ਵਧ ਰਹੇ ਸੜਕ ਹਾਦਸੇ ਸ਼ਿਕਾਰ ਹੋ ਰਹੇ ਨੌਜਵਾਨ ਅਤੇ ਉੱਜੜ ਰਹੇ ਪਰਿਵਾਰ

03/18/2017 7:09:01 AM

ਬੇਸ਼ੱਕ ਸਾਡੀ ਸਰਕਾਰ ਸੜਕ ਹਾਦਸੇ ਰੋਕਣ ਦੇ ਦਾਅਵੇ ਕਰਦੀ ਹੈ ਪਰ ਅਸਲੀਅਤ ਇਹ ਹੈ ਕਿ ਇਨ੍ਹਾਂ ''ਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਕਾਰਨ ਭਾਰਤ ਅੱਜ ਦੁਨੀਆ ''ਚ ਸੜਕ ਹਾਦਸਿਆਂ ''ਚ ਸਭ ਤੋਂ ਜ਼ਿਆਦਾ ਮੌਤਾਂ ਵਾਲਾ ਦੇਸ਼ ਬਣ ਗਿਆ ਹੈ ਅਤੇ ਸੜਕ ਹਾਦਸਿਆਂ ਦੀ ਰਾਜਧਾਨੀ ਅਖਵਾਉਣ ਲੱਗਾ ਹੈ।
ਇਕ ਅੰਦਾਜ਼ੇ ਮੁਤਾਬਕ ਭਾਰਤ ''ਚ ਹਰ ਘੰਟੇ ''ਚ 57 ਹਾਦਸੇ ਹੁੰਦੇ ਹਨ। ਇਥੇ ਪ੍ਰਤੀ 4 ਮਿੰਟਾਂ ''ਤੇ ਇਕ ਅਤੇ ਇਕ ਘੰਟੇ ''ਚ 17 ਲੋਕਾਂ ਦੇ ਹਿਸਾਬ ਨਾਲ ਰੋਜ਼ਾਨਾ ਔਸਤਨ 400 ਵਿਅਕਤੀਆਂ ਦੀ ''ਸੜਕ ਹਾਦਸਿਆਂ ''ਚ ਮੌਤ'' ਹੁੰਦੀ ਹੈ। ਇਨ੍ਹਾਂ ''ਚ ਵੱਡੀ ਗਿਣਤੀ ਵਿਚ ਇਕ ਹੀ ਪਰਿਵਾਰ ਦੇ ਮੈਂਬਰ ਹੋਣ ਕਾਰਨ ਪਰਿਵਾਰਾਂ ਦੇ ਪਰਿਵਾਰ ਤਬਾਹ ਹੋ ਰਹੇ ਹਨ, ਜਿਨ੍ਹਾਂ ਦੀਆਂ ਕੁਝ ਤਾਜ਼ਾ ਮਿਸਾਲਾਂ ਹੇਠਾਂ ਦਰਜ ਹਨ :
* 17 ਫਰਵਰੀ ਨੂੰ ਪੰਜਾਬ ''ਚ ਫਿਰੋਜ਼ਪੁਰ ਨੇੜੇ ਇਕ ਐੱਸ. ਯੂ. ਵੀ. ਅਤੇ ਟਰੱਕ ਵਿਚਾਲੇ ਹੋਈ ਟੱਕਰ ਨਾਲ ਤਰਨਤਾਰਨ ਦੇ ਰਹਿਣ ਵਾਲੇ ਇਕ ਹੀ ਪਰਿਵਾਰ ਦੇ 11 ਮੈਂਬਰ ਮਾਰੇ ਗਏ।
—ਇਸੇ ਦਿਨ ਮੋਹਾਲੀ ਨੇੜੇ ਇਕ ਕਾਰ ਅਤੇ ਬੱਸ ਦੀ ਟੱਕਰ ''ਚ ਲੁਧਿਆਣਾ ਦੇ ਇਕ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਸਮੇਤ 4 ਵਿਅਕਤੀਆਂ ਦੀ ਮੌਤ ਹੋ ਗਈ।
* 18 ਫਰਵਰੀ ਨੂੰ ਰਾਜਸਥਾਨ ''ਚ ਬਿਲਾਰਾ ਨੇੜੇ ਇਕ ਕਾਰ-ਟਰੱਕ ਹਾਦਸੇ ''ਚ ਇਕੋ ਪਰਿਵਾਰ ਦੇ 6 ਮੈਂਬਰਾਂ ਨੂੰ ਜਾਨ ਤੋਂ ਹੱਥ ਧੋਣੇ ਪਏ।
* 20 ਫਰਵਰੀ ਨੂੰ ਡੇਰਾਬੱਸੀ ''ਚ ਟਰੱਕ ਨਾਲ ਟੱਕਰ ਹੋਣ ''ਤੇ ਕਾਰ ''ਚ ਸਵਾਰ 6 ਸਾਲਾ ਬੱਚੇ ਦੀ ਮੌਤ ਹੋ ਗਈ ਤੇ ਉਸ ਦੇ ਪਰਿਵਾਰ ਦੇ 5 ਮੈਂਬਰ ਜ਼ਖ਼ਮੀ ਹੋ ਗਏ।
* 21 ਫਰਵਰੀ ਨੂੰ ਕਰਨਾਟਕ ਦੇ ਬੇਲਾਗਾਵੀ ''ਚ ਕਾਰ ਦੀ ਤੇਜ਼ ਰਫਤਾਰ ਟਰੱਕ ਨਾਲ ਹੋਈ ਟੱਕਰ ''ਚ ਪਤੀ-ਪਤਨੀ ਤੇ ਉਨ੍ਹਾਂ ਦੇ ਦੋ ਸਾਲਾ ਬੇਟੇ ਦੀ ਮੌਤ ਹੋ ਗਈ।
* 28 ਫਰਵਰੀ ਨੂੰ ਸਵੇਰੇ-ਸਵੇਰੇ ਆਂਧਰਾ ਪ੍ਰਦੇਸ਼ ਦੇ ਕ੍ਰਿਸ਼ਨਾ ਜ਼ਿਲੇ ਦੇ ਸੂਰੀਆਪੇਟ ''ਚ ਇਕ ਭਿਆਨਕ ਸੜਕ ਹਾਦਸੇ ''ਚ ਇਕ ਤੇਜ਼ ਰਫਤਾਰ ਬੱਸ ਦੇ ਖੱਡੇ ''ਚ ਡਿਗ ਜਾਣ ਨਾਲ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ। ਇਨ੍ਹਾਂ ''ਚੋਂ ਇਕ ਇੰਜੀਨੀਅਰ ਤੇ ਇਕ ਡਾਕਟਰ ਸੀ।
* 02 ਮਾਰਚ ਨੂੰ ਅੰਬਾਲਾ ਜ਼ਿਲੇ ਦੇ ਨਾਰਾਇਣਗੜ੍ਹ ''ਚ ਇਕ ਡੰਪਰ ਅਤੇ ਕਾਰ ਦੀ ਟੱਕਰ ਨਾਲ ਕਾਰ ''ਚ ਸਵਾਰ ਇਕੋ ਪਰਿਵਾਰ ਦੇ 8 ਮੈਂਬਰ ਮਾਰੇ ਗਏ।
* 03 ਮਾਰਚ ਨੂੰ ਰਾਜਸਥਾਨ ਦੇ ਹਨੂੰਮਾਨਗੜ੍ਹ ''ਚ ਸ਼ੇਰਗੜ੍ਹ ਪਿੰਡ ਨੇੜੇ ਟਰੱਕ ਅਤੇ ਜੀਪ ਦੀ ਟੱਕਰ ''ਚ 18 ਵਿਅਕਤੀਆਂ ਦੀ ਮੌਤ ਹੋ ਗਈ।
* 05 ਮਾਰਚ ਨੂੰ ਮੱਧ ਪ੍ਰਦੇਸ਼ ਦੇ ਧਾਰ ਜ਼ਿਲੇ ''ਚ ਇਕ ਟਰੱਕ ਨਾਲ ਟਕਰਾ ਜਾਣ ਕਾਰਨ ਮੋਟਰਸਾਈਕਲ ਸਵਾਰ ਪਤੀ-ਪਤਨੀ ਤੇ ਉਨ੍ਹਾਂ ਦੇ ਦੋ ਬੇਟਿਆਂ ਦੀ ਮੌਤ ਹੋ ਗਈ।
—ਇਸੇ ਦਿਨ ਜਾਲੌਨ ''ਚ ਇਕ ਡੰਪਰ ਦੇ ਸੜਕ ਕਿਨਾਰੇ ਝੌਂਪੜੀ ''ਤੇ ਪਲਟ ਜਾਣ ਨਾਲ ਇਕੋ ਪਰਿਵਾਰ ਦੇ ਤਿੰਨ ਬੱਚਿਆਂ ਸਮੇਤ ਪੰਜ ਮੈਂਬਰਾਂ ਦੀ ਅਤੇ ਆਗਰਾ ''ਚ ਇਕ ਸੜਕ ਹਾਦਸੇ ਦੌਰਾਨ ਪਿਓ-ਪੁੱਤ ਸਮੇਤ ਪੰਜ ਵਿਅਕਤੀਆਂ ਦੀ ਮੌਤ ਹੋ ਗਈ।
* 06 ਮਾਰਚ ਦੀ ਰਾਤ ਨੂੰ ਦਿੱਲੀ ''ਚ ਇਕ ''ਹਿੱਟ ਐਂਡ ਰਨ'' ਦੇ ਮਾਮਲੇ ''ਚ ਤੇਜ਼ ਰਫਤਾਰ ਮਰਸੀਡੀਜ਼ ਕਾਰ ਦੇ ਡਰਾਈਵਰ ਨੇ ਮਾਂ-ਪਿਓ ਦੇ ਇਕਲੌਤੇ ਬੇਟੇ ਅਤੁਲ ਅਰੋੜਾ ਦੇ ਸਕੂਟਰ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਤ ਹੋ ਗਈ।
* 09 ਮਾਰਚ ਨੂੰ ਹਿਮਾਚਲ ਦੇ ਚੰਬਾ, ਸੋਲਨ ਤੇ ਸ਼ਿਮਲਾ ਜ਼ਿਲਿਆਂ ''ਚ ਪੰਜ ਹਾਦਸਿਆਂ ''ਚ ਇਕ ਦਾਦੇ-ਪੋਤੇ ਤੇ ਪਤੀ-ਪਤਨੀ ਸਮੇਤ 10 ਵਿਅਕਤੀ ਮਾਰੇ ਗਏ।
* 12 ਮਾਰਚ ਨੂੰ ਫਤਿਹਗੜ੍ਹ ਸਾਹਿਬ ''ਚ ਕੋਟਲਾ ਬਜਵਾੜਾ ਨੇੜੇ ਸਕੂਟਰ ਸਵਾਰ ਮਾਂ-ਧੀ ਨੂੰ ਇਕ ਕਾਰ ਨੇ ਟੱਕਰ ਮਾਰ ਦਿੱਤੀ, ਜਿਸ ਨਾਲ ਦੋਹਾਂ ਦੀ ਮੌਤ ਹੋ ਗਈ।
* 13 ਮਾਰਚ ਨੂੰ ਗੁੜਗਾਓਂ ਤੋਂ ਲੱਗਭਗ 22 ਕਿਲੋਮੀਟਰ ਦੂਰ ਮਾਨੇਸਰ ''ਚ ਐੱਨ. ਐੱਚ.-8 ''ਤੇ ਸਵੇਰੇ-ਸਵੇਰੇ ਇਕ ਕਾਰ ਦੇ ਪਲਟ ਜਾਣ ਨਾਲ ਉਸ ''ਚ ਸਵਾਰ ਪਤੀ-ਪਤਨੀ ਦੀ ਮੌਕੇ ''ਤੇ ਹੀ ਮੌਤ ਹੋ ਗਈ, ਜਦਕਿ ਉਨ੍ਹਾਂ ਦੇ ਪੰਜ ਰਿਸ਼ਤੇਦਾਰ ਗੰਭੀਰ ਜ਼ਖ਼ਮੀ ਹੋ ਗਏ।
''ਸਪੀਡ ਥ੍ਰਿਲਜ਼ ਬਟ ਕਿੱਲਜ਼'' ਦੀ ਕਹਾਵਤ ਅਨੁਸਾਰ ਰਫਤਾਰ ਰੋਮਾਂਚ ਤਾਂ ਜ਼ਰੂਰ ਦਿੰਦੀ ਹੈ ਪਰ ਇਸ ਦੇ ਨਤੀਜੇ ਵੀ ਓਨੇ ਹੀ ਭਿਆਨਕ ਹੁੰਦੇ ਹਨ ਅਤੇ ਡਰਾਈਵਰਾਂ ਦੀ ਲਾਪਰਵਾਹੀ ਕਾਰਨ ਸੜਕ ਹਾਦਸਿਆਂ ਦਾ ਸ਼ਿਕਾਰ ਹੋਣ ਵਾਲਿਆਂ ''ਚ ਸਭ ਤੋਂ ਜ਼ਿਆਦਾ ਬਲੀ 15 ਤੋਂ 30 ਸਾਲ ਦੇ ਉਮਰ ਵਰਗ ਦੇ ਨੌਜਵਾਨਾਂ ਦੀ ਹੋ ਰਹੀ ਹੈ।
ਇਸ ਲਈ ਸੜਕ ਹਾਦਸਿਆਂ ਦੇ ਦੁਖਾਂਤ ਨੂੰ ਰੋਕਣ ਲਈ ਗੱਡੀ ਚਲਾਉਂਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਨਾ ਕਰਨ ਤੋਂ ਇਲਾਵਾ ਨਿਰਧਾਰਿਤ ਰਫਤਾਰ ਹੱਦ ਦੀ ਪਾਲਣਾ, ਸ਼ਰਾਬ ਜਾਂ ਕੋਈ ਵੀ ਨਸ਼ਾ ਕਰ ਕੇ ਗੱਡੀ ਚਲਾਉਣ ''ਤੇ ਰੋਕ ਲਾਉਣਾ ਵੀ ਜ਼ਰੂਰੀ ਹੈ, ਜਿਸ ਨਾਲ ਵੱਡੀ ਗਿਣਤੀ ''ਚ ਪਰਿਵਾਰ ਤਬਾਹ ਹੋਣ ਤੋਂ ਬਚਾਏ ਜਾ ਸਕਦੇ ਹਨ।
ਇਸ ਦੇ ਨਾਲ ਹੀ ਅਹਿਮ ਥਾਵਾਂ ''ਤੇ ਵੱਡੀ ਗਿਣਤੀ ''ਚ ਟ੍ਰੈਫਿਕ ਪੁਲਸ ਤਾਇਨਾਤ ਕਰਨ ਦੀ ਲੋੜ ਹੈ। ਟ੍ਰੈਫਿਕ ਪੁਲਸ ਦੇ ਮੈਂਬਰ ਨਾ ਸਿਰਫ ਗੱਡੀ ਚਲਾਉਣ ਸੰਬੰਧੀ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ''ਤੇ ਸਖਤੀ ਨਾਲ ਨਜ਼ਰ ਰੱਖਣ ਸਗੋਂ ਡਰਾਈਵਰਾਂ ਦੇ ਲਾਇਸੈਂਸ ਆਦਿ ਦੀ ਵੀ ਪੂਰੀ ਤਰ੍ਹਾਂ ਜਾਂਚ ਹੋਣੀ ਅਤੇ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟਣ ਤੋਂ ਇਲਾਵਾ ਦੋਸ਼ੀਆਂ ਨੂੰ ਸਖਤ ਸਜ਼ਾ ਦੇਣੀ ਵੀ ਜ਼ਰੂਰੀ ਹੈ।
ਇਹੋ ਨਹੀਂ, ਟ੍ਰੈਫਿਕ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਇਸ ਸੰਬੰਧ ''ਚ ਲਾਪਰਵਾਹੀ ਵਰਤਣ ਵਾਲੇ ਟ੍ਰੈਫਿਕ ਪੁਲਸ ਦੇ ਮੁਲਾਜ਼ਮਾਂ ਵਿਰੁੱਧ ਵੀ ਸਿੱਖਿਆਦਾਇਕ ਕਾਰਵਾਈ ਕਰਨੀ ਚਾਹੀਦੀ ਹੈ।             —ਵਿਜੇ ਕੁਮਾਰ

Vijay Kumar Chopra

This news is Chief Editor Vijay Kumar Chopra