ਗ੍ਰੀਸ ''ਚ ਭਾਰੀ ਵਿੱਤੀ ਸੰਕਟ ਲੋਕਾਂ ਵਲੋਂ ਔਲਾਦ ਪੈਦਾ ਕਰਨ ਤੋਂ ਤੌਬਾ

05/01/2017 7:49:57 AM

ਸਾਲਾਂ ਤੋਂ ਵਿੱਤੀ ਸੰਕਟ ਨਾਲ ਜੂਝ ਰਹੇ ਗ੍ਰੀਸ ''ਚ ਲੋਕ ਬੇਹੱਦ ਤੰਗੀ ''ਚ ਜੀਵਨ ਗੁਜ਼ਾਰ ਰਹੇ ਹਨ। ਬੇਰੋਜ਼ਗਾਰੀ ਲਗਾਤਾਰ ਵਧ ਰਹੀ ਹੈ ਅਤੇ ਗ੍ਰੀਸ ਵਿਚ ਲਾਗੂ ਵਿੱਤੀ ਸਾਦਗੀ ਦੇ ਕਾਇਦਿਆਂ ਕਾਰਨ ਇਥੋਂ ਦੇ ਨਿਵਾਸੀਆਂ ਦੀ ਜੀਵਨਸ਼ੈਲੀ ਹੀ ਬਦਲ ਗਈ ਹੈ। ਜ਼ਿਆਦਾਤਰ ਲੋਕਾਂ ਦਾ ਬਹੁਤ ਮੁਸ਼ਕਿਲ ਨਾਲ ਗੁਜ਼ਾਰਾ ਹੋ ਰਿਹਾ ਹੈ।
ਗ੍ਰੀਸ ਨੂੰ ਮਿਲੀ ਅਰਬਾਂ ਰੁਪਏ ਮਦਦ ਦੇ ਬਾਵਜੂਦ ਅਰਥ ਵਿਵਸਥਾ ਪਟੜੀ ''ਤੇ ਨਹੀਂ ਆ ਰਹੀ। ਉਥੇ ਗਰੀਬੀ ਦੀ ਦਰ ਦੁੱਗਣੀ ਹੋ ਗਈ ਹੈ। ਲੋਕ ਆਪਣੀਆਂ ਆਮ ਜ਼ਰੂਰਤਾਂ ਲਈ ਵੀ ਸੰਘਰਸ਼ ਕਰ ਰਹੇ ਹਨ। ਤਿੰਨ-ਤਿੰਨ ਬੇਲਆਊਟ ਪੈਕੇਜਾਂ ਤੋਂ ਬਾਅਦ ਵੀ ਗ੍ਰੀਸ ਬੇਹਾਲ ਹੈ। ਇਸੇ ਦੇ ਸਿੱਟੇ ਵਜੋਂ ਬਜ਼ੁਰਗਾਂ ਦੀ ਪੈਨਸ਼ਨ ਵਿਚ ਵੀ ਭਾਰੀ ਕਟੌਤੀ ਕਰ ਦਿੱਤੀ ਗਈ ਹੈ। ਇਥੋਂ ਤਕ ਕਿ ਜ਼ਿਆਦਾਤਰ ਜੋੜੇ ਹੁਣ ਤਕ ਸਿਰਫ ਇਕ ਹੀ ਔਲਾਦ ਤੋਂ ਸੰਤੁਸ਼ਟ ਹੋਣ ਲੱਗੇ ਹਨ।
ਅਜਿਹੇ ਵਿਚ ਜਿਹੜੇ ਜੋੜਿਆਂ ਨੇ ਪ੍ਰਜਨਨ ਕਲੀਨਿਕਾਂ ''ਚ ਆਪਣੇ ਅੰਡਾਣੂ ਜਾਂ ਭਰੂਣ ਭਵਿੱਖ ਵਿਚ ਆਪਣੇ ਪਰਿਵਾਰ ਨੂੰ ਵਧਾਉਣ ਦੀ ਆਸ ''ਚ ਜਮ੍ਹਾ ਕਰਵਾਏ ਸਨ, ਉਹ ਹੁਣ ਕਲੀਨਿਕਾਂ ਨੂੰ ਉਨ੍ਹਾਂ ਨੂੰ ਨਸ਼ਟ ਕਰਨ ਲਈ ਕਹਿ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਉਹ ਇਕ ਤੋਂ ਵੱਧ ਜਾਂ ਫਿਰ ਇਕ ਵੀ ਬੱਚੇ ਨੂੰ ਪਾਲਣ ਦਾ ਖਰਚਾ ਬਰਦਾਸ਼ਤ ਨਹੀਂ ਕਰ ਸਕਦੇ।
ਗ੍ਰੀਸ ਦੇ ਇਕ ਪ੍ਰਮੁੱਖ ਇਨਵਿਟਰੋ ਫਰਟੀਲਾਈਜ਼ੇਸ਼ਨ ਸੈਂਟਰ ਦੀ ਡਾਇਰੈਕਟਰ ਮਾਸਤਰੋ ਮਿਨਾਸ ਅਨੁਸਾਰ, ''''8 ਸਾਲ ਦੀ ਆਰਥਿਕ ਮੰਦੀ ਤੋਂ ਬਾਅਦ ਉਹ ਦੁਖੀ ਮਨ ਨਾਲ ਦੁਬਾਰਾ ਮਾਤਾ-ਪਿਤਾ ਬਣਨ ਦੇ ਆਪਣੇ ਸੁਪਨਿਆਂ ਨੂੰ ਹਮੇਸ਼ਾ ਲਈ ਤਿਆਗ ਰਹੇ ਹਨ।''''
ਲੰਬੇ ਸਮੇਂ ਤੋਂ ਘੱਟ ਵਿਕਾਸ, ਉੱਚ ਬੇਰੁਜ਼ਗਾਰੀ ਦਰ, ਅਨਿਸ਼ਚਿਤ ਕੰਮ ਦੇ ਮੌਕਿਆਂ ਅਤੇ ਵਿੱਤੀ ਤਣਾਅ ਨੂੰ ਸਹਿ ਰਹੇ ਜੋੜੇ ਇਕ ਹੀ ਬੱਚੇ ਦੇ ਮਾਤਾ-ਪਿਤਾ ਬਣਨ ਜਾਂ ਬੱਚੇ ਪੈਦਾ ਹੀ ਨਾ ਕਰਨ ਦਾ ਦਰਦ ਭਰਿਆ ਫੈਸਲਾ ਲੈ ਰਹੇ ਹਨ। ਇਹ ਏਸ਼ੀਆਈ ਦੇਸ਼ਾਂ ਤੋਂ ਬਿਲਕੁਲ ਉਲਟ ਹਨ, ਜਿਥੇ ਮਾਤਾ-ਪਿਤਾ ਕੋਲ ਭਾਵੇਂ ਖਾਣ-ਪੀਣ ਲਈ ਵੀ ਨਾ ਹੋਵੇ, ਬੱਚੇ ਪੈਦਾ ਕਰਦੇ ਰਹਿੰਦੇ ਹਨ ਕਿਉਂਕਿ ਉਹ ਉਨ੍ਹਾਂ ਦੇ ਜੀਵਨ ਪੱਧਰ ਜਾਂ ਸਿੱਖਿਆ ਬਾਰੇ ਨਹੀਂ ਸੋਚਦੇ ਸਗੋਂ ਉਨ੍ਹਾਂ ਨੂੰ ਕਮਾਊ ਹੱਥ ਸਮਝਦੇ ਹਨ।
ਇਸ ਘਟਨਾਚੱਕਰ ਦੇ ਸਿੱਟੇ ਵਜੋਂ ਗ੍ਰੀਸ, ਸਪੇਨ ਅਤੇ ਇਟਲੀ ''ਚ 1970 ਦੇ ਦਹਾਕੇ ਵਿਚ ਪੈਦਾ ਹੋਈਆਂ ਲੱਗਭਗ 5 ''ਚੋਂ ਇਕ ਔਰਤ ਦੇ ਬੇਔਲਾਦ ਰਹਿ ਜਾਣ ਦੀ ਸੰਭਾਵਨਾ ਹੈ। ਪਹਿਲੀ ਵਿਸ਼ਵ ਜੰਗ ਤੋਂ ਬਾਅਦ ਵੀ ਹਾਲਾਤ ਇੰਨੇ ਖਰਾਬ ਨਹੀਂ ਸਨ।
ਹਜ਼ਾਰਾਂ ਨੌਜਵਾਨ ਖੁਸ਼ਹਾਲ ਦੇਸ਼ਾਂ ਨੂੰ ਪ੍ਰਵਾਸ ਕਰ  ਚੁੱਕੇ ਹਨ, ਜਿਨ੍ਹਾਂ ਦੇ ਅਰਥ ਵਿਵਸਥਾ ਵਿਚ ਵੱਡਾ ਸੁਧਾਰ ਨਾ ਹੋਣ ਤਕ ਪਰਤਣ ਦੇ ਆਸਾਰ ਵੀ ਨਹੀਂ ਹਨ। ਇਨ੍ਹਾਂ ਹਾਲਾਤ ਨੂੰ ਖੇਤਰ ਵਿਚ ਆਬਾਦੀ ਦੀ ਆਫਤ ਦੇ ਰੂਪ ''ਚ ਦੇਖਿਆ ਜਾ ਰਿਹਾ ਹੈ। ਯੂਰੋਸਟੈਟ ਅਨੁਸਾਰ ਆਬਾਦੀ ਵਿਕਾਸ ਨੂੰ ਸਥਿਰ ਰੱਖਣ ਲਈ 2.1 ਦੀ ਜਨਮ ਦਰ ਜ਼ਰੂਰੀ ਹੈ ਪਰ ਮੌਜੂਦਾ ਦਰ ਇਸ ਤੋਂ ਕਿਤੇ ਘੱਟ ਹੈ।
ਏਥਨਜ਼ ''ਚ ਇਕ ਵੋਟਰ ਸਰਵੇਖਕ 43 ਸਾਲਾ ਮਾਰੀਆ ਕਰਾਕਲਿਯੋਮੀ ਨੇ ਇਹ ਸੋਚ ਕੇ ਬੱਚੇ ਪੈਦਾ ਕਰਨ ਦਾ ਵਿਚਾਰ ਤਿਆਗ ਦਿੱਤਾ ਕਿ ਮੌਜੂਦਾ ਹਾਲਾਤ ਵਿਚ ਉਹ ਆਪਣੇ ਬੱਚਿਆਂ ਨੂੰ ਉਹੋ ਜਿਹਾ ਜੀਵਨ ਪੱਧਰ ਨਹੀਂ ਦੇ ਸਕੇਗੀ, ਜਿਹੋ ਜਿਹਾ ਉਸ ਨੂੰ ਆਪਣੇ ਮਾਤਾ-ਪਿਤਾ ਤੋਂ ਮਿਲਿਆ ਸੀ। ਉਸ ਦੀ ਭੈਣ ਦੀ ਵੀ ਇਕ ਹੀ ਬੱਚੀ ਹੈ। ਮਾਰੀਆ ਜਾਣਦੀ ਹੈ ਕਿ ਉਸ ਦੀ ਉਮਰ ਵਿਚ ਉਸ ਦੀ ਦਾਦੀ ਦੇ 5 ਪੋਤੇ-ਪੋਤੀਆਂ ਸਨ। ਉਥੇ ਔਰਤਾਂ ਵਿਚ ਬੇਰੁਜ਼ਗਾਰੀ ਦੀ ਦਰ 27 ਫੀਸਦੀ ਅਤੇ ਮਰਦਾਂ ਵਿਚ 20 ਫੀਸਦੀ ਹੈ। ਉਹ ਕਹਿੰਦੀ ਹੈ, ''''ਮੈਨੂੰ ਨਹੀਂ ਪਤਾ ਕਿ ਦੋ ਮਹੀਨੇ ਜਾਂ ਸਾਲ ਬਾਅਦ ਮੇਰੀ ਇਹ ਨੌਕਰੀ ਰਹੇਗੀ ਵੀ ਜਾਂ ਨਹੀਂ।''''
ਹਾਲਾਤ ''ਚ ਮਹੱਤਵਪੂਰਨ ਸੁਧਾਰ ਦੀ ਘਾਟ ਵਿਚ ਇਹ ਖੇਤਰ ਦੁਨੀਆ ਦੇ ਕੁਝ ਸਭ ਤੋਂ ਘੱਟ ਜਨਮ ਦਰ ਵਾਲੇ ਇਲਾਕਿਆਂ ''ਚ ਸ਼ਾਮਲ ਹੁੰਦਾ ਜਾ ਰਿਹਾ ਹੈ। ਜ਼ਾਹਿਰ ਹੈ ਕਿ ਇਸ ਨਾਲ ਪੈਨਸ਼ਨ ਅਤੇ ਵੈੱਲਫੇਅਰ ਸਿਸਟਮ ''ਤੇ ਵੀ ਦਬਾਅ ਵਧੇਗਾ। ਇਸ ਨਾਲ ਵਿਕਾਸ ਦੀ ਰਫਤਾਰ ਹੋਰ ਘੱਟ ਹੋਵੇਗੀ ਕਿਉਂਕਿ ਘੱਟ ਹੁੰਦੇ ਕਾਰਜ ਬਲ ਕਾਰਨ ਇਹ ਦੇਸ਼ ਬਾਕੀ ਯੂਰਪ ਤੇ ਦੁਨੀਆ ਨਾਲ ਭਲਾ ਕਿਸ ਤਰ੍ਹਾਂ ਮੁਕਾਬਲਾ ਕਰ ਸਕੇਗਾ।
ਜਨਮ ਦਰਾਂ ''ਚ ਹੋਰ ਕਮੀ ਆ ਰਹੀ ਹੈ ਕਿਉਂਕਿ ਵਿੱਤੀ ਸੰਕਟ ਕਾਰਨ ਸੰਕਟਗ੍ਰਸਤ ਦੇਸ਼ਾਂ ਲਈ ਪਰਿਵਾਰਕ ਸਹਾਇਤਾ ਪ੍ਰੋਗਰਾਮਾਂ ਵਿਚ ਯੋਗਦਾਨ ਦੇਣਾ ਵੀ ਮੁਸ਼ਕਿਲ ਹੋ ਗਿਆ ਹੈ। ਫਰਾਂਸ ਵਿਚ ਦੂਸਰੇ ਬੱਚੇ ਦੇ ਜਨਮ ਤੋਂ ਬਾਅਦ ਪ੍ਰਤੀ ਔਲਾਦ 130 ਯੂਰੋ ਮਾਸਿਕ ਮਦਦ ਦਿੱਤੀ ਜਾਂਦੀ ਹੈ, ਜਦਕਿ ਗ੍ਰੀਸ ''ਚ ਇਹ ਸਿਰਫ 40 ਯੂਰੋ ਹੈ। ਯੂਰਪੀ ਸੰਘ ਵਿਚ ਇਸ ਸਮੇਂ ਗ੍ਰੀਸ ਹੀ ਸਭ ਤੋਂ ਘੱਟ ਪਰਿਵਾਰਕ ਤੇ ਔਲਾਦ ਸਹਾਇਤਾ ਦੇ ਰਿਹਾ ਹੈ।
ਜ਼ਾਹਿਰ ਹੈ ਕਿ ਕਰੀਬ 8 ਸਾਲ ਦੇ ਆਰਥਿਕ ਸੰਕਟ ਤੋਂ ਬਾਅਦ ਸੁਧਾਰ ਲਈ ਸੰਘਰਸ਼ਸ਼ੀਲ ਗ੍ਰੀਸ ਸਰਕਾਰ ਜਨਮ ਦਰ ''ਚ ਕਮੀ ਨੂੰ ਸਰਵਉੱਚ ਤਰਜੀਹ ਨਹੀਂ ਦੇ ਸਕਦੀ। ਯੂਰਪੀ ਸੰਸਦ ਅਨੁਸਾਰ ਵਿੱਤੀ ਸੰਕਟ ਦੇ ਇਸ ਦੌਰ ''ਚ ਗ੍ਰੀਸ ਵਿਚ ਲਿੰਗਿਕ ਸਮਾਨਤਾ ਨੂੰ ਖੋਰਾ  ਲੱਗਾ ਹੈ।

Vijay Kumar Chopra

This news is Chief Editor Vijay Kumar Chopra