ਭਾਜਪਾ ਮੰਤਰੀ ਦਾ ਘਟੀਆ ਬਿਆਨ ਵਕਰੀ ਵਧਾਉਣ ਲਈ ਸ਼ਰਾਬ ਦਾ ਨਾਂ ਔਰਤਾਂ ''ਤੇ ਰੱਖੋ

11/08/2017 7:20:42 AM

ਅਕਸਰ ਸਾਡੇ ਨੇਤਾ ਉਤਸ਼ਾਹ ਵਿਚ ਆ ਕੇ ਅਜਿਹੇ ਬਿਆਨ ਦੇ ਦਿੰਦੇ ਹਨ, ਜਿਨ੍ਹਾਂ ਨਾਲ ਬੇਲੋੜੇ ਵਿਵਾਦ ਪੈਦਾ ਹੋ ਜਾਂਦੇ ਹਨ। ਅਜਿਹਾ ਹੀ ਇਕ ਬਿਆਨ ਦੇ ਕੇ ਮਹਾਰਾਸ਼ਟਰ ਦੇ ਜਲ ਸੋਮਿਆਂ ਬਾਰੇ ਮੰਤਰੀ ਗਿਰੀਸ਼ ਮਹਾਜਨ ਵੀ ਸਖਤ ਆਲੋਚਨਾ ਦੇ ਪਾਤਰ ਬਣ ਗਏ ਹਨ। ਉੱਤਰੀ ਮਹਾਰਾਸ਼ਟਰ ਦੇ ਨੰਦੁਰਬਾਰ ਜ਼ਿਲੇ ਵਿਚ ਇਕ ਸਹਿਕਾਰੀ ਖੰਡ ਮਿੱਲ ਦੇ ਗੰਨਾ ਪਿੜਾਈ ਸੀਜ਼ਨ ਦਾ ਉਦਘਾਟਨ ਕਰਦਿਆਂ ਉਨ੍ਹਾਂ ਨੇ ਬੀਤੇ ਐਤਵਾਰ ਆਪਣੇ ਭਾਸ਼ਣ ਦੌਰਾਨ ਖੰਡ ਮਿੱਲ ਦੇ ਚੇਅਰਮੈਨ ਨੂੰ ਇਹ ਸਲਾਹ ਦੇ ਦਿੱਤੀ ਕਿ ਉਨ੍ਹਾਂ ਦੀ ਖੰਡ ਮਿੱਲ ਨਾਲ ਸੰਬੰਧਿਤ ਡਿਸਟਿਲਰੀ ਦੀ ਬਣਾਈ ਸ਼ਰਾਬ ਦੀ ਵਿਕਰੀ ਘੱਟ ਹੈ, ਇਸ ਲਈ ਜੇ ਉਹ ਆਪਣੀ ਸ਼ਰਾਬ ਦੇ ਬ੍ਰਾਂਡ ਦਾ ਨਾਂ 'ਮਹਾਰਾਜਾ' ਤੋਂ ਬਦਲ ਕੇ 'ਮਹਾਰਾਣੀ' ਰੱਖ ਦੇਣ ਤਾਂ ਉਨ੍ਹਾਂ ਦੀ ਸ਼ਰਾਬ ਖੂਬ ਵਿਕੇਗੀ। ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਦੇ ਸੀਨੀਅਰ ਸਿਆਸਤਦਾਨ ਸ਼ੰਕਰਰਾਓ ਕਾਲੇ ਦੀ ਕੋਪਰਗਾਓਂ ਵਿਚ ਸਥਿਤ ਦੇਸੀ ਸ਼ਰਾਬ ਬਣਾਉਣ ਵਾਲੀ ਸਭ ਤੋਂ ਵੱਡੀ ਡਿਸਟਿਲਰੀ 'ਚ ਬਣਦੀ ਦੇਸੀ ਸ਼ਰਾਬ ਦਾ ਨਾਂ 'ਭਿੰਗਰੀ' ਹੈ, ਜਦਕਿ ਇਕ ਹੋਰ ਸਿਆਸਤਦਾਨ ਸ਼ੰਕਰਰਾਓ ਕੋਲ੍ਹੇ ਦੀ ਡਿਸਟਿਲਰੀ ਵਿਚ ਬਣਾਈ ਜਾਣ ਵਾਲੀ ਸ਼ਰਾਬ ਦਾ ਨਾਂ 'ਬੌਬੀ' ਹੈ। ਇਕ ਹੋਰ ਸ਼ਰਾਬ 'ਜੂਲੀ' ਦੇ ਨਾਂ ਨਾਲ ਵੇਚੀ ਜਾ ਰਹੀ ਹੈ ਅਤੇ ਇਹ ਤਿੰਨੋਂ ਹੀ ਬ੍ਰਾਂਡ ਖੂਬ ਵਿਕ ਰਹੇ ਹਨ। ਸੋਸ਼ਲ ਮੀਡੀਆ 'ਤੇ ਮਹਾਜਨ ਦੇ ਭਾਸ਼ਣ ਦਾ ਵੀਡੀਓ ਵਾਇਰਲ ਹੁੰਦਿਆਂ ਹੀ ਸੂਬੇ ਭਰ 'ਚ ਉਨ੍ਹਾਂ ਵਿਰੁੱਧ ਮਹਿਲਾ ਸੰਗਠਨਾਂ ਅਤੇ ਸ਼ਰਾਬਬੰਦੀ ਲਈ ਕੰਮ ਕਰਨ ਵਾਲੇ ਸੰਗਠਨਾਂ ਦਾ ਗੁੱਸਾ ਭੜਕ ਉੱਠਿਆ ਹੈ। ਮਹਾਰਾਸ਼ਟਰ ਦੇ ਸ਼ਰਾਬਬੰਦੀ ਲਾਗੂ ਕਰਨ ਵਾਲੇ ਇਕੋ-ਇਕ ਜ਼ਿਲੇ ਚੰਦਰਪੁਰ 'ਚ ਸ਼ਰਾਬਬੰਦੀ ਅੰਦੋਲਨ ਦੀ ਵਰਕਰ ਪਾਰੋਮਿਤਾ ਗੋਸਵਾਮੀ ਨੇ ਪੁਲਸ ਕੋਲ ਇਨ੍ਹਾਂ ਵਿਰੁੱਧ ਸ਼ਿਕਾਇਤ ਦਰਜ ਕਰਵਾਈ, ਜਦਕਿ ਨਾਸਿਕ ਅਤੇ ਸ਼ੋਲਾਪੁਰ ਵਿਚ ਐੱਨ. ਸੀ. ਪੀ. ਦੀ ਮਹਿਲਾ ਇਕਾਈ ਨੇ ਮਹਾਜਨ ਦੀ ਫੋਟੋ ਨੂੰ ਜੁੱਤੀਆਂ ਮਾਰ ਕੇ ਗੁੱਸਾ ਜ਼ਾਹਿਰ ਕੀਤਾ। ਸ਼ਰਾਬ ਦੇ ਬ੍ਰਾਂਡਾਂ ਨੂੰ ਔਰਤਾਂ ਦੇ ਨਾਂ ਨਾਲ ਜੋੜ ਕੇ ਵੇਚਣ ਦੀ ਸਲਾਹ ਦੇ ਕੇ ਗਿਰੀਸ਼ ਮਹਾਜਨ ਨੇ ਸੱਚਮੁਚ ਨਾਰੀ ਜਾਤੀ ਦਾ ਅਪਮਾਨ ਕੀਤਾ ਹੈ। ਇਹੋ ਨਹੀਂ, ਇਸ ਸਮੇਂ ਜਦੋਂ ਦੇਸ਼ ਵਿਚ ਕਈ ਖੇਤਰਾਂ ਵਲੋਂ ਸ਼ਰਾਬਬੰਦੀ ਦੀ ਮੰਗ ਉੱਠ ਰਹੀ ਹੈ, ਸ਼੍ਰੀ ਮਹਾਜਨ ਤੋਂ ਪੁੱਛਿਆ ਜਾ ਸਕਦਾ ਹੈ ਕਿ ਉਹ ਸ਼ਰਾਬ ਦੀ ਵਿਕਰੀ ਕਿਉਂ ਵਧਾਉਣਾ ਚਾਹੁੰਦੇ ਹਨ? 
—ਵਿਜੇ ਕੁਮਾਰ

Vijay Kumar Chopra

This news is Chief Editor Vijay Kumar Chopra