ਬੇਸ਼ੱਕ ‘ਹਮਾਸ’ ਨੂੰ ਸਜ਼ਾ ਦੇਣਾ ਜ਼ਰੂਰੀ ਪਰ ਨਿਰਦੋਸ਼ ਫਿਲਸਤੀਨੀਆਂ ਦਾ ਕੀ ਕਸੂਰ?

10/16/2023 2:59:43 AM

ਅੱਤਵਾਦੀ ਸੰਗਠਨ ‘ਹਮਾਸ’ ਵੱਲੋਂ ਇਜ਼ਰਾਈਲ ’ਤੇ ਹਮਲੇ ਨੂੰ ਅੱਜ 9 ਦਿਨ ਹੋ ਗਏ ਹਨ। ਇਸ ਦੌਰਾਨ ਇਜ਼ਰਾਈਲ ਅਤੇ ਫਿਲਸਤੀਨ ਦੇ ਵੱਡੀ ਗਿਣਤੀ ’ਚ ਲੋਕ ਮਾਰੇ ਗਏ ਹਨ। ਹਮਾਸ ਦੇ ਇਜ਼ਰਾਈਲ ’ਚ ਹਮਲੇ ਕਾਰਨ 1300 ਵਿਅਕਤੀ ਮਾਰੇ ਗਏ ਅਤੇ ਇਜ਼ਰਾਈਲ ਦੇ ਹਮਲੇ ’ਚ ਲਗਭਗ 2329 ਫਿਲਸਤੀਨੀ ਮਾਰੇ ਜਾ ਚੁੱਕੇ ਹਨ, ਹਜ਼ਾਰਾਂ ਦੀ ਗਿਣਤੀ ’ਚ ਜ਼ਖਮੀ ਹੋਏ ਹਨ। ਇਨ੍ਹਾਂ ’ਚੋਂ 60 ਫੀਸਦੀ ਬੱਚੇ ਅਤੇ ਔਰਤਾਂ ਹਨ।

‘ਹਮਾਸ’ ਦੇ ਹਮਲਿਆਂ ਪਿੱਛੋਂ ਇਜ਼ਰਾਈਲ ਹੁਣ ਜ਼ਮੀਨ, ਹਵਾ ਅਤੇ ਸਮੁੰਦਰ ਰਾਹੀਂ ਜਵਾਬੀ ਕਾਰਵਾਈ ਕਰ ਰਿਹਾ ਹੈ। ਇਸ ਘਟਨਾਚੱਕਰ ’ਚ ਜਰਮਨ ਸਮੇਤ ਸਮੁੱਚੇ ਯੂਰਪ ਦੇ ਨਾਲ ਹੀ ਅਮਰੀਕਾ, ਇੰਗਲੈਂਡ, ਫਰਾਂਸ, ਕੈਨੇਡਾ ਅਤੇ ਭਾਰਤ ਆਦਿ ਦੇਸ਼ਾਂ ਨੇ ਇਜ਼ਰਾਈਲ ਨਾਲ ਇਕਮੁੱਠਤਾ ਦਿਖਾਉਂਦੇ ਹੋਏ ਇਜ਼ਰਾਈਲ ਨਾਲ ਖੜ੍ਹੇ ਹੋਣ ਦੀ ਗੱਲ ਕਹੀ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ‘ਆਈ ਸਟੈਂਡ ਵਿਦ ਇਜ਼ਰਾਈਲ’ ਕਿਹਾ ਹੈ। ਉੱਥੇ ਅਮਰੀਕਾ ਨੇ ਆਪਣਾ ਦੂਜਾ ਜੰਗੀ ਬੇੜਾ ਵੀ ਇਸ ਖੇਤਰ ’ਚ ਭੇਜ ਦਿੱਤਾ ਹੈ।

ਇਜ਼ਰਾਈਲ ਦੇ ਹਮਾਇਤੀ ਦੇਸ਼ਾਂ ’ਚ ਜਰਮਨੀ ਦਾ ਜ਼ਿਕਰ ਇਸ ਲਈ ਜ਼ਰੂਰੀ ਹੈ ਕਿਉਂਕਿ ਜਰਮਨੀ ਦੇ ਤਾਨਾਸ਼ਾਹ ਹਿਟਲਰ ਨੇ ਯਹੂਦੀਆਂ ’ਤੇ ਸਭ ਤੋਂ ਵੱਧ ਅੱਤਿਆਚਾਰ ਕੀਤੇ ਅਤੇ ਹਿਟਲਰ ਦੇ ਤਸੀਹਾ ਕੈਂਪਾਂ ’ਚ 60 ਲੱਖ ਯਹੂਦੀਆਂ ਨੂੰ ਆਪਣੀ ਜਾਨ ਗਵਾਉਣੀ ਪਈ ਸੀ ਪਰ ਹਮਾਸ ਨੂੰ ਸਬਕ ਸਿਖਾਉਣ ਲਈ ਬੇਕਸੂਰ ਫਿਲਸਤੀਨੀਆਂ ਨੂੰ ਕਿਉਂ ਸਜ਼ਾ ਦਿੱਤੀ ਜਾ ਰਹੀ ਹੈ?

ਆਖਿਰ ਇਸ ਇਲਾਕੇ ’ਚ ਉਨ੍ਹਾਂ ਦੇ ਘਰ ਅਤੇ ਪਰਿਵਾਰ ਹਨ, ਛੋਟੇ-ਛੋਟੇ ਬੱਚੇ ਹਨ, ਉਹ ਕਿੱਥੇ ਜਾਣਗੇ? ਬੰਬ ਸੁੱਟ ਕੇ ਸਭ ਇਮਾਰਤਾਂ ਢਹਿ-ਢੇਰੀ ਕਰ ਦਿੱਤੀਆਂ ਗਈਆਂ ਹਨ ਅਤੇ ਇਹ ਸਾਰੀ ਕਾਰਵਾਈ ਸੰਯੁਕਤ ਰਾਸ਼ਟਰ ਦੇ ਜੰਗ ਜ਼ਾਬਤੇ ਵਿਰੁੱਧ ਹੈ, ਜਿਸ ’ਚ ਸਿਵਲ ਆਬਾਦੀ ’ਤੇ ਹਮਲੇ ਕਰਨ ’ਤੇ ਰੋਕ ਲਾਈ ਗਈ ਹੈ। 10 ਲੱਖ ਫਿਲਸਤੀਨੀਆਂ ਜਿਨ੍ਹਾਂ ’ਚ ਬੱਚੇ, ਔਰਤਾਂ ਅਤੇ ਬਜ਼ੁਰਗਾਂ ਦੇ ਨਾਲ-ਨਾਲ ਹਸਪਤਾਲਾਂ ’ਚ ਦਾਖਲ ਸੈਂਕੜੇ ਜ਼ਖਮੀ ਵੀ ਸ਼ਾਮਲ ਹਨ, ਨੂੰ 24 ਘੰਟਿਆਂ ਅੰਦਰ ਉੱਤਰੀ ਗਾਜ਼ਾ ਨੂੰ ਖਾਲੀ ਕਰਨ ਦਾ ਹੁਕਮ ਦਿੱਤਾ ਗਿਆ ਸੀ। ਬੇਸ਼ੱਕ ਹੀ ਇਜ਼ਰਾਈਲ ਨੇ ਉਨ੍ਹਾਂ ਨੂੰ ਚਿਤਾਵਨੀ ਦੇ ਦਿੱਤੀ ਸੀ ਪਰ ਉਹ ਜਾਣਗੇ ਕਿੱਥੇ? ਦੱਖਣ ਵੱਲ ਮਿਸਰ ਹੈ ਜੋ ਉਨ੍ਹਾਂ ਨੂੰ ਆਪਣੇ ਦੇਸ਼ ’ਚ ਨਹੀਂ ਆਉਣ ਦੇ ਰਿਹਾ।

ਹਾਲਾਂਕਿ ਸੰਯੁਕਤ ਰਾਸ਼ਟਰ ਦੇ 1948 ਦੇ ਫੈਸਲੇ ਮੁਤਾਬਕ ਇਸ ਥਾਂ ’ਤੇ ਦੋਹਾਂ ਦਾ ਬਰਾਬਰ-ਬਰਾਬਰ ਅਧਿਕਾਰ ਹੈ ਪਰ ਫਿਲਸਤੀਨ ਨੇ ਇਸ ਨੂੰ ਪ੍ਰਵਾਨ ਨਹੀਂ ਕੀਤਾ। ਦੂਜੇ ਪਾਸੇ ਹਾਲਾਂਕਿ ਇਜ਼ਰਾਈਲ ਨੇ 2 ਦੇਸ਼ਾਂ ਦਾ ਸਿਧਾਂਤ ਪ੍ਰਵਾਨ ਕਰ ਲਿਆ ਸੀ ਪਰ ਇਸ ’ਚ ਉਨ੍ਹਾਂ ਆਪਣਾ ਹਿੱਸਾ ਵੱਧ ਰੱਖ ਲਿਆ, ਜਦੋਂ ਕਿ ਫਿਲਸਤੀਨ ਦਾ ਘੱਟ ਹੈ।

ਹੁਣੇ ਜਿਹੇ ਹੀ ਸਾਊਦੀ ਅਰਬ, ਕਤਰ, ਸੰਯੁਕਤ ਅਰਬ ਅਮੀਰਾਤ ਆਦਿ ਨਾਲ ਇਜ਼ਰਾਈਲ ਦੇ ਸਮਝੌਤਿਆਂ ਤੋਂ ਲੱਗਦਾ ਸੀ ਕਿ ਇਨ੍ਹਾਂ ਨਾਲ ਇਸ ਖੇਤਰ ’ਚ ਸ਼ਾਂਤੀ ਦੀ ਸਥਾਪਨਾ ’ਚ ਮਦਦ ਮਿਲੇਗੀ ਪਰ ਹੁਣ ਇਹ ਸਭ ਮੁਸ਼ਕਲ ਦਿਖਾਈ ਦੇ ਰਿਹਾ ਹੈ।

ਪਿਛਲੇ 30 ਸਾਲਾਂ ਤੋਂ ਕਿਹਾ ਜਾ ਰਿਹਾ ਹੈ ਕਿ ਦੋਹਾਂ ਧਿਰਾਂ, ਇਜ਼ਰਾਈਲ ਅਤੇ ਫਿਲਸਤੀਨ ਦੇ ਆਗੂਆਂ ਨੂੰ ਬਿਠਾ ਕੇ ਇਸ ਸਮੱਸਿਆ ਦਾ ਨਿਪਟਾਰਾ ਕੀਤਾ ਜਾਵੇ ਪਰ ਨਾ ਤਾਂ ਅਮਰੀਕਾ ਅਤੇ ਨਾ ਹੀ ਕੋਈ ਹੋਰ ਦੇਸ਼ ਇਨ੍ਹਾਂ ਦਰਮਿਆਨ ਸਮਝੌਤੇ ’ਚ ਦਿਲਚਸਪੀ ਰੱਖਦਾ ਹੈ। ਇਹੀ ਕਾਰਨ ਹੈ ਕਿ ਜਦੋਂ ਸਮਝੌਤੇ ਦੀ ਗੱਲ ਹੁੰਦੀ ਵੀ ਹੈ ਤਾਂ ਸਭ ਦੇਸ਼ ਮਿਲ ਕੇ ਗੱਲਬਾਤ ਦੀ ਮੇਜ਼ ’ਤੇ ਬੈਠਣ ਲਈ ਤਿਆਰ ਨਹੀਂ ਹੁੰਦੇ ਅਤੇ ਗੱਲਬਾਤ ਦੀ ਗੈਰ-ਹਾਜ਼ਰੀ ’ਚ ਮੌਤਾਂ ਦੋਵੇਂ ਪਾਸੇ ਹੋ ਰਹੀਆਂ ਹਨ।

ਵਰਨਣਯੋਗ ਹੈ ਕਿ ਫਿਲਸਤੀਨ ਸਭ ਤੋਂ ਪੁਰਾਣੀਆਂ ਸੱਭਿਅਤਾਵਾਂ ’ਚੋਂ ਇਕ ਹੈ। ਇੱਥੇ ਪਹਿਲਾਂ ਜੂਡਾਸ ਅਤੇ ਫਿਲਸਤੀਨੀ ਰਹਿੰਦੇ ਸਨ। ਮਿਸਰੀਆਂ ਦੇ ਇੱਥੇ ਆਉਣ ਦੇ ਸਿੱਟੇ ਵਜੋਂ ਇੱਥੋਂ ਯਹੂਦੀਆਂ ਨੂੰ 2000 ਸਾਲ ਪਹਿਲਾਂ ਇਹ ਥਾਂ ਛੱਡ ਕੇ ਜਾਣਾ ਪੈ ਗਿਆ ਅਤੇ ਉਹ ਯੂਰਪ ’ਚ ਜਾ ਕੇ ਵੱਸ ਗਏ।

ਤੀਜੀ ਸਦੀ ’ਚ ਰੋਮਨਾਂ ਦੇ ਇਸਾਈ ਬਣ ਜਾਣ ’ਤੇ ਇੱਥੇ ਇਸਾਈ ਧਰਮ ਆ ਗਿਆ। ਇਸ ਪਿੱਛੋਂ 741 ਈ. ਤੋਂ ਇੱਥੇ ਇਸਲਾਮ ਆ ਗਿਆ। ਇਸੇ ਥਾਂ ਈਸਾ ਮਸੀਹ ਪੈਦਾ ਹੋਏ, ਇੱਥੇ ਯਹੂਦੀ ਧਰਮ ਕਾਇਮ ਹੋਇਆ ਅਤੇ ਇਸਲਾਮ ਧਰਮ ’ਚ ਮੱਕਾ ਪਿੱਛੋਂ ਸਭ ਤੋਂ ਵੱਧ ਅਹਿਮ ਥਾਂ ਰੱਖਣ ਵਾਲੀ ਅਲ-ਅਕਸਾ ਮਸਜਿਦ ਵੀ ਇੱਥੇ ਹੈ। ਕਿਹਾ ਜਾ ਸਕਦਾ ਹੈ ਕਿ ਇਹ ਥਾਂ ਵਿਸ਼ਵ ਦੇ 3 ਮਹਾਨ ਧਰਮਾਂ ਦੀ ਉਤਪਤੀ ਥਾਂ ਹੈ। ਇਸ ਤਰ੍ਹਾਂ ਇਹ ‘ਇਬ੍ਰਾਹਿਮਕ ਧਰਮ’ ਦਾ ਕੇਂਦਰ ਹੋਣ ਕਾਰਨ ਤਿੰਨਾਂ ਹੀ ਧਰਮਾਂ ਲਈ ਅਹਿਮ ਹੈ।

ਪਹਿਲੀ ਵਿਸ਼ਵ ਜੰਗ ਤੋਂ ਬਾਅਦ ਜਦੋਂ ਓਟੋਮਾਨ ਸਾਮਰਾਜ ਟੁੱਟਿਆ ਅਤੇ ਫਰਾਂਸ, ਇਟਲੀ ਅਤੇ ਬਰਤਾਨੀਆ ਨੇ ਇਸ ਪੂਰੇ ਵੱਡੇ ਇਲਾਕੇ ਨੂੰ, ਜੋ ਪਹਿਲਾਂ ਫਿਲਸਤੀਨ ਸੀ ਅਤੇ ਤੁਰਕੀ ਨੂੰ ਵੀ ਕਵਰ ਕਰਦਾ ਸੀ, ਨੂੰ ਵੰਡ ਦਿੱਤਾ।

ਤੁਰਕੀ ਆਜ਼ਾਦ ਹੋ ਕੇ ਵੱਖ ਦੇਸ਼ ਬਣ ਗਿਆ ਅਤੇ ਇਜ਼ਰਾਈਲ ਵਾਲਾ ਹਿੱਸਾ ਇੰਗਲੈਂਡ ਕੋਲ ਸੀ। ਇੰਗਲੈਂਡ ਨੇ ਬੇਲਫਾਸਟ ਡੈਕਲਾਰੇਸ਼ਨ ’ਚ ਕਿਹਾ ਸੀ ਕਿ ਯਹੂਦੀ ਇੱਥੇ ਆ ਕੇ ਰਹਿਣ। ਅਸੀਂ ਉਨ੍ਹਾਂ ਨੂੰ ਰਹਿਣ ਦੇਵਾਂਗਾ ਪਰ ਦੂਜੀ ਵਿਸ਼ਵ ਜੰਗ ਤੋਂ ਪਹਿਲਾਂ ਇੰਗਲੈਂਡ ਨੇ ਯਹੂਦੀਆਂ ਨਾਲ ਵਾਅਦਾ ਕੀਤਾ ਸੀ ਕਿ ਜੇ ਤੁਸੀਂ ਸਾਡਾ ਸਾਥ ਦਿਓਗੇ ਤਾਂ ਅਸੀਂ ਇੱਥੇ ਰਾਇਸ਼ੁਮਾਰੀ ਕਰਵਾਵਾਂਗੇ ਪਰ ਦੂਜੀ ਵਿਸ਼ਵ ਜੰਗ ਦੇ ਖਤਮ ਹੋਣ ਪਿੱਛੋਂ ਉਨ੍ਹਾਂ ਇਸ ’ਚ ਵਧੇਰੇ ਦਿਲਚਸਪੀ ਨਹੀਂ ਲਈ।

ਇਸ ਸਮੱਸਿਆ ਦਾ ਕੋਈ ਦਲੀਲ ਭਰਪੂਰ ਹੱਲ ਕੱਢੇ ਬਿਨਾਂ ਹੀ ਅੰਗ੍ਰੇਜ਼ ਮਈ 1948 ’ਚ ਇਹ ਇਲਾਕਾ ਛੱਡ ਗਏ ਅਤੇ ਉਸ ਸਮੇਂ ਕਾਫੀ ਲੜਾਈ-ਝਗੜੇ ਵਾਲੀ ਹਾਲਤ ਸੀ। ਬਾਅਦ ’ਚ ਸੰਯੁਕਤ ਰਾਸ਼ਟਰ ਦੇ ਚਾਰਟਰ ਮੁਤਾਬਕ ਇਸ ਖੇਤਰ ਦਾ ਸਰਹੱਦੀਕਰਨ ਕੀਤਾ ਗਿਆ ਪਰ ਉਸ ਨੂੰ ਨਾ ਤਾਂ ਇਸਲਾਮਿਕ ਦੇਸ਼ਾਂ ਨੇ ਪ੍ਰਵਾਨ ਕੀਤਾ ਅਤੇ ਨਾ ਹੀ ਇਜ਼ਰਾਈਲ ਨੇ।

ਐਮਨੈਸਟੀ ਇੰਟਰਨੈਸ਼ਨਲ ਅਤੇ ਵੈਗਨਰਜ਼ ਇਨਵੈਸਟੀਗੇਟਰ ਦਾ ਕਹਿਣਾ ਹੈ ਕਿ ਇਜ਼ਰਾਈਲ ਵੱਲੋਂ ਗਾਜ਼ਾ ਸਿਟੀ ’ਤੇ ਵ੍ਹਾਈਟ ਫਾਸਫੋਰਸ ਦਾ ਸਪ੍ਰੇਅ ਕੀਤਾ ਜਾ ਰਿਹਾ ਹੈ।

ਬੇਸ਼ੱਕ ਹਮਾਸ ਨੂੰ ਸਜ਼ਾ ਦੇਣੀ ਜ਼ਰੂਰੀ ਹੈ ਪਰ ਇਸ ਗੱਲ ਤੋਂ ਕੋਈ ਵੀ ਇਨਕਾਰ ਨਹੀਂ ਕਰ ਸਕਦਾ ਪਰ ਸਿਵਲ ਆਬਾਦੀ ਦੀ ਹੱਤਿਆ ਕਰਨੀ ਕਿਸੇ ਵੀ ਪੱਖੋਂ ਢੁੱਕਵੀਂ ਨਹੀਂ ਕਹੀ ਜਾ ਸਕਦੀ। ਹਮਲੇ ਜਾਰੀ ਰੱਖ ਕੇ ਇਜ਼ਰਾਈਲ ‘ਹਮਾਸ’ ਅਤੇ ‘ਹਿਜਬੁੱਲਾ’ ਨੂੰ ਮੁੜ ਤੋਂ ਆਪਣੇ ਸੰਗਠਨ ਨੂੰ ਅੱਗੇ ਵਧਾਉਣ ਅਤੇ ਹੋਰ ਮਜ਼ਬੂਤ ਕਰਨ ਦਾ ਮੌਕਾ ਦੇ ਰਿਹਾ ਹੈ।

ਇਸ ਦੇ ਨਾਲ ਹੀ ਇਹ ਕਹਿਣਾ ਵੀ ਬੇਲੋੜਾ ਨਹੀਂ ਹੋਵੇਗਾ ਕਿ ਜੇ ਇਹ ਜੰਗ ਹਫਤਾ-ਡੇਢ-ਹਫਤਾ ਹੋਰ ਜਾਰੀ ਰਹੀ ਤਾਂ ਹੋ ਸਕਦਾ ਹੈ ਕਿ ਇਜ਼ਰਾਈਲ ਦੇ ਨਾਲ ਨਵਾਂ-ਨਵਾਂ ਸਮਝੌਤਾ ਕਰਨ ਵਾਲੇ ਮੁਸਲਿਮ ਦੇਸ਼ ਸਮਝੌਤੇ ਨੂੰ ਤੋੜਨ ਦੀ ਕੋਸ਼ਿਸ ਕਰ ਸਕਦੇ ਹਨ ਜਾਂ ਫਿਰ ਇਜ਼ਰਾਈਲ ਨਾਲ ਚੱਲਣ ਤੋਂ ਇਨਕਾਰ ਕਰ ਸਕਦੇ ਹਨ। ਅਜਿਹੀ ਹਾਲਤ ’ਚ ਕੀ ਹਾਲਾਤ 10 ਸਾਲ ਪਿੱਛੇ ਚਲੇ ਜਾਣਗੇ ਜਾਂ ਕੀ ਕੋਈ ਦੇਸ਼ ਵਿਚੋਲਗੀ ਕਰਵਾਉਣ ਲਈ ਅੱਗੇ ਆਵੇਗਾ।

ਯਕੀਨੀ ਤੌਰ ’ਤੇ ਉਦੋਂ ਤੱਕ ਫਿਲਸਤੀਨ ਦਾ ਜਾਨੀ ਅਤੇ ਮਾਲੀ ਨੁਕਸਾਨ ਹੋ ਚੁੱਕਾ ਹੋਵੇਗਾ। ਇਜ਼ਰਾਈਲ ਦੇ ਖੁਫੀਆ ਮੁਖੀ ਨੇ ਸ਼ਨੀਵਾਰ ਕਿਹਾ ਕਿ ਇਸ ਜੰਗ ਦਾ ਆਖਰੀ ਨਤੀਜਾ ਸਮੁੱਚੀ ਜਿੱਤ ਹੀ ਹੋਵੇਗੀ।

Mukesh

This news is Content Editor Mukesh