‘ਜਸ਼ਨ ਮੌਕੇ ਫਾਇਰਿੰਗ’ ਨਾਲ ਉੱਜੜ ਰਹੇ ਪਰਿਵਾਰ

01/08/2019 7:13:35 AM

ਵਿਆਹ-ਸ਼ਾਦੀਅਾਂ, ਨਵੇਂ ਵਰ੍ਹੇ, ਤਿਉਹਾਰਾਂ ਅਤੇ ਖੁਸ਼ੀ ਦੇ ਹੋਰ ਮੌਕਿਅਾਂ ’ਤੇ ਭਲਾ ਕਿਸ ਦਾ ਮਨ ਨਹੀਂ ਮਚਲ ਉੱਠਦਾ! ਅਜਿਹੀ ਸਥਿਤੀ ’ਚ ਕਈ ਵਾਰ ਆਦਮੀ ਜ਼ਿਆਦਾ ਹੀ ਜੋਸ਼ ’ਚ ਆ ਕੇ ਕੁਝ ਅਜਿਹਾ ਕਰ ਬੈਠਦਾ ਹੈ, ਜਿਸ ਨਾਲ ਉਸ ਨੂੰ ਉਮਰ ਭਰ ਪਛਤਾਉਣਾ ਪੈਂਦਾ ਹੈ। 
ਨਤੀਜਾ ਸੋਚੇ ਬਿਨਾਂ ਨਸ਼ੇ ’ਚ ਗੋਲੀ ਚਲਾ ਕੇ ਖੁਸ਼ੀ ਪ੍ਰਗਟਾਉਣ ਦਾ ਅਜਿਹਾ ਹੀ ਰਿਵਾਜ ਅਫਗਾਨਿਸਤਾਨ, ਪਾਕਿਸਤਾਨ, ਉੱਤਰੀ ਭਾਰਤ ਤੇ ਅਮਰੀਕਾ ਦੇ ਪੋਰਟੋਰਿਕੋ ਆਦਿ ’ਚ ਪ੍ਰਚੱਲਿਤ ਹੈ। 
ਇਸ ਨਾਲ ਕਦੇ ਤਾਂ ਇਮਾਰਤਾਂ ਨੂੰ ਨੁਕਸਾਨ ਪਹੁੰਚਦਾ ਹੈ ਅਤੇ ਕਦੇ ਕਿਸੇ ਆਦਮੀ ਦੀ ਜਾਨ ਚਲੀ ਜਾਂਦੀ ਹੈ ਤੇ ਕਈ ਵਾਰ ਖੁਸ਼ੀ ਦੇ ਮੌਕੇ ਦਰਦਨਾਕ ਹਾਦਸਿਅਾਂ ’ਚ ਬਦਲ ਜਾਂਦੇ ਹਨ। ਅਜਿਹੀਅਾਂ ਹੀ ਕੁਝ ਦਰਦਨਾਕ ਮਿਸਾਲਾਂ ਹੇਠਾਂ ਦਰਜ ਹਨ :
* 14 ਅਕਤੂਬਰ 2018 ਨੂੰ ਯੂ. ਪੀ. ’ਚ ਬਦਾਯੂੰ ਦੇ ਅਭੈਪੁਰ ਪਿੰਡ ’ਚ ਇਕ ਵਿਆਹ ਸਮਾਗਮ ਦੌਰਾਨ ਦੇਸੀ ਪਿਸਤੌਲ ਨਾਲ ਕੀਤੀ ਗਈ ਜਸ਼ਨ-ਫਾਇਰਿੰਗ ’ਚ 12 ਸਾਲਾਂ ਦੇ ਇਕ ਬੱਚੇ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ।
* 20 ਨਵੰਬਰ ਨੂੰ ਰਾਜਸਥਾਨ ਦੇ ਅਲਵਰ ਜ਼ਿਲੇ ’ਚ ਐੱਮ. ਆਈ. ਏ. ਥਾਣਾ ਖੇਤਰ ਦੇ ਘੇਗੋਲੀ ਪਿੰਡ ’ਚ ਇਕ ਵਿਆਹ ਸਮਾਗਮ ’ਚ ਕੀਤੀ ਗਈ ਜਸ਼ਨ-ਫਾਇਰਿੰਗ ਦੌਰਾਨ ਚਲਾਈ ਗਈ ਗੋਲੀ ਇਕ 8 ਸਾਲਾ ਬੱਚੇ ਦੇ ਲੱਕ ਦੇ ਆਰ-ਪਾਰ ਹੋ ਗਈ।
* 07 ਦਸੰਬਰ ਨੂੰ ਮਥੁਰਾ ’ਚ ਇਕ ਬੱਚੇ ਦੇ ਨਾਮਕਰਨ ਮੌਕੇ ਅਾਯੋਜਿਤ ਧਾਰਮਿਕ ਸਮਾਗਮ ਦੌਰਾਨ ਬੱਚੇ ਦੇ ਇਕ ਰਿਸ਼ਤੇਦਾਰ ਵਲੋਂ ਗੋਲੀ ਚਲਾ ਦੇਣ ਦੇ ਸਿੱਟੇ ਵਜੋਂ 2 ਔਰਤਾਂ ਜ਼ਖ਼ਮੀ ਹੋ ਗਈਅਾਂ। 
* 08 ਦਸੰਬਰ ਨੂੰ ਕਾਨਪੁਰ ਦੇ ਬਾਂਗਰਮਊ ਕਸਬੇ ’ਚ ਇਕ ਤਿਲਕ ਸਮਾਗਮ ਦੌਰਾਨ ਡੀ. ਜੇ. ਦੇ ਗੀਤ ’ਤੇ ਨੱਚ ਰਹੇ ਇਕ ਨੌਜਵਾਨ ਨੇ ਦੇਸੀ ਪਿਸਤੌਲ ਨਾਲ ਗੋਲੀ ਚਲਾ ਦਿੱਤੀ, ਜਿਸ ਦੇ ਸਿੱਟੇ ਵਜੋਂ ਇਕ ਮਹਿਲਾ ਡਾਂਸਰ ਤੇ ਉਸ ਨਾਲ ਨੱਚ ਰਿਹਾ ਨੌਜਵਾਨ ਜ਼ਖ਼ਮੀ ਹੋ ਗਿਆ।
* 12 ਦਸੰਬਰ ਨੂੰ ਦਾਦਰੀ ਥਾਣੇ ਦੇ ਘੋੜੀ ਬਛੇੜਾ ਪਿੰਡ ’ਚ ਕੁੜਮਾਈ ਸਮਾਗਮ ਦੌਰਾਨ 3 ਨੌਜਵਾਨਾਂ ਵਲੋਂ ਡੀ. ਜੇ. ਦੇ ਗੀਤ ’ਤੇ ਦੇਸੀ ਪਿਸਤੌਲ ਲੈ ਕੇ ਨੱਚਦਿਅਾਂ ਕੀਤੀ ਗਈ ਜਸ਼ਨ-ਫਾਇਰਿੰਗ ’ਚ ਉਥੇ ਮੌਜੂਦ 13 ਸਾਲਾ ਬੱਚੇ ਦੀ ਮੌਤ ਹੋ ਗਈ।
* 18 ਦਸੰਬਰ ਨੂੰ ਬਿਹਾਰ ਦੇ ਮੋਤੀਹਾਰੀ ਜ਼ਿਲੇ ਦੇ ਪਿੰਡ ਮੁਹੰਮਦਪੁਰ ’ਚ ਵਿਆਹ ਸਮਾਗਮ ਦੌਰਾਨ ਇਕ ਡਾਂਸਰ ਦੇ ਨੱਚਣ ਦੌਰਾਨ ਇਕ ਵਿਅਕਤੀ ਨੇ ਪਿਸਤੌਲ ਕੱਢ ਕੇ ਗੋਲੀ ਚਲਾ ਦਿੱਤੀ, ਜਿਸ ਨਾਲ ਡਾਂਸਰ ਜ਼ਖ਼ਮੀ ਹੋ ਗਈ।
* 27 ਦਸੰਬਰ ਨੂੰ ਨੋਇਡਾ ਦੇ ਸੋਰਖਾ ਪਿੰਡ ’ਚ ਇਕ ਬੱਚੇ ਦੇ ਨਾਮਕਰਨ ਸਮਾਗਮ ਦੌਰਾਨ ਹੋਈ ਜਸ਼ਨ-ਫਾਇਰਿੰਗ ’ਚ ਗੋਲੀ ਲੱਗਣ ਨਾਲ ਬੱਚੇ ਦੇ ਤਾਏ ਹਰਿੰਦਰ ਦੀ ਮੌਤ ਹੋ ਗਈ।
* 27 ਦਸੰਬਰ ਨੂੰ ਹੀ ਨਵੀਂ ਦਿੱਲੀ ਦੇ ਭਜਨਪੁਰਾ ਇਲਾਕੇ ’ਚ ਬਰਾਤ ਚੱਲਣ ਦੌਰਾਨ ਇਕ ਵਿਅਕਤੀ ਨੇ ਦੋਨਾਲੀ ਬੰਦੂਕ ਨਾਲ ਗੋਲੀਅਾਂ ਚਲਾਉਣੀਅਾਂ ਸ਼ੁਰੂ ਕਰ ਦਿੱਤੀਅਾਂ, ਜਿਸ ਨਾਲ ਸਮਾਗਮ ਦੀ ਵੀਡੀਓ ਬਣਾ ਰਿਹਾ ਨੌਜਵਾਨ ਜ਼ਖ਼ਮੀ ਹੋ ਗਿਆ।
* 31 ਦਸੰਬਰ ਨੂੰ ਦਿੱਲੀ ਦੇ ਨਿਊ ਉਸਮਾਨਪੁਰ ’ਚ ਨਵੇਂ ਵਰ੍ਹੇ ਦੀ ਪੂਰਬਲੀ ਸ਼ਾਮ ਨੂੰ ਆਯੋਜਿਤ ਸਮਾਗਮ ’ਚ ਇਕ ਵਿਅਕਤੀ ਨੇ ਗੋਲੀ ਚਲਾ ਦਿੱਤੀ, ਜੋ ਉਸ ਦੇ 8 ਸਾਲਾ ਬੇਟੇ ਨੂੰ ਲੱਗੀ ਤੇ ਉਸ ਦੀ ਮੌਤ ਹੋ ਗਈ।
* 31 ਦਸੰਬਰ ਨੂੰ ਹੀ ਨਵੀਂ ਦਿੱਲੀ ਦੇ ਵਸੰਤ ਕੁੰਜ ਇਲਾਕੇ ਦੇ ਇਕ ਫਾਰਮ ਹਾਊਸ ’ਚ ਨਵੇਂ ਵਰ੍ਹੇ ਦੀ ਪੂਰਬਲੀ ਸ਼ਾਮ ਨੂੰ ਇਕ ਸਮਾਗਮ ’ਚ ਹੋਈ ਜਸ਼ਨ-ਫਾਇਰਿੰਗ ’ਚ ਜ਼ਖ਼ਮੀ ਔਰਤ 3 ਜਨਵਰੀ ਨੂੰ ਦਮ ਤੋੜ ਗਈ। ਪੁਲਸ ਨੇ ਇਸ ਸਿਲਸਿਲੇ ’ਚ ਜਨਤਾ ਦਲ (ਯੂ) ਦੇ ਸਾਬਕਾ ਵਿਧਾਇਕ ਰਾਜੂ ਸਿੰਘ, ਉਸ ਦੀ ਪਤਨੀ ਰੇਣੂ ਸਿੰਘ, ਉਨ੍ਹਾਂ ਦੇ ਘਰੇਲੂ ਨੌਕਰ ਰਮਿੰਦਰ ਸਿੰਘ ਤੇ ਡਰਾਈਵਰ ਹਰੀ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। 
* 31 ਦਸੰਬਰ ਨੂੰ ਹੀ ਨਵੀਂ ਦਿੱਲੀ ਦੇ ਵੈਲਕਮ ਇਲਾਕੇ ’ਚ ਨਵੇਂ ਵਰ੍ਹੇ ਦੇ ਸਵਾਗਤ ’ਚ ਕੇਕ ਕੱਟਣ ਦੌਰਾਨ ਇਕ ਨੌਜਵਾਨ ਵਲੋਂ ਗੋਲੀ ਚਲਾ ਦੇਣ ਨਾਲ 13 ਸਾਲਾਂ ਦਾ ਇਕ ਬੱਚਾ ਗੰਭੀਰ ਜ਼ਖ਼ਮੀ ਹੋ ਗਿਆ।
* 01 ਜਨਵਰੀ 2019 ਨੂੰ ਜ਼ੀਰਕਪੁਰ ਨੇੜੇ ਪੀਰ ਮੁਛੱਲਾ ’ਚ ਨਵੇਂ ਸਾਲ ਦੇ ਜਸ਼ਨ ਦੌਰਾਨ ਗੋਲੀ ਚੱਲਣ ਨਾਲ ਕ੍ਰਿਕਟ ਕੋਚ ਸੂਰਜਭਾਨ ਦੀ ਮੌਤ ਹੋ ਗਈ।
ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਵਜੂਦ ਵਿਆਹ ਤੇ ਹੋਰ ਸਮਾਗਮਾਂ ’ਚ ‘ਜਸ਼ਨ-ਫਾਇਰਿੰਗ’ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਇਸ ਪਿਛੋਕੜ ’ਚ ਜਿਥੇ ਵੱਖ-ਵੱਖ ਸਮਾਗਮਾਂ ’ਚ ਸ਼ਰਾਬ ਅਤੇ ਅਸਲੇ ਦੀ ਵਰਤੋਂ ’ਤੇ ਪਾਬੰਦੀ ਸਖ਼ਤੀ ਨਾਲ ਲਾਗੂ ਕਰਨ ਦੀ ਲੋੜ ਹੈ, ਉਥੇ ਹੀ ਵਿਆਹ ਤੇ ਹੋਰ ਸਮਾਗਮਾਂ ’ਚ ‘ਜਸ਼ਨ-ਫਾਇਰਿੰਗ’ ਕਰਨ ਵਾਲਿਅਾਂ ਨੂੰ ਭਾਰੀ ਜੁਰਮਾਨੇ ਕਰਨ ਤੇ ਗ੍ਰਿਫਤਾਰੀ ਦੀ ਵਿਵਸਥਾ ਹੋਣ ਦੇ ਨਾਲ-ਨਾਲ ਦੋਸ਼ੀ ਵਿਅਕਤੀ ਦਾ ਅਸਲਾ ਲਾਇਸੈਂਸ ਵੀ ਜ਼ਬਤ ਹੋਣਾ ਚਾਹੀਦਾ ਹੈ ਤਾਂ ਕਿ ਖੁਸ਼ੀ ਦੇ ਮੌਕੇ ਮਾਤਮ ’ਚ ਨਾ ਬਦਲਣ ਅਤੇ ਪਰਿਵਾਰ ਨਾ ਉੱਜੜਨ। 
–ਵਿਜੇ ਕੁਮਾਰ