ਖੁੱਲ੍ਹਾ ਪੱਤਰ ਲਿਖਣ ਵਾਲਿਆਂ ’ਤੇ ਬੇਤੁਕੀ ਐੱਫ. ਆਈ. ਆਰ.

10/07/2019 1:40:09 AM

ਮੁਜ਼ੱਫਰਪੁਰ ਦੇ 50 ਸਾਲਾ ਵਕੀਲ ਸੁਧੀਰ ਕੁਮਾਰ ਓਝਾ 1996 ’ਚ ਵਕਾਲਤ ਸ਼ੁਰੂ ਕਰਨ ਤੋਂ ਹੁਣ ਤਕ 745 ਜਨਹਿੱਤ ਪਟੀਸ਼ਨਾਂ ਦਾਇਰ ਕਰ ਚੁੱਕੇ ਹਨ। ਖ਼ੁਦ ਉਨ੍ਹਾਂ ਅਨੁਸਾਰ ਇਨ੍ਹਾਂ ’ਚੋਂ 130 ਪਟੀਸ਼ਨਾਂ ਅਦਾਲਤਾਂ ਵਲੋਂ ਰੱਦ ਹੋਈਆਂ ਹਨ। ਉਨ੍ਹਾਂ ਦੀਆਂ ਪਟੀਸ਼ਨਾਂ ’ਚੋਂ ਜ਼ਿਆਦਾਤਰ ਅਮਿਤਾਭ ਬੱਚਨ, ਰਿਤਿਕ ਰੋਸ਼ਨ, ਅਭਿਸ਼ੇਕ ਬੱਚਨ ਵਰਗੀਆਂ ਸੈਲੀਬ੍ਰਿਟੀਜ਼ ਵਿਰੁੱਧ ਰਹੀਆਂ ਹਨ।

ਜਿਥੋਂ ਤਕ ਸਾਰੇ ਦੇਸ਼ ਦਾ ਧਿਆਨ ਆਕਰਸ਼ਿਤ ਕਰਨ ਦੀ ਗੱਲ ਹੈ ਤਾਂ ਇਸ ਵਾਰ ਉਨ੍ਹਾਂ ਦੀ ‘ਲਾਟਰੀ’ ਲੱਗ ਗਈ ਹੈ। ਮੁਜ਼ੱਫਰਪੁਰ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਨੇ ਉਨ੍ਹਾਂ ਦੀ ਇਕ ਪਟੀਸ਼ਨ ’ਤੇ 30 ਅਗਸਤ ਨੂੰ ਇਤਿਹਾਸਕਾਰ ਰਾਮਚੰਦਰ ਗੁਹਾ, ਫਿਲਮਕਾਰ ਮਣੀਰਤਨਮ ਅਤੇ ਅਪਰਣਾ ਸੇਨ ਵਰਗੀਆਂ 49 ਸ਼ਖ਼ਸੀਅਤਾਂ ਵਿਰੁੱਧ ਐੱਫ. ਆਈ. ਆਰ. ਦਰਜ ਕਰਨ ਦੇ ਨਿਰਦੇਸ਼ ਦਿੱਤੇ।

ਇਨ੍ਹਾਂ ਸ਼ਖ਼ਸੀਅਤਾਂ ਨੇ ਭੀੜ ਵਲੋਂ ਮੁਸਲਮਾਨਾਂ ਅਤੇ ਦਲਿਤਾਂ ਦੀ ਹੋ ਰਹੀ ਹੱਤਿਆ (ਮੌਬ ਲਿੰਚਿੰਗ) ਦੇ ਮੁੱਦੇ ’ਤੇ ਪ੍ਰਧਾਨ ਮੰਤਰੀ ਮੋਦੀ ਦੇ ਨਾਂ ਇਕ ਖੁੱਲ੍ਹਾ ਪੱਤਰ ਲਿਖ ਕੇ ਇਨ੍ਹਾਂ ਘਟਨਾਵਾਂ ’ਤੇ ਚਿੰਤਾ ਜ਼ਾਹਿਰ ਕਰਦੇ ਹੋਏ ਉਨ੍ਹਾਂ ਨੂੰ ਰੋਕਣ ਲਈ ਸਖਤ ਕਦਮ ਚੁੱਕਣ ਦਾ ਸੱਦਾ ਦਿੱਤਾ ਸੀ।

ਸਭ ਤੋਂ ਪਹਿਲਾਂ ਤਾਂ ਇਸ ਐੱਫ. ਆਈ. ਆਰ. ਦੀ ਕੋਈ ਤੁੱਕ ਹੀ ਨਹੀਂ ਹੈ ਕਿਉਂਕਿ ਬੋਲਣਾ, ਲਿਖਣਾ ਅਤੇ ਪ੍ਰਗਟਾਵੇ ਦੀ ਆਜ਼ਾਦੀ ਇਕ ਮੁੱਢਲਾ ਅਧਿਕਾਰ ਹੈ।

ਭਲਾ ਕਿਵੇਂ ਜ਼ਾਹਿਰ ਕੀਤੀ ਗਈ ਚਿੰਤਾ ਜਾਂ ਸ਼ਿਕਾਇਤ ਨੂੰ ਧਾਰਮਿਕ ਭਾਵਨਾਵਾਂ ਨੂੰ ਸੱਟ ਪਹੁੰਚਾਉਣ, ਦੇਸ਼ਧ੍ਰੋਹ ਅਤੇ ਸ਼ਾਂਤੀ ਭੰਗ ਕਰਨ ਦੀਆਂ ਆਈ. ਪੀ. ਸੀ. ਧਾਰਾਵਾਂ ਦੇ ਤਹਿਤ ਅਪਰਾਧ ਅਤੇ ਉਨ੍ਹਾਂ ਨੂੰ ਲਿਖਣ ਵਾਲਿਆਂ ਨੂੰ ਅਪਰਾਧੀ ਮੰਨਿਆ ਜਾ ਸਕਦਾ ਹੈ? ਅਸਲ ਵਿਚ ਇਸ ਕਿਸਮ ਦੀ ਪਟੀਸ਼ਨ ਨੂੰ ਸਵੀਕਾਰ ਕਰਨਾ ਹੀ ਹੇਠਲੀ ਅਦਾਲਤ ਦੀ ਭੂਮਿਕਾ ’ਤੇ ਸਵਾਲੀਆ ਨਿਸ਼ਾਨ ਲਗਾ ਦਿੰਦਾ ਹੈ।

ਆਪਣੀ ਅਮਰੀਕਾ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਦੁਨੀਆ ਦੇ ਸਾਹਮਣੇ ਭਾਰਤ ਦੇ ਭਿੰਨਤਾ ਭਰੇ ਲੋਕਤੰਤਰ ਅਤੇ ਬਹੁਲਤਾ ਦਾ ਜ਼ਿਕਰ ਕੀਤਾ ਤਾਂ ਭਲਾ ਉਸੇ ਲੋਕਤੰਤਰ ਦੇ ਅਧਿਕਾਰਾਂ ਦੀ ਵਰਤੋਂ ਕਿਸ ਤਰ੍ਹਾਂ ਦੇਸ਼ ਦੀ ਦਿੱਖ ਨੂੰ ਨੁਕਸਾਨ ਪਹੁੰਚਾਉਣਾ ਹੋ ਸਕਦਾ ਹੈ?

ਵੱਖ-ਵੱਖ ਮੱਤ ਸਿਰਫ ਭਾਰਤੀ ਸੰਸਕ੍ਰਿਤੀ ਦੀ ਆਤਮਾ ਹੀ ਨਹੀਂ, ਸਾਡੇ ਸੰਵਿਧਾਨ ਦੀ ਨੀਂਹ ਵੀ ਹਨ। ਜਿਥੋਂ ਤਕ ਦੇਸ਼ ਦੀ ਦਿੱਖ ਨੂੰ ਨੁਕਸਾਨ ਪਹੁੰਚਾਉਣ ਦੀ ਗੱਲ ਹੈ, ਤਾਂ ‘ਮੌਬ ਲਿੰਚਿੰਗ’ ਅਤੇ ਅਪਰਾਧ ਕਰਨ ਵਾਲੇ ਹੀ ਇਸ ਦੇ ਲਈ ਜ਼ਿੰਮੇਵਾਰ ਹਨ।

ਪਰ ਹੇਠਲੀ ਅਦਾਲਤ ਸਿਰਫ ਇਕ ਪਹਿਲਾ ਕਦਮ ਹੈ। ਨਿਆਂ ਦੀਆਂ ਬਹੁਤ ਸਾਰੀਆਂ ਪੌੜੀਆਂ ਚੜ੍ਹਨਾ ਅਜੇ ਬਾਕੀ ਹੈ। ਇਸ ਨਾਲ ਵਿਵਸਥਿਤ ਢੰਗ ਨਾਲ ਕੰਮ ਕਰਨ ਵਾਲੀ ਭਾਰਤੀ ਨਗਰਪਾਲਿਕਾ ’ਤੇ ਵਿਸ਼ਵਾਸ ਬਰਕਰਾਰ ਰਹਿੰਦਾ ਹੈ।

ਭਾਰਤੀ ਲੋਕਤੰਤਰ ਤੋਂ ਨਿਰਾਸ਼ ਹੋਣ ਦਾ ਕੋਈ ਕਾਰਣ ਨਹੀਂ ਹੈ। ਪ੍ਰਚਾਰ ਦੇ ਭੁੱਖੇ ਲੋਕ ਕਾਨੂੰਨੀ ਮਾਪਦੰਡਾਂ ਨੂੰ ਕਮਜ਼ੋਰ ਕਰਨ ਦਾ ਯਤਨ ਕਰ ਸਕਦੇ ਹਨ ਪਰ ਹਰ ਚੀਜ਼ ਨੂੰ ਮਜ਼ਾਕ ਬਣਾ ਕੇ ਭਾਰਤ ਦੁਨੀਆ ’ਚ ਸਨਮਾਨ ਹਾਸਿਲ ਨਹੀਂ ਕਰ ਸਕਦਾ ਅਤੇ ਨਾ ਹੀ ਮਾਸੂਮ ਲੋਕਾਂ ਦੀ ਹੱਤਿਆ ਨਾਲ ਹੀ ਕੋਈ ਸਨਮਾਨ ਮਿਲਣ ਵਾਲਾ ਹੈ।

Bharat Thapa

This news is Content Editor Bharat Thapa