''ਭੜਕਾਊ ਬਿਆਨਬਾਜ਼ਾਂ ਉੱਤੇ'' ਰੋਕ ਲਾਉਣ ਲਈ ਚੋਣ ਕਮਿਸ਼ਨ ''ਠੋਸ ਕਦਮ ਕਿਉਂ ਨਹੀਂ ਚੁੱਕਦਾ''

04/21/2019 5:31:51 AM

      ਹੁਣ ਜਦੋਂ ਤੀਜੇ ਪੜਾਅ ਲਈ ਵੋਟਿੰਗ ਹੋਣ 'ਚ ਕੁਝ ਹੀ ਦਿਨ ਬਾਕੀ ਹਨ, ਚੋਣਾਂ 'ਚ ਤੇਜ਼ੀ ਆਉਣ ਦੇ ਨਾਲ-ਨਾਲ ਨੇਤਾਵਾਂ ਦੀ ਜ਼ੁਬਾਨ ਦੀ ਕੁੜੱਤਣ ਵੀ ਵਧਦੀ ਜਾ ਰਹੀ ਹੈ ਅਤੇ ਉਹ ਸਮਾਜ 'ਚ ਦੂਰੀਆਂ ਵਧਾਉਣ ਵਾਲੇ ਬਿਆਨ ਦੇ ਰਹੇ ਹਨ। ਇਨ੍ਹਾਂ 'ਚ ਭਾਜਪਾ ਦੇ ਨੇਤਾ ਸਭ ਤੋਂ ਅੱਗੇ ਹਨ, ਜਿਨ੍ਹਾਂ ਦੇ ਕੁਝ ਨਮੂਨੇ ਹੇਠਾਂ ਦਰਜ ਹਨ :
     * ਭੋਪਾਲ ਸੰਸਦੀ ਹਲਕੇ ਤੋਂ ਭਾਜਪਾ ਉਮੀਦਵਾਰ ਬਣਾਏ ਜਾਣ ਦੇ 2 ਦਿਨਾਂ ਬਾਅਦ ਹੀ ਸਾਧਵੀ ਪ੍ਰਗਿਆ ਠਾਕੁਰ ਮਹਾਰਾਸ਼ਟਰ ਦੇ ਸੀਨੀਅਰ ਪੁਲਸ ਅਧਿਕਾਰੀ ਅਤੇ 26 ਨਵੰਬਰ 2008 ਨੂੰ ਮੁੰਬਈ ਹਮਲੇ ਦੇ ਸ਼ਹੀਦ, ਮਰਨ ਉਪਰੰਤ ਅਸ਼ੋਕ ਚੱਕਰ ਜੇਤੂ ਹੇਮੰਤ ਕਰਕਰੇ ਬਾਰੇ ਬਿਆਨ ਦੇ ਕੇ ਵਿਵਾਦਾਂ 'ਚ ਘਿਰ ਗਈ ਹੈ। ਭੋਪਾਲ 'ਚ 18 ਅਪ੍ਰੈਲ ਨੂੰ ਪ੍ਰਗਿਆ ਨੇ ਭਾਜਪਾ ਵਰਕਰਾਂ ਨੂੰ ਕਿਹਾ :

      ''ਜਦੋਂ ਮੈਂ ਮੁੰਬਈ ਜੇਲ 'ਚ ਸੀ ਤਾਂ ਜਾਂਚ ਕਮਿਸ਼ਨ ਦੇ ਇਕ ਮੈਂਬਰ ਨੇ ਏ. ਟੀ. ਐੱਸ. ਮੁਖੀ ਹੇਮੰਤ ਕਰਕਰੇ ਨੂੰ ਕਿਹਾ ਕਿ ਜੇਕਰ ਸਾਧਵੀ ਵਿਰੁੱਧ ਸਬੂਤ ਨਹੀਂ ਹਨ ਤਾਂ ਉਸ ਨੂੰ ਛੱਡ ਕਿਉਂ ਨਹੀਂ ਦਿੰਦੇ। ਇਸ 'ਤੇ ਕਰਕਰੇ ਨੇ ਕਿਹਾ ਕਿ ਮੈਂ ਕੁਝ ਵੀ ਕਰਾਂਗਾ ਪਰ ਸਬੂਤ ਲਿਆਵਾਂਗਾ। ਇਧਰੋਂ-ਓਧਰੋਂ ਲਿਆਵਾਂਗਾ ਪਰ ਸਾਧਵੀ ਨੂੰ ਨਹੀਂ ਛੱਡਾਂਗਾ।''
      ''ਇਹ ਉਸ ਦੀ ਮੱਕਾਰੀ, ਦੇਸ਼ਧ੍ਰੋਹ ਅਤੇ ਅਧਰਮ ਸੀ। ਉਹ ਮੈਨੂੰ ਸਵਾਲ ਪੁੱਛਦਾ ਤਾਂ ਮੈਂ ਜਵਾਬ ਦਿੰਦੀ ਕਿ ਮੈਨੂੰ ਨਹੀਂ ਪਤਾ, ਰੱਬ ਜਾਣੇ। ਉਸ ਨੇ ਪੁੱਛਿਆ ਕਿ ਕੀ ਮੈਨੂੰ ਸਬੂਤ ਲੈਣ ਲਈ ਰੱਬ ਕੋਲ ਜਾਣਾ ਪਵੇਗਾ ਤਾਂ ਤਸੀਹਿਆਂ ਤੋਂ ਪ੍ਰੇਸ਼ਾਨ ਹੋ ਕੇ ਮੈਂ ਉਸ ਨੂੰ ਕਿਹਾ ਕਿ ਤੇਰਾ ਸਰਵਨਾਸ਼ ਹੋਵੇਗਾ।''
      ''ਜਦੋਂ ਜਨਮ ਜਾਂ ਮੌਤ ਹੁੰਦੀ ਹੈ ਤਾਂ ਸਵਾ ਮਹੀਨੇ ਸੂਤਕ ਲੱਗਦਾ ਹੈ। ਠੀਕ ਸਵਾ ਮਹੀਨੇ ਬਾਅਦ ਕਰਕਰੇ ਨੂੰ ਅੱਤਵਾਦੀਆਂ ਨੇ ਮਾਰ ਦਿੱਤਾ ਅਤੇ ਉਸ ਦਿਨ ਸੂਤਕ ਦਾ ਅੰਤ ਹੋ ਗਿਆ। ਕਾਂਗਰਸ ਨੇ ਸੰਤਾਂ ਨੂੰ ਜੇਲ 'ਚ ਸੁੱਟਿਆ। ਕਰਕਰੇ ਇਸ ਦਾ ਸੂਤਰਧਾਰ ਬਣਿਆ। ਮੈਂ ਕਿਹਾ ਸੀ ਕਿ ਇਸ ਸ਼ਾਸਨ ਦਾ ਸਰਵਨਾਸ਼ ਹੋ ਜਾਵੇਗਾ, ਜੋ ਤੁਹਾਡੇ ਸਾਹਮਣੇ ਹੈ।''
       ਜ਼ਿਕਰਯੋਗ ਹੈ ਕਿ ਹੇਮੰਤ ਕਰਕਰੇ ਦੀ ਛਾਤੀ 'ਤੇ 3 ਗੋਲੀਆਂ ਲੱਗੀਆਂ ਸਨ ਅਤੇ ਸ਼੍ਰੀ ਨਰਿੰਦਰ ਮੋਦੀ, ਜੋ ਉਸ ਸਮੇਂ ਗੁਜਰਾਤ ਦੇ ਮੁੱਖ ਮੰਤਰੀ ਸਨ, 28 ਨਵੰਬਰ 2008 ਨੂੰ ਸ਼੍ਰੀ ਕਰਕਰੇ ਦੇ ਘਰ ਅਫਸੋਸ ਪ੍ਰਗਟਾਉਣ ਗਏ ਸਨ ਅਤੇ ਉਨ੍ਹਾਂ ਨੇ ਅੱਤਵਾਦ ਦਾ ਮੁਕਾਬਲਾ ਕਰਨ ਦੌਰਾਨ ਸ਼ਹੀਦ ਹੋਣ ਵਾਲੇ ਸੁਰੱਖਿਆ ਬਲਾਂ ਦੇ ਮੈਂਬਰਾਂ ਦੇ ਪਰਿਵਾਰਾਂ ਨੂੰ ਇਕ ਕਰੋੜ ਰੁਪਿਆ ਦੇਣ ਦਾ ਵਾਅਦਾ ਕੀਤਾ ਸੀ।
     * ਸਾਧਵੀ ਪ੍ਰਗਿਆ ਵਲੋਂ ਸ਼ਹੀਦ ਕਰਕਰੇ ਬਾਰੇ ਬਿਆਨ ਦੇ ਸੋਸ਼ਲ ਮੀਡੀਆ 'ਤੇ ਆਉਂਦੇ ਹੀ ਇਕ ਤੂਫਾਨ ਖੜ੍ਹਾ ਹੋ ਗਿਆ ਅਤੇ ਪੂਰੇ ਦੇਸ਼ 'ਚ ਉਸ ਦੀ ਆਲੋਚਨਾ ਹੋਣ ਲੱਗੀ, ਜਿਸ ਕਰਕੇ ਉਸ ਨੂੰ ਮੁਆਫੀ ਮੰਗਣੀ ਪਈ ਪਰ ਇਸ ਦੇ ਬਾਵਜੂਦ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਸਾਧਵੀ ਦੇ ਪੱਖ 'ਚ ਬਿਆਨ ਦੇ ਦਿੱਤਾ।
        ਸ਼੍ਰੀ ਅਨਿਲ ਵਿਜ ਨੇ 19 ਅਪ੍ਰੈਲ ਨੂੰ ਕਿਹਾ ਕਿ ''ਹਿੰਦੂ ਅੱਤਵਾਦ ਦੇ ਨਾਂ 'ਤੇ ਸਾਧਵੀ ਪ੍ਰਗਿਆ ਨੂੰ ਜਿੰਨੀ ਠੇਸ ਪਹੁੰਚਾਈ ਗਈ ਹੈ, ਉਸ ਦਾ ਬਦਲਾ ਲੈਣ ਦਾ ਸਮਾਂ ਆ ਗਿਆ ਹੈ। ਹਿੰਦੂ ਅੱਤਵਾਦ ਦੇ ਰਚਣਹਾਰੇ ਦਿੱਗਵਿਜੇ ਸਿੰਘ ਵਿਰੁੱਧ ਭੋਪਾਲ ਤੋਂ ਭਾਜਪਾ ਨੇ ਸਾਧਵੀ ਪ੍ਰਗਿਆ ਨੂੰ ਮੈਦਾਨ 'ਚ ਉਤਾਰਿਆ ਹੈ।''
      ''ਜਿਨ੍ਹਾਂ ਦੀ ਭੋਪਾਲ 'ਚ ਵੋਟ ਹੈ, ਉਨ੍ਹਾਂ ਨੂੰ ਵੋਟ ਪਾਉਣੀ ਚਾਹੀਦੀ ਹੈ ਅਤੇ ਜਿਨ੍ਹਾਂ ਦੀ ਭੋਪਾਲ 'ਚ ਵੋਟ ਨਹੀਂ ਹੈ ਤਾਂ ਦਿੱਗਵਿਜੇ ਸਿੰਘ ਦੀ ਨਸਲ ਦੇ ਲੋਕ ਜਿੱਥੇ-ਜਿੱਥੇ ਖੜ੍ਹੇ ਹੋਏ ਹਨ, ਉਨ੍ਹਾਂ ਨੂੰ ਹਰਾਉਣਾ ਚਾਹੀਦਾ ਹੈ।''
     * ਇਕ ਹੋਰ ਵਿਵਾਦਪੂਰਨ ਬਿਆਨ ਗਾਜ਼ੀਪੁਰ 'ਚ ਦਿੰਦਿਆਂ ਕੇਂਦਰੀ ਮੰਤਰੀ ਮਨੋਜ ਸਿਨ੍ਹਾ ਨੇ ਕਿਹਾ, ''ਜੋ ਕੋਈ ਵਿਅਕਤੀ ਕਿਸੇ ਭਾਜਪਾ ਵਰਕਰ ਵੱਲ ਉਂਗਲੀ ਕਰੇਗਾ, ਉਸ ਦੀ ਉਂਗਲੀ 4 ਘੰਟੇ ਵੀ ਸੁਰੱਖਿਅਤ ਨਹੀਂ ਰਹੇਗੀ। ਜੋ ਕੋਈ ਗਾਜ਼ੀਪੁਰ ਦੀ ਹੱਦ ਅੰਦਰ ਕਿਸੇ ਭਾਜਪਾ ਵਰਕਰ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕਰੇਗਾ, ਉਸ ਨੂੰ ਜ਼ਮੀਨ 'ਚ ਦਫਨਾ ਦਿੱਤਾ ਜਾਵੇਗਾ ਅਤੇ ਜੋ ਕੋਈ ਭਾਜਪਾ ਵਰਕਰਾਂ ਵੱਲ ਟੇਢੀ ਨਜ਼ਰ ਨਾਲ ਦੇਖਣ ਦੀ ਜੁਰਅੱਤ ਕਰੇਗਾ ਤਾਂ ਉਸ ਦੀਆਂ ਅੱਖਾਂ ਨਹੀਂ ਰਹਿਣਗੀਆਂ।''
      * ਚੋਣ ਕਮਿਸ਼ਨ ਵਲੋਂ ਯੋਗੀ ਆਦਿੱਤਿਆਨਾਥ ਦੇ ਭਾਸ਼ਣ ਦੇਣ 'ਤੇ ਲਾਈ ਗਈ 72 ਘੰਟਿਆਂ ਦੀ ਪਾਬੰਦੀ ਖਤਮ ਹੁੰਦਿਆਂ ਹੀ ਉਨ੍ਹਾਂ ਨੇ ਵੀ 2 ਵਿਵਾਦਪੂਰਨ ਬਿਆਨ ਫਿਰ ਦੇ ਦਿੱਤੇ :
        19 ਅਪ੍ਰੈਲ ਨੂੰ ਸੰਭਲ 'ਚ ਇਕ ਜਨਸਭਾ 'ਚ ਉਨ੍ਹਾਂ ਕਿਹਾ, ''ਇਕ ਪਾਸੇ ਇਕ ਅਜਿਹੀ ਪਾਰਟੀ ਦਾ ਉਮੀਦਵਾਰ ਹੈ, ਜਿਸ ਨੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਅਤੇ ਗੌਤਮ ਬੁੱਧ ਨਾਲ ਜੁੜੀਆਂ ਥਾਵਾਂ ਦਾ ਵਿਕਾਸ ਕਰਵਾਇਆ, ਤਾਂ ਦੂਜੇ ਪਾਸੇ ਵਿਰੋਧੀ ਪਾਰਟੀ ਦਾ ਉਮੀਦਵਾਰ ਹੈ, ਜੋ ਖੁਦ ਨੂੰ 'ਬਾਬਰ ਦੀ ਔਲਾਦ' ਕਹਿੰਦਾ ਹੈ।''
        ਯੋਗੀ ਨੇ ਇਸ ਦੇ ਨਾਲ ਹੀ ਇਹ ਵੀ ਕਿਹਾ ਕਿ ''ਤੀਜੇ ਪੜਾਅ 'ਚ ਕੋਈ ਗਲਤੀ ਨਹੀਂ ਹੋਣੀ ਚਾਹੀਦੀ ਅਤੇ ਭਗਵਾ ਝੰਡਾ ਝੁਕਣਾ ਨਹੀਂ ਚਾਹੀਦਾ। ਅੱਜ ਧੀ-ਭੈਣ 'ਤੇ ਅੱਤਿਆਚਾਰ ਕਰਨ ਵਾਲੇ ਨੂੰ ਜਾਂ ਤਾਂ ਜੇਲ ਹੋਵੇਗੀ ਜਾਂ ਫਿਰ ਸਿੱਧਾ 'ਰਾਮ ਨਾਮ ਸਤਯ' ਹੋ ਜਾਂਦਾ ਹੈ। ਪਿਛਲੀਆਂ ਸਰਕਾਰਾਂ ਭ੍ਰਿਸ਼ਟ ਸਨ, ਜੋ ਸ਼ਮਸ਼ਾਨ ਲਈ ਨਹੀਂ, ਸਿਰਫ ਕਬਰਿਸਤਾਨ ਲਈ ਪੈਸਾ ਦਿੰਦੀਆਂ ਸਨ ਪਰ ਅਸੀਂ ਸਾਰਿਆਂ ਲਈ ਪੈਸਾ ਦੇ ਰਹੇ ਹਾਂ।''
        ਇਸ ਦੌਰਾਨ ਜਿੱਥੇ ਚੋਣ ਕਮਿਸ਼ਨ ਨੇ 20 ਅਪ੍ਰੈਲ ਨੂੰ ਇਕ ਨੋਟਿਸ ਜਾਰੀ ਕਰ ਕੇ 24 ਘੰਟਿਆਂ 'ਚ ਸਾਧਵੀ ਪ੍ਰਗਿਆ ਤੋਂ ਹੇਮੰਤ ਕਰਕਰੇ ਬਾਰੇ ਬਿਆਨ 'ਤੇ ਜਵਾਬ ਮੰਗਿਆ ਹੈ, ਉਥੇ ਹੀ ਇਕ ਹੋਰ ਬਿਆਨ 'ਚ ਸਾਧਵੀ ਪ੍ਰਗਿਆ ਨੇ ਦਿੱਗਵਿਜੇ ਸਿੰਘ ਨੂੰ ਮਹਿਸ਼ਾਸੁਰ ਅਤੇ ਖ਼ੁਦ ਨੂੰ ਮਹਿਸ਼ਾਸੁਰ ਮਰਦਿਨੀ ਕਹਿ ਕੇ ਇਕ ਹੋਰ ਵਿਵਾਦਪੂਰਨ ਬਿਆਨ ਦੇ ਦਿੱਤਾ ਹੈ।
        20 ਅਪ੍ਰੈਲ ਨੂੰ ਗੁਜਰਾਤ ਦੇ ਆਦਿਵਾਸੀ ਵਿਕਾਸ ਮੰਤਰੀ ਗਣਪਤ ਬਸਾਵਾ (ਭਾਜਪਾ) ਨੇ ਰਾਜਪੀਤਲਾ 'ਚ ਇਕ ਚੋਣ ਰੈਲੀ ਦੌਰਾਨ ਰਾਹੁਲ ਗਾਂਧੀ ਦੀ ਤੁਲਨਾ ਕੁੱਤੇ ਦੇ ਬੱਚੇ ਨਾਲ ਕਰਦਿਆਂ ਕਿਹਾ, ''ਜਦੋਂ ਵੀ ਨਰਿੰਦਰ ਭਾਈ ਆਪਣੀ ਕੁਰਸੀ ਤੋਂ ਖੜ੍ਹੇ ਹੁੰਦੇ ਹਨ, ਉਹ ਇਕ ਸ਼ੇਰ ਵਰਗੇ ਦਿਸਦੇ ਹਨ ਪਰ ਜਦੋਂ ਰਾਹੁਲ ਗਾਂਧੀ ਅਜਿਹਾ ਕਰਦੇ ਹਨ ਤਾਂ ਲੱਗਦਾ ਹੈ ਜਿਵੇਂ ਕੋਈ ਕੁੱਤੇ ਦਾ ਪਿੱਲਾ ਪੂਛ ਹਿਲਾਉਂਦਿਆਂ ਉੱਠ ਖੜ੍ਹਾ ਹੋਇਆ ਹੈ।''
        ਆਖਿਰ ਅਜਿਹੇ ਬਿਆਨ ਦੇਣ ਵਾਲਿਆਂ 'ਤੇ ਰੋਕ ਲਾਉਣ ਲਈ ਚੋਣ ਕਮਿਸ਼ਨ ਕੋਈ ਠੋਸ ਕਦਮ ਕਿਉਂ ਨਹੀਂ ਚੁੱਕਦਾ। ਸਿਰਫ ਕੁਝ ਘੰਟਿਆਂ ਦੀ ਰੋਕ ਲਾਉਣਾ ਕਾਫੀ ਨਹੀਂ ਹੈ। ਇਕ ਤੋਂ ਜ਼ਿਆਦਾ ਵਾਰ ਅਜਿਹਾ ਕਰਨ 'ਤੇ ਸਜ਼ਾ ਦੀ ਕਠੋਰਤਾ 'ਚ ਵੀ ਵਾਧਾ ਕੀਤਾ ਜਾਣਾ ਚਾਹੀਦਾ ਹੈ।

                                                                                            —ਵਿਜੇ ਕੁਮਾਰ

KamalJeet Singh

This news is Content Editor KamalJeet Singh