ਰੁਕ ਨਹੀਂ ਰਿਹਾ ''ਸਰਕਾਰੀ ਹਸਪਤਾਲਾਂ'' ਵਿਚ ''ਮਾੜੇ ਪ੍ਰਬੰਧਾਂ ਅਤੇ ਲਾਪਰਵਾਹੀ ਦਾ ਸਿਲਸਿਲਾ''

06/23/2019 3:59:06 AM

ਲੋਕਾਂ ਨੂੰ ਸਸਤਾ ਅਤੇ ਮਿਆਰੀ ਇਲਾਜ ਮੁਹੱਈਆ ਕਰਵਾਉਣਾ ਸਾਡੀਆਂ ਕੇਂਦਰ ਅਤੇ ਸੂਬਾਈ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਪਰ ਇਹ ਦੋਵੇਂ ਹੀ ਇਸ 'ਚ ਅਸਫਲ ਹੋ ਰਹੀਆਂ ਹਨ, ਜੋ ਸਰਕਾਰੀ ਹਸਪਤਾਲਾਂ 'ਚ ਪਾਏ ਜਾ ਰਹੇ ਮਾੜੇ ਪ੍ਰਬੰਧਾਂ ਦੀਆਂ ਹੇਠ ਲਿਖੀਆਂ ਤਾਜ਼ਾ ਘਟਨਾਵਾਂ ਤੋਂ ਸਪੱਸ਼ਟ ਹੈ :
* 04 ਜੂਨ ਨੂੰ ਨਕੋਦਰ 'ਚ ਆਯੋਜਿਤ ਇਕ ਪਰਿਵਾਰ ਨਿਯੋਜਨ ਕੈਂਪ 'ਚ ਸਿਹਤ ਸੁਰੱਖਿਆ ਨਿਯਮਾਂ ਦੀ ਘੋਰ ਉਲੰਘਣਾ ਕਰਦੇ ਹੋਏ ਨਲਬੰਦੀ ਦੇ ਆਪ੍ਰੇਸ਼ਨ ਤੋਂ ਬਾਅਦ 33 ਔਰਤਾਂ ਨੂੰ ਇਕ ਕਮਰੇ ਦੇ ਫਰਸ਼ 'ਤੇ ਹੀ ਲਿਟਾ ਦਿੱਤਾ ਗਿਆ।
* 14 ਜੂਨ ਨੂੰ ਜਲੰਧਰ ਦੇ ਸਿਵਲ ਹਸਪਤਾਲ 'ਚ ਵਾਰਡ ਬੁਆਏ ਨੂੰ ਇਕ ਇਲਾਜ ਅਧੀਨ ਰੋਗੀ ਨੂੰ ਟਾਂਕੇ ਲਗਾਉਂਦੇ ਹੋਏ ਫੜਿਆ ਗਿਆ।
* 16 ਜੂਨ ਨੂੰ ਇਕ ਰੋਗੀ ਨੇ ਦੋਸ਼ ਲਾਇਆ ਕਿ ਉਹ ਕੈਥਲ ਦੇ ਸਿਵਲ ਹਸਪਤਾਲ 'ਚ ਸੱਟ ਦੇ ਇਲਾਜ ਲਈ 25 ਮਈ ਨੂੰ ਦਾਖਲ ਹੋਇਆ, ਜਿੱਥੇ ਦੋ ਵਾਰ ਚੂਹਿਆਂ ਨੇ ਉਸ ਦੀ ਲੱਤ ਨੂੰ ਕੱਟ ਦਿੱਤਾ ਤੇ ਉਸ ਦਾ ਇਲਾਜ ਨਹੀਂ ਕੀਤਾ ਗਿਆ।
* 18 ਜੂਨ ਨੂੰ ਰੋਹਿਣੀ ਦੇ ਮਹਿਰਿਸ਼ੀ ਵਾਲਮੀਕਿ ਹਸਪਤਾਲ 'ਚ ਇਲਾਜ ਲਈ ਬਲਾਤਕਾਰ ਦੀ ਸ਼ਿਕਾਰ 6 ਸਾਲਾ ਮਾਸੂਮ ਨੂੰ ਲਿਆਂਦਾ ਗਿਆ ਪਰ ਉਸ ਦੇ ਪ੍ਰੀਖਣ ਲਈ ਉਥੇ ਜ਼ਰੂਰੀ ਸਹੂਲਤ ਮੁਹੱਈਆ ਨਾ ਹੋਣ ਕਾਰਣ ਡਾਕਟਰਾਂ ਨੇ ਬੱਚੀ ਦੇ ਪਰਿਵਾਰਕ ਮੈਂਬਰਾਂ ਨੂੰ ਦੂਜੇ ਹਸਪਤਾਲ 'ਚ ਲਿਜਾਣ ਲਈ ਕਹਿ ਦਿੱਤਾ।
* 20 ਜੂਨ ਨੂੰ ਬਰੇਲੀ ਦੇ ਸਿਵਲ ਹਸਪਤਾਲ 'ਚ ਇਲਾਜ ਲਈ ਲਿਆਂਦੀ ਗਈ ਮਾਸੂਮ ਦਾ ਇਲਾਜ ਕਰਨ ਦੀ ਬਜਾਏ ਡਾਕਟਰ 3 ਘੰਟਿਆਂ ਤਕ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਇਕ ਵਾਰਡ ਤੋਂ ਦੂਜੇ ਵਾਰਡ 'ਚ ਦੌੜਾਉਂਦੇ ਰਹੇ, ਜਿਸ ਦੇ ਸਿੱਟੇ ਵਜੋਂ ਇਲਾਜ 'ਚ ਦੇਰੀ ਹੋ ਜਾਣ ਕਾਰਣ ਮਾਸੂਮ ਦੀ ਮੌਤ ਹੋ ਗਈ।
* 21 ਜੂਨ ਨੂੰ ਮੁਜ਼ੱਫਰਨਗਰ ਦੇ ਫਲੋਦਾ ਸਥਿਤ ਕਮਿਊਨਿਟੀ ਹੈਲਥ ਸੈਂਟਰ 'ਚ ਆਪਣੀ 3 ਸਾਲ ਦੀ ਬੇਟੀ ਅਤੇ ਬਜ਼ੁਰਗ ਨਨਾਣ ਨਾਲ ਇਲਾਜ ਲਈ ਪਹੁੰਚੀ ਔਰਤ ਨੂੰ ਗੁਲੂਕੋਜ਼ ਦੀ ਬੋਤਲ ਲਗਾਉਣ ਤੋਂ ਬਾਅਦ ਡਾਕਟਰ ਅਟੈਂਡ ਕਰਨਾ ਭੁੱਲ ਗਿਆ।
ਕੁਝ ਸਮੇਂ ਬਾਅਦ ਕੇਂਦਰ ਦਾ ਸਟਾਫ ਉਨ੍ਹਾਂ ਦੇ ਕਮਰੇ ਨੂੰ ਬਾਹਰੋਂ ਤਾਲਾ ਲਗਾ ਕੇ ਛੁੱਟੀ ਕਰ ਗਿਆ ਅਤੇ ਰਾਤ ਭਰ ਤਿੰਨੋਂ ਉਸੇ ਕਮਰੇ ਵਿਚ ਬੰਦ ਰਹੀਆਂ। ਇਸ ਦੌਰਾਨ ਗੁਲੂਕੋਜ਼ ਦੀ ਬੋਤਲ ਖੂਨ ਨਾਲ ਭਰ ਗਈ ਅਤੇ ਔਰਤ ਮਰਨ ਤੋਂ ਵਾਲ-ਵਾਲ ਬਚੀ।
ਕਰੋੜਾਂ ਰੁਪਏ ਦੀ ਲਾਗਤ ਨਾਲ ਬਣੇ ਸਰਕਾਰੀ ਹਸਪਤਾਲਾਂ 'ਚ ਟ੍ਰੇਂਡ ਸਟਾਫ, ਦਵਾਈਆਂ ਅਤੇ ਬੁਨਿਆਦੀ ਢਾਂਚੇ ਦੀ ਕਮੀ ਅਤੇ ਸਟਾਫ ਦੀ ਲਾਪਰਵਾਹੀ ਨਿਸ਼ਚੇ ਹੀ ਇਕ ਭਖਦੀ ਸਮੱਸਿਆ ਹੈ, ਜਿਸ ਦਾ ਹੱਲ ਜਲਦੀ ਤੋਂ ਜਲਦੀ ਲੱਭਿਆ ਜਾਣਾ ਚਾਹੀਦਾ ਹੈ, ਨਹੀਂ ਤਾਂ ਇਸੇ ਤਰ੍ਹਾਂ ਹਸਪਤਾਲਾਂ 'ਚ ਮੰਦਭਾਗੀਆਂ ਘਟਨਾਵਾਂ ਹੁੰਦੀਆਂ ਰਹਿਣਗੀਆਂ।

                                                                                                          — ਵਿਜੇ ਕੁਮਾਰ

KamalJeet Singh

This news is Content Editor KamalJeet Singh