‘ਲਗਾਤਾਰ ਆ ਰਹੀਆਂ ਕੁਦਰਤੀ ਆਫਤਾਂ’ ‘ਦੇ ਰਹੀਆਂ ਕਿਸੇ ਵੱਡੀ ਤਬਾਹੀ ਦੇ ਸੰਕੇਤ’

10/22/2021 2:05:01 PM

ਕੁਝ ਸਮੇਂ ਤੋਂ ਭਾਰਤ ਸਮੇਤ ਦੁਨੀਆ ਦੇ ਇਕ ਸਿਰੇ ਤੋਂ ਦੂਜੇ ਸਿਰੇ ਤਕ ਲਗਾਤਾਰ ਭੂਚਾਲਾਂ ਅਤੇ ਹੋਰ ਕੁਦਰਤੀ ਆਫਤਾਂ-ਅਾਸਮਾਨੀ ਬਿਜਲੀ, ਮੀਂਹ, ਹੜ੍ਹ, ਬਰਫ ਦੇ ਤੋਦੇ ਡਿੱਗਣ, ਜਵਾਲਾਮੁਖੀ ਫਟਣ, ਸਮੁੰਦਰੀ ਤੂਫਾਨ ਆਦਿ ਦਾ ਪ੍ਰਕੋਪ ਲਗਾਤਾਰ ਜਾਰੀ ਹੈ। ਦੁਨੀਆ ਦਾ ਸ਼ਾਇਦ ਹੀ ਕੋਈ ਕੋਨਾ ਇਨ੍ਹਾਂ ਤੋਂ ਬਚਿਆ ਹੋਵੇ ਅਤੇ ਕੋਈ ਦਿਨ ਖਾਲੀ ਗਿਆ ਹੋਵੇ।

* 1 ਅਕਤੂਬਰ ਨੂੰ ਦੱਖਣੀ ਈਰਾਨ ਦੇ ਬੁਸ਼ਹਰ ਸੂਬੇ ’ਚ 5.2 ਤੀਬਰਤਾ, ਮੱਧ ਪ੍ਰਦੇਸ਼ ਦੇ ਸਿਵਨੀ ਜ਼ਿਲੇ ’ਚ 3.6 ਤੀਬਰਤਾ ਅਤੇ ਕਰਨਾਟਕ ਦੇ ਵਿਜੇਪੁਰਾ ’ਚ 2.5 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।

* 1 ਅਕਤੂਬਰ ਨੂੰ ਹੀ ਸ਼੍ਰੀਲੰਕਾ ਦੇ ਪੋਹਜੋਨੇਨ ਸੂਬੇ ’ਚ 4.9 ਤੀਬਰਤਾ ਦਾ ਭੂਚਾਲ ਆਇਆ।

*2 ਅਕਤੂਬਰ ਨੇਪਾਲ ਦੇ ਬਾਗਮਤੀ ਸੂਬੇ ’ਚ 4.8 ਤੀਬਰਤਾ ਦਾ ਭੂਚਾਲ ਆਇਆ।

* 2 ਅਕਤੂਬਰ ਨੂੰ ਹੀ ਅਰੁਣਾਚਲ ’ਚ 4.1 ਤੀਬਰਤਾ ਦੇ ਭੂਚਾਲ ਦੇ ਝਟਕੇ ਲੱਗੇ.

* 2 ਅਕਤੂਬਰ ਨੂੰ ਫਿਰ ਨਾਭਾ ਦੇ ਪਿੰਡ ‘ਰੈਮਲ ਮਾਜਰੀ’ ਵਿਖੇ ਅਾਸਮਾਨੀ ਬਿਜਲੀ ਡਿੱਗਣ ਨਾਲ ਇਕ ਭੱਠੇ ’ਤੇ ਕੰਮ ਕਰਨ ਵਾਲੇ ਤਿੰਨ ਨੌਜਵਾਨ ਮਜ਼ਦੂਰਾਂ ਦੀ ਮੌਤ ਹੋ ਗਈ।

* 2 ਅਕਤੂਬਰ ਨੂੰ ਹੀ ਉੱਤਰਾਖੰਡ ਦੇ ‘ਚਮੋਲੀ’ ਜ਼ਿਲੇ ’ਚ ਬਰਫ ਦੇ ਤੋਦਿਆਂ ਦੀ ਲਪੇਟ ’ਚ ਆਏ 4 ਸਮੁੰਦਰੀ ਫੌਜੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ।

* 3 ਅਕਤੂਬਰ ਨੂੰ ਝਾਰਖੰਡ ਦੇ ਸਿੰਘਭੂਮ ਜ਼ਿਲੇ ’ਚ 4.1 ਤੀਬਰਤਾ ਅਤੇ ਆਸਾਮ ਦੇ ‘ਸੋਨੀਤਪੁਰ’ ਵਿਚ 3.8 ਤੀਬਰਤਾ ਦੇ ਭੂਚਾਲ ਆਏ।

* 3 ਅਕਤੂਬਰ ਨੂੰ ਹੀ ਮੱਧ ਪ੍ਰਦੇਸ਼ ਦੇ ਨੀਮਚ ਜ਼ਿਲੇ ’ਚ ਅਾਸਮਾਨੀ ਬਿਜਲੀ ਡਿੱਗਣ ਦੀਆਂ ਦੋ ਵੱਖ-ਵੱਖ ਘਟਨਾਵਾਂ ’ਚ 4 ਵਿਅਕਤੀਆਂ ਦੀ ਜਾਨ ਚਲੀ ਗਈ।

* 4 ਅਕਤੂਬਰ ਨੂੰ ਓਮਾਨ ’ਚ ਸਮੁੰਦਰੀ ਤੂਫਾਨ ‘ਸ਼ਾਹੀਨ’ ਕਾਰਨ ਮ੍ਰਿਤਕਾਂ ਦੀ ਗਿਣਤੀ 13 ਹੋ ਗਈ ਜਦੋਂਕਿ ਈਰਾਨ ਦੇ ਘੱਟੋ-ਘੱਟ 6 ਮਛੇਰੇ ਮਾਰੇ ਗਏ।

* 5 ਅਕਤੂਬਰ ਨੂੰ ਅਫਗਾਨਿਸਤਾਨ ਦੇ ਬਲਖ ਵਿਖੇ 5.2 ਤੀਬਰਤਾ ਦਾ ਅਤੇ ਪੂਰਬੀ ਚੀਨ ’ਚ 5.1 ਤੀਬਰਤਾ ਦੇ ਭੂਚਾਲ ਆਏ।

* 6 ਅਕਤੂਬਰ ਨੂੰ ਚੀਨ ਦੇ ਸੀਜਾਂਗ ਵਿਖੇ 4.7 ਤੀਬਰਤਾ ਦਾ ਭੂਚਾਲ ਆਇਆ।

* 7 ਅਕਤੂਬਰ ਨੂੰ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ’ਚ ਆਏ 5.9 ਤੀਬਰਤਾ ਦੇ ਭੂਚਾਲ ਕਾਰਨ 24 ਵਿਅਕਤੀਆਂ ਦੀ ਮੌਤ ਅਤੇ 300 ਤੋਂ ਵੱਧ ਲੋਕ ਜ਼ਖਮੀ ਹੋ ਗਏ।

* 7 ਅਕਤੂਬਰ ਨੂੰ ਹੀ ਜਾਪਾਨ ਦਾ ਗ੍ਰੇਟਰ ਟੋਕੀਓ 6.1 ਤੀਬਰਤਾ ਦੇ ਭੂਚਾਲ ਨਾਲ ਦਹਿਲ ਗਿਆ, ਜਿਸ ਨਾਲ 22 ਵਿਅਕਤੀ ਜ਼ਖਮੀ ਹੋ ਗਏ।

* 8 ਅਕਤੂਬਰ ਨੂੰ ਮਿਆਂਮਾਰ ’ਚ 5.5 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।

* 9 ਅਕਤੂਬਰ ਨੂੰ ਫਿਜ਼ੀ ਦੇ ‘ਵਾਸ਼ੂਆਤੂ’ ਵਿਖੇ 7.0 ਤੀਬਰਤਾ ਦਾ ਭੂਚਾਲ ਆਇਆ।

*10 ਅਕਤੂਬਰ ਨੂੰ ਅਫਗਾਨਿਸਤਾਨ ਦੇ ਫੈਜ਼ਾਬਾਦ ਵਿਖੇ 4.4 ਤੀਬਰਤਾ ਅਤੇ ਪੇਰੂ ਦੇ ‘ਸੇਲਵੇਸੀਓਨ’ ਵਿਚ ਰਿਕਟਰ ਪੈਮਾਨੇ ’ਤੇ 5.7 ਤੀਬਰਤਾ ਦੇ ਭੂਚਾਲ ਆਏ।

*11 ਅਕਤੂਬਰ ਨੂੰ ਅਮਰੀਕਾ ਦੇ ਹਵਾਈ ’ਚ ਬਿਗ ਆਈਲੈਂਡ ਕੰਢੇ ਨੇੜੇ 6.1 ਤੀਬਰਤਾ ਦਾ ਭੂਚਾਲ ਆਇਆ।

* 12 ਅਕਤੂਬਰ ਨੂੰ ਚੀਨ ਦੇ ਸ਼ਾਂਕਸੀ ਸੂਬੇ ’ਚ ਭਿਆਨਕ ਹੜ੍ਹ ਦੇ ਸਿੱਟੇ ਵਜੋਂ ਘੱਟੋ-ਘੱਟ 15 ਵਿਅਕਤੀਆਂ ਦੀ ਮੌਤ ਹੋ ਗਈ।

* 12 ਅਕਤੂਬਰ ਨੂੰ ਹੀ ਕਰਨਾਟਕ ਦੇ ਕਲਬੁਰਗੀ ਵਿਖੇ 3.5 ਤੀਬਰਤਾ ਦਾ ਭੂਚਾਲ ਆਇਆ। ਇਸ ਮਹੀਨੇ ਹੁਣ ਤਕ ਉੱਤਰੀ ਕਰਨਾਟਕ ’ਚ ਭੂਚਾਲ ਦੇ 6 ਝਟਕੇ ਲੱਗ ਚੁੱਕੇ ਹਨ।

* 12 ਅਕਤੂਬਰ ਨੂੰ ਮੁੜ ਯੂਨਾਨ ਦੇ ਕ੍ਰੀਤ ਟਾਪੂ ’ਤੇ 6.5 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।

* 13 ਅਕਤੂਬਰ ਨੂੰ ਇੰਡੋਨੇਸ਼ੀਆ ਦੇ ਇਰਿਆਨ ’ਚ 4.6 ਤੀਬਰਤਾ ਦਾ ਭੂਚਾਲ ਆਇਆ।

*14 ਅਕਤੂਬਰ ਨੂੰ ਸਪੇਨ ਦੇ ਕੇਨਰੀ ਟਾਪੂ ’ਚ 4.5 ਤੀਬਰਤਾ ਦੇ ਭੂਚਾਲ ਨੇ ਪੂਰੇ ਲਾ ਪਾਲਮਾ ਖੇਤਰ ਨੂੰ ਦਹਿਲਾ ਦਿੱਤਾ।

* 14 ਅਕਤੂਬਰ ਨੂੰ ਫਿਰ ਆਸਾਮ ’ਚ 3.3 ਤੀਬਰਤਾ ਦਾ ਭੂਚਾਲ ਆਇਆ।

* 14 ਅਕਤੂਬਰ ਨੂੰ ਹੀ ਦੱਖਣੀ ਕੈਲੀਫੋਰਨੀਅਾ ਦੇ ਕੰਢੇ ਪਹਾੜਾਂ ਦੇ ਜੰਗਲਾਂ ’ਚ ਲੱਗੀ ਅੱਗ ਨੇ 57 ਵਰਗ ਕਿਲੋਮੀਟਰ ਖੇਤਰ ਨੂੰ ਆਪਣੀ ਲਪੇਟ ’ਚ ਲੈ ਲਿਆ।

* 14 ਅਕਤੂਬਰ ਦੇ ਦਿਨ ਹੀ ਫਿਲਪੀਨਜ਼ ਵਿਖੇ ਆਏ ਤੂਫਾਨ ‘ਕੋਮਪਾਸ’ ਦੇ ਸਿੱਟੇ ਵਜੋਂ ਅਚਾਨਕ ਜ਼ਮੀਨ ਖਿਸਕਣ ਅਤੇ ਹੜ੍ਹ ਕਾਰਨ 19 ਲੋਕਾਂ ਦੀ ਮੌਤ ਹੋ ਗਈ ਅਤੇ 14 ਲਾਪਤਾ ਹਨ।

* 15 ਅਕਤੂਬਰ ਨੂੰ ਸੋਲੋਮਨ ਟਾਪੂ ’ਚ 6.6 ਤੀਬਰਤਾ ਦਾ ਭੂਚਾਲ ਆਇਆ।

* 16 ਅਕਤੂਬਰ ਨੂੰ ਇੰਡੋਨੇਸ਼ੀਆ ਦੇ ਬਾਲੀ ਵਿਖੇ ਆਏ 4.8 ਤੀਬਰਤਾ ਦੇ ਭੂਚਾਲ ਕਾਰਨ 3 ਵਿਅਕਤੀਆਂ ਦੀ ਮੌਤ ਅਤੇ 7 ਹੋਰ ਜ਼ਖਮੀ ਹੋ ਗਏ। ਇਸੇ ਦਿਨ ਈਰਾਨ ਦੇ ਕੈਮਰਾਨ ਵਿਖੇ 5.1 ਤੀਬਰਤਾ ਅਤੇ ਮਣੀਪੁਰ ਦੇ ‘ਚੁਰਾਚਾਂਦਪੁਰ’ ਵਿਚ 3.7 ਤੀਬਰਤਾ ਦੇ ਭੂਚਾਲ ਆਏ।

* 16 ਅਕਤੂਬਰ ਤੋਂ ਹੀ ਕੇਰਲ ਦੇ ਵੱਖ-ਵੱਖ ਹਿੱਸਿਆਂ ’ਚ ਜਾਰੀ ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਦੇ ਸਿੱਟੇ ਵਜੋਂ ਇਹ ਲੇਖ ਲਿਖੇ ਜਾਣ ਤਕ 26 ਵਿਅਕਤੀਆਂ ਦੀ ਮੌਤ ਅਤੇ ਹਜ਼ਾਰਾਂ ਲੋਕ ਬੇਘਰ ਹੋ ਚੁੱਕੇ ਸਨ।

* 17 ਅਕਤੂਬਰ ਨੂੰ ਨੇਪਾਲ ਦੇ ‘ਪੱਛਮੀ ਗੋਰਖਾ’ ਜ਼ਿਲੇ ਅਤੇ ਅਤੇ ਕਾਠਮਾਂਡੂ ਘਾਟੀ ’ਚ 4.3 ਤੀਬਰਤਾ ਦਾ ਭੂਚਾਲ ਆਇਆ। ਇਸੇ ਦਿਨ ਰੂਸ ਦੇ ‘ਸੇਵੇਰੋ-ਕੁਰੀਲਸਕ’ ਵਿਚ 5.0 ਤੀਬਰਤਾ ਦੇ ਭੂਚਾਲ ਦੇ ਝਟਕੇ ਲੱਗੇ।

* 18 ਅਕਤੂਬਰ ਨੂੰ ਚੀਨ ਦੇ ਕਬਜ਼ੇ ਹੇਠਲੇ ਤਿੱਬਤ ਦੇ ਲੋਬੁਜਿਆ ਸੂਬੇ ’ਚ 4.4 ਤੀਬਰਤਾ ਦਾ ਭੂਚਾਲ ਆਇਆ।

* 18 ਅਕਤੂਬਰ ਨੂੰ ਹੀ ਨੇਪਾਲ ’ਚ 4.3 ਤੀਬਰਤਾ ਦੇ ਭੂਚਾਲ ਦੇ 2 ਝਟਕੇ ਲੱਗੇ।

* 18 ਅਕਤੂਬਰ ਨੂੰ ਹੀ ਉੱਤਰੀ ਭਾਰਤ ’ਚ ਦਿੱਲੀ ਸਮੇਤ ਕਈ ਥਾਵਾਂ ’ਤੇ ਮੀਂਹ ਕਾਰਨ ਜਲਥਲ ਹੋ ਗਿਆ। ਆਮ ਤੌਰ ’ਤੇ ਇਨ੍ਹਾਂ ਦਿਨਾਂ ’ਚ ਮੀਂਹ ਨਹੀਂ ਪੈਂਦੇ ਪਰ ਕੁਝ ਸਮੇਂ ਤੋਂ ਦੇਸ਼ ਦੇ ਵਧੇਰੇ ਹਿੱਸਿਆਂ ’ਚ ਮੀਂਹ ਪੈ ਰਿਹਾ ਹੈ।

* 18 ਅਕਤੂਬਰ ਵਾਲੇ ਦਿਨ ਹੀ ਉੱਤਰਾਖੰਡ ’ਚ ਵਰਖਾ ਅਤੇ ਬਰਫਬਾਰੀ ਕਾਰਨ ਚਾਰ ਧਾਮ ਯਾਤਰਾ ਠੱਪ ਹੋ ਗਈ ਅਤੇ ਬਰਫ ਦੇ ਤੋਦਿਆਂ ਕਾਰਨ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ।

ਇਥੇ ਇਹ ਗੱਲ ਦੱਸਣਯੋਗ ਹੈ ਕਿ ਪਿਛਲੇ 18 ਦਿਨਾਂ ’ਚ ਜਿੰਨੇ ਵੀ ਦੇਸ਼ਾਂ ’ਚ ਭੂਚਾਲ ਆਏ ਹਨ, ਉਨ੍ਹਾਂ ’ਚੋਂ ਅਫਗਾਨਿਸਤਾਨ, ਪਾਕਿਸਤਾਨ, ਨੇਪਾਲ, ਸ਼੍ਰੀਲੰਕਾ, ਮਿਆਂਮਾਰ ਅਤੇ ਤਿੱਬਤ ਭਾਰਤ ਦੇ ਨੇੜਲੇ ਗੁਆਂਢੀ ਦੇਸ਼ ਹਨ।

ਦੁਨੀਆ ਇਸ ਸਮੇਂ ਜਿਸ ਤਰ੍ਹਾਂ ਦੇ ਹਾਲਾਤ ਨਾਲ ਜੂਝ ਰਹੀ ਹੈ, ਉਸ ’ਚ ਸ਼ਨੀ ਦੇਵ ਦੀ ਨਾਰਾਜ਼ਗੀ ਹੈ ਜਾਂ ਨਹੀਂ, ਇਹ ਤਾਂ ਪਤਾ ਨਹੀਂ, ਪਰ ਇਸ ਸਮੇਂ ਜੋ ਕੁਝ ਵੀ ਹੋ ਰਿਹਾ ਹੈ, ਉਸ ਦੇ ਪਿੱਛੇ ਕੁਝ ਨਾ ਕੁਝ ਗੱਲ ਤਾਂ ਜ਼ਰੂਰ ਹੈ! ਸ਼ਾਇਦ ਕੁਦਰਤ ਸਮੁੱਚੀ ਦੁਨੀਆ ਨੂੰ ਚਿਤਾਵਨੀ ਦੇ ਰਹੀ ਹੈ ਕਿ ਅਜੇ ਵੀ ਸੰਭਲ ਜਾਓ ਅਤੇ ਮੇਰੇ ਨਾਲ ਛੇੜਛਾੜ ਕਰਨੀ ਬੰਦ ਕਰ ਦਿਓ ਨਹੀਂ ਤਾਂ ਤੁਹਾਨੂੰ ਮੌਜੂਦਾ ਸਮੇਂ ਤੋਂ ਵੀ ਵੱਧ ਤਬਾਹੀ ਦੇ ਦ੍ਰਿਸ਼ ਦੇਖਣੇ ਪੈਣਗੇ।

–ਵਿਜੇ ਕੁਮਾਰ

Bharat Thapa

This news is Content Editor Bharat Thapa