ਅਫਗਾਨਿਸਤਾਨ ਤੋਂ ਫਲਾਂ ਦੀਅਾਂ ਪੇਟੀਅਾਂ ’ਚ ਸੋਨੇ ਦੀਅਾਂ ਛੜਾਂ ਦੀ ਤਸਕਰੀ

12/09/2018 6:36:57 AM

ਪੰਜਾਬ ’ਚ ਅੰਮ੍ਰਿਤਸਰ ਨੇੜੇ ਅਟਾਰੀ ਬਾਰਡਰ ’ਤੇ ਸਥਿਤ ‘ਇੰਟੈਗ੍ਰੇਟਿਡ ਚੈੱਕ  ਪੋਸਟ’ (ਆਈ. ਸੀ. ਪੀ.) ਉੱਤੇ ਬੀਤੇ ਦਿਨੀਂ ਸੇਬ ਦੀਅਾਂ ਪੇਟੀਅਾਂ ਨਾਲ ਲੱਦੇ ਟਰੱਕ ’ਚੋਂ ਲਗਭਗ 10.50 ਕਰੋੜ ਰੁਪਏ ਦੀ ਕੀਮਤ ਦੀਅਾਂ 32.5 ਕਿਲੋ ਸੋਨੇ ਦੀਅਾਂ ਛੜਾਂ ਬਰਾਮਦ ਹੋਈਅਾਂ। ਪਿਛਲੇ 25 ਸਾਲਾਂ ’ਚ ਆਈ. ਸੀ. ਪੀ. ’ਤੇ ਜ਼ਬਤ ਕੀਤੀ ਗਈ ਇਹ ਸੋਨੇ ਦੀ ਸਭ ਤੋਂ ਵੱਧ ਮਾਤਰਾ ਹੈ। 
ਇਹ ਸੋਨਾ ਅਫਗਾਨਿਸਤਾਨ ’ਚ ਕਾਬੁਲ ਦੀ ਇਕ ਫਰਮ ਵਲੋਂ ਦਿੱਲੀ ਦੀ ਇਕ ਫਰਮ ਨੂੰ ਭੇਜੇ ਸੇਬਾਂ ਨਾਲ ਲੱਦੇ ਪਾਕਿਸਤਾਨ ਦੇ ਟਰੱਕ ’ਚ ਲੁਕੋਇਆ ਗਿਆ ਸੀ। ਇਸ ਨੂੰ ਪਾਕਿਸਤਾਨੀ ਡਰਾਈਵਰ ਚਲਾ ਰਿਹਾ ਸੀ। ਕਾਬੁਲ ਤੋਂ ਇਸ ਨੂੰ ਲਿਆਉਣ ਵਾਲਾ ਡਰਾਈਵਰ ਪਾਕਿਸਤਾਨ ’ਚ ਹੀ ਰਹਿ ਗਿਆ ਸੀ ਤੇ ਲੋਡ ਹੋ ਕੇ ਇਹ ਟਰੱਕ ਸਿੱਧਾ ਆਈ. ਸੀ. ਪੀ. ’ਤੇ ਆਇਆ ਸੀ। 
ਅਧਿਕਾਰੀਅਾਂ ਨੇ ਇਕ ਪੇਟੀ ਜਾਂਚਣ ਲਈ ਉਤਾਰੀ ਤਾਂ ਖਾਲੀ ਕਰਨ ’ਤੇ ਉਹ ਆਮ ਨਾਲੋਂ ਭਾਰੀ ਲੱਗੀ। ਆਮ ਤੌਰ ’ਤੇ ਇਕ ਪੇਟੀ ਦਾ ਭਾਰ 20 ਕਿਲੋ ਹੁੰਦਾ ਹੈ ਅਤੇ ਉਸ ’ਚ 19 ਕਿਲੋ ਸੇਬ ਹੁੰਦੇ ਹਨ ਅਤੇ ਖਾਲੀ ਪੇਟੀ ਦਾ ਭਾਰ 1 ਕਿਲੋ ਹੁੰਦਾ ਹੈ। 
ਸੇਬ ਤੋਲਣ ਤੋਂ ਬਾਅਦ ਜਦੋਂ ਖਾਲੀ ਪੇਟੀ ਤੋਲੀ ਗਈ ਤਾਂ ਉਸ ਦਾ ਭਾਰ 3 ਕਿਲੋ ਨਿਕਲਿਆ ਅਤੇ ਤੋੜਨ ’ਤੇ ਉਸ ਦੇ ਥੱਲੇ ਕਾਲੀ ਰਬੜ ਤੇ ਕਾਲੇ ਕਾਰਬਨ ਪੇਪਰ ’ਚ ਲਪੇਟੀਅਾਂ ਸੋਨੇ ਦੀਅਾਂ ਛੜਾਂ ਕਾਲੀ ਟੇਪ ਨਾਲ ਚਿਪਕਾਈਅਾਂ ਮਿਲੀਅਾਂ। 
ਇਸੇ ਤਰ੍ਹਾਂ 12 ਹੋਰ ਪੇਟੀਅਾਂ ਦੀ ਜਾਂਚ ਕਰਨ ’ਤੇ 11 ਪੇਟੀਅਾਂ ’ਚ 27 ਲੁਕੋਈਅਾਂ ਹੋਈਅਾਂ ਛੜਾਂ ਦੇ ਰੂਪ ’ਚ ਕੁਲ 32.654 ਕਿਲੋ ਸੋਨਾ ਬਰਾਮਦ ਹੋਇਆ। ਇਸ ਮਾਮਲੇ ’ਚ ਅਧਿਕਾਰੀਅਾਂ ਨੇ ਅਫਗਾਨਿਸਤਾਨ ਤੋਂ ਸੇਬਾਂ ਦੀ ਦਰਾਮਦ ਕਰਨ ਵਾਲੇ ਵਪਾਰੀ ਦੇ ਦਿੱਲੀ ਤੇ ਅੰਮ੍ਰਿਤਸਰ ’ਚ ਸਥਿਤ ਟਿਕਾਣਿਅਾਂ ’ਤੇ ਛਾਪੇ ਮਾਰੇ ਹਨ। 
ਜਿਸ ਵਪਾਰੀ ਨੇ ਸੇਬਾਂ ਦੀ ਦਰਾਮਦ ਕੀਤੀ ਹੈ, ਉਹ ਇਨ੍ਹਾਂ ਤੋਂ ਇਲਾਵਾ ਕੁਝ ਹੋਰ ਚੀਜ਼ਾਂ ਵੀ ਦਰਾਮਦ ਕਰਦਾ ਰਹਿੰਦਾ ਹੈ ਤੇ ਉਸ ਨੇ ਇਕ ਮਹੀਨਾ ਪਹਿਲਾਂ ਹੀ ਪਾਕਿਸਤਾਨ ਦੇ ਰਸਤਿਓਂ ਸੇਬਾਂ ਦੀ ਦਰਾਮਦ ਸ਼ੁਰੂ ਕੀਤੀ ਸੀ। 
ਹਾਲਾਂਕਿ ਇਸ ਮਾਮਲੇ ’ਚ ਕਸਟਮ ਵਿਭਾਗ ਨੂੰ ਅਜੇ ਤਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਸੋਨਾ ਕਿਸ ਨੇ ਕਿਸ ਨੂੰ ਭੇਜਿਆ ਸੀ ਤੇ ਇਸ ਦਾ ਉਦੇਸ਼ ਕੀ ਸੀ ਪਰ ਅਟਾਰੀ ਬਾਰਡਰ ’ਤੇ ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਫਿਲਹਾਲ ਵਪਾਰੀਅਾਂ ਨੇ ਅਫਗਾਨਿਸਤਾਨ ਤੋਂ ਸੇਬਾਂ ਦੀ ਦਰਾਮਦ ਬੰਦ ਕਰ ਦਿੱਤੀ ਹੈ। 
ਕਸਟਮ ਵਿਭਾਗ ਦੇ ਐਂਟੀ ਸਮੱਗਲਿੰਗ ਦਿੱਲੀ ਵਿੰਗ ਵਲੋਂ ਸੇਬਾਂ ਦੇ ਵਪਾਰੀ ਦੇ ਘਰ ਕੀਤੀ ਗਈ ਰੇਡ ਦੌਰਾਨ ਵਪਾਰੀ ਮੌਕੇ ਤੋਂ ਫਰਾਰ ਹੋ ਕੇ ਰੂਪੋਸ਼ ਹੋ ਗਿਆ ਹੈ। ਕਸਟਮ ਵਿਭਾਗ ਨੂੰ ਸ਼ੱਕ ਹੈ ਕਿ ਸੇਬਾਂ ਦੀਅਾਂ ਪੇਟੀਅਾਂ ’ਚ ਸੋਨੇ ਦੀ ਇੰਨੀ ਵੱਡੀ ਖੇਪ ਇਕ ਸੋਚੀ-ਸਮਝੀ ਸਾਜ਼ਿਸ਼ ਦੇ ਤਹਿਤ ਹੀ ਲੁਕੋਈ ਗਈ ਸੀ। 
ਹਾਲਾਂਕਿ ਕਸਟਮ ਅਧਿਕਾਰੀਅਾਂ ਨੇ ਸੇਬ ਭੇਜਣ ਤੇ ਮੰਗਵਾਉਣ ਵਾਲਿਅਾਂ ਤੋਂ ਇਲਾਵਾ ਕਿਸੇ ਦਾ ਸਿੱਧੇ ਤੌਰ ’ਤੇ ਨਾਂ ਨਹੀਂ ਲਿਆ ਹੈ ਪਰ ਪਾਕਿਸਤਾਨ ਵਾਲੇ ਪਾਸੇ ਜੋ ਸਕੈਨਰ ਲੱਗਾ ਹੋਇਆ ਹੈ, ਉਸ ਨਾਲ ਅਜਿਹੀਅਾਂ ਚੀਜ਼ਾਂ ਉਥੇ ਹੀ ਫੜੀਅਾਂ ਜਾ ਸਕਦੀਅਾਂ ਸਨ। ਲਿਹਾਜ਼ਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਕਿਤੇ ਨਾ ਕਿਤੇ ਪਾਕਿਸਤਾਨੀ ਸੁਰੱਖਿਆ ਏਜੰਸੀਅਾਂ ਤੇ ਕਸਟਮ ਵਾਲਿਅਾਂ ਦੀ ਵੀ ਇਸ ਮਾਮਲੇ ’ਚ ਮਿਲੀਭੁਗਤ ਹੋਵੇਗੀ। 
ਜਿੰਨੀ ਵੱਡੀ ਮਾਤਰਾ ’ਚ ਇਹ ਸੋਨਾ ਜ਼ਬਤ ਕੀਤਾ ਗਿਆ ਹੈ, ਉਸ ਨੂੰ ਦੇਖਦਿਅਾਂ ਤਾਂ ਇਹੋ ਲੱਗਦਾ ਹੈ ਕਿ ਇਹ ਅਜਿਹੀ ਪਹਿਲੀ ਕੋਸ਼ਿਸ਼ ਨਹੀਂ, ਸਗੋਂ ਇਸ ਤੋਂ ਪਹਿਲਾਂ ਵੀ ਸ਼ਾਇਦ ਕਈ ਕੋਸ਼ਿਸ਼ਾਂ ਕਰ ਕੇ ਭਾਰਤ ’ਚ ਸੋਨੇ ਦੀ ਤਸਕਰੀ ਕੀਤੀ ਜਾਂਦੀ ਰਹੀ ਹੋਵੇਗੀ। 
ਇਸ ਘਟਨਾ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਸਰਹੱਦ ਪਾਰੋਂ ਆਉਣ ਵਾਲੀਅਾਂ ਵੱਖ-ਵੱਖ ਚੀਜ਼ਾਂ ਨਾਲ ਲੱਦੇ ਟਰੱਕਾਂ ਦੀ ਸਮੁੱਚੇ ਤੌਰ ’ਤੇ ਤਲਾਸ਼ੀ ਨਹੀਂ ਲਈ ਜਾਂਦੀ, ਜਿਸ ਨੂੰ ਸਖ਼ਤੀ ਨਾਲ ਸ਼ੁਰੂ ਕਰਨਾ ਪਵੇਗਾ ਕਿਉਂਕਿ ਜਦੋਂ ਤਕ ਸਰਹੱਦ ਪਾਰੋਂ ਆਉਣ ਵਾਲੇ ਸਾਮਾਨ ਦੀ ਸਖਤੀ ਨਾਲ ਜਾਂਚ ਨਹੀਂ ਹੋਵੇਗੀ, ਇਸ ਤਰ੍ਹਾਂ ਨਾਜਾਇਜ਼ ਤੌਰ ’ਤੇ ਕੀਮਤੀ ਧਾਤੂਅਾਂ, ਨਸ਼ੇ ਵਾਲੇ ਪਦਾਰਥਾਂ, ਹਥਿਆਰਾਂ ਤੇ ਹੋਰ ਪਾਬੰਦੀਸ਼ੁਦਾ ਚੀਜ਼ਾਂ ਦੀ ਤਸਕਰੀ ਨੂੰ ਰੋਕਿਆ ਨਹੀਂ ਜਾ ਸਕੇਗਾ। 
ਜੇ ਫਲਾਂ ਦੀਅਾਂ ਪੇਟੀਅਾਂ ’ਚ ਸੋਨੇ ਦੀਅਾਂ ਛੜਾਂ ਆ ਸਕਦੀਅਾਂ ਹਨ ਤਾਂ ਫਿਰ ਨਸ਼ੇ ਵਾਲੇ ਪਦਾਰਥ ਵੀ ਆ ਸਕਦੇ ਹਨ, ਜਿਨ੍ਹਾਂ ਦੀ ਅਫਗਾਨਿਸਤਾਨ ’ਚ ਵੱਡੇ ਪੱਧਰ ’ਤੇ ਪੈਦਾਵਾਰ ਹੁੰਦੀ ਹੈ ਅਤੇ ਜਾਅਲੀ ਕਰੰਸੀ ਵੀ ਆ ਸਕਦੀ ਹੈ। 
ਜਿੱਥੇ ਇਹ ਮਾਮਲਾ ਅਫਗਾਨਿਸਤਾਨ ਸਰਕਾਰ ਕੋਲ ਕੂਟਨੀਤਕ ਪੱਧਰ ’ਤੇ ਉਠਾਉਣ ਦੀ ਲੋੜ ਹੈ, ਉਥੇ ਹੀ ਜੋ ਲੋਕ ਉਥੋਂ ਭਾਰਤ ’ਚ ਪਾਬੰਦੀਸ਼ੁਦਾ ਪਦਾਰਥ ਮੰਗਵਾਉਣ ’ਚ ਸ਼ਾਮਿਲ ਹਨ, ਉਨ੍ਹਾਂ ਵਿਰੁੱਧ ਵੀ ਸਖਤ ਕਾਰਵਾਈ ਕਰਨ ਦੀ ਲੋੜ ਹੈ। 
ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਸਾਡੇ ਆਪਣੇ ਲੋਕ ਵੀ ਇਨ੍ਹਾਂ ਸਮਾਜ ਵਿਰੋਧੀ ਅਨਸਰਾਂ ਨਾਲ ਮਿਲੇ ਹੋਏ ਹਨ, ਜਿਨ੍ਹਾਂ ਦਾ ਪਤਾ ਲਾ ਕੇ ਉਨ੍ਹਾਂ ਨਾਲ ਕਰੜੇ ਹੱਥੀਂ ਸਿੱਝਣ ਦੀ ਲੋੜ ਹੈ।                                                            –ਵਿਜੇ ਕੁਮਾਰ