ਵਿਧਾਨ ਸਭਾ ਚੋਣਾਂ ''ਚ ਟਿਕਟ ਕੱਟਣ ''ਤੇ ਭਾਜਪਾ ਅਤੇ ਕਾਂਗਰਸ ''ਚ ਬਗਾਵਤ ਭੜਕੀ

10/05/2019 1:37:46 AM

21 ਅਕਤੂਬਰ ਨੂੰ ਹੋਣ ਵਾਲੀਆਂ ਮਹਾਰਾਸ਼ਟਰ ਅਤੇ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਸਮਾਂ ਹੱਦ 4 ਅਕਤੂਬਰ ਨੂੰ ਖਤਮ ਹੋਣ ਤੋਂ ਪਹਿਲਾਂ ਦੋਹਾਂ ਸੂਬਿਆਂ 'ਚ ਚੋਣਾਂ ਲੜ ਰਹੀਆਂ ਮੁੱਖ ਪਾਰਟੀਆਂ ਭਾਜਪਾ ਤੇ ਕਾਂਗਰਸ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਦਰਮਿਆਨ ਟਿਕਟ ਅਲਾਟਮੈਂਟ 'ਚ ਕਥਿਤ ਪੱਖਪਾਤ ਨੂੰ ਲੈ ਕੇ ਬਗਾਵਤ ਵਾਲੀ ਸਥਿਤੀ ਬਣ ਗਈ ਹੈ।
ਮਹਾਰਾਸ਼ਟਰ ਕਾਂਗਰਸ ਦੇ ਸਾਬਕਾ ਪ੍ਰਧਾਨ ਸੰਜੇ ਨਿਰੂਪਮ ਨੇ ਆਪਣਾ ਸੁਝਾਇਆ ਨਾਂ ਖਾਰਿਜ ਕਰਨ 'ਤੇ ਨਾਰਾਜ਼ ਹੋ ਕੇ ਕਾਂਗਰਸ ਦੀ ਪ੍ਰਚਾਰ ਮੁਹਿੰਮ 'ਚ ਸ਼ਾਮਿਲ ਨਾ ਹੋਣ ਦਾ ਐਲਾਨ ਕਰਨ ਦੇ ਨਾਲ ਹੀ ਇਹ ਵੀ ਕਹਿ ਦਿੱਤਾ ਕਿ ਪਾਰਟੀ ਲੀਡਰਸ਼ਿਪ ਉਨ੍ਹਾਂ ਨਾਲ ਜਿਹੋ ਜਿਹਾ ਵਰਤਾਓ ਕਰ ਰਹੀ ਹੈ, ਉਸ ਨੂੰ ਦੇਖਦਿਆਂ ਉਹ ਦਿਨ ਦੂਰ ਨਹੀਂ, ਜਦੋਂ ਉਹ ਪਾਰਟੀ ਨੂੰ ਅਲਵਿਦਾ ਕਹਿ ਦੇਣਗੇ।
ਸੰਜੇ ਨਿਰੂਪਮ ਦਾ ਕਹਿਣਾ ਹੈ ਕਿ ਕੁਝ ਸੀਟਾਂ ਨੂੰ ਛੱਡ ਕੇ ਮਹਾਰਾਸ਼ਟਰ ਵਿਚ ਪਾਰਟੀ ਦੇ ਸਾਰੇ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਪੂਰੇ ਮਾਡਲ ਵਿਚ ਹੀ ਕਮੀਆਂ ਹਨ ਅਤੇ ਪਾਰਟੀ 'ਚ ਯੋਗ ਲੋਕਾਂ ਨਾਲ ਇਨਸਾਫ ਨਹੀਂ ਕੀਤਾ ਗਿਆ। ਮੈਂ ਸਿਰਫ ਇਕ ਸੀਟ ਮੰਗੀ ਸੀ ਪਰ ਮੇਰੀ ਨਹੀਂ ਸੁਣੀ ਗਈ। ਲੱਗਦਾ ਹੈ ਕਿ ਪਾਰਟੀ ਹੁਣ ਮੇਰੀਆਂ ਸੇਵਾਵਾਂ ਨਹੀਂ ਚਾਹੁੰਦੀ।
ਮਹਾਰਾਸ਼ਟਰ ਭਾਜਪਾ 'ਚ ਵੀ ਕਈ ਦਲ-ਬਦਲੂਆਂ ਨੂੰ ਟਿਕਟ ਦੇਣ ਅਤੇ ਕਈ ਵਿਧਾਇਕਾਂ, ਮੰਤਰੀਆਂ ਨੂੰ ਛੱਡ ਦੇਣ ਵਿਰੁੱਧ ਰੋਹ ਭੜਕ ਉੱਠਿਆ ਹੈ। ਇਸੇ ਸਿਲਸਿਲੇ 'ਚ 3 ਅਕਤੂਬਰ ਨੂੰ ਸੈਂਕੜੇ ਵਰਕਰਾਂ ਨੇ ਮਹਾਰਾਸ਼ਟਰ ਭਾਜਪਾ ਦੇ ਪ੍ਰਧਾਨ ਚੰਦਰਕਾਂਤ ਪਾਟਿਲ ਦੀ ਕਾਰ ਦਾ ਘੇਰਾਓ ਕੀਤਾ।
ਸ਼ੁੱਕਰਵਾਰ ਨੂੰ ਜਦੋਂ ਭਾਜਪਾ ਉਮੀਦਵਾਰਾਂ ਦੀ ਆਖਰੀ ਸੂਚੀ ਜਾਰੀ ਕੀਤੀ ਗਈ ਤਾਂ ਉਸ 'ਚ ਸਾਬਕਾ ਮੰਤਰੀਆਂ ਏਕਨਾਥ ਖੜਸੇ, ਪ੍ਰਕਾਸ਼ ਮਹਿਤਾ ਅਤੇ ਵਿਨੋਦ ਤਾਵੜੇ ਦਾ ਨਾਂ ਗਾਇਬ ਦੇਖ ਕੇ ਤਾਵੜੇ ਦੇ ਸਮਰਥਕਾਂ ਨੇ ਭਾਜਪਾ ਦਫਤਰ ਦੇ ਸਾਹਮਣੇ ਹੰਗਾਮਾ ਖੜ੍ਹਾ ਕਰ ਦਿੱਤਾ ਅਤੇ ਉਨ੍ਹਾਂ ਦੀ ਥਾਂ ਟਿਕਟ ਹਾਸਿਲ ਕਰਨ ਵਾਲੇ ਸੁਨੀਲ ਰਾਣੇ ਵਿਰੁੱਧ 'ਗੋ ਬੈਕ' ਦੇ ਨਾਅਰੇ ਲਗਾਉਣ ਲੱਗੇ। ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਵਿਨੋਦ ਤਾਵੜੇ ਤੋਂ ਇਲਾਵਾ ਹੋਰ ਕੋਈ ਉਮੀਦਵਾਰ ਪ੍ਰਵਾਨ ਨਹੀਂ ਹੈ।
ਇਹੋ ਨਹੀਂ, 4 ਅਕਤੂਬਰ ਨੂੰ ਸਾਬਕਾ ਮੰਤਰੀ ਪ੍ਰਕਾਸ਼ ਮਹਿਤਾ ਦੀ ਥਾਂ ਘਾਟਕੋਪਰ ਤੋਂ ਪਰਾਗ ਸ਼ਾਹ ਨੂੰ ਟਿਕਟ ਦਿੱਤੇ ਜਾਣ ਤੋਂ ਨਾਰਾਜ਼ ਪ੍ਰਕਾਸ਼ ਮਹਿਤਾ ਦੇ ਸਮਰਥਕਾਂ ਨੇ ਪਰਾਗ ਸ਼ਾਹ ਦੀ ਕਾਰ ਦੀ ਭੰਨ-ਤੋੜ ਕੀਤੀ।
ਸਾਬਕਾ ਵਿੱਤ ਮੰਤਰੀ ਏਕਨਾਥ ਖੜਸੇ ਦਾ ਨਾਂ ਵੀ ਕੱਟਣ 'ਤੇ ਉਨ੍ਹਾਂ ਨੇ ਬਾਗ਼ੀ ਤੇਵਰ ਦਿਖਾਏ ਪਰ ਭਾਜਪਾ ਲੀਡਰਸ਼ਿਪ ਨੇ ਉਨ੍ਹਾਂ ਦੀ ਧੀ ਰੋਹਿਣੀ ਨੂੰ ਮੁਕਤਾਈ ਨਗਰ ਵਿਧਾਨ ਸਭਾ ਸੀਟ ਤੋਂ ਖੜ੍ਹੀ ਕਰਨ ਦਾ ਫੈਸਲਾ ਕਰ ਕੇ ਸ਼੍ਰੀ ਖੜਸੇ ਨੂੰ ਸ਼ਾਂਤ ਕਰਨ 'ਚ ਸਫਲਤਾ ਹਾਸਿਲ ਕਰ ਲਈ ਹੈ। ਸ਼੍ਰੀ ਖੜਸੇ 1991 ਤੋਂ ਇਸ ਸੀਟ ਦੀ ਨੁਮਾਇੰਦਗੀ ਕਰਦੇ ਆ ਰਹੇ ਸਨ।
ਗੋਂਦੀਆ, ਬੀਡ ਆਦਿ ਵਿਚ ਵੀ ਟਿਕਟ ਦੇ ਕਈ ਚਾਹਵਾਨਾਂ ਨੇ ਟਿਕਟ ਨਾ ਮਿਲਣ ਤੋਂ ਨਾਰਾਜ਼ ਹੋ ਕੇ ਆਜ਼ਾਦ ਉਮੀਦਵਾਰ ਵਜੋਂ ਪਰਚੇ ਭਰ ਦਿੱਤੇ ਹਨ।
ਨਵੀ ਮੁੰਬਈ ਦੀਆਂ ਏਰੋਲੀ ਅਤੇ ਬੇਲਾਪੁਰ ਵਾਲੀਆਂ ਸੀਟਾਂ ਭਾਜਪਾ ਦੇ ਖਾਤੇ 'ਚ ਜਾਣ 'ਤੇ ਭਾਜਪਾ ਦੀ ਗੱਠਜੋੜ ਸਹਿਯੋਗੀ ਸ਼ਿਵ ਸੈਨਾ ਵਿਚ ਵੀ ਨਾਰਾਜ਼ਗੀ ਭੜਕ ਉੱਠੀ ਹੈ ਅਤੇ ਨਵੀ ਮੁੰਬਈ ਤੋਂ ਹੁਣ ਤਕ 200 ਵਰਕਰ ਪਾਰਟੀ ਤੋਂ ਅਸਤੀਫਾ ਦੇ ਚੁੱਕੇ ਹਨ।
ਯਵਤਮਾਲ ਜ਼ਿਲੇ ਦੀਆਂ 7 ਸੀਟਾਂ 'ਚੋਂ ਭਾਜਪਾ ਦੇ ਬਰਾਬਰ ਤਾਕਤ ਰੱਖਣ ਵਾਲੀ ਸ਼ਿਵ ਸੈਨਾ ਦੇ ਹਿੱਸੇ ਸਿਰਫ ਇਕ ਸੀਟ ਆਉਣ ਕਰ ਕੇ ਵੀ ਸ਼ਿਵ ਸੈਨਾ ਵਿਚ ਨਾਰਾਜ਼ਗੀ ਹੈ। ਸ਼ਿਵ ਸੈਨਾ ਨੇ ਉਮਰਖੇਦ ਸੀਟ ਲਈ ਤਿਆਰੀ ਵੀ ਸ਼ੁਰੂ ਕਰ ਦਿੱਤੀ ਸੀ ਪਰ ਇਹ ਸੀਟ ਭਾਜਪਾ ਦੇ ਖਾਤੇ ਵਿਚ ਜਾਣ ਕਰ ਕੇ ਸ਼ਿਵ ਸੈਨਿਕ ਨਾਰਾਜ਼ ਹਨ।
ਇਸੇ ਤਰ੍ਹਾਂ ਹਰਿਆਣਾ ਕਾਂਗਰਸ 'ਚ ਅੰਦਰੂਨੀ ਕਲੇਸ਼ ਦਾ ਮਾਮਲਾ ਸੋਨੀਆ ਗਾਂਧੀ ਤਕ ਜਾ ਪਹੁੰਚਿਆ ਹੈ। ਸੂਬੇ ਵਿਚ ਹੋਈ ਟਿਕਟਾਂ ਦੀ ਵੰਡ 'ਚ ਆਪਣੇ ਧੜੇ ਦੇ ਉਮੀਦਵਾਰਾਂ ਦੀ ਅਣਦੇਖੀ ਤੋਂ ਨਾਰਾਜ਼ ਕਾਂਗਰਸ ਦੇ ਸਾਬਕਾ ਪ੍ਰਧਾਨ ਅਸ਼ੋਕ ਤੰਵਰ ਨੇ ਨਾ ਸਿਰਫ ਆਪਣੇ ਸਮਰਥਕਾਂ ਨਾਲ ਸੋਨੀਆ ਗਾਂਧੀ ਦੇ ਘਰ ਦੇ ਬਾਹਰ 2 ਅਕਤੂਬਰ ਨੂੰ ਧਰਨਾ ਦਿੱਤਾ, ਸਗੋਂ ਹਰਿਆਣਾ ਦੀ ਸੋਹਨਾ ਸੀਟ 5 ਕਰੋੜ ਰੁਪਏ ਵਿਚ ਵੇਚਣ ਦਾ ਦੋਸ਼ ਵੀ ਲਾਇਆ।
ਇਹੋ ਨਹੀਂ, ਉਨ੍ਹਾਂ ਨੇ 3 ਅਕਤੂਬਰ ਨੂੰ ਕਾਂਗਰਸ ਦੀਆਂ ਸਾਰੀਆਂ ਕਮੇਟੀਆਂ ਤੋਂ ਅਸਤੀਫਾ ਦਿੰਦਿਆਂ ਦੋਸ਼ ਲਾਇਆ ਕਿ ਟਿਕਟਾਂ ਦੀ ਵੰਡ 'ਚ ਤੈਅ ਮਾਪਦੰਡਾਂ ਦੀਆਂ ਧੱਜੀਆਂ ਉਡਾਉਂਦਿਆਂ ਉਨ੍ਹਾਂ ਦੀ ਪੂਰੀ ਤਰ੍ਹਾਂ ਅਣਦੇਖੀ ਕੀਤੀ ਗਈ ਹੈ। ਇਸ ਸਮੇਂ ਹਰਿਆਣਾ 'ਚ ਤੰਵਰ ਅਤੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੀ ਲੜਾਈ ਸਿਖਰਾਂ 'ਤੇ ਹੈ। ਪਾਰਟੀ 'ਚ ਰਣਜੀਤ ਸਿੰਘ ਅਤੇ ਨਿਰਮਲ ਸਿੰਘ ਵੀ ਟਿਕਟ ਨਾ ਮਿਲਣ ਕਰ ਕੇ ਬਾਗ਼ੀ ਹੋ ਗਏ ਹਨ।
ਹਰਿਆਣਾ 'ਚ ਟਿਕਟ ਨਾ ਮਿਲਣ 'ਤੇ ਭਾਜਪਾ ਵਿਚ ਸਭ ਤੋਂ ਵੱਧ ਭਾਜੜ ਦੇਖਣ ਨੂੰ ਮਿਲੀ ਹੈ ਅਤੇ ਕਈ ਨੇਤਾਵਾਂ ਨੇ ਟਿਕਟ ਨਾ ਮਿਲਣ 'ਤੇ ਧੜਾ ਬਦਲ ਲਿਆ ਹੈ। ਵਿਧਾਇਕ ਉਮੇਸ਼ ਅਗਰਵਾਲ ਨੇ ਆਪਣੀ ਪਤਨੀ ਦੇ ਆਜ਼ਾਦ ਉਮੀਦਵਾਰ ਵਜੋਂ ਕਾਗਜ਼ ਦਾਖਲ ਕਰਵਾ ਦਿੱਤੇ ਹਨ ਅਤੇ ਰੇਵਾੜੀ 'ਚ ਰੰਧੀਰ ਕਪੜੀਵਾਸ ਨੇ ਟਿਕਟ ਨਾ ਮਿਲਣ ਕਰ ਕੇ ਭਾਜਪਾ ਦੇ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ।
ਭਾਜਪਾ ਨੇ ਜਿਹੜੇ 12 ਵਿਧਾਇਕਾਂ ਦੀਆਂ ਟਿਕਟਾਂ ਕੱਟੀਆਂ ਹਨ, ਉਨ੍ਹਾਂ 'ਚੋਂ ਕਈ ਬਾਗ਼ੀ ਤੇਵਰ ਦਿਖਾ ਰਹੇ ਹਨ ਅਤੇ ਅੱਜ ਉਮੀਦਵਾਰਾਂ ਦੀ ਨਾਮਜ਼ਦਗੀ ਪ੍ਰਕਿਰਿਆ 'ਚ ਸ਼ਾਮਿਲ ਨਾ ਹੋ ਕੇ ਆਪਣੀ ਨਾਰਾਜ਼ਗੀ ਵੀ ਜ਼ਾਹਿਰ ਕਰ ਚੁੱਕੇ ਹਨ।
ਕੁਲ ਮਿਲਾ ਕੇ ਮਹਾਰਾਸ਼ਟਰ ਅਤੇ ਹਰਿਆਣਾ ਦੋਹਾਂ ਹੀ ਸੂਬਿਆਂ ਦੀਆਂ ਦੋਹਾਂ ਮੁੱਖ ਪਾਰਟੀਆਂ 'ਚ ਅੰਦਰੂਨੀ ਕਲੇਸ਼ ਵਾਲੀ ਸਥਿਤੀ ਬਣੀ ਹੋਈ ਹੈ, ਜਿਸ ਨਾਲ ਇਨ੍ਹਾਂ ਚੋਣਾਂ 'ਚ ਦੋਹਾਂ ਹੀ ਪਾਰਟੀਆਂ ਨੂੰ ਕੁਝ ਪ੍ਰੇਸ਼ਾਨੀ ਜ਼ਰੂਰ ਹੋਵੇਗੀ।

                                                                                                          —ਵਿਜੇ ਕੁਮਾਰ

KamalJeet Singh

This news is Content Editor KamalJeet Singh