼ ਦੇ ਕਈ ਹਿੱਸਿਆਂ ''ਚ ਰਿਹਾਇਸ਼ੀ ਇਲਾਕਿਆਂ ਨੇੜਿਓਂ ਲੰਘਣ ਵਾਲੀਆਂ ਬੇਤਰਤੀਬੇ ਢੰਗ ਨਾਲ ਲਟਕ ਰਹੀਆਂ ਅਤੇ ਸਹੀ ਢੰਗ ਨਾਲ ਨਾ ਜੋੜੀਆਂ ਹੋਈਆਂ ਬਿਜਲੀ ਦੀਆਂ ਹਾਈ ਟੈਨਸ਼ਨ ਨੰਗੀਆਂ ਤਾਰਾਂ ਮੌਤ ਨੂੰ ਖੁੱਲ੍ਹੇਆਮ ਸੱਦਾ ਦੇ ਰਹੀਆਂ ਹਨ। 
ਆਬਾਦੀ ਵਾਲੇ ਇਲਾਕਿਆਂ ''ਚ ਕਈ ਜਗ੍ਹਾ ਇਹ ਤਾਰਾਂ ਇੰਨੀਆਂ ਨੀਵੀਆਂ ਲਟਕ ਰਹੀਆਂ ਹਨ ਕਿ ਮਕਾਨਾਂ ਦੀਆਂ ਛੱਤਾਂ ਤਕ ਨੂੰ ਛੂਹ ਰਹੀਆਂ ਹਨ, ਜਿਸ ਕਾਰਨ ਮੀਂਹ ਅਤੇ ਤੂਫਾਨ ਦੀ ਸਥਿਤੀ ਵਿਚ ਤਾਂ ਇਨ੍ਹਾਂ ਤੋਂ ਖਤਰਾ ਹੋਰ ਵੀ ਵਧ ਜਾਂਦਾ ਹੈ। 
ਕੌਮੀ ਅਪਰਾਧ ਰਿਕਾਰਡ ਬਿਊਰੋ ਅਨੁਸਾਰ ਦੇਸ਼ ਭਰ ਵਿਚ ਰਿਹਾਇਸ਼ੀ ਇਲਾਕਿਆਂ ''ਚੋਂ ਲੰਘਣ ਵਾਲੀਆਂ ਬਿਜਲੀ ਦੀਆਂ ਹਾਈ ਟੈਨਸ਼ਨ ਨੰਗੀਆਂ ਤਾਰਾਂ ਅਤੇ ਬਿਜਲੀ ਦੇ ਖੰਭਿਆਂ ਆਦਿ ਨਾਲ ਝੂਲਦੀਆਂ ਤਾਰਾਂ ਦੇ ਸਿੱਟੇ ਵਜੋਂ ਲੱਗਣ ਵਾਲੇ ਕਰੰਟ ਨਾਲ ਸੰਨ 2015 ਵਿਚ ਹੀ 9986 ਲੋਕਾਂ ਦੀ ਮੌਤ ਹੋਈ, ਜਦਕਿ 2014 ''ਚ ਇਹ ਅੰਕੜਾ 9606 ਸੀ। 
ਇਨ੍ਹਾਂ ਤਾਰਾਂ ਨਾਲ ਕੀਮਤੀ ਜਾਨਾਂ ਜਾਣ ਤੋਂ ਇਲਾਵਾ ਕਈ ਲੋਕ ਅਪਾਹਜ ਹੋ ਰਹੇ ਹਨ। ਅਜਿਹੀਆਂ ਹੀ ਦੁਰਘਟਨਾਵਾਂ ਦੀਆਂ ਕੁਝ ''ਭਿਆਨਕ'' ਮਿਸਾਲਾਂ ਹੇਠਾਂ ਦਰਜ ਹਨ :
* 31 ਜਨਵਰੀ, 2016 ਨੂੰ ਮੇਹਸਾਣਾ ਵਿਚ ਬਿਜਲੀ ਦੇ ਖੰਭੇ ਨਾਲ ਲਟਕ ਰਹੀ ਤਾਰ ਨਾਲ ਇਕ ਬੱਚੇ ਦੇ ਛੂਹ ਜਾਣ ''ਤੇ ਉਸ ਦੇ ਦੋਵੇਂ ਹੱਥ ਉੱਡ ਗਏ। 
* 23 ਜੂਨ ਨੂੰ ਰਾਜਸਥਾਨ ''ਚ ਚਿਤੌੜਗੜ੍ਹ ਦੇ ਰੇਵਲੀਆ ਖੁਰਦ ਪਿੰਡ ਦੇ ਇਕ ਖੇਤ ਵਿਚ ਡਿਗੀ ਬਿਜਲੀ ਦੀ ਤਾਰ ਦੀ ਲਪੇਟ ''ਚ ਆਉਣ ਨਾਲ ਦਾਦੇ-ਪੋਤੇ ਦੀ ਮੌਤ।
* 28 ਜੂਨ ਨੂੰ ਹੈਦਰਾਬਾਦ ਦੀ ਇਕ ਗਲੀ ''ਚ ਟੁੱਟ ਕੇ ਡਿਗੀ ਬਿਜਲੀ ਦੀ ਤਾਰ ਨਾਲ ਪਾਣੀ ''ਚ ਵੀ ਕਰੰਟ ਆ ਜਾਣ ''ਤੇ ਇਕ 5 ਸਾਲਾ ਬੱਚੀ ਦੀ ਮੌਤ।
* 28 ਜੁਲਾਈ ਨੂੰ ਜੀਂਦ ਵਿਚ ਇਕ ਬੱਚੀ ਇਸ਼ਿਕਾ ਨਾਲ ਛੱਤ ''ਤੇ ਬਿਜਲੀ ਦੀ ਤਾਰ ਛੂਹ ਜਾਣ ''ਤੇ ਉਸ ਦਾ ਇਕ ਹੱਥ ਤੇ ਪੈਰ ਕੱਟਣੇ ਪਏ।
* 12 ਸਤੰਬਰ ਨੂੰ ਹੈਦਰਾਬਾਦ ''ਚ ਟੁੱਟ ਕੇ ਡਿਗੀ  ਬਿਜਲੀ ਦੀ ਇਕ ਹਾਈ ਟੈਨਸ਼ਨ ਤਾਰ ਨਾਲ ਛੂਹ ਜਾਣ ''ਤੇ ਇਕ ਮਹਿਲਾ ਸਫਾਈ ਮੁਲਾਜ਼ਮ ਦੀ ਮੌਤ ਹੋ ਗਈ।
* 13 ਸਤੰਬਰ ਨੂੰ ਯੂ. ਪੀ. ਦੇ ਏਟਾ ''ਚ ਇਕ ਬੱਸ ''ਤੇ ਹਾਈ ਟੈਨਸ਼ਨ ਤਾਰ ਡਿਗਣ ਨਾਲ 9 ਵਿਅਕਤੀਆਂ ਦੀ ਮੌਤ ਹੋ ਗਈ ਤੇ ਇਕ ਦਰਜਨ ਗੰਭੀਰ ਰੂਪ ''ਚ ਝੁਲਸ ਗਏ।
* 18 ਸਤੰਬਰ ਨੂੰ ਭਿਵਾਨੀ ਜ਼ਿਲੇ ''ਚ ਸਿਵਾਨੀ ਦੇ ਮੇਨ ਬਾਜ਼ਾਰ ਇਲਾਕੇ ''ਚ 11 ਹਜ਼ਾਰ ਵੋਲਟ ਵਾਲੀ ਬਿਜਲੀ ਦੀ ਹਾਈ ਟੈਨਸ਼ਨ ਤਾਰ ਟੁੱਟ ਕੇ ਡਿਗਣ ਨਾਲ ਇਕੋ ਪਰਿਵਾਰ ਦੇ 3 ਮੈਂਬਰਾਂ ਦੀ ਮੌਤ ਹੋ ਗਈ।
* 20 ਸਤੰਬਰ ਨੂੰ ਓਡਿਸ਼ਾ ਦੇ ਭੁਬਾਨਾ ਵਿਚ ਇਕ ਬੱਸ ਦੀ ਛੱਤ ਨੀਵੀਆਂ ਲਟਕ ਰਹੀਆਂ ਬਿਜਲੀ ਦੀਆਂ ਹਾਈ ਟੈਨਸ਼ਨ ਤਾਰਾਂ ਨਾਲ ਛੂਹ ਜਾਣ ''ਤੇ 6 ਮੁਸਾਫਿਰਾਂ ਦੀ ਮੌਤ। 
* 05 ਨਵੰਬਰ ਨੂੰ ਬਿਜਨੌਰ ਦੇ ਜਿਮ ਕਾਰਬੇਟ ਟਾਈਗਰ ਰਿਜ਼ਰਵ ''ਚ ਨੀਵੀਂ ਲਟਕ ਰਹੀ ਬਿਜਲੀ ਦੀ ਹਾਈ ਟੈਨਸ਼ਨ ਤਾਰ ਦੇ ਸੰਪਰਕ ਵਿਚ ਆਉਣ ਨਾਲ ਇਕ ਹਾਥੀ ਮਾਰਿਆ ਗਿਆ।
* 24 ਜਨਵਰੀ 2017 ਨੂੰ ਦਿੱਲੀ ਦੀ ਅਮਰ ਕਾਲੋਨੀ ''ਚ ਮਕਾਨ ਉਪਰੋਂ ਲੰਘ ਰਹੀ ਬਿਜਲੀ ਦੀ ਹਾਈ ਟੈਨਸ਼ਨ ਤਾਰ ਦੀ ਲਪੇਟ ਵਿਚ ਆ ਕੇ ਇਕ ਨੌਜਵਾਨ ਦੀ ਮੌਤ।
* 01 ਫਰਵਰੀ ਨੂੰ ਦਿੱਲੀ ਦੇ ਚਾਂਦਨੀ ਚੌਕ ''ਚ ਟਰਾਂਸਫਾਰਮਰ ਦੀਆਂ ਚੰਗਿਆੜੀਆਂ ਨਾਲ ਲੱਗੀ ਅੱਗ ''ਚ ਇਕ ਦੁਕਾਨ ਸੜ ਕੇ ਸੁਆਹ ਤੇ 30 ਹੋਰ ਦੁਕਾਨਾਂ ਨੂੰ ਨੁਕਸਾਨ ਪੁੱਜਾ।
* 30 ਮਾਰਚ ਨੂੰ ਪੂਰਬੀ ਦਿੱਲੀ ਦੀ ਫੁੱਲ ਮਾਰਕੀਟ ''ਚ ਬਿਜਲੀ ਦੇ ਖੰਭੇ ਨਾਲੋਂ ਟੁੱਟ ਕੇ ਇਕ ਟੈਂਪਰੇਰੀ ਸ਼ੈੱਡ ''ਤੇ ਤਾਰ ਡਿਗਣ ਨਾਲ ਅੱਗ ਲੱਗਣ ''ਤੇ 150 ਝੁੱਗੀਆਂ ਸੜੀਆਂ।
* 30 ਮਾਰਚ ਨੂੰ ਹੀ ਯੂ. ਪੀ. ਦੇ ਗੋਂਡਾ ''ਚ ਟਰਾਂਸਫਾਰਮਰ ਦੀਆਂ ਖੁੱਲ੍ਹੀਆਂ ਬਿਜਲੀ ਦੀਆਂ ਤਾਰਾਂ ਨਾਲ ਕਰੰਟ ਲੱਗ ਕੇ ਝੁਲਸਣ ਨਾਲ 12 ਸਾਲਾ ਬੱਚੇ ਦੀ ਮੌਤ ਹੋ ਗਈ। 
* 09 ਅਪ੍ਰੈਲ ਨੂੰ ਯੂ. ਪੀ. ਦੇ ਮਧੇਪੁਰਾ ''ਚ ਟਰਾਂਸਫਾਰਮਰ ਨੇੜੇ ਨੰਗੀ ਤਾਰ ਨਾਲ ਛੂਹਣ ਦੇ ਸਿੱਟੇ ਵਜੋਂ ਇਕ ਨੌਜਵਾਨ ਦੀ ਮੌਤ ਹੋ ਗਈ।
* 10 ਅਪ੍ਰੈਲ ਨੂੰ ਯੂ. ਪੀ. ਦੇ ਦੇਵਰੀਆ ''ਚ 11 ਹਜ਼ਾਰ ਵੋਲਟ ਦੀ ਬਿਜਲੀ ਦੀ ਤਾਰ ਇਕ ਬੈਨਰ ''ਤੇ ਡਿਗਣ ਨਾਲ 3 ਨੌਜਵਾਨਾਂ ਦੀ ਮੌਤ ਹੋ ਗਈ।
ਬਿਜਲੀ ਦੀਆਂ ਨੰਗੀਆਂ ਤਾਰਾਂ ਜਿਥੇ ਮਨੁੱਖੀ ਬਲੀ ਲੈ ਰਹੀਆਂ ਹਨ, ਉਥੇ ਹੀ ਖੇਤਾਂ ਉਪਰੋਂ ਲੰਘਣ ਵਾਲੀਆਂ ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ''ਚ ਹੋਣ ਵਾਲੀ ਸਪਾਰਕਿੰਗ ਨਾਲ ਲੱਗਣ ਵਾਲੀ ਅੱਗ ਕਾਰਨ ਫਸਲਾਂ ਦਾ ਵੀ ਭਾਰੀ ਨੁਕਸਾਨ ਹੋ ਰਿਹਾ ਹੈ। 
* 9 ਅਪ੍ਰੈਲ ਨੂੰ ਪੰਜਾਬ ਦੇ ਭਵਾਨੀਗੜ੍ਹ, ਸੰਗਰੂਰ, ਫਾਜ਼ਿਲਕਾ ਆਦਿ ''ਚ ਵੱਖ-ਵੱਖ ਜਗ੍ਹਾ ਖੇਤਾਂ ਉਪਰੋਂ ਲੰਘਦੀਆਂ 66 ਕੇ. ਵੀ. ਬਿਜਲੀ ਦੀਆਂ ਤਾਰਾਂ ''ਚ ਹੋਈ ਸਪਾਰਕਿੰਗ ਨਾਲ ਅੱਗ ਲੱਗਣ ''ਤੇ ਸਾਢੇ 60 ਏਕੜ ਪੱਕੀ ਕਣਕ ਸੜ ਕੇ ਸੁਆਹ ਹੋ ਗਈ। 
* 10 ਅਪ੍ਰੈਲ ਨੂੰ ਜਾਡਲਾ ਦੇ ਪਿੰਡ ਚਾਹੜ ਮਜਾਰਾ ਤੇ ਲਾਂਬੜਾ ਦੇ ਬਸ਼ੇਸ਼ਰਪੁਰ ''ਚ ਸ਼ਾਰਟ ਸਰਕਟ ਨਾਲ 5 ਏਕੜ ਕਣਕ ਦੀ ਫਸਲ ਸੜ ਗਈ। 
ਆਮ ਸ਼ਿਕਾਇਤ ਹੈ ਕਿ ਨੀਵੀਆਂ ਲਟਕ ਰਹੀਆਂ ਜਾਂ ਢਿੱਲੀਆਂ ਤਾਰਾਂ ਨੂੰ ਠੀਕ ਕਰਨ ਵੱਲ ਅਧਿਕਾਰੀ ਧਿਆਨ ਨਹੀਂ ਦਿੰਦੇ, ਇਸ ਲਈ ਸਥਿਤੀ ਦੀ ਗੰਭੀਰਤਾ ਦੇ ਮੱਦੇਨਜ਼ਰ ਹਾਈ ਵੋਲਟੇਜ ਤਾਰਾਂ ਨੂੰ ਸਹੀ ਢੰਗ ਨਾਲ ਵਿਵਸਥਿਤ ਕਰਨ, ਪੁਰਾਣੀਆਂ ਤਾਰਾਂ ਨੂੰ ਬਦਲਣ ਅਤੇ ਬਿਜਲੀ ਦੀਆਂ ਨੀਵੀਆਂ ਲਟਕ ਰਹੀਆਂ ਬੇਤਰਤੀਬੀਆਂ ਤਾਰਾਂ ਨੂੰ ਹਟਾਉਣ ਲਈ ਸੰਬੰਧਿਤ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕਰਨੀ ਜ਼ਰੂਰੀ ਹੈ।                                           
—ਵਿਜੇ ਕੁਮਾਰ

 

Vijay Kumar Chopra

This news is Chief Editor Vijay Kumar Chopra