ਬੰਗਲਾਦੇਸ਼ ’ਚ ਹਿੰਦੂਆਂ ’ਤੇ ਲਗਾਤਾਰ ਹੋ ਰਹੇ ਹਮਲੇ

10/20/2021 3:32:42 AM

ਬੰਗਲਾਦੇਸ਼ ’ਚ ਘੱਟਗਿਣਤੀ ਹਿੰਦੂ ਭਾਈਚਾਰੇ ’ਤੇ ਬਹੁਗਿਣਤੀ ਭਾਈਚਾਰੇ ਵੱਲੋਂ ਹਿੰਸਾ ਦੇ ਕਾਰਨ ਉਨ੍ਹਾਂ ਦੀ ਆਬਾਦੀ ਜੋ 1901 ’ਚ (ਜਦੋਂ ਇਹ ਭਾਰਤ ਦਾ ਹਿੱਸਾ ਸੀ) ਉੱਥੋਂ ਦੀ ਆਬਾਦੀ ਦਾ 32 ਫੀਸਦੀ ਸੀ, ਹੁਣ ਘਟ ਕੇ 8 ਫੀਸਦੀ ਰਹਿ ਗਈ ਹੈ।

ਪਾਕਿਸਤਾਨ ਤੋਂ ਮੁਕਤੀ ਦੇ ਬਾਅਦ 4 ਨਵੰਬਰ, 1972 ਨੂੰ ਪ੍ਰਵਾਨ ਕੀਤੇ ਗਏ ਨਵੇਂ ਸੰਵਿਧਾਨ ’ਚ ਬੰਗਲਾਦੇਸ਼ ਨੇ ਖੁਦ ਨੂੰ ਇਕ ਧਰਮਨਿਰਪੱਖ, ਸਮਾਜਵਾਦੀ, ਲੋਕਤੰਤਰਿਕ ਦੇਸ਼ ਐਲਾਨਿਆ ਸੀ ਪਰ ਇਹ ਜ਼ਿਆਦਾ ਸਮੇਂ ਤੱਕ ਧਰਮਨਿਰਪੱਖ ਰਾਸ਼ਟਰ ਨਹੀਂ ਰਹਿ ਸਕਿਆ ਤੇ 7 ਜੂਨ, 1988 ਨੂੰ ਇਸ ਨੇ ਖੁਦ ਨੂੰ ਇਸਲਾਮਿਕ ਦੇਸ਼ ਐਲਾਨ ਕਰ ਦਿੱਤਾ।

ਜਨਵਰੀ, 2013 ਤੋਂ ਇਸ ਸਾਲ ਸਤੰਬਰ ਤੱਕ ਉੱਥੇ ਹਿੰਦੂਆਂ ’ਤੇ 3679 ਹਮਲੇ ਹੋ ਚੁੱਕੇ ਹਨ ਅਤੇ ਉਨ੍ਹਾਂ ਦੇ ਧਾਰਮਿਕ ਅਸਥਾਨਾਂ ’ਤੇ ਭੰਨ-ਤੋੜ ਤੇ ਸਾੜ-ਫੂਕ ਦੇ ਘੱਟ ਤੋਂ ਘੱਟ 1678 ਮਾਮਲੇ ਸਾਹਮਣੇ ਆਏ ਹਨ।

ਬੀਤੀ 14 ਅਕਤੂਬਰ ਨੂੰ ਕੋਮਿੱਲਾ ’ਚ ਦੁਰਗਾ ਪੂਜਾ ਸਮਾਗਮਾਂ ’ਚ ਕੁਝ ਸ਼ਰਾਰਤੀ ਤੱਤਾਂ ਵੱਲੋਂ ਸੋਸ਼ਲ ਮੀਡੀਆ ’ਤੇ ਫਰਜ਼ੀ ਖਬਰ ਫੈਲਾਉਣ ਨਾਲ ਭੜਕੀ ਹਿੰਸਾ ਅਜੇ ਤੱਕ ਜਾਰੀ ਹੈ ਜਿਸ ’ਚ ਇਕ ਦਰਜਨ ਦੇ ਲਗਭਗ ਹਿੰਦੂਆਂ ਦੀਆਂ ਜਾਨਾਂ ਜਾ ਚੁੱਕੀਆਂ ਹਨ। ਸਰਕਾਰ ਵੱਲੋਂ ਸੈਂਕੜੇ ਲੋਕਾਂ ਨੂੰ ਗ੍ਰਿਫਤਾਰ ਕਰਨ ਦੇ ਬਾਵਜੂਦ ਹਿੰਸਾ ਰੁਕ ਨਹੀਂ ਰਹੀ।

ਤਾਜ਼ਾ ਘਟਨਾਕ੍ਰਮ ’ਚ 17 ਅਕਤੂਬਰ ਦੀ ਰਾਤ ਨੂੰ ਬੰਗਲਾਦੇਸ਼ ’ਚ ਇਸਲਾਮੀ ਕੱਟੜਪੰਥੀਆਂ ਨੇ ਰੰਗਪੁਰ ਜ਼ਿਲੇ ਦੇ ‘ਮਾਂਝੀਪਾੜਾ’ ਪਿੰਡ ’ਚ ਹਿੰਦੂਆਂ ਦੇ 29 ਘਰਾਂ ਨੂੰ ਅੱਗ ਲਗਾ ਦਿੱਤੀ ਅਤੇ 66 ਘਰਾਂ ਨੂੰ ਨੁਕਸਾਨ ਪਹੁੰਚਾਇਆ। ‘ਬੰਗਲਾਦੇਸ਼ ਹਿੰਦੂ, ਬੋਧੀ, ਇਸਾਈ ਏਕਤਾ ਪ੍ਰੀਸ਼ਦ’ ਦਾ ਦੋਸ਼ ਹੈ ਕਿ ਹਾਲ ਹੀ ’ਚ ਚਾਂਦਪੁਰ ਅਤੇ ਨੋਆਖਲੀ ’ਚ ਹੋਏ ਹਮਲਿਆਂ ’ਚ 4 ਹਿੰਦੂ ਭਗਤਾਂ ਦੀ ਮੌਤ ਹੋਈ ਹੈ।

ਢਾਕਾ ’ਚ ‘ਇਸਕਾਨ ਸਵਾਮੀਬਾਗ ਆਸ਼ਰਮ’ ਦੀ ਅਗਵਾਈ ’ਚ ਹਿੰਦੂਆਂ ਅਤੇ ਹੋਰਨਾਂ ਧਾਰਮਿਕ ਸੰਗਠਨਾਂ ਦੇ 2 ਹਜ਼ਾਰ ਤੋਂ ਵੱਧ ਮੈਂਬਰਾਂ ਨੇ ਢਾਕਾ ਯੂਨੀਵਰਸਿਟੀ ਦੇ ਸੈਂਕੜੇ ਵਿਦਿਆਰਥੀਆਂ ਦੇ ਨਾਲ ਇਨ੍ਹਾਂ ਘਟਨਾਵਾਂ ਦੇ ਵਿਰੁੱਧ ਰੋਸ ਵਿਖਾਵਾ ਕੀਤਾ। ਕੋਲਕਾਤਾ ਅਤੇ ਵਾਸ਼ਿੰਗਟਨ ’ਚ ਵੀ ਇਨ੍ਹਾਂ ਘਟਨਾਵਾਂ ਦੇ ਵਿਰੁੱਧ ਰੋਸ ਵਿਖਾਵੇ ਕੀਤੇ ਗਏ।

ਬੰਗਲਾਦੇਸ਼ ਦੇ ਗ੍ਰਹਿ ਮੰਤਰੀ ਅਸਦੁੱਜਮਾਂ ਖਾਨ ਕਮਾਲ ਨੇ ਇਨ੍ਹਾਂ ਹਮਲਿਆਂ ਨੂੰ ਬੰਗਲਾਦੇਸ਼ ਦੀ ਧਾਰਮਿਕ ਸੁਹਿਰਦਤਾ ਨੂੰ ਖਰਾਬ ਕਰਨ ਦੀ ਪਹਿਲਾਂ ਤੋਂ ਗਿਣੀ-ਮਿੱਥੀ ਸਾਜ਼ਿਸ਼ ਦੱਸਿਆ ਹੈ।

ਬੰਗਲਾਦੇਸ਼ ਤੋਂ ਕੱਢੀ ਲੇਖਿਕਾ ਤਸਲੀਮਾ ਨਸਰੀਨ ਨੇ ਕਿਹਾ ਹੈ ਕਿ ‘‘ਹੁਣ ਬੰਗਲਾਦੇਸ਼ ‘ਜੇਹਾਦਿਸਤਾਨ’ ਬਣਦਾ ਜਾ ਰਿਹਾ ਹੈ। ਇੱਥੇ ਸਾਰੀਆਂ ਸਰਕਾਰਾਂ ਨੇ ਸਿਆਸੀ ਲਾਭ ਦੇ ਲਈ ਧਰਮ ਦੀ ਵਰਤੋਂ ਕੀਤੀ। ਇਸਲਾਮ ਨੂੰ ਰਾਜਧਰਮ ਬਣਾ ਦੇਣ ਨਾਲ ਇੱਥੇ ਹਿੰਦੂਆਂ ਅਤੇ ਬੋਧੀਆਂ ਦੀ ਸਥਿਤੀ ਤਰਸਯੋਗ ਹੋ ਗਈ ਹੈ।’’

ਬੰਗਲਾਦੇਸ਼ ’ਚ ਹਿੰਦੂਆਂ ’ਤੇ ਲਗਾਤਾਰ ਜਾਰੀ ਹਮਲਿਆਂ ਨੇ ਉੱਥੇ ਉਨ੍ਹਾਂ ਦੀ ਸੁਰੱਖਿਆ ’ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ ਜਿਸ ਦੇ ਜਾਰੀ ਰਹਿਣ ’ਤੇ ਜਿੱਥੇ ਨਾ ਸਿਰਫ ਭਾਰਤ ਅਤੇ ਬੰਗਲਾਦੇਸ਼ ਦੇ ਦੋਸਤਾਨਾ ਸਬੰਧਾਂ ’ਚ ਤਰੇੜ ਆ ਸਕਦੀ ਹੈ ਉੱਥੇ ਬੰਗਲਾਦੇਸ਼ ਤੋਂ ਇਕ ਵਾਰ ਫਿਰ ਭਾਰਤ ’ਚ ਹਿੰਦੂਆਂ ਦੀ ਹਿਜਰਤ ਸ਼ੁਰੂ ਹੋ ਸਕਦੀ ਹੈ, ਜਿਵੇਂ 1972 ’ਚ ਬੰਗਲਾਦੇਸ਼ ਦੇ ਜਨਮ ਦੇ ਸਮੇਂ ਹੋਈ ਸੀ। ਲਿਹਾਜ਼ਾ ਇਸ ਸਬੰਧ ’ਚ ਬੰਗਲਾਦੇਸ਼ ਸਰਕਾਰ ਨੂੰ ਸਖਤ ਤੋਂ ਸਖਤ ਕਦਮ ਚੁੱਕਣ ਦੀ ਲੋੜ ਹੈ।

-ਵਿਜੇ ਕੁਮਾਰ

Bharat Thapa

This news is Content Editor Bharat Thapa