ਮੋਦੀ ਸਰਕਾਰ ਦੇ ਮੌਜੂਦਾ ਕਾਰਜਕਾਲ ਦਾ ਅੰਤਿਮ ਮੁਕੰਮਲ ਰਲਵਾਂ-ਮਿਲਵਾਂ ਬਜਟ

02/02/2023 1:28:19 AM

ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ 1 ਫਰਵਰੀ ਨੂੰ ਕੇਂਦਰ ਸਰਕਾਰ ਦਾ ਸਾਲ 2023-24 ਦਾ ਬਜਟ ਪੇਸ਼ ਕੀਤਾ। ਇਸ ਨੂੰ ਉਨ੍ਹਾਂ ਨੇ ‘ਅੰਮ੍ਰਿਤਕਾਲ’ ਦਾ ਪਹਿਲਾ ਇਤਿਹਾਸਕ ਅਤੇ ਅਗਲੇ 100 ਸਾਲਾਂ ਦੀ ਰੂਪ-ਰੇਖਾ ਤਿਆਰ ਕਰਨ ਵਾਲਾ ਬਜਟ ਕਰਾਰ ਦਿੱਤਾ!

ਵਿੱਤ ਮੰਤਰੀ ਦੇ ਅਨੁਸਾਰ ਦੇਸ਼ ’ਚ ਕਾਰੋਬਾਰੀ ਨਿਵੇਸ਼ ਦੇ ਲਈ ਢੁੱਕਵਾਂ ਵਾਤਾਵਰਣ ਹੈ ਅਤੇ ਸਮਾਜ ਦੇ ਹਰ ਵਰਗ ਨੂੰ ਸਹੂਲਤਾਂ ਮੁਹੱਈਆ ਕੀਤੀਆਂ ਗਈਆਂ ਹਨ।

ਉਨ੍ਹਾਂ ਨੇ ਇਸ ਬਜਟ ਦੀਆਂ 7 ਪਹਿਲਾਂ ਨੂੰ ‘ਸਪਤਰਿਸ਼ੀ’ ਨਾਂ ਦਿੱਤਾ। ਇਨ੍ਹਾਂ ’ਚ 1. ਸਮਾਵੇਸ਼ੀ ਵਿਕਾਸ, 2 ਅੰਤਿਮ ਵਿਅਕਤੀ ਤੱਕ ਪਹੁੰਚ, 3 ਮੁੱਢਲਾ ਢਾਂਚਾ ਵਿਕਾਸ ਅਤੇ ਨਿਵੇਸ਼, 4 ਸਮਰੱਥਾ ਵਿਸਤਾਰ, 5 ਹਰਿਆਲੀ ਵਿਕਾਸ, 6 ਯੁਵਾ ਸ਼ਕਤੀ, 7 ਵਿੱਤੀ ਵਿਸਤਾਰ ਸ਼ਾਮਲ ਹਨ।

ਇਸ ਸਾਲ ਦੇ ਬਜਟ ’ਚ ਹੋਰਨਾਂ ਤਜਵੀਜ਼ਾਂ ਦੇ ਇਲਾਵਾ :

* ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਬਜਟ 66 ਫੀਸਦੀ ਵਧਾ ਕੇ 79,000 ਕਰੋੜ ਰੁਪਏ ਕਰ ਿਦੱਤਾ ਗਿਆ ਹੈ।

* ਦੇਸ਼ ’ਚ 50 ਨਵੇਂ ਹਵਾਈ ਅੱਡੇ ਜਾਣਗੇ।

* ਵਪਾਰ ਸੌਖਾਲਾ ਬਣਾਉਣ ਦੇ ਲਈ ਕੇ.ਵਾਈ.ਸੀ. (Know your customer) (ਆਪਣੇ ਗਾਹਕ ਨੂੰ ਜਾਣੋ) ਦੀ ਪ੍ਰਕਿਰਿਆ ਸੌਖੀ ਬਣਾਈ ਜਾਵੇਗੀ। ਨਵੇਂ ਰੋਜ਼ਗਾਰਾਂ ਦਾ ਆਧਾਰ ਤਿਆਰ ਕੀਤਾ ਜਾਵੇਗਾ।

* ਰੇਲਵੇ ਦੇ ਲਈ 2.40 ਲੱਖ ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ, ਜੋ 2013 ਦੀ ਤੁਲਨਾ ’ਚ 9 ਗੁਣਾ ਵੱਧ ਹੈ।

* ਰੱਖਿਆ ਬਜਟ ਵਧਾ ਕੇ 5.94 ਲੱਖ ਕਰੋੜ ਰੁਪਏ ਕਰ ਦਿੱਤਾ ਗਿਆ ਹੈ ਜਦਕਿ ਬੀਤੇ ਸਾਲ ਇਹ 5. 29 ਲੱਖ ਕਰੋੜ ਰੁਪਏ ਸੀ।

* ਖੇਤੀ ਕਰਜ਼ਾ ਟੀਚਾ ਵਧਾ ਕੇ 20 ਲੱਖ ਕਰੋੜ ਰੁਪਏ ਕੀਤਾ ਜਾਵੇਗਾ। ਮੱਛੀ ਪਾਲਣ ਲਈ 6000 ਕਰੋੜ ਰੁਪਏ ਦੀ ਨਵੀਂ ਰਿਆਇਤੀ ਯੋਜਨਾ ਬਣਾਈ ਗਈ ਹੈ।

* ਪੂੰਜੀ ਨਿਵੇਸ਼ ਖਰਚ 33 ਫੀਸਦੀ ਵਧਾ ਕੇ 10 ਲੱਖ ਕਰੋੜ ਰੁਪਏ ਕੀਤਾ ਜਾਵੇਗਾ ਅਤੇ ਮਹਾਮਾਰੀ ਤੋਂ ਪ੍ਰਭਾਵਿਤ ਐੱਮ. ਐੱਸ. ਐੱਮ. ਈ. ਨੂੰ ਰਾਹਤ ਮੁਹੱਈਆ ਕੀਤੀ ਜਾਵੇਗੀ।

* ਬਜਟ 2023 ਦੀ ਨਵੀਂ ਟੈਕਸ ਵਿਵਸਥਾ ’ਚ ਇਨਕਮ ਟੈਕਸ ਛੋਟ ਦੀ ਹੱਦ ਵਧਾ ਕੇ 7 ਲੱਖ ਰੁਪਏ ਕਰ ਦਿੱਤੀ ਗਈ ਹੈ। ਹੁਣ 3 ਲੱਖ ਰੁਪਏ ਤੱਕ ਦੀ ਆਮਦਨ ’ਤੇ ਕੋਈ ਟੈਕਸ ਨਹੀਂ ਲੱਗੇਗਾ। ਇਨਕਮ ਟੈਕਸ ਲੈਬ ਦੀ ਗਿਣਤੀ ਘਟਾ ਕੇ 5 ਕਰ ਿਦੱਤੀ ਗਈ ਹੈ।

* ਡਿਊਟੀ ਘਟਾਉਣ ਨਾਲ ਖਿਡੌਣੇ, ਸਾਈਕਲ, ਟੈਲੀਵਿਜ਼ਨ, ਦੇਸੀ ਮੋਬਾਇਲ ਫੋਨ, ਇਲੈਕਟ੍ਰਿਕ ਵਾਹਨ, ਲੀਥੀਅਮ ਆਈਨ ਬੈਟਰੀ ਅਤੇ ਬਾਇਓ ਗੈਸ ਨਾਲ ਜੁੜੀਆਂ ਵਸਤੂਆਂ ਸਸਤੀਆਂ ਹੋਣਗੀਆਂ।

* ਡਿਊਟੀ ਵਧਾਉਣ ਨਾਲ ਸੋਨਾ, ਚਾਂਦੀ, ਸਿਗਰੇਟ, ਪਲੈਟੀਨਮ, ਕਿਚਨ ਚਿਮਨੀ, ਕੁਝ ਕਿਸਮ ਦੇ ਮੋਬਾਇਲ ਫੋਨ, ਕੈਮਰੇ ਦੇ ਲੈਂਜ਼, ਦਰਾਮਦ ਕੀਤੇ ਸਾਈਕਲ, ਦਰਾਮਦ ਕੀਤੀਅਾਂ ਕਾਰਾਂ, ਨਕਲੀ ਗਹਿਣੇ, ਕੰਪਾਊਂਡਿਡ ਰਬੜ ਆਦਿ ਵਸਤੂਆਂ ਮਹਿੰਗੀਆਂ ਹੋ ਜਾਣਗੀਆਂ।

* ਸੀਨੀਅਰ ਨਾਗਰਿਕਾਂ ਦੇ ਲਈ ਨਾਗਰਿਕ ਖਾਤਾ ਯੋਜਨਾ ਦੀ ਹੱਦ 4.5 ਲੱਖ ਰੁਪਏ ਤੋਂ ਵਧਾ ਕੇ 9 ਲੱਖ ਰੁਪਏ ਕਰਨ ਦੇ ਇਲਾਵਾ ‘ਮਹਿਲਾ ਸਨਮਾਨ ਬੱਚਤ ਪੱਤਰ’ ਸ਼ੁਰੂ ਕੀਤਾ ਜਾਵੇਗਾ ਜੋ ਮਾਰਚ, 2025 ਤੱਕ ਮੁਹੱਈਆ ਹੋਵੇਗਾ। ਇਸ ’ਚ ਔਰਤ ਜਾਂ ਲੜਕੀ ਦੇ ਨਾਂ ’ਤੇ 2 ਲੱਖ ਰੁਪਏ ਤੱਕ ਦੇ ਨਿਵੇਸ਼ ’ਤੇ 7.5 ਫੀਸਦੀ ਵਿਆਜ ਮਿਲੇਗਾ।

ਇਹ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਅੰਤਿਮ ਮੁਕੰਮਲ ਬਜਟ ਹੈ। ਅਗਲੇ ਸਾਲ ਲੋਕ ਸਭਾ ਦੀਅਾਂ ਚੋਣਾਂ ਦੇ ਕਾਰਨ ਅੰਤ੍ਰਿਮ ਬਜਟ ਪੇਸ਼ ਕੀਤਾ ਜਾਵੇਗਾ।

ਜਿੱਥੇ ਇਸ ਬਜਟ ਦੀ ਸੱਤਾਧਿਰ ਨੇ ਭਰਪੂਰ ਸ਼ਲਾਘਾ ਕੀਤੀ ਹੈ ਅਤੇ ਪ੍ਰਧਾਨ ਮੰਤਰੀ ਨੇ ਇਸ ਨੂੰ ‘ਦੇਸ਼ ਨੂੰ ਤਾਕਤ ਦੇਣ ਵਾਲਾ ਡੋਜ਼’ ਦੱਸਿਆ ਹੈ, ਉੱਥੇ ਹੀ ਵਿਰੋਧੀ ਪਾਰਟੀਆਂ ਨੇ ਇਸ ’ਤੇ ਰਲਵੀਂ-ਮਿਲਵੀਂ ਪ੍ਰਤੀਕਿਰਿਆ ਦਿੱਤੀ ਹੈ :

ਮਲਿਕਾਰਜੁਨ ਖੜਗੇ (ਕਾਂਗਰਸ ਪ੍ਰਧਾਨ) ਦੇ ਅਨੁਸਾਰ, ‘‘ਕਿਹੜਾ ਬਜਟ ਗਰੀਬਾਂ ਦੇ ਲਈ ਬਣਾਇਆ ਗਿਆ ਹੈ? ਇਹ ਬਜਟ ਤਾਂ ਅਮੀਰਾਂ ਦੇ ਲਈ ਹੈ।’’

ਕਾਰਤੀ ਚਿਦਾਂਬਰਮ (ਕਾਂਗਰਸ) ਨੇ ਕਿਹਾ, ‘‘ ਬਜਟ ’ਚ ਟੈਕਸ ਛੋਟ ਦਾ ਸਵਾਗਤ ਕਰਦਾ ਹਾਂ।’’

ਫਾਰੂਕ ਅਬਦੁਲਾ (ਨੈਕਾਂ) ਬੋਲੇ, ‘‘ਬਜਟ ’ਚ ਦਰਮਿਆਨੇ ਵਰਗ ਲਈ ਕੁਝ ਰਾਹਤ ਹੈ।’’

ਮਮਤਾ ਬੈਨਰਜੀ (ਤ੍ਰਿਣਮੂਲ ਕਾਂਗਰਸ) ਬੋਲੀ, ‘‘ਬਜਟ ਝੂਠ ਦਾ ਪੁਲੰਦਾ ਹੈ।’’

ਅਖਿਲੇਸ਼ ਯਾਦਵ (ਸਪਾ) ਨੇ ਕਿਹਾ, ‘‘ਭਾਜਪਾ ਆਪਣੇ ਬਜਟ ਦਾ ਦਹਾਕਾ ਪੂਰਾ ਕਰ ਰਹੀ ਹੈ ਪਰ ਜਦੋਂ ਜਨਤਾ ਨੂੰ ਪਹਿਲਾਂ ਕੁਝ ਨਹੀਂ ਦਿੱਤਾ ਤਾਂ ਹੁਣ ਕੀ ਦੇਵੇਗੀ।’’

ਮਾਇਆਵਤੀ (ਬਸਪਾ) ਦੇ ਅਨੁਸਾਰ, ‘‘ਭਾਰਤ ਦਾ ਦਰਮਿਆਨਾ ਵਰਗ ਮਹਿੰਗਾਈ, ਗਰੀਬੀ ਅਤੇ ਬੇਰੋਜ਼ਗਾਰੀ ਆਦਿ ਦੀ ਮਾਰ ਨਾਲ ਹੇਠਲਾ ਦਰਮਿਆਨਾ ਵਰਗ ਬਣ ਗਿਆ ਹੈ। ਇਸ ਸਾਲ ਦਾ ਬਜਟ ਵੀ ਕੋਈ ਵੱਧ ਵੱਖਰਾ ਨਹੀਂ। ਝੂਠੀਆਂ ਉਮੀਦਾਂ ਕਿਉਂ?’’

ਮਹਿਬੂਬਾ ਮੁਫਤੀ (ਪੀ. ਡੀ. ਪੀ.) ਦੇ ਅਨੁਸਾਰ, ‘‘ਬਜਟ ’ਚ ਕੁਝ ਵੀ ਨਵਾਂ ਨਹੀਂ ਹੈ। ਸਬਸਿਡੀ ਦਾ ਜੋ ਪੈਸਾ ਖਰਚ ਹੋਣਾ ਸੀ, ਨਹੀਂ ਹੋ ਰਿਹਾ।’’

ਕਨਫੈੱਡਰੇਸ਼ਨ ਆਫ ਇੰਡੀਅਨ ਇੰਡਸਟ੍ਰੀ (ਸੀ. ਆਈ. ਆਈ.) ਉੱਤਰੀ ਖੇਤਰ ਦੇ ਚੇਅਰਮੈਨ ਅੰਸ਼ੂਮਨ ‘ਮੈਗਜ਼ੀਨ’ ਦੇ ਅਨੁਸਾਰ, ‘‘ਇਹ ਇਕ ਵਿਕਾਸ ਕੇਂਦਰਿਤ ਬਜਟ ਹੈ।’’

ਜਿੱਥੇ ਸਿਧਾਂਤਕ ਤੌਰ ’ਤੇ ਸਭ ਤਜਵੀਜ਼ਾਂ ਚੰਗੀਆਂ ਦਿਖਾਈ ਦਿੰਦੀਆਂ ਹਨ, ਉੱਥੇ ਹੀ ਇਨ੍ਹਾਂ ਦੀ ਸਫਲਤਾ ਇਸ ਗੱਲ ’ਤੇ ਵੀ ਨਿਰਭਰ ਕਰੇਗੀ ਕਿ ਸਰਕਾਰ ਇਨ੍ਹਾਂ ਨੂੰ ਕਿੰਨੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰ ਸਕਦੀ ਹੈ।

ਜੋ ਵੀ ਹੋਵੇ, ਅਗਲੇ ਸਾਲ ਦੀਆਂ ਲੋਕ ਸਭਾ ਚੋਣਾਂ ਦੇ ਇਲਾਵਾ ਇਸ ਸਾਲ 9 ਸੂਬਿਆਂ ਦੀਆਂ ਚੋਣਾਂ ਦੇ ਮੱਦੇਨਜ਼ਰ ਇਸ ਬਜਟ ’ਚ ਇਨਕਮ ਟੈਕਸ ਛੋਟ ਵਧਾ ਕੇ ਜਿੱਥੇ ਨੌਕਰੀ ਪੇਸ਼ਾ ਵਰਗ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਉੱਥੇ ਹੀ ਇਨਫ੍ਰਾਸਟ੍ਰੱਕਚਰ ਨੂੰ ਵਧਾਉਣ ’ਤੇ ਜ਼ੋਰ ਦਿੱਤਾ ਗਿਆ ਹੈ ਅਤੇ ਆਮ ਆਦਮੀ ਨੂੰ ਪ੍ਰਭਾਵਿਤ ਕਰਨ ਵਾਲੀਆਂ ਵਸਤੂਆਂ ਨੂੰ ਛੇੜਣ ਤੋਂ ਬਚਿਆ ਗਿਆ ਹੈ।

- ਵਿਜੇ ਕੁਮਾਰ

Anmol Tagra

This news is Content Editor Anmol Tagra