ਗੰਭੀਰ ਅਪਰਾਧਾਂ ਲਈ ਅੱਲ੍ਹੜਾਂ ਨੂੰ ਟ੍ਰੇਨਿੰਗ ਦੇਣ ਲੱਗੇ ਹਨ ਗੈਂਗਸਟਰ

02/03/2020 1:13:57 AM

ਅੱਜ ਸਾਡੀ ਅਪਰਾਧਿਕ ਨਿਆਂ ਪ੍ਰਣਾਲੀ ਵਿਚ ਅੱਲ੍ਹੜਾਂ ਦੇ ਅਪਰਾਧ ਨੂੰ ਲੈ ਕੇ ਬਹਿਸ ਜਾਰੀ ਹੈ। ਇਹ ਇਸ ਮਹੱਤਵਪੂਰਨ ਪਹਿਲੂ ’ਤੇ ਰੌਸ਼ਨੀ ਪਾਉਂਦੀ ਹੈ ਕਿ ਅੱਜ ਸਾਨੂੰ ਅੱਲ੍ਹੜਾਂ ਦੇ ਅਪਰਾਧਾਂ ਨਾਲ ਨਜਿੱਠਣ ਲਈ ਕਿਸ ਨਜ਼ਰੀਏ ਅਤੇ ਕਿਸ ਕਾਨੂੰਨੀ ਪ੍ਰਕਿਰਿਆ ਦੀ ਵਰਤੋਂ ਕਰਨੀ ਚਾਹੀਦੀ ਹੈ? ਮੌਜੂਦਾ ਨਿਆਇਕ ਪ੍ਰਣਾਲੀ ਇਸ ਸਮਝ ਦੇ ਨਾਲ ਕੰਮ ਕਰਦੀ ਹੈ ਕਿ ਇਕ ਅੱਲ੍ਹੜ ਦੀਆਂ ਹਰਕਤਾਂ ਬਾਲਗ ਦੇ ਬਰਾਬਰ ਨਹੀਂ ਹੋ ਸਕਦੀਆਂ। ਇਸੇ ਕਾਰਣ ਅੱਲ੍ਹੜ ਅਪਰਾਧ ਕਾਨੂੰਨ ਦੇ ਤਹਿਤ ਉਨ੍ਹਾਂ ਨੂੰ ਵਿਸ਼ੇਸ਼ ਛੋਟ ਦਿੱਤੀ ਜਾਂਦੀ ਹੈ ਅਤੇ ਸਜ਼ਾ ਵੀ ਅਜਿਹੀ ਹੁੰਦੀ ਹੈ ਕਿ ਉਹ ਉਨ੍ਹਾਂ ਦੇ ਸੁਧਾਰ ’ਤੇ ਕੇਂਦ੍ਰਿਤ ਹੋਵੇ। ਇਹ ਵੀ ਇਕ ਤੱਥ ਹੈ ਕਿ ਸਾਡੇ ਕਾਨੂੰਨ ਵਿਚ ਅੱਲ੍ਹੜਾਂ ਅਤੇ ਉਨ੍ਹਾਂ ਦੀਆਂ ਗਤੀਵਿਧੀਆਂ ਨੂੰ ਪਰਿਭਾਸ਼ਿਤ ਕਰਨ ’ਚ ਸਪੱਸ਼ਟਤਾ ਦੀ ਕਮੀ ਹੈ। ਅੱਲ੍ਹੜਾਂ ਨੂੰ ਸਹੀ ਦਿਸ਼ਾ ਦਿਖਾਉਣ ਅਤੇ ਉਨ੍ਹਾਂ ਦੇ ਬਚਪਨ ਦੇ ਨਸ਼ਟ ਹੋ ਜਾਣ ਦੀ ਮਹੀਨ ਰੇਖਾ ਵਿਚਾਲੇ ਸੰਤੁਲਨ ਬਿਠਾਉਣ ਨੂੰ ਲੈ ਕੇ ਸਾਡੀ ਨਿਆਂ ਪ੍ਰਣਾਲੀ ਦਾ ਸੰਘਰਸ਼ ਕੋਈ ਨਵਾਂ ਨਹੀਂ ਹੈ। ਹਾਲਾਂਕਿ ਬਦਲਦੇ ਹਾਲਾਤ ’ਚ ਇਸ ਕਾਨੂੰਨ ਉੱਤੇ ਹੋਰ ਵੀ ਡੂੰਘਾਈ ਦੇ ਨਾਲ ਵਿਚਾਰ ਕਰਨ ਦੀ ਲੋੜ ਹੈ ਕਿ ਸਾਨੂੰ ਅੱਲ੍ਹੜਾਂ ਦੇ ਕਾਨੂੰਨ ਵਿਚ ਕਿਸ ਤਰ੍ਹਾਂ ਦੇ ਬਦਲਾਅ ਕਰਨੇ ਚਾਹੀਦੇ ਹਨ, ਉਹ ਵੀ ਇਸ ਸਥਿਤੀ ਵਿਚ ਜਦੋਂ ਲੱਗਭਗ ਸਪੱਸ਼ਟ ਹੋ ਚੁੱਕਾ ਹੈ ਕਿ ਅਨੇਕ ਗੈਂਗਸਟਰ ਅੱਲ੍ਹੜਾਂ ਸਬੰਧੀ ਅਪਰਾਧ ਕਾਨੂੰਨ ਦੀ ਖੁੱਲ੍ਹ ਕੇ ਦੁਰਵਰਤੋਂ ਕਰਦੇ ਹਨ। ਹਾਲ ਹੀ ਦੇ ਦਿਨਾਂ ਵਿਚ ਅਨੇਕ ਮਾਮਲੇ ਸਾਹਮਣੇ ਆਏ ਹਨ, ਜਿੱਥੇ ਅਪਰਾਧਿਕ ਗਿਰੋਹ ਗੰਭੀਰ ਅਪਰਾਧਾਂ ਲਈ ਅੱਲ੍ਹੜਾਂ ਨੂੰ ਬਕਾਇਦਾ ਟ੍ਰੇਨਿੰਗ ਦਿੰਦੇ ਹਨ। ਛੋਟੇ-ਮੋਟੇ ਅਪਰਾਧਾਂ ਵਿਚ ਸ਼ਾਮਿਲ ਅੱਲ੍ਹੜਾਂ ਨੂੰ ਉਨ੍ਹਾਂ ਦੇ ਦੁਸ਼ਮਣਾਂ ਜਾਂ ਗ੍ਰਿਫਤਾਰੀ ਤੋਂ ਸੁਰੱਖਿਆ ਪ੍ਰਦਾਨ ਕਰਨ ਦਾ ਭਰੋਸਾ ਦੇ ਕੇ ਉਨ੍ਹਾਂ ਨੂੰ ਵੱਡੇ ਅਪਰਾਧਾਂ ਲਈ ਤਿਆਰ ਕੀਤਾ ਜਾਂਦਾ ਹੈ। ਬੀਤੀ ਮਈ ਵਿਚ ਦਿੱਲੀ ਦੇ ਟਿਕਟਾਕ ਸਟਾਰ ਮੋਹਿਤ ਮੋਰੇ ਅਤੇ ਜੂਨ ਵਿਚ ਪੱਛਮੀ ਵਿਹਾਰ ਦੇ ਪ੍ਰਾਪਰਟੀ ਡੀਲਰ ਅਮਿਤ ਕੋਚਰ ਦੀ ਹੱਤਿਆ ਲਈ ਗਿਰੋਹਾਂ ਨੇ ਅੱਲ੍ਹੜਾਂ ਦੀ ਹੀ ਵਰਤੋਂ ਕੀਤੀ ਸੀ। ਅੱਲ੍ਹੜਾਂ ਵਲੋਂ ਹੱਤਿਆਵਾਂ ਕਰਵਾਉਣ ਦੀਆਂ ਇਹ ਘਟਨਾਵਾਂ ਕੋਈ ਅਪਵਾਦ ਨਹੀਂ ਹਨ, ਸਗੋਂ ਉਸ ਰੁਝਾਨ ਦਾ ਹਿੱਸਾ ਹਨ, ਜਿਨ੍ਹਾਂ ਦੇ ਤਹਿਤ ਨਾਬਾਲਗ ਅਪਰਾਧ ਕਾਨੂੰਨ ਦੀ ਦੁਰਵਰਤੋਂ ਹੋ ਰਹੀ ਹੈ। ਕੋਈ ਹੈਰਾਨੀ ਨਹੀਂ ਕਿ ਦਿੱਲੀ ਦੇ ਅਪਰਾਧਾਂ ਵਿਚ ਨਾਬਾਲਗਾਂ ਦੀ ਭਰਮਾਰ ਹੈ। ਬੀਤੇ 2 ਸਾਲਾਂ ਵਿਚ ਹੀ 5000 ਨਾਬਾਲਗਾਂ ਨੂੰ ਵੱਖ-ਵੱਖ ਅਪਰਾਧਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। 2019 ’ਚ ਅਕਤੂਬਰ ਤਕ ਹੀ ਦਿੱਲੀ ਪੁਲਸ ਨੇ 2050 ਨਾਬਾਲਗਾਂ ਨੂੰ ਗ੍ਰਿਫਤਾਰ ਕੀਤਾ ਸੀ। 2018 ਲਈ ਉਨ੍ਹਾਂ ਦੀ ਗਿਣਤੀ 2930 ਸੀ। ਇਹ ਗੱਲ ਹੋਰ ਵੀ ਚਿੰਤਾਜਨਕ ਹੈ ਕਿ ਅਪਰਾਧ ਕਰਨ ਵਾਲਿਆਂ ਵਿਚ ਪੜ੍ਹੇ-ਲਿਖੇ ਨਾਬਾਲਗਾਂ ਦੀ ਗਿਣਤੀ ਅਨਪੜ੍ਹ ਨਾਬਾਲਗਾਂ ਨਾਲੋਂ ਵੱਧ ਸੀ। ਨਾਬਾਲਗ ਹੱਤਿਆ ਤੋਂ ਲੈ ਕੇ ਹਥਿਆਰਾਂ ਤਕ ਦੀ ਸਮੱਗਲਿੰਗ ਵਰਗੇ ਗੰਭੀਰ ਅਪਰਾਧਾਂ ਵਿਚ ਵੀ ਸ਼ਾਮਿਲ ਹੋ ਚੁੱਕੇ ਹਨ। ਬੀਤੇ ਨਵੰਬਰ ਮਹੀਨੇ ਵਿਚ ਪੁਲਸ ਨੇ ਇਕ ਨਾਬਾਲਗ ਨੂੰ ਗ੍ਰਿਫਤਾਰ ਕੀਤਾ ਸੀ, ਜੋ ਮਥੁਰਾ ਦੇ ਇਕ ਗਿਰੋਹ ਰਾਹੀਂ ਹਥਿਆਰਾਂ ਦੀ ਸਪਲਾਈ ਦਿੱਲੀ ਵਿਚ ਕਰਦਾ ਸੀ। ਅਪਰਾਧੀਆਂ ਵਿਚ ਲੋਕਪ੍ਰਿਯ ਬਾਹਰੀ ਦਿੱਲੀ, ਰੋਹਿਣੀ ਅਤੇ ਦੁਆਰਕਾ ਵਰਗੇ ਇਲਾਕਿਆਂ ਦੇ ਗੈਂਗਸਟਰਜ਼ ’ਚ ਉਸ ਦੇ ਚੰਗੇ ਸੰਪਰਕ ਸਨ। ਪੁਲਸ ਅਧਿਕਾਰੀਆਂ ਦੀ ਮੰਨੀਏ ਤਾਂ ਅਪਰਾਧੀਆਂ ਲਈ ਨਾਬਾਲਗਾਂ ਦੀ ਵਰਤੋਂ ਕਰਨ ਦੇ ਚਲਨ ਦੀ ਸ਼ੁਰੂਆਤ ਦੱਖਣੀ ਦਿੱਲੀ ਦੇ ਬਦਨਾਮ ਗੈਂਗਸਟਰ ਦੇਵਾ ਨੇ 2002 ਦੇ ਨੇੜੇ-ਤੇੜੇ ਕੀਤੀ ਸੀ। ਉਹ ਉਨ੍ਹਾਂ ਨੂੰ ਚੁਣ ਕੇ ਗੰਭੀਰ ਅਪਰਾਧਾਂ ਲਈ ਟ੍ਰੇਨਿੰਗ ਦਿੰਦਾ ਸੀ ਕਿਉਂਕਿ ਉਸ ਨੂੰ ਪਤਾ ਸੀ ਕਿ ਕਾਨੂੰਨੀ ਵਿਵਸਥਾਵਾਂ ਕਾਰਣ ਅੱਲ੍ਹੜਾਂ ਨੂੰ ਨਾ ਤਾਂ ਸਖਤ ਸਜ਼ਾ ਹੋਵੇਗੀ ਅਤੇ ਨਾ ਹੀ ਪੁੱਛਗਿੱਛ ਦੌਰਾਨ ਉਨ੍ਹਾਂ ’ਤੇ ‘ਥਰਡ ਡਿਗਰੀ’ ਦੀ ਵਰਤੋਂ ਹੋਵੇਗੀ। ਹੱਤਿਆ ਦੇ ਮਾਮਲਿਆਂ ਵਿਚ ਵੀ ਅੱਲ੍ਹੜਾਂ ਨੂੰ ਵੱਧ ਤੋਂ ਵੱਧ 3 ਸਾਲ ਦੀ ਕੈਦ ਹੁੰਦੀ ਹੈ। ਵਕਤ ਦੇ ਨਾਲ ਹੋਰ ਗਿਰੋਹ ਵੀ ਇਹੀ ਹੱਥਕੰਡਾ ਅਪਣਾਉਣ ਲੱਗੇ। ਸਥਿਤੀ ਇਸ ਲਈ ਵੀ ਬਹੁਤ ਜ਼ਿਆਦਾ ਚਿੰਤਾ ਵਾਲੀ ਹੈ ਕਿਉਂਕਿ ਹਾਲ ਹੀ ਦੇ ਸਾਲਾਂ ਵਿਚ ਅਜਿਹੀਆਂ ਘਟਨਾਵਾਂ ਦੀ ਬਹੁਤਾਤ ਦੇਖਣ ਨੂੰ ਮਿਲੀ ਹੈ, ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਹੁਣ ਨਾਬਾਲਗ ਆਏ ਦਿਨ ਗੰਭੀਰ ਅਪਰਾਧਾਂ ’ਚ ਸ਼ਾਮਿਲ ਹੋਣ ਲੱਗੇ ਹਨ। ਅਜਿਹੇ ਹਾਲਾਤ ਵਿਚ ਇਸ ਮੁੱਦੇ ’ਤੇ ਡੂੰਘਾਈ ਨਾਲ ਵਿਚਾਰ ਕਰਨ ਦੀ ਲੋੜ ਹੈ ਕਿ ਵੱਖ-ਵੱਖ ਕਿਸਮ ਦੇ ਅਪਰਾਧਾਂ ਦੇ ਮਾਮਲਿਆਂ ਵਿਚ ਅੱਲ੍ਹੜਾਂ ਸਬੰਧੀ ਅਪਰਾਧ ਕਾਨੂੰਨ ਨੂੰ ਕਿਹੜੇ ਮਾਪਦੰਡਾਂ ਦੇ ਆਧਾਰ ’ਤੇ ਪਰਿਭਾਸ਼ਿਤ ਅਤੇ ਲਾਗੂ ਕੀਤਾ ਜਾਵੇ, ਤਾਂ ਕਿ ਇਸ ਖਤਰਨਾਕ ਚਲਨ ਨੂੰ ਰੋਕਿਆ ਜਾ ਸਕੇ। ਨਾਲ ਹੀ ਇਸ ਗੱਲ ’ਤੇ ਵੀ ਸਾਨੂੰ ਡੂੰਘਾਈ ਨਾਲ ਵਿਚਾਰ ਕਰਨਾ ਹੋਵੇਗਾ ਕਿ ਕਿਹੜੇ ਕਾਰਣਾਂ ਕਰਕੇ ਸਾਡੇ ਬੱਚੇ ਗਲਤ ਰਾਹ ’ਤੇ ਅੱਗੇ ਵਧਣ ਲੱਗੇ ਹਨ? ਕੀ ਨਾਬਾਲਗਾਂ ਦੇ ਵਧਦੇ ਅਪਰਾਧਾਂ ਲਈ ਸਿਰਫ ਉਹੀ ਜ਼ਿੰਮੇਵਾਰ ਹਨ ਜਾਂ ਇਸ ਦਾ ਇਕ ਕਾਰਣ ਸਾਡਾ ਪਾਲਣ-ਪੋਸ਼ਣ ਅਤੇ ਸਮਾਜਿਕ ਹਾਲਾਤ ਤਾਂ ਨਹੀਂ ਹਨ?


Bharat Thapa

Content Editor

Related News