ਮੱਧ ਪ੍ਰਦੇਸ਼ ’ਚ ਵੋਟਰਾਂ ਨੂੰ ਲੁਭਾਉਣ ਲਈ ਫਿਲਮੀ ਕਲਾਕਾਰ, ਦੰਗਲ, ਮੁਸ਼ਾਇਰੇ ਅਤੇ ਫੈਸ਼ਨ ਸ਼ੋਅ ਸ਼ੁਰੂ

10/13/2018 6:07:08 AM

ਅਗਲੇ ਮਹੀਨੇ ਮੱਧ ਪ੍ਰਦੇਸ਼, ਰਾਜਸਥਾਨ, ਤੇਲੰਗਾਨਾ, ਮਿਜ਼ੋਰਮ ਅਤੇ ਛੱਤੀਸਗੜ੍ਹ ’ਚ ਹੋਣ ਵਾਲੀਅਾਂ ਵਿਧਾਨ ਸਭਾ ਚੋਣਾਂ ਲਈ ਸਾਰੀਅਾਂ ਪਾਰਟੀਅਾਂ ਸਰਗਰਮ ਹੋ ਚੁੱਕੀਅਾਂ ਹਨ। ਮੱਧ ਪ੍ਰਦੇਸ਼ ’ਚ ਤਾਂ ਚੋਣ ਪ੍ਰੋਗਰਾਮ ਦੇ ਐਲਾਨ ਤੋਂ ਪਹਿਲਾਂ ਹੀ ਭਾਜਪਾ ਨੇ ਸਤੰਬਰ ਦੇ ਆਖਰੀ ਹਫਤੇ ’ਚ ਭੋਪਾਲ ’ਚ ਵਾਜੇ-ਗਾਜੇ ਨਾਲ ‘ਵਰਕਰ ਮਹਾਕੁੰਭ’  ਦਾ  ਆਯੋਜਨ ਕਰ ਦਿੱਤਾ ਸੀ। 
ਇਸ ’ਚ ਵਰਕਰਾਂ ਦੇ ਭੋਜਨ ਨੂੰ ਲੈ ਕੇ ਖੂਬ ਲੁੱਟ ਮਚੀ। ਆਪਣੇ ਹੱਥਾਂ ’ਚ ਪਲੇਟਾਂ ਲੈ ਕੇ ਵਰਕਰ ਇਕ ਤੋਂ ਦੂਜੇ ਪੰਡਾਲ ’ਚ ਭੱਜਦੇ ਨਜ਼ਰ ਆਏ। ਕਿਸੇ ਦੇ ਹੱਥ ਸਬਜ਼ੀ, ਕਿਸੇ ਦੇ ਹੱਥ ਪੂੜੀ ਅਤੇ ਕਿਸੇ ਵਰਕਰ ਦੇ ਹੱਥ ਸਿਰਫ ਚੌਲ ਹੀ ਆਏ। ਕਈ ਵਰਕਰ ਪੂੜੀਅਾਂ ਨਾਲ ਚੌਲ ਖਾਂਦੇ ਨਜ਼ਰ ਆਏ ਤਾਂ ਕੁਝ ਚੌਲਾਂ ਨਾਲ ਬਾਲੂਸ਼ਾਹੀ ਖਾ ਰਹੇ ਸਨ। 
ਹੁਣ ਜਦੋਂ ਵਿਧੀਪੂਰਵਕ ਚੋਣ ਪ੍ਰੋਗਰਾਮ ਦਾ ਐਲਾਨ ਹੋ ਚੁੱਕਾ ਹੈ, ਸਾਰੀਅਾਂ ਸਿਆਸੀ  ਪਾਰਟੀਅਾਂ ਵੱਖ-ਵੱਖ ਤਰ੍ਹਾਂ ਦੇ ਆਯੋਜਨਾਂ ’ਚ ਜੁਟ ਗਈਅਾਂ ਹਨ। ਇਸੇ ਲੜੀ ’ਚ ਆਪਣੀਅਾਂ ਰੈਲੀਅਾਂ ’ਚ ਬਾਲੀਵੁੱਡ ਸਿਤਾਰਿਅਾਂ ਨੂੰ ਸੱਦਣ ਤੋਂ ਇਲਾਵਾ ਗਵਾਲੀਅਰ ’ਚ ਮੈਰਾਥਨ ਦੌੜ, ਇੰਦੌਰ ਅਤੇ ਉੱਜੈਨ ’ਚ ਫੈਸ਼ਨ ਸ਼ੋਅ, ਸਵੈ-ਰੱਖਿਆ ਸਿਖਲਾਈ ਕੈਂਪ, ਕਵੀ ਸੰਮੇਲਨ-ਮੁਸ਼ਾਇਰਿਅਾਂ ਅਤੇ ਲੋਕ-ਨਾਚ ਸਮਾਗਮਾਂ ਆਦਿ ਦਾ ਆਯੋਜਨ ਕੀਤਾ ਜਾ ਰਿਹਾ ਹੈ। 
‘ਜਯ ਆਦੀਵਾਸੀ ਯੁਵਾ ਸੰਗਠਨ’ ਨਾਮੀ ਇਕ ਨਵੀਂ ਸਿਆਸੀ ਪਾਰਟੀ ਨੇ ਨੌਜਵਾਨਾਂ ਨੂੰ ਲੁਭਾਉਣ ਲਈ ਅਭਿਨੇਤਾ ਗੋਵਿੰਦਾ ਨੂੰ ਇਕ ਚੋਣ ਸਭਾ ’ਚ ਭਾਸ਼ਣ ਦੇਣ ਲਈ ਸੱਦਿਆ ਤੇ ਆਪਣੇ ਅਗਲੇ ਪ੍ਰੋਗਰਾਮ ’ਚ ਇਹ ਪਾਰਟੀ ਮਿਥੁਨ ਚੱਕਰਵਰਤੀ ਨੂੰ ਬੁਲਾਉਣ ਜਾ ਰਹੀ ਹੈ। 
ਸੂਬੇ ਨੂੰ ਦਹਿਲਾਉਣ ਵਾਲੇ ‘ਵਿਆਪਮ’ ਘਪਲੇ ਨੂੰ ਜ਼ਾਹਿਰ ਕਰਨ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਆਨੰਦ ਰਾਏ ਨੇ ਹੁਣੇ ਜਿਹੇ ਉਕਤ ਸੰਗਠਨ ਨਾਲ ਨਾਤਾ ਜੋੜਿਆ ਹੈ। ਉਨ੍ਹਾਂ ਮੁਤਾਬਿਕ, ‘‘ਸੱਤਾ ’ਚ ਆਉਣ ’ਤੇ ਅਸੀਂ ਗੋਵਿੰਦਾ ਦੀਅਾਂ ਫਿਲਮਾਂ ਟੈਕਸ ਫ੍ਰੀ ਕਰ ਦਿਅਾਂਗੇ ਤਾਂ ਕਿ ਦਿਹਾਤੀ ਇਲਾਕਿਅਾਂ ਦੇ ਲੋਕਾਂ ਦਾ ਸਸਤੇ ’ਚ ਮਨੋਰੰਜਨ ਹੋ ਸਕੇ।’’
ਖੰਡਵਾ ’ਚ ਭਾਜਪਾ ਵਿਧਾਇਕ ਲੋਕੇਂਦਰ ਸਿੰਘ ਤੋਮਰ ਨੇ ਬੀੜ-ਖੰਡਵਾ ਸ਼ਟਲ ਰੇਲ ਗੱਡੀ ਦੀ ਵਰ੍ਹੇਗੰਢ ਮਨਾਈ ਤੇ ਕੇਕ ਕੱਟਿਆ। ਭੋਪਾਲ ਦੇ ਕਾਂਗਰਸੀ ਨੇਤਾ ਗੋਵਿੰਦ ਗੋਇਲ ਫੈਸ਼ਨ ਸ਼ੋਅ, ਮੁਸ਼ਾਇਰਾ ਤੇ ਕੁਸ਼ਤੀ ਮੁਕਾਬਲੇ ਤਕ ਕਰਵਾ ਚੁੱਕੇ ਹਨ। ‘ਆਮ ਆਦਮੀ ਪਾਰਟੀ’ ਵੀ ਨੁੱਕੜ ਨਾਟਕਾਂ ਦੇ ਜ਼ਰੀਏ ਨੌਜਵਾਨਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਸੂਬੇ ਦੇ ਸਾਰੇ 230 ਵਿਧਾਨ ਸਭਾ ਹਲਕਿਅਾਂ ’ਚ ਭਾਗਵਤ ਕਥਾ, ਰਾਮ ਕਥਾ ਤੇ ਜਗਰਾਤਿਅਾਂ ਆਦਿ ਧਾਰਮਿਕ ਪ੍ਰੋਗਰਾਮਾਂ ਦਾ ਆਯੋਜਨ ਕਰਨ ਵਾਲੇ ਸਿਆਸਤਦਾਨ ਮਹਿਸੂਸ ਕਰਦੇ ਹਨ ਕਿ ਨੌਜਵਾਨਾਂ ਦੀ ਭਾਸ਼ਣਾਂ ਅਤੇ ਧਾਰਮਿਕ ਪ੍ਰੋਗਰਾਮਾਂ ’ਚ ਦਿਲਚਸਪੀ ਨਹੀਂ ਹੁੰਦੀ, ਲਿਹਾਜ਼ਾ ਉਨ੍ਹਾਂ ਨੇ ਵੀ ਹੋਰ ਪ੍ਰੋਗਰਾਮ ਕਰਨ ਦਾ ਫੈਸਲਾ ਕੀਤਾ ਹੈ। 
‘ਕੰਪਿਊਟਰ ਬਾਬਾ’ ਤੇ ਹੋਰ ਸੰਤਾਂ ਦਾ ਆਸ਼ੀਰਵਾਦ ਲੈਣ ਲਈ ਵੱਡੀ ਗਿਣਤੀ ’ਚ ਛੋਟੇ-ਵੱਡੇ ਨੇਤਾ ਪਹੁੁੰਚ ਰਹੇ ਹਨ। ਬਾਬਿਅਾਂ ਅਤੇ ਸੰਤ ਸਮਾਜ ਦਾ ਸੂਬੇ ਦੇ ਲੋਕਾਂ ’ਤੇ ਬਹੁਤ ਪ੍ਰਭਾਵ ਹੈ, ਜਿਸ ਕਾਰਨ ਕੋਈ ਵੀ ਸਿਆਸੀ ਪਾਰਟੀ ਤੇ ਨੇਤਾ ਇਨ੍ਹਾਂ ਦੀ ਅਣਦੇਖੀ ਨਹੀਂ ਕਰ ਸਕਦਾ। ਮਾਲਵਾ-ਨਿਮਾੜ ’ਚ ਮਜ਼ਬੂਤ ਪਕੜ ਰੱਖਣ ਵਾਲੇ ਕਥਾਵਾਚਕ ‘ਕਮਲ ਕਿਸ਼ੋਰ ਨਾਗਰ’ ਨਾਲ ਹੁਣੇ ਜਿਹੇ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਨੇ ਮੁਲਾਕਾਤ ਕੀਤੀ।
ਇਨ੍ਹਾਂ ਤੋਂ ਇਲਾਵਾ ‘ਦੱਦਾ ਜੀ’ ਅਤੇ ‘ਪੰਡੋਖਰ ਸਰਕਾਰ’ ਦੇ ਵੀ ਮੰਤਰੀਅਾਂ ਤੇ ਨੇਤਾਵਾਂ ਵਲੋਂ ਹਾਜ਼ਰੀ ਭਰਨ ਦਾ ਸਿਲਸਿਲਾ ਸ਼ੁਰੂ ਹੈ। ਕਈ ਮੰਤਰੀ ਇਨ੍ਹਾਂ ਦੇ ਭਗਤ ਹਨ। ‘ਰਿਸ਼ਭ ਚੰਦਰ ਸੂਰੀਸ਼ਵਰ’, ਜਿਨ੍ਹਾਂ ਦਾ ਜੈਨ ਸਮਾਜ ’ਤੇ ਬਹੁਤ ਜ਼ਿਆਦਾ ਪ੍ਰਭਾਵ ਹੈ, ਨਾਲ ਸੂਬਾਈ ਕਾਂਗਰਸ ਦੇ ਪ੍ਰਧਾਨ ਕਮਲਨਾਥ 2 ਵਾਰ ਮੁਲਾਕਾਤ ਕਰ ਚੁੁੱਕੇ ਹਨ। ‘ਸ਼ੰਕਰਾਚਾਰੀਆ ਸਵਰੂਪਾਨੰਦ ਸਰਸਵਤੀ’, ‘ਭੈਯਾ ਜੀ ਸਰਕਾਰ’, ‘ਸਵਾਮੀ ਨਰਮਦਾਨੰਦ’, ‘ਯੋਗੇਂਦਰ ਮਹੰਤ’, ‘ਸਵਾਮੀ ਹਰਿਹਰਾਨੰਦ’ ਆਦਿ ਦਾ ਵੀ ਸੂਬੇ ਦੇ ਲੱਖਾਂ ਵੋਟਰਾਂ ’ਤੇ ਪ੍ਰਭਾਵ ਹੈ। 
ਇਸੇ ਦਰਮਿਆਨ ਕਥਾਵਾਚਕ ‘ਦੇਵਕੀਨੰਦਨ ਠਾਕੁਰ’ ਨੇ ਵੱਖਰੀ ‘ਅਖੰਡ ਭਾਰਤ ਪਾਰਟੀ’ ਬਣਾ ਕੇ ਸੂਬੇ ’ਚ ਭਾਜਪਾ ਵਿਰੁੱਧ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਹੈ। 
ਇਸ ਸਮੇਂ ਜਦੋਂ ਟਿਕਟਾਂ ਦੇ ਚਾਹਵਾਨ ਟਿਕਟਾਂ ਹਾਸਿਲ ਕਰਨ ਲਈ ਅੱਡੀ-ਚੋਟੀ ਦਾ ਜ਼ੋਰ ਲਾ ਰਹੇ ਹਨ, ਅਜਿਹੀ ਸਥਿਤੀ ’ਚ ਆਈ. ਟੀ. ਦੀ ਘਾਗ ਕੰਪਨੀ ‘ਇਨਫੋਸਿਸ’ ਵਿਚ 12 ਲੱਖ ਰੁਪਏ ਮਹੀਨਾ ਤਨਖਾਹ ਲੈਣ ਵਾਲਾ ਇਕ ਗੂੰਗਾ-ਬੋਲ਼ਾ ਸਾਫਟਵੇਅਰ ਇੰਜੀਨੀਅਰ ਸੁਦੀਪ ਵੀ ਨੌਕਰੀ ਛੱਡ ਕੇ ਚੋਣ ਮੈਦਾਨ ’ਚ ਨਿੱਤਰਨ ਦੀ ਤਿਆਰੀ ਕਰ ਰਿਹਾ ਹੈ। 
ਉਸ ਦਾ ਕਹਿਣਾ ਹੈ ਕਿ ‘‘ਮੈਂ ਬੋਲ ਨਹੀਂ ਸਕਦਾ ਪਰ ਚੁੱਪ ਨਹੀਂ ਬੈਠਾਂਗਾ। ਅਮਰੀਕਾ, ਨੇਪਾਲ ਅਤੇ ਯੂਗਾਂਡਾ ’ਚ ਗੂੰਗੇ-ਬੋਲ਼ੇ ਜਨ-ਪ੍ਰਤੀਨਿਧੀ ਹਨ। ਮੈਂ ਵਿਧਾਨ ਸਭਾ ’ਚ ਪਹੁੰਚਿਆ ਤਾਂ ਆਪਣੀ ਗੱਲ ਕਹਿਣ ਲਈ ਸੰਕੇਤਕ ਭਾਸ਼ਾ ਦਾ ਗਿਆਤਾ  ਰੱਖਣ  ਦੀ  ਇਜਾਜ਼ਤ ਲਵਾਂਗਾ।’’ 
ਕੁਲ ਮਿਲਾ ਕੇ ਸੂਬੇ ’ਚ ਸਿਆਸੀ ਮਾਹੌਲ ਹਰ ਬੀਤਣ ਵਾਲੇ ਦਿਨ ਨਾਲ ਦਿਲਚਸਪ ਹੁੰਦਾ ਜਾ ਰਿਹਾ ਹੈ, ਜਿਸ ’ਚ ਆਉਣ ਵਾਲੇ ਦਿਨਾਂ ’ਚ ਹੋਰ ਵੀ ਨਵੇਂ ਰੰਗ ਜੁੜਨਗੇ। 
–ਵਿਜੇ ਕੁਮਾਰ