''ਬੈਂਕਾਂ ਵਿਚ ਫਰਾਡ ''ਤੇ ਫਰਾਡ'' ਹੁਣ ਸਾਹਮਣੇ ਆਏ 4 ਹੋਰ ਮਾਮਲੇ

02/27/2018 3:02:04 AM

ਇਨ੍ਹੀਂ ਦਿਨੀਂ ਕੁਝ ਹੀ ਸਮੇਂ ਦੇ ਵਕਫੇ ਦੌਰਾਨ ਇਕ ਤੋਂ ਬਾਅਦ ਇਕ ਸਾਹਮਣੇ ਆਉਣ ਵਾਲੇ ਅਰਬਾਂ ਰੁਪਿਆਂ ਦੇ ਬੈਂਕ ਘਪਲਿਆਂ ਕਾਰਨ ਦੇਸ਼ ਦੇ ਅਰਥ ਜਗਤ ਵਿਚ ਭੂਚਾਲ ਜਿਹਾ ਆਇਆ ਹੋਇਆ ਹੈ, ਜਿਸ ਨਾਲ ਬੈਂਕਾਂ ਦੀ ਭਰੋਸੇਯੋਗਤਾ 'ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ। 
ਸਭ ਤੋਂ ਪਹਿਲਾਂ ਪੰਜਾਬ ਨੈਸ਼ਨਲ ਬੈਂਕ ਦਾ 11400 ਕਰੋੜ ਰੁਪਏ ਦਾ ਕਰਜ਼ਾ ਘਪਲਾ ਸਾਹਮਣੇ ਆਇਆ, ਜੋ ਕੁਝ ਬੈਂਕਰਾਂ ਅਤੇ ਸਰਕਾਰੀ ਅਧਿਕਾਰੀਆਂ ਮੁਤਾਬਿਕ 20,000 ਕਰੋੜ ਰੁਪਏ ਤਕ ਪਹੁੰਚ ਸਕਦਾ ਹੈ। 
ਨੀਰਵ ਮੋਦੀ ਦੇ ਬੈਂਕ ਘਪਲੇ ਤੋਂ ਤੁਰੰਤ ਬਾਅਦ ਵਿਕਰਮ ਕੋਠਾਰੀ ਵਲੋਂ ਬੈਂਕਾਂ ਨਾਲ 3695 ਕਰੋੜ ਰੁਪਏ ਦੇ ਫਰਾਡ ਦਾ ਮਾਮਲਾ ਸਾਹਮਣੇ ਆਇਆ ਤੇ ਇਸ ਤੋਂ ਬਾਅਦ ਤਾਂ ਬੈਂਕ ਘਪਲੇ ਜ਼ਾਹਿਰ ਹੋਣ ਦੀ ਝੜੀ ਜਿਹੀ ਲੱਗ ਗਈ ਹੈ ਅਤੇ ਸਿਰਫ ਇਕ ਹਫਤੇ 'ਚ 4 ਬੈਂਕ ਘਪਲੇ ਹੋਰ ਸਾਹਮਣੇ ਆ ਗਏ ਹਨ। 
21 ਫਰਵਰੀ ਨੂੰ ਬੈਂਕ ਆਫ ਮਹਾਰਾਸ਼ਟਰ ਨੇ ਵਪਾਰੀ ਅਮਿਤ ਸਿੰਗਲਾ ਤੇ ਹੋਰਨਾਂ ਵਿਰੁੱਧ ਜਾਅਲੀ ਦਸਤਾਵੇਜ਼ਾਂ ਦੇ ਆਧਾਰ 'ਤੇ 2010 ਅਤੇ 2012 ਦੇ ਦਰਮਿਆਨ ਬੈਂਕ ਤੋਂ ਨਕਦ ਕਰਜ਼ਾ ਸਹੂਲਤ ਦੇ ਤਹਿਤ 950 ਕਰੋੜ ਰੁਪਏ ਕਰਜ਼ਾ ਲੈਣ ਦੀ ਸ਼ਿਕਾਇਤ ਸੀ. ਬੀ. ਆਈ. ਕੋਲ ਦਰਜ ਕਰਵਾਈ।
ਦੋਸ਼ੀਆਂ ਨੇ ਕਰਜ਼ਾ ਲੈਣ ਲਈ ਜ਼ਮਾਨਤ ਦੇ ਰੂਪ ਵਿਚ ਪੇਸ਼ ਜਿਸ ਜਾਇਦਾਦ ਦੀ ਕੀਮਤ 18 ਕਰੋੜ ਰੁਪਏ ਦੱਸੀ ਸੀ, ਕਰਜ਼ੇ ਦੇ ਨਾਨ-ਪ੍ਰਫਾਰਮਿੰਗ ਅਸੈੱਟ (ਐੱਨ. ਪੀ. ਏ.) ਵਿਚ ਬਦਲ ਜਾਣ ਤੋਂ ਬਾਅਦ ਉਸ ਜਾਇਦਾਦ ਦੀ ਕੀਮਤ ਸਿਰਫ 2.5 ਕਰੋੜ ਰੁਪਏ ਨਿਕਲੀ। 
22 ਫਰਵਰੀ ਨੂੰ ਓਰੀਐਂਟਲ ਬੈਂਕ ਆਫ ਕਾਮਰਸ (ਓ. ਬੀ. ਸੀ.) ਨੇ ਕਰੋਲਬਾਗ, ਦਿੱਲੀ ਵਿਚ ਸਥਿਤ ਡਾਇਮੰਡ ਜਿਊਲਰੀ ਐਕਸਪੋਰਟ ਕਰਨ ਵਾਲੀ ਫਰਮ ਦਵਾਰਕਾ ਦਾਸ ਸੇਠ ਇੰਟਰਨੈਸ਼ਨਲ ਅਤੇ ਇਸ ਦੇ ਮਾਲਕ ਸਭਯਾ ਸੇਠ ਵਿਰੁੱਧ 389.85 ਕਰੋੜ ਰੁਪਏ ਦੇ ਬੈਂਕ ਕਰਜ਼ਾ ਫਰਾਡ ਦੀ ਸ਼ਿਕਾਇਤ ਸੀ. ਬੀ. ਆਈ. ਕੋਲ ਦਰਜ ਕਰਵਾਈ।
ਬੈਂਕ ਨੇ ਦੋਸ਼ ਲਾਇਆ ਹੈ ਕਿ ਉਕਤ ਕੰਪਨੀ ਨੇ 'ਲੈਟਰਜ਼ ਆਫ ਕ੍ਰੈਡਿਟ' ਅਤੇ ਹੋਰ ਕਰਜ਼ਾ ਸਹੂਲਤਾਂ ਦੇ ਤਹਿਤ 2007 ਅਤੇ 2012 ਦੇ ਦਰਮਿਆਨ ਗੋਲਡ ਜਿਊਲਰੀ ਦੀ ਦਰਾਮਦ-ਬਰਾਮਦ ਲਈ ਕਰਜ਼ਾ ਲਿਆ ਸੀ ਪਰ ਮੋੜਨ 'ਚ ਨਾਕਾਮ ਰਹੀ। 
23 ਫਰਵਰੀ ਨੂੰ ਸੀ. ਬੀ. ਆਈ. ਨੇ ਪੰਜਾਬ ਨੈਸ਼ਨਲ ਬੈਂਕ ਦੀ ਬਾੜਮੇਰ ਬ੍ਰਾਂਚ 'ਚ ਹੋਏ ਇਕ ਹੋਰ ਘਪਲੇ 'ਤੇ ਕੇਸ ਦਰਜ ਕੀਤਾ। ਸੀ. ਬੀ. ਆਈ. ਅਨੁਸਾਰ ਇਸ ਬ੍ਰਾਂਚ 'ਚ ਇਕ ਸੀਨੀਅਰ ਬ੍ਰਾਂਚ ਮੈਨੇਜਰ ਨੇ ਸਤੰਬਰ 2016 ਅਤੇ ਮਾਰਚ 2017 ਦੇ ਦਰਮਿਆਨ ਬੇਈਮਾਨੀ ਤੇ ਧੋਖਾਧੜੀ ਨਾਲ ਬਿਨੈਕਾਰਾਂ ਦੇ ਵਪਾਰ ਜਾਂ ਰਿਹਾਇਸ਼ ਦੀ ਤਸਦੀਕ ਕੀਤੇ ਬਿਨਾਂ 26 ਵਿਅਕਤੀਆਂ ਨੂੰ ਮੁਦਰਾ ਕਰਜ਼ੇ ਵੰਡੇ, ਜਿਸ ਨਾਲ ਬੈਂਕ ਨੂੰ 62 ਲੱਖ ਰੁਪਏ ਦਾ ਨੁਕਸਾਨ ਹੋਇਆ।
ਸੀ. ਬੀ. ਆਈ. ਨੇ ਇਸ ਮਾਮਲੇ ਵਿਚ ਪੀ. ਐੱਨ. ਬੀ. ਬਾੜਮੇਰ ਸ਼ਹਿਰ ਵਿਚ ਤੱਤਕਾਲੀ ਬੈਂਕ ਮੈਨੇਜਰ ਇੰਦਰ ਚੰਦਰ ਚੰਦਰਾਵਤ ਵਿਰੁੱਧ ਕੇਸ ਦਰਜ ਕੀਤਾ ਹੈ। ਚੰਦਰਾਵਤ 'ਤੇ ਇਹ ਵੀ ਦੋਸ਼ ਹੈ ਕਿ ਉਸ ਨੇ 2011 ਵਿਚ ਲੱਗਭਗ 2 ਕਰੋੜ ਰੁਪਏ ਦਾ ਫਰਾਡ ਕੀਤਾ ਸੀ ਤੇ ਬੈਂਕ ਨੇ ਇਕ ਅੰਦਰੂਨੀ ਜਾਂਚ ਤੋਂ ਬਾਅਦ ਉਸ ਨੂੰ ਸਸਪੈਂਡ ਵੀ ਕਰ ਦਿੱਤਾ ਸੀ।
ਇਸੇ ਦਿਨ ਸੀ. ਬੀ. ਆਈ. ਨੇ ਓ. ਬੀ. ਸੀ. ਨੂੰ 97 ਕਰੋੜ ਰੁਪਏ ਦੇ ਕਰਜ਼ੇ ਨਾ ਚੁਕਾਉਣ ਦੇ ਮਾਮਲੇ ਵਿਚ ਸਿੰਭੋਲੀ ਸ਼ੂਗਰ ਲਿਮ. ਦੇ ਸੀ. ਐੱਮ. ਡੀ. ਗੁਰਮੀਤ ਸਿੰਘ ਮਾਨ, ਡਿਪਟੀ ਐੱਮ. ਡੀ. ਗੁਰਪਾਲ ਸਿੰਘ ਤੇ ਹੋਰਨਾਂ ਵਿਰੁੱਧ ਕੇਸ ਦਰਜ ਕੀਤਾ ਹੈ। 
ਐੱਨ. ਆਈ. ਏ. ਦੀ ਰਿਪੋਰਟ ਅਨੁਸਾਰ ਸਿੰਭੋਲੀ ਸ਼ੂਗਰ ਲਿਮ. ਨੇ ਓ. ਬੀ. ਸੀ. ਤੋਂ 109.08 ਕਰੋੜ ਰੁਪਏ ਦਾ ਕਰਜ਼ਾ ਲਿਆ ਹੋਇਆ ਹੈ। ਸੀ. ਬੀ. ਆਈ. ਨੇ ਬੈਂਕ ਦੀ ਸ਼ਿਕਾਇਤ 'ਤੇ ਲੰਘੇ ਐਤਵਾਰ 25 ਫਰਵਰੀ ਨੂੰ ਕੰਪਨੀ ਦੇ 8 ਟਿਕਾਣਿਆਂ 'ਤੇ ਛਾਪੇ ਮਾਰਨ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਹੈ। 
ਤ੍ਰਾਸਦੀ ਹੀ ਹੈ ਕਿ ਪੰਜਾਬ ਨੈਸ਼ਨਲ ਬੈਂਕ ਵਿਚ 11400 ਕਰੋੜ ਰੁਪਏ ਦਾ ਘਪਲਾ ਸਾਹਮਣੇ ਆਉਣ ਤਕ ਤਾਂ ਬੈਂਕ ਅਧਿਕਾਰੀ ਚੁੱਪ ਬੈਠੇ ਰਹੇ ਪਰ ਹੁਣ ਇਸ ਤੋਂ ਬਾਅਦ ਇਕ-ਇਕ ਕਰ ਕੇ ਬੈਂਕਾਂ ਵਿਚ ਧੋਖਾਧੜੀ ਦੇ ਮਾਮਲੇ ਸਾਹਮਣੇ ਆ ਰਹੇ ਹਨ। 
ਇਸ ਘਟਨਾ ਦੇ ਸਿੱਟੇ ਵਜੋਂ ਦੇਸ਼ਵਾਸੀਆਂ 'ਚ ਘਬਰਾਹਟ ਵੀ ਪਾਈ ਜਾ ਰਹੀ ਹੈ ਕਿ ਕਿਤੇ ਉਨ੍ਹਾਂ ਦਾ ਪੈਸਾ ਡੁੱਬ ਹੀ ਨਾ ਜਾਵੇ ਪਰ ਉਨ੍ਹਾਂ ਕੋਲ ਹੋਰ ਕੋਈ ਚਾਰਾ ਵੀ ਨਹੀਂ ਹੈ ਤੇ ਉਨ੍ਹਾਂ ਨੂੰ ਇਹ ਜੋਖ਼ਮ ਸਹਿਣ ਕਰਨਾ ਹੀ ਪਵੇਗਾ। ਉਂਝ ਵੀ ਭਾਰਤੀਆਂ ਵਿਚ ਸਹਿਣਸ਼ਕਤੀ ਬਹੁਤ ਹੈ। ਇਸੇ ਕਾਰਨ ਪਹਿਲਾਂ 600 ਸਾਲਾਂ ਤਕ ਮੁਗ਼ਲਾਂ ਅਤੇ ਹੋਰਨਾਂ ਵਿਦੇਸ਼ੀ ਹਮਲਾਵਰਾਂ ਤੇ ਫਿਰ 200 ਸਾਲਾਂ ਤਕ ਅੰਗਰੇਜ਼ਾਂ ਨੇ ਲੁੱਟਿਆ ਪਰ ਭਾਰਤਵਾਸੀ ਇਸ ਨੂੰ ਬਰਦਾਸ਼ਤ ਕਰਦੇ ਰਹੇ।
ਫਿਲਹਾਲ ਜਿਥੇ ਵਿੱਤ ਮੰਤਰੀ ਅਰੁਣ ਜੇਤਲੀ ਨੇ ਬੈਂਕਾਂ ਨਾਲ ਧੋਖਾਧੜੀ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਗੱਲ ਕਹੀ ਹੈ, ਜਿਸ ਨਾਲ ਬਚੇ-ਖੁਚੇ ਘਪਲੇ ਵੀ ਬਾਹਰ ਨਿਕਲਣਗੇ, ਉਥੇ ਹੀ ਘਪਲਿਆਂ ਦਾ ਸਾਹਮਣੇ ਆਉਣਾ ਚੰਗੀ ਗੱਲ ਹੈ ਤਾਂ ਕਿ ਦੋਸ਼ੀਆਂ ਨੂੰ ਸਖ਼ਤ ਸਜ਼ਾ ਮਿਲੇ ਤੇ ਬੈਂਕਾਂ ਦੀ ਕਾਰਗੁਜ਼ਾਰੀ ਵਿਚ ਪਾਕੀਜ਼ਗੀ ਆ ਸਕੇ।
ਸਰਕਾਰ ਨੂੰ ਵੀ ਇਸ ਸਾਰੇ ਮਾਮਲੇ ਵਿਚ ਨੋਟਿਸ ਲੈ ਕੇ ਲੋਕਾਂ ਦਾ ਡਰ ਦੂਰ ਕਰਨ ਲਈ ਬਿਆਨ ਦੇਣਾ ਚਾਹੀਦਾ ਹੈ ਕਿ ਬੈਂਕਾਂ 'ਚ ਉਨ੍ਹਾਂ ਦੀ ਰਕਮ ਸੁਰੱਖਿਅਤ ਹੈ ਤੇ ਉਸ ਨੂੰ ਕਿਸੇ ਤਰ੍ਹਾਂ ਦਾ ਕੋਈ ਖਤਰਾ ਨਹੀਂ ਹੈ।         —ਵਿਜੇ ਕੁਮਾਰ

Vijay Kumar Chopra

This news is Chief Editor Vijay Kumar Chopra