ਨਹੀਂ ਰੁਕ ਰਹੀਆਂ ‘ਨੇਤਾਵਾਂ ਦੀ ਧੱਕੇਸ਼ਾਹੀ’ ਦੀਆਂ ਘਟਨਾਵਾਂ

06/12/2019 6:58:41 AM

ਨੇਤਾ ਜਨਤਾ ਦੇ ਨੁਮਾਇੰਦੇ ਹੁੰਦੇ ਹਨ। ਉਨ੍ਹਾਂ ਨੂੰ ਤਾਕਤ ਅਤੇ ਕੁਝ ਵਿਸ਼ੇਸ਼ ਅਧਿਕਾਰ ਪ੍ਰਾਪਤ ਹੁੰਦੇ ਹਨ ਤਾਂ ਕਿ ਉਹ ਆਪਣੇ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਪਰ ਅਜਿਹੇ ਨੇਤਾਵਾਂ ਦੀ ਵੀ ਘਾਟ ਨਹੀਂ ਹੈ, ਜੋ ਆਪਣੇ ਸੁਆਰਥਾਂ ਦੀ ਪੂਰਤੀ ਲਈ ਆਪਣੀ ਤਾਕਤ ਦੀ ਦੁਰਵਰਤੋਂ ਕਰਨ ਤੋਂ ਨਹੀਂ ਝਿਜਕਦੇ। ਇਸ ਦੀਆਂ ਕੁਝ ਤਾਜ਼ਾ ਮਿਸਾਲਾਂ ਹੇਠਾਂ ਦਰਜ ਹਨ :

* 03 ਜੂਨ ਨੂੰ ਬਿਹਾਰ ਦੇ ਬੇਤੀਆ ’ਚ ਭਾਜਪਾ ਦੀ ਕੌਮੀ ਉਪ-ਪ੍ਰਧਾਨ ਰੇਣੂ ਦੇਵੀ ਦੇ ਭਰਾ ਪਿਨੂ ਨੇ ਇਕ ਮੈਡੀਕਲ ਸਟੋਰ ਵਾਲੇ ਨੂੰ ਇਸ ਲਈ ਕੁੁੱਟ ਦਿੱਤਾ ਕਿਉਂਕਿ ਉਸ ਦੁਕਾਨਦਾਰ ਨੇ ਉਸ ਦੇ ਆਉਣ ’ਤੇ ਖੜ੍ਹਾ ਹੋ ਕੇ ਉਸ ਨੂੰ ਸਨਮਾਨ ਨਹੀਂ ਦਿੱਤਾ।

* 04 ਜੂਨ ਨੂੰ ਆਪਣੀ ਬੱਸ ਰਾਹੀਂ ਨੋਇਡਾ ਆ ਰਹੇ ਗੜ੍ਹਮੁਕਤੇਸ਼ਵਰ ਦੇ ਭਾਜਪਾ ਵਿਧਾਇਕ ਕਮਲ ਸਿੰਘ ਨੇ ਟੋਲ ਮੰਗਣ ’ਤੇ ਸਾਥੀਆਂ ਨਾਲ ਟੋਲ ਪਲਾਜ਼ਾ ਮੁਲਾਜ਼ਮਾਂ ਦੀ ਕੁੱਟਮਾਰ ਕੀਤੀ ਅਤੇ ਜ਼ਬਰਦਸਤੀ ਬਿਨਾਂ ਟੋਲ ਦਿੱਤਿਆਂ ਬੱਸ ਲੈ ਗਏ।

* 06 ਜੂਨ ਨੂੰ ਓਡਿਸ਼ਾ ਦੇ ਪਟਨਾਗੜ੍ਹ ’ਚ ਬੀਜਦ ਵਿਧਾਇਕ ਸਰੋਜ ਕੁਮਾਰ ਮੇਹਰ ਨੇ ਸਾਰਿਆਂ ਦੇ ਸਾਹਮਣੇ ਪੀ. ਡਬਲਯੂ. ਡੀ. ਦੇ ਜੂਨੀਅਰ ਇੰਜੀਨੀਅਰ ਤੋਂ 100 ਬੈਠਕਾਂ ਕਢਵਾਈਆਂ। ਮਾਮਲੇ ’ਚ ਜੂਨੀਅਰ ਇੰਜੀਨੀਅਰ ਦੀ ਪਤਨੀ ਨੇ ਵਿਧਾਇਕ ਵਿਰੁੱਧ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।

* 07 ਜੂਨ ਨੂੰ ਯੂ. ਪੀ. ਦੇ ਏਟਾ ’ਚ ਦਬੰਗ ਭਾਜਪਾ ਨੇਤਾ ਅਤੇ ਪਿੰਡ ਦੇ ਸਰਪੰਚ ਸੁਸ਼ੀਲ ਵਰਮਾ ਨੇ ਆਪਣੇ ਦਰਜਨ ਭਰ ਸਾਥੀਆਂ ਨਾਲ ਮਠਿਆਈ ਦੀ ਇਕ ਦੁਕਾਨ ’ਚ ਸਾਮਾਨ ਨੂੂੰ ਲੈ ਕੇ ਹੋਏ ਮਾਮੂਲੀ ਝਗੜੇ ’ਚ ਲੋਹੇ ਦੀਆਂ ਰਾਡਾਂ ਨਾਲ ਦੁਕਾਨ ਦੇ ਮਾਲਕ, ਉਸ ਦੇ ਭਰਾ ਅਤੇ ਬੇਟੇ ਨੂੰ ਬੁਰੀ ਤਰ੍ਹਾਂ ਕੁੱਟਿਆ।

* 08 ਜੂਨ ਨੂੰ ਮੱਧ ਪ੍ਰਦੇਸ਼ ਦੇ ਭਿੰਡ ਜ਼ਿਲੇ ’ਚ ਇਕ ਜੈਨ ਥੰਮ੍ਹ ’ਤੇ ਸ਼ਿਲਾ-ਤਖਤੀ ਲਾਉਣ ਦਾ ਵਿਰੋਧ ਕਰਨ ’ਤੇ ਭਾਜਪਾ ਦੇ ਸਾਬਕਾ ਵਿਧਾਇਕ ਨਰਿੰਦਰ ਸਿੰਘ ਕੁਸ਼ਵਾਹ ਨੇ ਸੀ. ਐੱਮ. ਓ. ਸੁਰੇਂਦਰ ਸ਼ਰਮਾ ਨਾਲ ਕੁੱਟਮਾਰ ਕੀਤੀ।

* 10 ਜੂਨ ਨੂੰ ਬਿਹਾਰ ਦੇ ਬੇਤੀਆ ’ਚ ਜਨਤਾ ਦਲ (ਯੂ) ਦੇ ਸੰਸਦ ਮੈਂਬਰ ਵੈਦਨਾਥ ਪ੍ਰਸਾਦ ਮਹਿਤੋ ਦੇ ਬੇਟੇ ਨੇ ਨਯਾ ਟੋਲਾ ਵਿਚ ਸਥਿਤ ਆਪਣੀ ਰਿਹਾਇਸ਼ ਨਾਲ ਲੱਗਦੇ ਪੈਟਰੋਲ ਪੰਪ ’ਤੇ ਪਹੁੰਚ ਕੇ ਮੁਲਾਜ਼ਮਾਂ ਨਾਲ ਗਾਲੀ-ਗਲੋਚ ਕੀਤਾ ਅਤੇ ਪੈਟਰੋਲ ਪੰਪ ਨੂੰ ਉਡਾਉਣ ਦੀ ਧਮਕੀ ਦੇ ਦਿੱਤੀ।

ਉਕਤ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਲੱਗਭਗ ਸਾਰੀਆਂ ਪਾਰਟੀਆਂ ’ਚ ਅਜਿਹੇ ਅਨਸਰ ਮੌਜੂਦ ਹਨ, ਜੋ ਆਪਣੀ ਪੁਜ਼ੀਸ਼ਨ ਦਾ ਨਾਜਾਇਜ਼ ਲਾਭ ਉਠਾ ਰਹੇ ਹਨ, ਇਸ ਲਈ ਸਰਕਾਰ ਨੂੰ ਦੋਸ਼ੀਆਂ ਨੂੰ ਸਖਤ ਸਜ਼ਾ ਦੇਣੀ ਚਾਹੀਦੀ ਹੈ ਤਾਂ ਕਿ ਦੇਸ਼ ਅਤੇ ਸਮਾਜ ਲਈ ਹਾਨੀਕਾਰਕ ਇਸ ਰੁਝਾਨ ਨੂੰ ਹੋਰ ਵਧਣ ਤੋਂ ਰੋਕਿਆ ਜਾ ਸਕੇ।

–ਵਿਜੇ ਕੁਮਾਰ\\\
 


Bharat Thapa

Content Editor

Related News