''ਏ ਦਿਲ'' ਦੀ ਮੁਸ਼ਕਿਲ ਅਤੇ ਰਾਜ ਠਾਕਰੇ

10/24/2016 1:21:27 AM

ਆਖਿਰਕਾਰ ਮਹਾਰਾਸ਼ਟਰ ਨਵ-ਨਿਰਮਾਣ ਸੈਨਾ (ਐੱਮ. ਐੱਨ. ਐੱਸ.) ਦੇ ਮੁਖੀ ਰਾਜ ਠਾਕਰੇ ਨੇ ਫਿਲਮ ''ਏ ਦਿਲ ਹੈ ਮੁਸ਼ਕਿਲ'' ਨੂੰ ਰਿਲੀਜ਼ ਕੀਤੇ ਜਾਣ ਦੀ ''ਇਜਾਜ਼ਤ'' ਪ੍ਰਦਾਨ ਕਰ ਦਿੱਤੀ। ਹਾਲਾਂਕਿ ਫਿਲਮ ''ਤੇ ਪਾਬੰਦੀ ਲਗਾਉਣ ਦਾ ਉਨ੍ਹਾਂ ਨੂੰ ਕੋਈ ਅਧਿਕਾਰ ਨਹੀਂ ਸੀ ਪਰ 23 ਸਤੰਬਰ ਤੋਂ ਹੀ ਉਨ੍ਹਾਂ ਦੀ ਪਾਰਟੀ ਉੜੀ ਵਿਚ ਸ਼ਹੀਦ ਕੀਤੇ ਗਏ ਬਿਹਾਰ ਰੈਜੀਮੈਂਟ ਦੇ ਫੌਜੀਆਂ ਦੇ ਨਾਂ ''ਤੇ ਸਿਨੇਮਾ ਮਾਲਕਾਂ ਨੂੰ ਧਮਕਾਉਂਦੀ ਆ ਰਹੀ ਸੀ ਕਿ ਉਹ ਪਾਕਿਸਤਾਨੀ ਕਲਾਕਾਰਾਂ ਵਲੋਂ ਅਭਿਨੀਤ ਕੋਈ ਵੀ ਫਿਲਮ ਆਪਣੇ ਸਿਨੇਮਾ ਘਰਾਂ ਵਿਚ ਪ੍ਰਦਰਸ਼ਿਤ ਨਾ ਕਰਨ।
ਇਸ ਦੇ ਨਾਲ ਹੀ ਇਨ੍ਹਾਂ ਫਿਲਮਾਂ ਨੂੰ ਪ੍ਰਦਰਸ਼ਿਤ ਕਰਨ ਵਾਲੇ ਸਿਨੇਮਾ ਘਰਾਂ ਦੇ ਮਾਲਕਾਂ ਅਤੇ ਇਨ੍ਹਾਂ ਨੂੰ ਦੇਖਣ ਜਾਣ ਵਾਲੇ ਦਰਸ਼ਕਾਂ ''ਤੇ ਐਸਿਡ ਅਟੈਕ ਦੀ ਧਮਕੀ ਵੀ ਦਿੱਤੀ ਜਾ ਰਹੀ ਸੀ। ਰਾਜ ਠਾਕਰੇ ਨੇ ਇਸ ਦੇ ਨਾਲ ਹੀ ਪਾਕਿਸਤਾਨੀ ਕਲਾਕਾਰਾਂ ਨੂੰ ਭਾਰਤ ਛੱਡਣ ਦਾ ਅਲਟੀਮੇਟਮ ਦੇ ਕੇ ਬਾਲੀਵੁੱਡ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਾ ਦਿੱਤੀ। ਫਿਰ ਅਜਿਹਾ ਕੀ ਹੋਇਆ ਕਿ ਮਨਸੇ ਨੇ ''ਦੇਸ਼ਭਗਤੀ'' ਦੀ ਭਾਵਨਾ ਨੂੰ ਇਕ ਪਾਸੇ ਰੱਖਦੇ ਹੋਏ ਸਿਰਫ 5 ਕਰੋੜ ਰੁਪਏ ਦੀ ''ਪਛਤਾਵਾ'' ਫੀਸ ਲੈ ਕੇ ਆਪਣੀ ਸਹਿਮਤੀ ਦੇ ਦਿੱਤੀ?
ਬਿਨਾਂ ਸ਼ੱਕ ਸਾਡੇ ਵੀਰ ਸੈਨਿਕਾਂ ਦੇ ਬਲੀਦਾਨ ''ਤੇ ਸਾਰੇ ਭਾਰਤੀ ਉਦਾਸ ਅਤੇ ਦੁਖੀ ਹਨ ਪਰ ਇਹ ਗੱਲ ਧਿਆਨ ਦੇਣਯੋਗ ਹੈ ਕਿ ਅਜੇ ਬਹੁਤ ਜ਼ਿਆਦਾ ਸਮਾਂ ਨਹੀਂ ਹੋਇਆ ਜਦੋਂ ਇਸੇ ਰਾਜ ਠਾਕਰੇ ਦੀ ਅਗਵਾਈ ਵਿਚ ਉਨ੍ਹਾਂ ਦੀ ਹੀ ਪਾਰਟੀ ਦੇ ਗੁੰਡਿਆਂ ਨੇ ਮੁੰਬਈ ਵਿਚ ਕਾਰਾਂ, ਟਰੱਕਾਂ, ਬੱਸਾਂ ਨੂੰ ਸਾੜਿਆ ਅਤੇ ਕਰੋੜਾਂ ਰੁਪਏ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਸੀ।  ਬਿਹਾਰੀਆਂ ਨੂੰ ਮਾਰਿਆ-ਕੁੱਟਿਆ ਤੇ ਅਪਮਾਨਿਤ ਹੀ ਨਹੀਂ ਕੀਤਾ ਸੀ ਸਗੋਂ ਉਨ੍ਹਾਂ ਨੂੰ ਮਹਾਰਾਸ਼ਟਰ ਛੱਡਣ ''ਤੇ ਮਜਬੂਰ ਕੀਤਾ ਗਿਆ ਕਿਉਂਕਿ ਉਹ ਮੰਨਦੇ ਸਨ ਕਿ ਮਹਾਰਾਸ਼ਟਰ ਸਿਰਫ ''ਮਰਾਠੀ ਮਾਨਸ'' ਲਈ ਹੈ। ਇਹ ਹੈਰਾਨੀ ਦੀ ਗੱਲ ਹੈ ਕਿ ਹੁਣ ਇਨ੍ਹਾਂ ਹੀ ਬਿਹਾਰੀ ਫੌਜੀਆਂ ਲਈ ਮਨਸੇ ਨੇ ਫਿਲਮ ਉਦਯੋਗ ''ਤੇ ਟੀਚਾ ਸਾਧ ਲਿਆ।
ਦੇਸ਼ ਪ੍ਰੇਮ ''ਚ ਰਮੇ ਰਾਜ ਠਾਕਰੇ ਇਕ ਵਾਰ ਵੀ ਸਰਹੱਦ ''ਤੇ ਕਿਉਂ ਨਹੀਂ ਗਏ ਜਿੱਥੇ ਰੋਜ਼ਾਨਾ ਭਾਰਤੀ ਫੌਜੀ ਮਾਰੇ ਜਾ ਰਹੇ ਹਨ? ਉਨ੍ਹਾਂ ਨੇ ਜਾਂ ਉਨ੍ਹਾਂ ਦੀ ਪਾਰਟੀ ਨੇ ਸ਼ਹੀਦ ਫੌਜੀਆਂ ਦੇ ਪਰਿਵਾਰਾਂ ਦੀ ਸਹਾਇਤਾ ਲਈ ਆਪਣੇ ਵਲੋਂ  ਇਕ ਪੈਸਾ ਵੀ ਕਿਉਂ ਨਹੀਂ ਦਿੱਤਾ? ਮਰਹੂਮ ਫੌਜੀਆਂ ਦੇ ਬੱਚਿਆਂ ਦੀ ਦੇਖਭਾਲ ਲਈ ਮਨਸੇ ਵਲੋਂ ਕਿਸੇ ਪ੍ਰਸਤਾਵ ਜਾਂ ਯੋਜਨਾ ਬਾਰੇ ਵੀ ਕਿਸੇ ਨੇ ਕੁਝ ਨਹੀਂ ਸੁਣਿਆ ਹੈ।
ਲੋਕਾਂ ਨੂੰ ਤਾਂ ਇਹ ਉਮੀਦ ਸੀ ਕਿ ਮਨਸੇ ਵਰਗੇ ''ਰਾਸ਼ਟਰ ਭਗਤ'' ਪਾਰਟੀ ਦੇ ਮੈਂਬਰ ਹੁਣ ਤਕ ਸਰਹੱਦੀ ਖੇਤਰਾਂ ਦੇ ਕਿਸਾਨਾਂ ਨੂੰ ਮਿਲ ਆਏ ਹੋਣਗੇ। ਫੌਜੀਆਂ ਵਲੋਂ ਬਾਰੂਦੀ ਸੁਰੰਗਾਂ ਵਿਛਾਈ ਹੋਈ ਆਪਣੀ ਜ਼ਮੀਨ ਤੋਂ ਹਿਜਰਤ ਕੀਤੇ ਜਾਣ ਦੌਰਾਨ ਉਨ੍ਹਾਂ ਨੂੰ ਪੈਣ ਵਾਲੇ ਘਾਟੇ ਦੀ ਨੁਕਸਾਨਪੂਰਤੀ ਦਾ ਕੋਈ ਹੱਲ ਕੱਢਣਾ ਹੋਵੇਗਾ  ਕਿਉਂਕਿ ਅਗਲੇ ਦੋ ਸਾਲਾਂ ਤਕ ਤਾਂ ਕਿਸਾਨਾਂ ਨੂੰ ਆਪਣੇ ਖੇਤਾਂ ਵਿਚ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ।
ਸਵਾਲ ਪੈਦਾ ਹੁੰਦਾ ਹੈ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਸਿਰਫ ਇਕ ਸੀਟ ਹਾਸਲ ਕਰਨ ਵਾਲੀ ਮਨਸੇ ਨੂੰ ਇੰਨਾ ਹੋ-ਹੱਲਾ ਮਚਾਉਣ ਦੀ ਲੋੜ ਕਿਉਂ ਪਈ ਜਦ ਕਿ ਰਾਜ ਠਾਕਰੇ ਨੇ ਪਹਿਲਾਂ ਹੀ ਮਹਾਰਾਸ਼ਟਰ ਦੀਆਂ ਸੁਰੱਖਿਆ ਏਜੰਸੀਆਂ ਨੂੰ ਇਹ ਬਾਂਡ ਭਰ ਕੇ ਦਿੱਤਾ ਹੋਇਆ ਹੈ ਕਿ ਉਹ ਕਾਨੂੰਨ ਨੂੰ ਆਪਣੇ ਹੱਥਾਂ ਵਿਚ ਨਹੀਂ ਲੈਣਗੇ। ਅਪ੍ਰੈਲ 2016 ਵਿਚ ਉਹ ਬਹੁਤ ਮੁਸ਼ਕਿਲਾਂ ਨਾਲ ਸਲਾਖਾਂ ਦੇ ਪਿੱਛੇ ਜਾਣ ਤੋਂ ਬਚ ਗਏ ਸਨ।
ਅਸਲ ਵਿਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਰਾਜ ਠਾਕਰੇ ਅਤੇ ਕਰਣ ਜੌਹਰ  ਵਿਚਾਲੇ ਸੌਦੇਬਾਜ਼ੀ ਕਰਵਾਈ ਹੈ। ਮਹਾਰਾਸ਼ਟਰ ਵਿਚ ਭਾਜਪਾ ਤੇ ਮਨਸੇ ਵਿਚਾਲੇ ਵਧਦੀਆਂ ਨਜ਼ਦੀਕੀਆਂ ਵੀ ਬਹੁਤ ਦਿਲਚਸਪੀ ਦਾ ਵਿਸ਼ਾ ਹੈ। ਗੌਰਤਲਬ ਹੈ ਕਿ ਕੁਝ ਹੀ ਮਹੀਨਿਆਂ ਵਿਚ ਮੁੰਬਈ ਨਗਰ ਨਿਗਮ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਪਿਛਲੇ 20 ਸਾਲ ਮੁੰਬਈ ਨਗਰ ਨਿਗਮ ''ਤੇ ਊਧਵ ਠਾਕਰੇ ਦੀ ਸ਼ਿਵ ਸੈਨਾ ਦਾ ਦਬਦਬਾ ਰਿਹਾ ਹੈ। 42000 ਕਰੋੜ ਰੁਪਏ ਦਾ ਬਜਟ ਰੱਖਣ ਵਾਲੀ ਮੁੰਬਈ ਨਗਰ ਨਿਗਮ ਹੀ ਸ਼ਿਵ ਸੈਨਾ ਦੀ ਜੀਵਨ ਰੇਖਾ ਅਤੇ ਪ੍ਰਾਣਵਾਯੂ ਹੈ। ਵਰਣਨਯੋਗ ਹੈ ਕਿ ਇਹ ਬਜਟ ਕਈ ਪ੍ਰਾਂਤਾਂ ਦੇ ਬਜਟ ਤੋਂ ਵੀ ਵੱਧ ਹੈ। ਇਸ ਦੇ ਇਲਾਵਾ ਮੁੰਬਈ ਇਕੱਲਾ ਮਹਾਰਾਸ਼ਟਰ ਦੀ 288 ਮੈਂਬਰਾਂ ਵਾਲੀ ਵਿਧਾਨ ਸਭਾ ਵਿਚ 60 ਵਿਧਾਇਕ ਅਤੇ ਭਾਰਤ ਦੀ ਸੰਸਦ ਵਿਚ 11 ਸੰਸਦ ਮੈਂਬਰ ਭੇਜਦਾ ਹੈ। ਭਾਜਪਾ ਇਹ ਜਾਣਦੀ ਹੈ ਕਿ ਉਥੇ ਇਕੱਲਿਆਂ ਇਹ ਚੋਣ ਨਹੀਂ ਜਿੱਤ ਸਕੇਗੀ।
ਸ਼ਿਵ ਸੈਨਾ ਬੇਸ਼ਕ ਸਰਕਾਰ ਵਿਚ ਭਾਜਪਾ ਦੀ ਸਹਿਯੋਗੀ ਪਾਰਟੀ ਹੈ ਪਰ ਵਿਧਾਨ ਸਭਾ ਵਿਚ ਉਥੇ ਇਕ ਵਿਰੋਧੀ ਪਾਰਟੀ ਵਰਗੀ ਭੂਮਿਕਾ ਅਦਾ ਕਰ ਰਹੀ ਹੈ ਅਤੇ ਸਰਕਾਰ ਦੀ ਆਲੋਚਨਾ ਕਰਨ ਦਾ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੰਦੀ। ਅਜਿਹੇ ''ਚ ਬੀ. ਜੇ. ਪੀ.  ਮਨਸੇ ਨੂੰ ਮੁੰਬਈ ਨਿਗਮ ਦੀਆਂ ਚੋਣਾਂ ''ਚ ਆਪਣਾ ਸਾਥੀ ਬਣਾਉਣਾ ਚਾਹੁੰਦੀ ਹੈ।
ਇਕ ਮਹੱਤਵਪੂਰਨ ਗੱਲ ਇਹ ਵੀ ਹੈ ਕਿ ਜੋ 5 ਕਰੋੜ ਰੁਪਏ ਪ੍ਰਤੀ ਫਿਲਮ ਦੀ ਅਦਾਇਗੀ ਨਿਰਮਾਤਾਵਾਂ ਤੋਂ ਪਾਕਿਸਤਾਨੀ ਕਲਾਕਾਰਾਂ ਨੂੰ ਫਿਲਮ ਵਿਚ ਲੈਣ ਦੇ ਇਵਜ਼ ਵਿਚ ਲਈ ਹੈ ਜੋ ਉਹ ਫੌਜੀ ਕਲਿਆਣ ਫੰਡ ਵਿਚ ਜਮ੍ਹਾ ਕਰਾਉਣਾ ਚਾਹੁੰਦੇ ਹਨ। ਉਸ ਨੂੰ ਲੈਣ ਤੋਂ ਭਾਰਤੀ ਫੌਜ ਨੇ ਮਨ੍ਹਾ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਕ ਸੁਚਾਰੂ ਫੌਜ ਹੈ ਅਤੇ ਉਹ extortion ਦਾ ਪੈਸਾ ਨਹੀਂ ਲੈਂਦੀ।

Vijay Kumar Chopra

This news is Chief Editor Vijay Kumar Chopra