ਭ੍ਰਿਸ਼ਟਾਚਾਰ ਦੀ ਦਲਦਲ ''ਚ ਫਸੇ ਸਰਕਾਰੀ ਅਧਿਕਾਰੀ ਅਤੇ ਮੁਲਾਜ਼ਮ

04/28/2016 2:04:47 AM

ਸਾਡੇ ਦੇਸ਼ ''ਚ ''ਯਥਾ ਰਾਜਾ ਤਥਾ ਪ੍ਰਜਾ'' ਵਾਲੀ ਕਹਾਵਤ ਸੌ ਫੀਸਦੀ ਸੱਚ ਸਿੱਧ ਹੋ ਰਹੀ ਹੈ। ਸਿਆਸਤਦਾਨਾਂ ਅਤੇ ਅਧਿਕਾਰੀਆਂ ਨੂੰ ਭ੍ਰਿਸ਼ਟਾਚਾਰ ''ਚ ਲਿੱਬੜੇ ਦੇਖ ਕੇ ਉਨ੍ਹਾਂ ਦੇ ਮਾਤਹਿਤ ਵੀ ਹੁਣ ਆਪਣੇ ਵਾਰੇ-ਨਿਆਰੇ ਕਰਨ ''ਚ ਜੁਟੇ ਹੋਏ ਹਨ। 
ਸੀ. ਬੀ. ਆਈ. ਨੇ ਪਿਛਲੇ ਸਾਲ 2411 ਗਜ਼ਟਿਡ ਅਧਿਕਾਰੀਆਂ ਦੀ ਸ਼ਨਾਖਤ ਕੀਤੀ, ਜਿਨ੍ਹਾਂ ''ਤੇ ਭ੍ਰਿਸ਼ਟਾਚਾਰ ''ਚ ਸ਼ਾਮਲ ਹੋਣ ਦਾ ਸ਼ੱਕ ਹੈ ਅਤੇ ਇਹ ਗਿਣਤੀ ਇਸ ਤੋਂ ਪਿਛਲੇ ਸਾਲ ਦੇ ਮੁਕਾਬਲੇ 87 ਫੀਸਦੀ ਜ਼ਿਆਦਾ ਹੈ। ਇਸ ਸਾਲ 29 ਫਰਵਰੀ ਤਕ ਸੀ. ਬੀ. ਆਈ. ਵਲੋਂ ਗਜ਼ਟਿਡ ਅਧਿਕਾਰੀਆਂ ਦੇ ਭ੍ਰਿਸ਼ਟਾਚਾਰ ਦੇ 1200 ਮਾਮਲਿਆਂ ''ਚ ਜਾਂਚ ਕੀਤੀ ਜਾ ਰਹੀ ਹੈ। ਇਥੇ ਪੇਸ਼ ਹਨ ਪਿਛਲੇ 1 ਮਹੀਨੇ ''ਚ ਸਰਕਾਰੀ ਭ੍ਰਿਸ਼ਟਾਚਾਰ ਦੀਆਂ ਚੰਦ ਮਿਸਾਲਾਂ :
* 29 ਮਾਰਚ ਨੂੰ ਮਹਾਰਾਸ਼ਟਰ ਦੇ ਸਤਾਰਾ ''ਚ ਮੁਲਾਜ਼ਮ ਰਾਜ ਬੀਮਾ ਨਿਗਮ ਦੇ ਸੁਰੱਖਿਆ ਅਧਿਕਾਰੀ ਨੂੰ ਇਕ ਕਾਰੋਬਾਰੀ ਤੋਂ ਉਸ ਦੀ ਫਰਮ ਨੂੰ ਲੱਗਾ 3 ਲੱਖ ਰੁਪਏ ਜੁਰਮਾਨਾ ਮੁਆਫ ਕਰਨ ਬਦਲੇ 25,000 ਰੁਪਏ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕੀਤਾ ਗਿਆ।
* 14 ਅਪ੍ਰੈਲ ਨੂੰ ਸੀ. ਬੀ. ਆਈ. ਦੀਆਂ ਜੈਪੁਰ ਅਤੇ ਜੋਧਪੁਰ ਵਾਲੀਆਂ ਦੋ ਟੀਮਾਂ ਨੇ ਸ਼੍ਰੀਗੰਗਾਨਗਰ ''ਚ ਸਥਿਤ ਸਾਧੂਵਾਲੀ ਛਾਉਣੀ ''ਚ ਛਾਪਾ ਮਾਰ ਕੇ ਫੌਜ ਦੇ 5 ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ 60,000 ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕੀਤਾ।
* 14 ਅਪ੍ਰੈਲ ਨੂੰ ਹੀ ਜਾਰੀ ਪੀ. ਆਰ. ਟੀ. ਸੀ. ਦੇ ਇਕ ਬਿਆਨ ਅਨੁਸਾਰ ਵੱਖ-ਵੱਖ ਬੱਸ ਡਿਪੂਆਂ ''ਚ ਤਾਇਨਾਤ ਇਸ ਦੇ 100 ਤੋਂ ਜ਼ਿਆਦਾ ਬੱਸ ਕੰਡਕਟਰਾਂ ਨੂੰ 10 ਰੁਪਏ ਤੋਂ 500 ਰੁਪਏ ਤਕ ਦੀ ਟਿਕਟ ਚੋਰੀ ਕਰਨ ਦੇ ਦੋਸ਼ ਹੇਠ ਪਿਛਲੇ 3 ਮਹੀਨਿਆਂ ''ਚ ਰੰਗੇ ਹੱਥੀਂ ਫੜਿਆ ਗਿਆ।
* 18 ਅਪ੍ਰੈਲ ਨੂੰ ਲੜਾਈ ਦੇ ਇਕ ਮਾਮਲੇ ''ਚ ਛੇਤੀ ਤੋਂ ਛੇਤੀ ਚਾਰਜਸ਼ੀਟ ਦਾਇਰ ਕਰਨ ਬਦਲੇ 35000 ਰੁਪਏ ਰਿਸ਼ਵਤ ਲੈਂਦਿਆਂ ਦਾਭੋਲ ਪੁਲਸ ਚੌਕੀ ਦੇ ਸਬ-ਇੰਸਪੈਕਟਰ ਪਾਂਡੂਰੰਗ ਚਵਨ ਨੂੰ ਭ੍ਰਿਸ਼ਟਾਚਾਰ ਰੋਕੂ ਬਿਊਰੋ ਦੇ ਰਤਨਾਗਿਰੀ ਯੂਨਿਟ ਨੇ ਗ੍ਰਿਫਤਾਰ ਕੀਤਾ।
* 19 ਅਪ੍ਰੈਲ ਨੂੰ ਪੰਜਾਬ ਸਟੇਟ ਪਾਵਰ ਕਾਰੋਪੇਰਸ਼ਨ, ਲੁਧਿਆਣਾ ਦੇ ਫੋਕਲ ਪੁਆਇੰਟ ''ਚ ਤਾਇਨਾਤ ਜੂਨੀਅਰ ਇੰਜੀਨੀਅਰ ਰੁਪਿੰਦਰ ਸਿੰਘ ਨੂੰ ਇਕ ਹੌਜ਼ਰੀ ਵਪਾਰੀ ਤੋਂ ਫੈਕਟਰੀ ਦਾ ਮੀਟਰ ਲਾਉਣ ਬਦਲੇ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਫੜਿਆ ਗਿਆ।
* 21 ਅਪ੍ਰੈਲ ਨੂੰ ਜੰਗਲਾਤ ਮਹਿਕਮੇ ਦੇ ਦੋ ਦਰੱਖਤ ਕੱਟਣ ਦੀ ਇਜਾਜ਼ਤ ਦੇਣ ਬਦਲੇ 40,000 ਰੁਪਏ ਰਿਸ਼ਵਤ ਲੈਂਦਿਆਂ ਦਿੱਲੀ ਸਰਕਾਰ ''ਚ ਜੰਗਲਾਤ ਮਹਿਕਮੇ ਦੇ ਮੁਲਾਜ਼ਮ ਦਿਨੇਸ਼ ਕੁਮਾਰ ਨੂੰ ਰੰਗੇ ਹੱਥੀਂ ਫੜਿਆ।
* 23 ਅਪ੍ਰੈਲ ਨੂੰ ਸੀ. ਬੀ. ਆਈ. ਦੀ ਭ੍ਰਿਸ਼ਟਾਚਾਰ ਰੋਕੂ ਬ੍ਰਾਂਚ ਨੇ ਉੱਤਰੀ ਰੇਲਵੇ ਅੰਬਾਲਾ ਛਾਉਣੀ ਦੇ ਟਰੈਕ ਡਿਪੂ ਦੇ ਇਕ ਸੀਨੀਅਰ ਸੈਕਸ਼ਨ ਇੰਜੀਨੀਅਰ ਹਰਮਿੰਦਰ ਸਿੰਘ ਨੂੰ ਇਕ ਠੇਕੇਦਾਰ ਤੋਂ 25000 ਰੁਪਏ ਰਿਸ਼ਵਤ ਲੈਂਦਿਆਂ ਫੜਿਆ।
* 23 ਅਪ੍ਰੈਲ ਨੂੰ ਹੀ ਛੱਤੀਸਗੜ੍ਹ ਦੇ ਰਾਏਪੁਰ ''ਚ ਭ੍ਰਿਸ਼ਟਾਚਾਰ ਰੋਕੂ ਬਿਊਰੋ ਨੇ ਸੂਬੇ ਦੇ ਕਈ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੇ ਘਰਾਂ ''ਤੇ ਛਾਪੇ ਮਾਰ ਕੇ ਕਰੋੜਾਂ ਰੁਪਏ ਦੀ ਆਮਦਨ ਤੋਂ ਜ਼ਿਆਦਾ ਜਾਇਦਾਦ ਦਾ ਪਤਾ ਲਾਇਆ।
ਇਕ ਅਧਿਕਾਰੀ ਦੇ ਘਰ ਦੇ ਬਾਥਰੂਮ ''ਚ ਲੁਕੋ ਕੇ ਰੱਖੇ 21 ਲੱਖ ਰੁਪਏ ਅਤੇ ਸੇਵਾ-ਮੁਕਤ ਅਧਿਕਾਰੀ ਗੁਲਾਮ ਮੁਹੰਮਦ ਖਾਨ ਤੋਂ 25 ਲੱਖ ਰੁਪਏ ਦੇ 3 ਮੰਜ਼ਿਲਾ ਮਕਾਨ, ਪਤਨੀ, ਧੀ ਅਤੇ ਖੁਦ ਦੇ ਨਾਂ ''ਤੇ ਜ਼ਮੀਨ ਦੇ ਦਸਤਾਵੇਜ਼ ਬਰਾਮਦ ਕੀਤੇ ਗਏ।
ਅੰਬਿਕਾਪੁਰ ''ਚ ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਫੇਬੀਅਨ ਖੇਸ ਤੋਂ ਲੱਗਭਗ 4 ਕਰੋੜ ਰੁਪਏ ਦੇ ਮਕਾਨ ਤੇ ਜ਼ਮੀਨ ਦੇ ਦਸਤਾਵੇਜ਼ ਅਤੇ 1 ਲੱਖ 85 ਹਜ਼ਾਰ ਰੁਪਏ ਨਕਦ ਬਰਾਮਦ ਕੀਤੇ ਗਏ।
ਪਾਣੀ ਦੇ ਸੋਮਿਆਂ ਬਾਰੇ ਮਹਿਕਮੇ ਦੇ ਕਾਰਜਕਾਰੀ ਇੰਜੀਨੀਅਰ ਉਮਾਸ਼ੰਕਰ ਰਾਮ ਦੇ ਘਰੋਂ 3 ਲੱਖ 55 ਹਜ਼ਾਰ ਰੁਪਏ ਨਕਦ, ਡੇਢ ਕਰੋੜ ਰੁਪਏ ਦੀ ਜ਼ਮੀਨ, 50 ਏਕੜ ਦੇ ਫਾਰਮ ਹਾਊਸ ਦੇ ਦਸਤਾਵੇਜ਼ ਤੇ ਸੋਨੇ-ਚਾਂਦੀ ਦੇ ਗਹਿਣੇ ਮਿਲੇ। 
ਰਾਏਗੜ੍ਹ ਦੇ ਜ਼ਿਲਾ ਸਿੱਖਿਆ ਅਧਿਕਾਰੀ ਐੱਨ. ਕੇ. ਦਿਵੇਦੀ ਤੋਂ 50000 ਰੁਪਏ ਨਕਦ ਅਤੇ ਲੱਗਭਗ 2 ਕਰੋੜ ਰੁਪਏ ਦੇ ਮਕਾਨ ਤੇ ਜ਼ਮੀਨ ਦੇ ਦਸਤਾਵੇਜ਼ ਮਿਲੇ। 
ਇਸੇ ਦਿਨ ਰਾਜਨੰਦਗਾਂਵ ਵਿਚ ਸਿੰਚਾਈ ਮਹਿਕਮੇ ਦੇ ਡਿਪਟੀ ਇੰਜੀਨੀਅਰ ਜੀ. ਆਰ. ਦੇਵਾਂਗਨ ਦੇ ਘਰ ਛਾਪੇ ਦੌਰਾਨ 1 ਲੱਖ ਰੁਪਏ ਨਕਦ, ਉਸ ਦੀ ਪਤਨੀ ਤੇ ਬੇਟੇ ਦੇ ਨਾਂ ਪਲਾਟ, ਬੈਂਕ ਲਾਕਰ ਦੇ ਦਸਤਾਵੇਜ਼, ਕਾਰ, ਦੂਜੇ ਸ਼ਹਿਰਾਂ ''ਚ ਕਈ ਪਲਾਟਾਂ ਤੇ ਮਕਾਨਾਂ ਦੀ ਮਾਲਕੀ ਦੇ ਦਸਤਾਵੇਜ਼ ਤੇ ਭਾਰੀ ਮਾਤਰਾ ''ਚ ਸੋਨੇ-ਚਾਂਦੀ ਦੇ ਗਹਿਣੇ ਬਰਾਮਦ ਕੀਤੇ ਗਏ।
ਇਹ ਤਾਂ ਲੱਗਭਗ 1 ਮਹੀਨੇ ''ਚ ਰਿਸ਼ਵਤ ਦੇ ਮਾਮਲਿਆਂ ਦੀਆਂ ਚੰਦ ਮਿਸਾਲਾਂ ਮਾਤਰ ਹਨ, ਜਦਕਿ ਇਨ੍ਹਾਂ ਤੋਂ ਇਲਾਵਾ ਵੀ ਅਣਗਿਣਤ ਅਜਿਹੇ ਮਾਮਲੇ ਹੋਏ ਹੋਣਗੇ, ਜੋ ਸਾਹਮਣੇ ਨਹੀਂ ਆ ਸਕੇ। ਜੇ ਕੁਝ ਅਪਵਾਦਾਂ ਨੂੰ ਛੱਡ ਦਿੱਤਾ ਜਾਵੇ ਤਾਂ ਸਪੱਸ਼ਟ ਹੈ ਕਿ ਮੰਤਰੀਆਂ, ਸਿਆਸਤਦਾਨਾਂ ਤੇ ਉੱਚ ਅਹੁਦੇ ''ਤੇ ਬੈਠੇ ਅਧਿਕਾਰੀਆਂ ਦੀ ਦੇਖਾ-ਦੇਖੀ ਮਾਤਹਿਤ ਸਟਾਫ ''ਚ ਵੀ ਭ੍ਰਿਸ਼ਟਾਚਾਰ ਕਿੰਨੀਆਂ ਡੂੰਘੀਆਂ ਜੜ੍ਹਾਂ ਜਮਾ ਚੁੱਕਾ ਹੈ। 
ਅੱਜ ਇਹ ਉਮੀਦ ਹੀ ਖਤਮ ਹੁੰਦੀ ਜਾ ਰਹੀ ਹੈ ਕਿ ਭਾਰਤ ''ਚ ਰਿਸ਼ਵਤ ਦਿੱਤੇ ਬਿਨਾਂ ਵੀ ਕੰਮ ਕਰਵਾਇਆ ਜਾ ਸਕਦਾ ਹੈ। ਭ੍ਰਿਸ਼ਟਾਚਾਰ ਦੇ ਮਾਮਲਿਆਂ ਦੇ ਲਗਾਤਾਰ ਸਾਹਮਣੇ ਆਉਣ ਤੋਂ ਸਪੱਸ਼ਟ ਹੈ ਕਿ ਨਵੀਂ ਸਰਕਾਰ ''ਚ ਵੀ ਇਹ ਵਧਦਾ ਹੀ ਜਾ ਰਿਹਾ ਹੈ।
—ਵਿਜੇ ਕੁਮਾਰ

Vijay Kumar Chopra

This news is Chief Editor Vijay Kumar Chopra