ਅੱਜ ਵੀ ਮੌਜੂਦ ਹਨ ‘ਸਰਵਣ ਕੁਮਾਰ’ ਵਰਗੇ ਬੇਟੇ-ਬੇਟੀਆਂ

08/09/2023 4:06:34 AM

ਧਰਮਗ੍ਰੰਥਾਂ ’ਚ ਲਿਖਿਆ ਹੈ ਕਿ ਜੋ ਮਨੁੱਖ ਆਪਣੇ ਮਾਤਾ-ਪਿਤਾ ਅਤੇ ਘਰ ਦੇ ਵੱਡੇ-ਬਜ਼ੁਰਗਾਂ ਦੀ ਸੇਵਾ-ਸਤਿਕਾਰ ਕਰਦੇ ਹਨ, ਉਨ੍ਹਾਂ ਨੂੰ ਕਿਸੇ ਮੰਦਰ ’ਚ ਜਾਣ ਦੀ ਲੋੜ ਨਹੀਂ ਰਹਿ ਜਾਂਦੀ। ਪਿਤਾ-ਪੁੱਤਰ ਦੇ ਸਬੰਧਾਂ ਨੂੰ ਉਜਾਗਰ ਕਰਦੀਆਂ ਸਾਡੇ ਧਰਮ ਗ੍ਰੰਥਾਂ ’ਚ ਕਈ ਉਦਾਹਰਣਾਂ ਮਿਲਦੀਆਂ ਹਨ। ਇਨ੍ਹਾਂ ’ਚ ਮਰਿਆਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮਚੰਦਰ, ਦੇਵਵ੍ਰਤ (ਭੀਸ਼ਮ ਪਿਤਾਮਾ) ਅਤੇ ਸਰਵਣ ਕੁਮਾਰ ਆਦਿ ਦੇ ਨਾਂ ਸਭ ਤੋਂ ਉੱਪਰ ਹਨ।

ਜਿੱਥੇ ਸ਼੍ਰੀ ਰਾਮ ਅਤੇ ਦੇਵਵ੍ਰਤ (ਭੀਸ਼ਮ ਪਿਤਾਮਾ) ਨੇ ਆਪਣੇ-ਆਪਣੇ ਪਿਤਾ ਮਹਾਰਾਜ ਦਸ਼ਰਥ ਅਤੇ ਸ਼ਾਂਤਨੂੰ ਦੇ ਵਚਨ ਪਾਲਣ ਦੀ ਖਾਤਿਰ ਖੁਸ਼ੀ ਨਾਲ ਰਾਜ ਸਿੰਘਾਸਣਾਂ ਦਾ ਤਿਆਗ ਕਰ ਦਿੱਤਾ, ਓਧਰ ਸਰਵਣ ਕੁਮਾਰ ਨੇ ਆਪਣੇ ਨੇਤਰਹੀਣ ਮਾਤਾ-ਪਿਤਾ ਦੀ ਇੱਛਾ-ਪੂਰਤੀ ਲਈ ਉਨ੍ਹਾਂ ਨੂੰ ਕਾਂਵੜ ’ਚ ਬਿਠਾ ਕੇ ਤੀਰਥ ਯਾਤਰਾ ਕਰਵਾਈ।

ਅੱਜ ਵੀ ਕੁਝ ਔਲਾਦਾਂ ਮੌਜੂਦ ਹਨ, ਜੋ ਆਪਣੇ ਮਾਤਾ-ਪਿਤਾ ਦੀ ਖੁਸ਼ੀ ਲਈ ਕੁਝ ਵੀ ਕਰਨ ਨੂੰ ਤੱਤਪਰ ਰਹਿੰਦੀਆਂ ਹਨ। ਹਾਲ ਹੀ ’ਚ ਜੋਧਪੁਰ ਦੀਆਂ ਰਹਿਣ ਵਾਲੀਆਂ 2 ਭੈਣਾਂ ਕੋਮਲ ਅਤੇ ਟੀਨਾ ਆਪਣੀ ਨੇਤਰਹੀਣ ਮਾਂ ‘ਸਾਗਰ ਕੰਵਰ’ ਦੀ ਇੱਛਾ ਪੂਰੀ ਕਰਨ ਲਈ ਉਨ੍ਹਾਂ ਨੂੰ ਮਾਰਵਾੜ ਦਾ ਮਹਾਕੁੰਭ ਅਖਵਾਉਣ ਵਾਲੀ ‘ਭੋਗਿਸ਼ੈਲ ਪਰਿਕਰਮਾ’ ’ਚ ਪੈਦਲ ਯਾਤਰਾ ਕਰਵਾਉਣ ਲਈ ਹੱਥ ਫੜ ਕੇ ਲੈ ਗਈਆਂ।

ਇਸੇ ਤਰ੍ਹਾਂ ਦੀ ਉਦਾਹਰਣ ‘ਇਕਹਿਰਾ ਕਰਹਲ’ (ਮੈਨਪੁਰੀ) ਨਿਵਾਸੀ ਰਾਧੇਸ਼ਿਆਮ (95) ਅਤੇ ਉਨ੍ਹਾਂ ਦੀ ਪਤਨੀ ਰਾਮਪੂਰਤੀ ਦੇਵੀ (90) ਦੇ ਪੁੱਤਰਾਂ ਨੇ ਪੇਸ਼ ਕੀਤੀ ਹੈ। ਇਨ੍ਹੀਂ ਦਿਨੀਂ ਸਾਉਣ ਦਾ ਮਹੀਨਾ ਚੱਲ ਰਿਹਾ ਹੈ ਅਤੇ ਰਾਧੇਸ਼ਿਆਮ ਤੇ ਰਾਮਪੂਰਤੀ ਦੇਵੀ ਦੀ ਸਾਉਣ ਮਹੀਨੇ ’ਚ ਗੰਗਾ ’ਚ ਇਸ਼ਨਾਨ ਕਰਨ ਦੀ ਇੱਛਾ ਹੋਈ। ਉਨ੍ਹਾਂ ਨੇ ਇਹ ਗੱਲ ਆਪਣੇ 8 ਪੁੱਤਰਾਂ ਮਹਿੰਦਰ, ਗੋਵਿੰਦ, ਗੋਪਾਲ, ਆਕਾਸ਼, ਵਿਕਾਸ, ਪੰਕਜ, ਅਰਜੁਨ ਅਤੇ ਇਸ਼ਾਂਤ ਨੂੰ ਦੱਸੀ ਤਾਂ ਉਹ ਉਨ੍ਹਾਂ ਦੀ ਇੱਛਾ ਪੂਰੀ ਕਰਨ ਲਈ ਉਨ੍ਹਾਂ ਨੂੰ ਕਾਂਵੜ ’ਚ ਬਿਠਾ ਕੇ 170 ਕਿਲੋਮੀਟਰ ਦੂਰ ‘ਲਹਿਰਾ ਗੰਗਾ ਘਾਟ’ ਲਈ ਨਿਕਲ ਪਏ ਅਤੇ ਇਨ੍ਹੀਂ ਦਿਨੀਂ ਆਪਣੇ ਮਾਤਾ-ਪਿਤਾ ਨੂੰ ਮੰਦਰਾਂ ਦੇ ਦਰਸ਼ਨ ਕਰਵਾ ਰਹੇ ਹਨ। ਉਕਤ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਅੱਜ ਵੀ ਅਜਿਹੀਆਂ ਔਲਾਦਾਂ ਮੌਜੂਦ ਹਨ, ਜੋ ਆਪਣੇ ਮਾਤਾ-ਪਿਤਾ ਲਈ ਕੁਝ ਵੀ ਕਰ ਸਕਦੀਆਂ ਹਨ। ਆਪਣੇ ਮਾਤਾ-ਪਿਤਾ ਦੀ ਅਣਦੇਖੀ ਕਰਨ ਵਾਲੀਆਂ ਔਲਾਦਾਂ ਨੂੰ ਇਨ੍ਹਾਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ।     
–ਵਿਜੇ ਕੁਮਾਰ 
 

Manoj

This news is Content Editor Manoj