ਰੂਸ-ਯੂਕ੍ਰੇਨ ਜੰਗ ਦੇ ਕਾਰਨ ਚੀਨ ਤੋਂ ਦੂਰ ਹੁੰਦੇ ਪੂਰਬੀ ਅਤੇ ਮੱਧ ਯੂਰਪੀ ਦੇਸ਼

11/10/2022 11:54:10 PM

ਚੀਨ ਨੇ ਜਿਸ ਤੇਜ਼ੀ ਨਾਲ ਯੂਰਪ ’ਚ ਆਪਣੇ ਪੈਰ ਪਸਾਰੇ ਸਨ ਅਤੇ ਯੂਰਪ ਦੇ ਕਈ ਦੇਸ਼ਾਂ ਨੂੰ ਆਪਣੇ ਦਿਖਾਵਟੀ ਦੋਸਤਾਂ ਨਾਲ ਸਬੰਧਾਂ ’ਚ ਬੰਨ੍ਹਿਆ ਸੀ, ਸਮੇਂ ਦੇ ਨਾਲ ਹੁਣ ਚੀਨ ਦੀ ਕਲਾਈ ਖੁੱਲ੍ਹਣ ਲੱਗੀ ਅਤੇ ਯੂਰਪੀ ਦੇਸ਼ ਖਾਸ ਕਰ ਕੇ ਪੂਰਬੀ ਅਤੇ ਮੱਧ ਯੂਰਪ ਦੇ ਦੇਸ਼ਾਂ ਨੇ ਚੀਨ ਨਾਲੋਂ ਆਪਣੇ ਮਿੱਤਰਤਾ ਸਬੰਧਾਂ ਨੂੰ ਤਿਲਾਂਜਲੀ ਦੇਣੀ ਸ਼ੁਰੂ ਕਰ ਦਿੱਤੀ। ਯੂਰਪੀ ਦੇਸ਼ ਚੀਨ ਨਾਲ ਇਸ ਲਈ ਨਾਰਾਜ਼ ਹਨ ਕਿ ਜਦੋਂ ਤੋਂ ਰੂਸ ਨੇ ਯੂਕ੍ਰੇਨ ’ਤੇ ਹਮਲਾ ਕੀਤਾ ਅਤੇ ਉਸ ਦੇ ਕੁਝ ਹਿੱਸਿਆਂ ’ਤੇ ਆਪਣਾ ਕਬਜ਼ਾ ਕੀਤਾ ਹੈ ਅਤੇ ਚੀਨ ਨੇ ਇਸ ਮੁੱਦੇ ’ਤੇ ਰੂਸ ਦਾ ਸਾਥ ਦਿੱਤਾ।

ਪੂਰਬੀ ਯੂਰਪ ਦੇ ਕਈ ਦੇਸ਼ ਸੀਤ ਜੰਗ ਅਤੇ ਦੂਜੀ ਵਿਸ਼ਵ ਜੰਗ ਦੇ ਦੌਰਾਨ ਰੂਸ ਦੇ ਹਮਲਿਆਂ ਨੂੰ ਝੱਲ ਚੁੱਕੇ ਹਨ ਅਤੇ ਕੁਝ ਯੂਰਪੀ ਦੇਸ਼ਾਂ ਉਤੇ ਰੂਸ ਨੇ ਅਾਪਣਾ ਕਬਜ਼ਾ ਵੀ ਜਮਾ ਲਿਅਾ ਸੀ, ਜਿਸ ਨੂੰ ਇਹ ਦੇਸ਼ ਅੱਜ ਵੀ ਪਸੰਦ ਨਹੀਂ ਕਰਦੇ। ਪੂਰਬੀ ਅਤੇ ਮੱਧ ਯੂਰਪੀ ਦੇਸ਼ ਅੱਜ ਵੀ ਰੂਸ ਦੇ ਡਰ ਦੇ ਪ੍ਰਛਾਵੇਂ ’ਚ ਜਿਊਣ ਲਈ ਮਜਬੂਰ ਹਨ, ਇਸ ਲਈ ਇਨ੍ਹਾਂ ਦੇਸ਼ਾਂ ਨੇ ਚੀਨ ਵੱਲੋਂ ਸੁੱਟੇ ਗਏ ਪਾਸੇ ਨੂੰ ਤੁਰੰਤ ਚੁੱਕ ਲਿਆ। ਉਨ੍ਹਾਂ ਨੂੰ ਇਸ ਗੱਲ ਦੀ ਆਸ ਸੀ ਕਿ ਤੇਜ਼ੀ ਨਾਲ ਆਰਥਿਕ ਮਹਾਸ਼ਕਤੀ ਬਣਦਾ ਚੀਨ ਇਨ੍ਹਾਂ ਦੇਸ਼ਾਂ ’ਚ ਵਪਾਰਕ ਨਿਵੇਸ਼ ਕਰੇਗਾ।

ਸਾਲ 2010 ਦੇ ਸ਼ੁਰੂਆਤੀ ਦਹਾਕੇ ’ਚ ਕਈ ਪੂਰਬੀ ਅਤੇ ਮੱਧ ਯੂਰਪੀ ਦੇਸ਼ ਚੀਨ ਦੇ ਵੱਲ ਆਕਰਸ਼ਿਤ ਹੋਏ ਸਨ। ਸਾਲ 2012 ’ਚ ਚੀਨ ਨੇ 16 ਪੂਰਬੀ ਅਤੇ ਮੱਧ ਪੂਰਬੀ ਦੇਸ਼ਾਂ ਦੇ ਨਾਲ ਆਰਥਿਕ ਸਹਿਯੋਗ ਦੀ ਸ਼ੁਰੂਆਤ ਕੀਤੀ ਸੀ ਜਿਸ ਨੂੰ ਨਾਂ ਦਿੱਤਾ ਸੀ ‘16 ਪਲੱਸ ਵਨ’ ਜਿਸ ’ਚ ਯੂਰਪੀ ਖੇਤਰ ਦੇ ਪੋਲੈਂਡ, ਹੰਗਰੀ ਅਤੇ ਰੋਮਾਨੀਆ ਵਰਗੇ ਦੇਸ਼ ਸ਼ਾਮਲ ਸਨ। ਗ੍ਰੀਸ ਨੇ ਸਾਲ 2019 ’ਚ ਇਸ ਸਮੂਹ ਨੂੰ ਜੁਆਇਨ ਕੀਤਾ ਸੀ। ਤਦ ਇਸ ਸਮੂਹ ਦਾ ਨਾਂ ‘17 ਪਲੱਸ ਵਨ’ ਰੱਖਿਆ ਗਿਆ ਸੀ। ਸ਼ੁਰੂਆਤ ’ਚ ਚੀਨ ਇਸ ਸਮੂਹ ਦੇ ਨਾਲ ਸਾਲਾਨਾ ਪੱਧਰ ’ਤੇ ਬੈਠਕ ਕਰ ਕੇ ਇਸ ਪੂਰੇ ਖੇਤਰ ’ਚ ਮੁੱਢਲੇ ਢਾਂਚੇ ਅਤੇ ਤਕਨੀਕੀ ਸਹਿਯੋਗ ’ਚ ਨਿਵੇਸ਼ ਕਰਨ ਲੱਗਾ ਸੀ ਪਰ ਚੀਨ ਕੰਮ ਘੱਟ ਅਤੇ ਵਾਅਦੇ-ਗੱਲਾਂ ਵੱਧ ਕਰਦਾ ਹੈ। ਅਜਿਹੇ ’ਚ ਯੂਰਪੀ ਸੰਘ ਦੇ ਚੋਟੀ ਦੇ ਦੇਸ਼ ਜਰਮਨੀ ਅਤੇ ਫਰਾਂਸ ਨੂੰ ਜਾਪਣ ਲੱਗਾ ਕਿ ਚੀਨ ਦੀ ਇਸ ਹਰਕਤ ਨਾਲ ਈ.ਯੂ. ਦੋ-ਫਾੜ ਹੋ ਸਕਦੀ ਹੈ। ਜਰਮਨੀ ਅਤੇ ਫਰਾਂਸ ਦੇ ਪੂਰਬੀ ਤੇ ਮੱਧ ਪੂਰਬੀ ਦੇਸ਼ਾਂ ਨੂੰ ਚੀਨ ਦੇ ਵੱਧ ਨਜ਼ਦੀਕ ਨਾ ਜਾਣ ਦੀ ਹਦਾਇਤ ਦਿੰਦੇ ਹੋਏ ਦੱਸਿਆ ਹੈ ਕਿ ਚੀਨ ਇਸ ਖੇਤਰ ’ਚ ਆਪਣੇ ਪੈਰ ਜਮਾਉਣੇ ਚਾਹੁੰਦਾ ਹੈ ਜੋ ਭਵਿੱਖ ’ਚ ਇਸ ਖੇਤਰ ਦੀ ਭੂਗੋਲਿਕ ਸਥਿਤੀ ਦੇ ਲਈ ਖਤਰਨਾਕ ਸਾਬਤ ਹੋ ਸਕਦਾ ਹੈ।

ਜਦੋਂ ਯੂਰਪੀ ਖੇਤਰ ਦੇ ਦੇਸ਼ਾਂ ਨੂੰ ਚੀਨ ਦੀ ਚਾਲਬਾਜ਼ੀ ਦੇ ਬਾਰੇ ’ਚ ਪਤਾ ਲੱਗਾ ਤਾਂ ਹੌਲੀ-ਹੌਲੀ ਇਨ੍ਹਾਂ ਦੇਸ਼ਾਂ ਨੇ ਚੀਨ ਤੋਂ ਦੂਰੀ ਬਣਾਉਣੀ ਸ਼ੁਰੂ ਕਰ ਿਦੱਤੀ ਜਿਸ ਦੀ ਸ਼ੁਰੂਆਤ ਸਾਲ 2021 ’ਚ ਲਿਥੂਆਨੀਆ ਨੇ ਕੀਤੀ। ਇਸ ਦੇ ਅਗਲੇ ਹੀ ਸਾਲ ਅਗਸਤ 2022 ’ਚ ਲਾਤੀਵੀਆ ਅਤੇ ਐਸਟੋਨੀਆ ਨੇ ਵੀ ਲਿਥੂਆਨੀਆ ਦੀਆਂ ਪੈੜਾਂ ’ਤੇ ਚੱਲਣਾ ਉਚਿਤ ਸਮਝਿਆ। ਇਸ ਦੇ ਬਾਅਦ ਚੀਨ ਦੇ ਯੂਰਪੀ ਮਿੱਤਰ ਦੇਸ਼ਾਂ ਦੀ ਗਿਣਤੀ ਘਟ ਕੇ 14 ਰਹਿ ਗਈ। ਬਹੁਤ ਸੰਭਵ ਹੈ ਕਿ ਜਲਦੀ ਹੀ ਚੈੱਕ ਗਣਰਾਜ ਵੀ ਚੀਨ ਦਾ ਸਾਥ ਛੱਡ ਦੇਵੇ।

ਜਦੋਂ ਚੀਨ ਨੂੰ ਇਸ ਪੂਰੇ ਖੇਤਰ ਤੋਂ ਆਪਣੇ ਪੈਰਾਂ ਹੇਠੋਂ ਧਰਤੀ ਖਿਸਕਦੀ ਦਿਖਾਈ ਦਿੱਤੀ ਉਦੋਂ ਚੀਨ ਨੇ ਤੁਰੰਤ ਹੀ ਡੈਮੇਜ ਕੰਟ੍ਰੋਲ ਕਰਨ ਲਈ ਆਪਣੇ ਵਿਸ਼ੇਸ਼ ਦੂਤ ਨੂੰ ਇਨ੍ਹਾਂ ਦੇਸ਼ਾਂ ’ਚ ਇਹ ਸਮਝਾਉਣ ਲਈ ਭੇਜਿਆ ਕਿ ਯੂਕ੍ਰੇਨ ਮੁੱਦੇ ’ਤੇ ਚੀਨ ਦੀ ਕੀ ਮਜਬੂਰੀ ਹੈ ਪਰ ਕਈ ਦੇਸ਼ਾਂ ਦੇ ਅਧਿਕਾਰੀਆਂ ਨੇ ਇਸ ਵਿਸ਼ੇਸ਼ ਦੂਤ ਨਾਲ ਮੁਲਾਕਾਤ ਕਰਨ ਤੋਂ ਨਾਂਹ ਕਰ ਦਿੱਤੀ। ਖਾਸ ਕਰ ਕੇ ਪੋਲੈਂਡ ਦੇ ਵਿਦੇਸ਼ ਮੰਤਰੀ ਅਤੇ ਮੰਤਰਾਲਾ ਦੇ ਅਧਿਕਾਰੀਆਂ ਨੇ ਚੀਨੀ ਵਿਸ਼ੇਸ਼ ਦੂਤ ਦੇ ਵਾਰਸਾ ਪਹੁੰਚਣ ’ਤੇ ਮਿਲਣਾ ਵੀ ਜ਼ਰੂਰੀ ਨਹੀਂ ਸਮਝਿਆ। ਪੋਲੈਂਡ ਇਸ ਦੁੱਖ ਨੂੰ ਚੰਗੀ ਤਰ੍ਹਾਂ ਸਮਝਦਾ ਹੈ ਜਦੋਂ ਦੂਜੀ ਵਿਸ਼ਵ ਜੰਗ ਦੇ ਸਮੇਂ ਪਹਿਲਾਂ ਰੂਸ ਅਤੇ ਬਾਅਦ ’ਚ ਜਰਮਨੀ ਨੇ ਉਸ ’ਤੇ ਕਬਜ਼ਾ ਕਰ ਲਿਆ ਸੀ। ਇਸ ਲਈ ਉਸ ਨੇ ਚੀਨ ਦਾ ਪੁਰਜ਼ੋਰ ਵਿਰੋਧ ਕੀਤਾ।

ਉਥੇ ਹੀ ਦੂਜੇ ਪਾਸੇ ਰੋਮਾਨੀਆ ਨੇ ਵੀ ਚੀਨ ਦੇ ਨਾਲ ਆਪਣੇ ਆਰਥਿਕ ਸਬੰਧਾਂ ਨੂੰ ਪੂਰੀ ਤਰ੍ਹਾਂ ਰੋਕ ਿਦੱਤਾ ਹੈ। ਇਸ ਦੇ ਨਾਲ ਹੀ ਸਾਲ 2020 ’ਚ ਰੋਮਾਨੀਆ ਨੇ ਚੀਨੀ ਕੰਪਨੀ ਦੀ ਮਦਦ ਨਾਲ ਬਣਨ ਵਾਲੇ ਪ੍ਰਮਾਣੂ ਬਿਜਲੀ ਪਲਾਂਟ ’ਤੇ ਰੋਕ ਲਗਵਾ ਕੇ ਇਸ ਪ੍ਰਾਜੈਕਟ ਨੂੰ ਅਮਰੀਕਾ ਦੇ ਨਾਲ ਮਿਲ ਕੇ ਅੱਗੇ ਵਧਾਉਣਾ ਤੈਅ ਕੀਤਾ ਹੈ। ਜਰਮਨ ਥਿੰਕਟੈਂਕ ਮਰਕੀਟਸ ਇੰਸਟੀਚਿਊਟ ਫਾਰ ਚਾਈਨਾ ਸਟੱਡੀਜ਼ ਦੀ ਰਿਪੋਰਟ ਅਨੁਸਾਰ ਚੀਨ ਦੇ ਕੁਲ ਯੂਰਪੀ ਨਿਵੇਸ਼ ਦਾ ਮਹਿਜ 3 ਫੀਸਦੀ ਨਿਵੇਸ਼ ਮੱਧ ਅਤੇ ਪੂਰਬੀ ਯੂਰਪੀ ਦੇਸ਼ਾਂ ’ਚ ਹੁੰਦਾ ਹੈ। ਸਾਲ 2018 ਤੋਂ ਹੀ ਪੂਰਬੀ ਅਤੇ ਮੱਧ ਪੂਰਬੀ ਦੇਸ਼ਾਂ ’ਚ ਚੀਨ ਦੇ ਪ੍ਰਤੀ ਗੁੱਸਾ ਪਨਪ ਰਿਹਾ ਹੈ ਕਿਉਂਕਿ ਚੀਨ ਨੇ ਕਈ ਵਾਰ ਆਪਣੇ ਵਾਅਦਿਆਂ ਨੂੰ ਤੋੜਿਆ ਹੈ ਤੇ ਕੋਈ ਵੱਡਾ ਨਿਵੇਸ਼ ਇਸ ਪੂਰੇ ਖੇਤਰ ’ਚ ਨਹੀਂ ਕੀਤਾ। ਚੈੱਕ ਗਣਰਾਜ ’ਚ ਚੀਨ ਨੇ ਯੂਰਪ ’ਚ ਨਿਵੇਸ਼ ਦਾ ਮਹਿਜ 1 ਫੀਸਦੀ ਕੀਤਾ।

ਚੀਨ ਦੇ ਅਮਰੀਕਾ ਨਾਲ ਵਪਾਰਕ ਤਣਾਅ ਕਾਰਨ ਵੀ ਯੂਰਪੀ ਦੇਸ਼ ਚੀਨ ਤੋਂ ਦੂਰੀ ਬਣਾ ਰਹੇ ਹਨ। ਸਾਲ 2017 ’ਚ ਇਨ੍ਹਾਂ ਦੇਸ਼ਾਂ ਤੋਂ ਚੀਨ ਨਾਲ ਦੂਰੀ ਬਣਾਉਣ ਨੂੰ ਕਿਹਾ ਸੀ ਖਾਸ ਕਰ ਕੇ ਚੀਨ ਦੇ ਤਕਨੀਕੀ ਖੇਤਰ ’ਚ ਨਿਵੇਸ਼ ਨੂੰ ਰੋਕਣ ਲਈ ਕਿਹਾ ਗਿਅਾ ਸੀ। ਇਸ ਦੇ ਬਾਅਦ ਪੋਲੈਂਡ, ਰੋਮਾਨੀਆ, ਚੈੱਕ ਗਣਰਾਜ ਅਤੇ ਅਸਟੋਨੀਆ ਨੇ ਸਾਲ 2019-20 ’ਚ ਚੀਨੀ ਤਕਨੀਕੀ ਕੰਪਨੀ ਹੁਆਵੇ 5-ਜੀ ਨੂੰ ਆਪਣੇ ਦੇਸ਼ਾਂ ’ਚ ਨਹੀਂ ਆਉਣ ਦਿੱਤਾ।

ਓਧਰ ਹੰਗਰੀ ਅਤੇ ਸਰਬੀਆ ਚੀਨ ਨਾਲ ਆਪਣੇ ਸਬੰਧਾਂ ਨੂੰ ਹੋਰ ਵਧਾਉਣ ਦੇ ਰਾਹ ’ਤੇ ਹਨ ਪਰ ਜੇਕਰ ਈ.ਯੂ. ਨੇ ਇਕਜੁੱਟ ਹੋ ਕੇ ਚੀਨ ਦੇ ਵਿਰੁੱਧ ਸਖਤ ਕਦਮ ਚੁੱਕਣਾ ਸ਼ੁਰੂ ਕਰ ਦਿੱਤਾ ਤਾਂ ਚੀਨ ਇਸ ਇਲਾਕੇ ’ਚ ਆਪਣੇ ਪੈਰ ਪਸਾਰਨ ’ਚ ਅਸਫਲ ਹੋਵੇਗਾ। ਉਸ ਨੂੰ ਰੂਸ ਦੇ ਨਾਲ ਆਪਣੇ ਮਿੱਤਰਤਾ ਵਾਲੇ ਸਬੰਧ ਬਣਾਈ ਰੱਖਣ ਦੀ ਵੱਡੀ ਕੀਮਤ ਅਦਾ ਕਰਨੀ ਹੋਵੇਗੀ। ਰੂਸ-ਯੂਕ੍ਰੇਨ ਜੰਗ ਕਾਰਨ ਕਣਕ ਦੀ ਸਪਲਾਈ ਪੂਰੇ ਯੂਰਪ ਅਤੇ ਉੱਤਰੀ ਅਫਰੀਕੀ ਦੇਸ਼ਾਂ ਨੂੰ ਰੁਕੀ ਹੋਈ ਹੈ। ਜੇਕਰ ਚੀਨ ਅਜੇ ਵੀ ਰੂਸ ਦੇ ਨਾਲ ਖੜ੍ਹਾ ਰਹੇਗਾ ਤਾਂ ਚੀਨ ਨੂੰ ਇਨ੍ਹਾਂ ਦੇਸ਼ਾਂ ਦੇ ਬਾਜ਼ਾਰ ਤੋਂ ਹੱਥ ਧੋਣਾ ਪਵੇਗਾ। ਕੋਰੋਨਾ ਮਹਾਮਾਰੀ ਦੇ ਬਾਅਦ ਮੰਦੀ ਪੈਂਦੀ ਚੀਨੀ ਅਰਥਵਿਵਸਥਾ ਨੂੰ ਇਸ ਨਾਲ ਇਕ ਵੱਡਾ ਝਟਕਾ ਲੱਗੇਗਾ ਜੋ ਸਹਿਣ ਦੇ ਲਈ ਚੀਨ ਸ਼ਾਇਦ ਤਿਆਰ ਨਹੀਂ ਹੈ।

Anuradha

This news is Content Editor Anuradha