ਪੇਪਰ ਲੀਕ ਜਾਂ ਨਕਲ ਤੇ ਧੋਖਾਦੇਹੀ ਦੁਆਰਾ ਬੇਰੋਜ਼ਗਾਰਾਂ ਨੂੰ ਨੌਕਰੀ ਦਿਵਾਉਣੀ ਬਣ ਗਿਆ ਧੰਦਾ

12/22/2021 3:50:14 AM

ਅੱਜ ਦੇਸ਼ ’ਚ ਨਾ ਸਿਰਫ ਸਕੂਲ-ਕਾਲਜਾਂ ਸਗੋਂ ਵੱਖ-ਵੱਖ ਨੌਕਰੀਆਂ ਦੇ ਲਈ ਆਯੋਜਿਤ ਕੀਤੀਆਂ ਜਾਣ ਵਾਲੀਆਂ ਪ੍ਰੀਖਿਆਵਾਂ ਦੇ ਪੇਪਰ ਲੀਕ ਕਰਵਾਉਣੇ ਅਤੇ ਅਣਉਚਿਤ ਢੰਗ ਨਾਲ ਉਮੀਦਵਾਰਾਂ ਨੂੰ ਪਾਸ ਕਰਵਾਉਣ ਦਾ ਨਾਜਾਇਜ਼ ਵਪਾਰ ਬਹੁਤ ਗੰਭੀਰ ਰੂਪ ਧਾਰਨ ਕਰ ਚੁੱਕਾ ਹੈ ਜੋ ਸਿਰਫ ਤਿੰਨ ਹਫਤਿਆਂ ਦੀਆਂ ਉਦਾਹਰਣਾਂ ਤੋਂ ਸਪੱਸ਼ਟ ਹੈ :

* 28 ਨਵੰਬਰ ਨੂੰ ‘ਉੱਤਰ ਪ੍ਰਦੇਸ਼ ਅਧਿਆਪਕ ਪਾਤਰਤਾ ਪ੍ਰੀਖਿਆ’ (ਯੂ. ਪੀ. ਟੀ. ਈ. ਟੀ.) ਪੇਪਰ ਲੀਕ ਹੋ ਜਾਣ ਦੇ ਕਾਰਨ ਮੁਲਤਵੀ ਕਰਨੀ ਪਈ।

* 12 ਦਸੰਬਰ ਨੂੰ ‘ਗੁਜਰਾਤ ਸੁਬਾਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ’ (ਜੀ. ਐੱਸ. ਐੱਸ. ਐੱਸ. ਬੀ.) ਵੱਲੋਂ ਹੈੱਡ ਕਲਰਕਾਂ ਦੀਆਂ 183 ਆਸਾਮੀਆਂ ਦੇ ਵਾਸਤੇ ਲਈ ਜਾਣ ਵਾਲੀ ਪ੍ਰੀਖਿਆ ਦਾ ਪੇਪਰ ਲੀਕ ਕੀਤੇ ਜਾਣ ਦੇ ਮਾਮਲੇ ’ਚ 9 ਸ਼ੱਕੀਆਂ ਨੂੰ ਹਿਰਾਸਤ ’ਚ ਲਿਆ ਗਿਆ ਜਦਕਿ 3 ਹੋਰ ਦੀ ਭਾਲ ਜਾਰੀ ਹੈ।

* 12 ਦਸੰਬਰ ਨੂੰ ਹੀ ਹੋਈ ਅਧਿਆਪਕਾਂ ਦੀ ਪਾਤਰਤਾ ਪ੍ਰੀਖਿਆ (ਟੀ. ਈ. ਟੀ.) ’ਚ ਹੇਰਾਫੇਰੀ ਕਰਨ ਦੇ ਦੋਸ਼ ’ਚ ‘ਮਹਾਰਾਸ਼ਟਰ ਸੂਬਾ ਪ੍ਰੀਖਿਆ ਪ੍ਰੀਸ਼ਦ’ ਦੇ ਕਮਿਸ਼ਨਰ ਤੁਕਾਰਾਮ ਸੁਪੇ ਨੂੰ 17 ਦਸੰਬਰ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਸਬੰਧ ’ਚ ਅਜੇ ਤੱਕ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।

* 12 ਦਸੰਬਰ ਵਾਲੇ ਦਿਨ ਹੀ ‘ਮਹਾਰਾਸ਼ਟਰ ਗ੍ਰਹਿ ਨਿਰਮਾਣ ਖੇਤਰ ਵਿਕਾਸ ਅਥਾਰਿਟੀ’ (ਮਹਾਡਾ) ਮੁੰਬਈ ’ਚ ਵੱਖ-ਵੱਖ ਆਸਾਮੀਆਂ ਦੀ ਭਰਤੀ ਲਈ ਆਯੋਜਿਤ ਪ੍ਰੀਖਿਆ ਪ੍ਰਸ਼ਨ-ਪੱਤਰ ਲੀਕ ਹੋ ਜਾਣ ਦੇ ਕਾਰਨ ਆਖਰੀ ਸਮੇਂ ’ਤੇ ਰੱਦ ਕਰ ਦਿੱਤੀ ਗਈ।

ਕੁਝ ਸਮਾਂ ਪਹਿਲਾਂ ਮਹਾਰਾਸ਼ਟਰ ’ਚ ਸਿਹਤ ਵਿਭਾਗ ’ਚ ਨਿਯੁਕਤੀਆਂ ਵਾਸਤੇ ਲਈ ਜਾਣ ਵਾਲੀ ਪ੍ਰੀਖਿਆ ਵੀ ਪੇਪਰ ਲੀਕ ਹੋਣ ਦੇ ਕਾਰਨ ਰੱਦ ਕਰ ਦਿੱਤੀ ਗਈ ਸੀ।

* 16 ਦਸੰਬਰ ਨੂੰ ਹਰਿਆਣਾ ਦੇ ਬਹੁ-ਚਰਚਿਤ ਪੇਪਰ ਲੀਕ ਮਾਮਲੇ ’ਚ ਮਾਸਟਰਮਾਈਂਡ ਦਿੱਲੀ ਪੁਲਸ ਦੇ ਸਿਪਾਹੀ ਰੋਬਿਨ ਨੂੰ ਐੱਸ. ਟੀ. ਐੱਫ. ਨੇ ਗ੍ਰਿਫਤਾਰ ਕੀਤਾ ਜੋ ਖੁਦ ਵੀ ਫਰਜ਼ੀ ਢੰਗ ਨਾਲ 2009 ’ਚ ਦਿੱਲੀ ਪੁਲਸ ’ਚ ਭਰਤੀ ਹੋਇਆ ਸੀ।

ਦੱਸਿਆ ਜਾਂਦਾ ਹੈ ਕਿ ਉਹ ਹੁਣ ਤੱਕ ਫਰਜ਼ੀ ਢੰਗ ਨਾਲ 1000 ਨੌਜਵਾਨਾਂ ਨੂੰ ਨੌਕਰੀ ’ਤੇ ਲੱਗਾ ਚੁੱਕਾ ਹੈ ਅਤੇ ਉਹ ਵੱਖ-ਵੱਖ ਪ੍ਰੀਖਿਆਵਾਂ ਲਈ 2 ਲੱਖ ਰੁਪਏ ਤੋਂ 10 ਲੱਖ ਰੁਪਏ ਤੱਕ ਰਿਸ਼ਵਤ ਲੈਂਦਾ ਸੀ।

ਉਸ ਦੇ ਗਿਰੋਹ ’ਚ 200 ਲੋਕ ਸ਼ਾਮਲ ਸਨ। ਹਰਿਆਣਾ ਪੁਲਸ ਦੇ ਅਨੁਸਾਰ ਰੋਬਿਨ ਕੋਚਿੰਗ ਸੈਂਟਰਾਂ ’ਤੇ ਆਪਣੇ ਗੁਰਗੇ ਛੱਡਦਾ ਸੀ ਅਤੇ ਉੱਥੋਂ ਵੱਖ-ਵੱਖ ਨੌਕਰੀਆਂ ਦੇ ਲਈ ਤਿਆਰੀ ਕਰਨ ਵਾਲੇ ਬੇਰੋਜ਼ਗਾਰਾਂ ਨੂੰ ਆਪਣੇ ਜਾਲ ’ਚ ਫਸਾਉਂਦਾ ਸੀ।

* 17 ਦਸੰਬਰ ਨੂੰ ਹਰਿਆਣਾ ਪੁਲਸ ਸਿਪਾਹੀ ਭਰਤੀ ਪੇਪਰ ਲੀਕ ਮਾਮਲੇ ’ਚ ਕੈਥਲ ਪੁਲਸ ਵੱਲੋਂ ਇਕ ਹੋਰ ਲੋਂੜੀਦੇ ਮੁਲਜ਼ਮ ਸੋਹਨ ਲਾਲ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਸਿਲਸਿਲੇ ’ਚ ਹੁਣ ਤੱਕ 54 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਜਦਕਿ ਹੋਰਨਾਂ ਦੀ ਭਾਲ ਜਾਰੀ ਹੈ।

* 19 ਦਸੰਬਰ ਨੂੰ ਕੈਥਲ ਪੁਲਸ ਦੀ ਵਿਸ਼ੇਸ਼ ਜਾਂਚ ਟੀਮ ਨੇ ਕੇਂਦਰ ਅਤੇ ਹਰਿਆਣਾ ਸਰਕਾਰ ਦੀਆਂ ਨੌਕਰੀਆਂ ਦੇ ਲਈ ਪ੍ਰੀਖਿਆਵਾਂ ’ਚ ਫਰਜ਼ੀ ਪ੍ਰੀਖਿਆਰਥੀ ਬਿਠਾ ਕੇ ਪ੍ਰੀਖਿਆ ਪਾਸ ਕਰਵਾਉਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰ ਕੇ ਇਸ ਸਿਲਸਿਲੇ ’ਚ ਪਿੰਡ ਭੈਣੀ ਮਾਜਰਾ ’ਚ ਛਾਪਾ ਮਾਰ ਕੇ ਬੁੜੈਲ ਜੇਲ (ਚੰਡੀਗੜ੍ਹ) ਦੇ ਹੈੱਡ ਕਲਰਕ ਸੰਜੇ ਸਿੰਘ ਦੇ ਇਲਾਵਾ ਸੰਦੀਪ, ਰਾਹੁਲ ਅਤੇ ਅਸ਼ਵਨੀ ਨੂੰ ਫੜਿਆ।

* 20 ਦਸੰਬਰ ਨੂੰ ਪਟਿਆਲਾ ’ਚ ‘ਪੰਜਾਬ ਪਬਲਿਕ ਸਰਵਿਸ ਕਮਿਸ਼ਨ’ (ਪੀ. ਪੀ. ਐੱਸ. ਸੀ.) ਦੀ ਪ੍ਰੀਖਿਆ ’ਚ ਅਸਲੀ ਉਮੀਦਵਾਰ ਦਿਨੇਸ਼ ਅਤੇ ਉਸ ਦੀ ਥਾਂ ’ਤੇ ਪ੍ਰੀਖਿਆ ਦੇ ਰਹੇ ਨੌਜਵਾਨ ਸਚਿਨ ਨੂੰ ਪ੍ਰੀਖਿਆ ਭਵਨ ਦੇ ਸੁਪਰਵਾਈਜ਼ਰ ਦੀ ਸ਼ਿਕਾਇਤ ’ਤੇ ਗ੍ਰਿਫਤਾਰ ਕੀਤਾ ਗਿਆ।

ਉਕਤ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਅੱਜ ਸਾਰੇ ਤਰ੍ਹਾਂ ਦੀਆਂ ਪ੍ਰੀਖਿਆਵਾਂ ’ਚ ਭ੍ਰਿਸ਼ਟਾਚਾਰ ਨੇ ਕਿਸ ਕਦਰ ਆਪਣੀਆਂ ਜੜ੍ਹਾਂ ਜਮਾ ਲਈਆਂ ਹਨ। ਪੇਪਰ ਲੀਕ ਕਰਨ, ਪ੍ਰੀਖਿਆਵਾਂ ’ਚ ਨਕਲ ਕਰਵਾਉਣ ਅਤੇ ਅਸਲ ਉਮੀਦਵਾਰਾਂ ਦੀ ਥਾਂ ਫਰਜ਼ੀ ਲੋਕਾਂ ਵਲੋਂ ਪ੍ਰੀਖਿਆ ਦੇ ਕੇ ਧੋਖਾਦੇਹੀ ਕਰਨ ਨਾਲ ਅਸਲੀ ਅਤੇ ਲੋੜਵੰਦ ਉਮੀਦਵਾਰਾਂ ਦਾ ਅਧਿਕਾਰ ਖੋਹਿਆ ਜਾ ਰਿਹਾ ਹੈ।

ਨਾ ਸਿਰਫ ਅਜਿਹਾ ਕਰਨਾ ਘੋਰ ਅਪਰਾਧ ਹੈ ਸਗੋਂ ਇਨ੍ਹਾਂ ਸਾਰੇ ਕਾਰਨਾਂ ਨਾਲ ਪ੍ਰੀਖਿਆ ਰੱਦ ਹੋਣ ਨਾਲ ਉਮੀਦਵਾਰਾਂ ਨੂੰ ਭਾਰੀ ਅਸੁਵਿਧਾ ਵੀ ਹੁੰਦੀ ਹੈ। ਇਸ ਲਈ ਇਸ ਦੇ ਲਈ ਜ਼ਿੰਮਵਾਰ ਲੋਕਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਦੂਸਰਿਆਂ ਨੂੰ ਨਸੀਹਤ ਮਿਲੇ ਅਤੇ ਉਹ ਅਜਿਹਾ ਕਰਨ ਤੋਂ ਪ੍ਰਹੇਜ਼ ਕਰਨ।

-ਵਿਜੇ ਕੁਮਾਰ

Bharat Thapa

This news is Content Editor Bharat Thapa