ਹਰਿਆਣਾ ਚੋਣਾਂ: ਵੱਡੇ-ਵੱਡੇ ਦਾਅਵਿਆਂ ਤੋਂ ਬਾਅਦ ਹੁਣ ਵੋਟਰਾਂ ਦੀ ਵਾਰੀ

10/20/2019 1:01:59 AM

ਹਰਿਆਣਾ ਵਿਧਾਨ ਸਭਾ ਚੋਣ ਪ੍ਰਚਾਰ ਦੇ ਆਖਰੀ ਦਿਨ 19 ਅਕਤੂਬਰ ਨੂੰ ਦੋਹਾਂ ਹੀ ਪ੍ਰਮੁੱਖ ਪਾਰਟੀਆਂ ਭਾਜਪਾ ਅਤੇ ਕਾਂਗਰਸ ਦੇ ਨੇਤਾਵਾਂ ਨੇ ਪੂਰੀ ਤਾਕਤ ਝੋਕ ਦਿੱਤੀ ਅਤੇ ਇਸ ਦੇ ਨਾਲ ਹੀ ਚੋਣ ਪ੍ਰਚਾਰ ਦਾ ਰੌਲਾ-ਰੱਪਾ ਰੁੁਕ ਗਿਆ।

18 ਅਕਤੂਬਰ ਨੂੰ ਮਹੇਂਦਰਗੜ੍ਹ ’ਚ ਹੇਮਾ ਮਾਲਿਨੀ ਨੇ ਭਾਸ਼ਣ ਦੀ ਸ਼ੁਰੂਆਤ ‘ਰਾਧੇ-ਰਾਧੇ’ ਨਾਲ ਕੀਤੀ ਅਤੇ ਸਮਾਪਨ ‘ਭਾਰਤ ਮਾਤਾ ਕੀ ਜੈ’ ਨਾਲ ਕੀਤਾ। ਮੋਦੀ ਸਰਕਾਰ ਦੀ ਸ਼ਲਾਘਾ ਕਰਦੇ ਹੋਏ ਹੇਮਾ ਮਾਲਿਨੀ ਨੇ ਦਾਅਵਾ ਕੀਤਾ ਕਿ ਪਿਛਲੇ 20 ਸਾਲਾਂ ਵਿਚ ਉਨ੍ਹਾਂ ਨੇ ਚੋਣਾਂ ਵਿਚ ਜਿੰਨੇ ਵੀ ਉਮੀਦਵਾਰਾਂ ਦੇ ਪੱਖ ’ਚ ਪ੍ਰਚਾਰ ਕੀਤਾ ਹੈ, ਉਹ ਸਭ ਜਿੱਤ ਗਏ।

ਪੁਨਹਾਨਾ ਸੀਟ ਤੋਂ ਚੋਣ ਲੜ ਰਹੀ ਨੌਕਸ਼ਮ ਚੌਧਰੀ (ਭਾਜਪਾ) ਨੇ ਕਿਹਾ ਹੈ ਕਿ ‘‘ਜੇਕਰ ਮੈਂ ਕੁਝ ਹੀ ਦਿਨਾਂ ’ਚ ਭਾਜਪਾ ਦੀ ਟਿਕਟ ਲੈ ਸਕਦੀ ਹਾਂ ਤਾਂ ਤੁਸੀਂ ਸੋਚ ਸਕਦੇ ਹੋ ਕਿ ਮੈਂ 5 ਸਾਲਾਂ ’ਚ ਕੀ ਕਰ ਸਕਦੀ ਹਾਂ। ਇਕ ਹਿੰਦੂ ਮਹਿਲਾ ਇਸ ਵਾਰ ਅਜਿਹੀ ਸੀਟ ਤੋਂ ਚੋਣ ਜਿੱਤੇਗੀ, ਜਿਥੇ 85 ਫੀਸਦੀ ਮੁਸਲਮਾਨ ਮਤਦਾਤਾ ਹਨ।’’

ਹਰਿਆਣਾ ਸਰਕਾਰ ’ਚ ਇਕੋ-ਇਕ ਮਹਿਲਾ ਮੰਤਰੀ ਕਵਿਤਾ ਜੈਨ ਦੀ ਸੋਨੀਪਤ ’ਚ ਕਾਂਗਰਸ ਦੇ ਸੁਰਿੰਦਰ ਪੰਵਾਰ ਨਾਲ ਸਖਤ ਟੱਕਰ ਹੈ। ਇਕ ਟੈਕਸੀ ਡਰਾਈਵਰ ਅਨੁਸਾਰ, ‘‘ਪੰਵਾਰ ਨੇ ਗਰੀਬ ਵਰਗ ਦੇ ਲੋਕਾਂ ਦੀ ਸਦਭਾਵਨਾ ਜਿੱਤ ਲਈ ਹੈ। ਉਸ ਨੇ ਸ਼ਾਲ, ਕੰਬਲ, ਹੈਲਮੇਟ ਅਤੇ ਰਾਸ਼ਨ ਵੰਡਿਆ ਹੈ।’’

ਓਧਰ ਪੰਵਾਰ ਨੇ ਵਸਤਾਂ ਵੰਡਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਘੱਟੋ-ਘੱਟ 50,000 ਵੋਟਾਂ ਨਾਲ ਜਿੱਤਣਗੇ।

ਟੈਕਸੀ ਡਰਾਈਵਰ ਦੇ ਬੇਟੇ ਦਾ ਕਹਿਣਾ ਹੈ ਕਿ ‘‘10 ਸਾਲਾਂ ਤੋਂ ਇਸ ਖੇਤਰ ਦੀ ਪ੍ਰਤੀਨਿਧਤਾ ਕਰ ਰਹੀ ਕਵਿਤਾ ਜੈਨ ਨੇ ਲੋਕਾਂ ਦੀ ਬਹੁਤ ਸੇਵਾ ਕੀਤੀ ਹੈ। ਲੋਕ ਕਾਂਗਰਸ ਨੂੰ ਦੇ ਕੇ ਆਪਣੀ ਵੋਟ ਖਰਾਬ ਨਹੀਂ ਕਰਨਗੇ।’’

ਮਹੇਂਦਰਗੜ੍ਹ ਵਿਚ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ 10-15 ਉਦਯੋਗਪਤੀਆਂ ਲਈ ਹੀ ਕੰਮ ਕਰ ਰਹੇ ਹਨ। ਉਨ੍ਹਾਂ ਨੇ ਭਾਰਤ ਦੇ ਲੋਕਾਂ ਤੋਂ ਲੱਖਾਂ-ਕਰੋੜਾਂ ਰੁਪਏ ਲੈ ਕੇ ਇਨ੍ਹਾਂ ਉਦਯੋਗਪਤੀਆਂ ਨੂੰ ਸੌਂਪ ਦਿੱਤੇ।’’

ਸੋਨੀਪਤ ਅਤੇ ਹਿਸਾਰ ’ਚ ਨਰਿੰਦਰ ਮੋਦੀ ਨੇ ਵੋਟਰਾਂ ਨੂੰ ਭਾਜਪਾ ਦੀ ਜਿੱਤ ਯਕੀਨੀ ਬਣਾਉਣ ਦੀ ਅਪੀਲ ਕਰਦੇ ਹੋਏ ਕਿਹਾ ਕਿ ‘‘ਤੁਸੀਂ ‘ਕੰਮ ਕਰਨ ਵਾਲੀ ਸਰਕਾਰ’ ਜਾਂ ‘ਕਾਰਨਾਮੇ ਕਰਨ ਵਾਲੀ ਸਰਕਾਰ’ ਵਿਚੋਂ ਇਕ ਨੂੰ ਚੁਣਨਾ ਹੈ।’’

19 ਅਕਤੂਬਰ ਨੂੰ ਨਾਰਨੌਂਦ ਵਿਚ ‘ਜਜਪਾ’ ਨੂੰ ਉਸ ਸਮੇਂ ਵੱਡੀ ਰਾਹਤ ਮਿਲੀ, ਜਦੋਂ ‘ਆਮ ਆਦਮੀ ਪਾਰਟੀ’ ਦੇ ਉਮੀਦਵਾਰ ਸੰਦੀਪ ਲੋਹਰਾ ਨੇ ਆਪਣੇ ਸਮਰਥਕਾਂ ਸਮੇਤ ‘ਜਜਪਾ’ ਉਮੀਦਵਾਰ ਰਾਮ ਕੁਮਾਰ ਗੌਤਮ ਨੂੰ ਸਮਰਥਨ ਦੇਣ ਦਾ ਫੈਸਲਾ ਕਰ ਲਿਆ।

ਇਸੇ ਤਰ੍ਹਾਂ ਕੈਥਲ ਤੋਂ ਬਸਪਾ ਉਮੀਦਵਾਰ ਮਦਨ ਲਾਲ ਗੁਰਜਰ ਨੇ ਕਾਂਗਰਸੀ ਉਮੀਦਵਾਰ ਰਣਦੀਪ ਸੂਰਜੇਵਾਲਾ ਨੂੰ ਖੁੱਲ੍ਹਾ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਅਤੇ ਬਾਦਲੀ ਤੋਂ ‘ਇਨੈਲੋ’ ਦੇ ਉਮੀਦਵਾਰ ਮਹਾਵੀਰ ਗੁਲੀਆ ਪ੍ਰਚਾਰ ਦੇ ਆਖਰੀ ਦਿਨ ਚੋਣਾਂ ਤੋਂ ਹਟ ਗਏ ਅਤੇ ਉਨ੍ਹਾਂ ਨੇ ਭਾਜਪਾ ਦਾ ਪੱਲਾ ਫੜ ਲਿਆ।

ਹਰਿਆਣਾ ਚੋਣਾਂ ਦੇ ਓਪੀਨੀਅਨ ਪੋਲ ਨਤੀਜਿਆਂ ’ਤੇ ਟਿੱਪਣੀ ਕਰਦੇ ਹੋਏ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ (ਕਾਂਗਰਸ) ਬੋਲੇ, ‘‘ਮੈਂ ਪੂਰੇ ਪ੍ਰਦੇਸ਼ ’ਚ ਘੁੰਮਿਆ ਹਾਂ ਅਤੇ ਚਾਰੋਂ ਪਾਸੇ ਕਾਂਗਰਸ ਦੀ ਹਵਾ ਬਣਦੀ ਜਾ ਰਹੀ ਹੈ। ਇਸ ਵਾਰ ਮੁਕੰਮਲ ਬਹੁਮਤ ਨਾਲ ਸਰਕਾਰ ਕਾਂਗਰਸ ਦੀ ਬਣੇਗੀ ਕਿਉਂਕਿ ਵੋਟ ਜਨਤਾ ਨੇ ਦੇਣੀ ਹੈ, ਨਾ ਕਿ ਮੀਡੀਆ ਨੇ।’’

ਅੈਲਨਾਬਾਦ ਤੋਂ ਇਨੈਲੋ ਉਮੀਦਵਾਰ ਅਭੈ ਚੌਟਾਲਾ ਨੇ ਕਿਹਾ ਕਿ ਉਹ ਮੁੱਖ ਮੰਤਰੀ ਅਹੁਦੇ ਦੇ ਗੰਭੀਰ ਉਮੀਦਵਾਰ ਹਨ। ਉਹ ਬੋਲੇ, ‘‘ਮੇਰੇ ਦਾਦਾ ਚੌਧਰੀ ਦੇਵੀ ਲਾਲ ਅਤੇ ਪਿਤਾ ਚੌਧਰੀ ਓਮ ਪ੍ਰਕਾਸ਼ ਚੌਟਾਲਾ ਕਦੇ ਮੰਤਰੀ ਨਹੀਂ ਰਹੇ ਅਤੇ ਸਿੱਧੇ ਚੀਫ ਮਨਿਸਟਰ ਬਣੇ ਸਨ। ਮੈਂ ਕੀ ਘੱਟ ਹਾਂ। ਆਪਣੀ ਪਾਰਟੀ ਜਿਤਵਾ ਦਿਓ, ਇਸ ਵਾਰ ਮੈਂ ਹੀ ਸੀ. ਐੱਮ. ਬਣਾਂਗਾ। ਇਕ ਵਜ਼ੀਰ ਬਣਨਾ ਦੇਵੀ ਲਾਲ ਦੇ ਖਾਨਦਾਨ ਦੀ ਸਿਆਸੀ ਪ੍ਰੰਪਰਾ ਨਹੀਂ ਹੈ।’’

17 ਅਕਤੂਬਰ ਰਾਤ ਨੂੰ ਗੁੜਗਾਓਂ ਵਿਚ ਇਕ ਵਾਹਨ ’ਚੋਂ 1 ਕਰੋੜ ਰੁਪਏ ਤੋਂ ਵੱਧ ਨਕਦ ਰਾਸ਼ੀ ਬਰਾਮਦ ਕੀਤੀ ਗਈ। ਹਰਿਆਣਾ ’ਚ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਜ਼ਬਤ ਕੀਤੀ ਜਾਣ ਵਾਲੀ ਇਹ ਸਭ ਤੋਂ ਵੱਡੀ ਰਕਮ ਹੈ।

ਹੁਣ ਜਦਕਿ ਚੋਣ ਪ੍ਰਚਾਰ ਰੁਕ ਚੁੱਕਾ ਹੈ ਅਤੇ 21 ਅਕਤੂਬਰ ਨੂੰ ਮਤਦਾਨ ਹੋਣ ਵਾਲਾ ਹੈ, ਇਹ ਦੇਖਣਾ ਦਿਲਚਸਪ ਹੋਵੇਗਾ ਕਿ ਸਾਰੇ ਦਲਾਂ ਦੇ ਨੇਤਾਵਾਂ ਵੱਲੋਂ ਇੰਨੇ ਦਿਨਾਂ ਦੀ ਭੱਜ-ਦੌੜ ਦਾ ਉਨ੍ਹਾਂ ਨੂੰ ਮਤਦਾਤਾ ਕੀ ਪੁਰਸਕਾਰ ਦਿੰਦੇ ਹਨ।

–ਵਿਜੇ ਕੁਮਾਰ\\\


Bharat Thapa

Content Editor

Related News