‘ਕਾਨੂੰਨ ਹੋਣ ਦੇ ਬਾਵਜੂਦ’ ‘ਔਰਤਾਂ ਲਗਾਤਾਰ ਘਰੇਲੂ ਹਿੰਸਾ ਦੀਆਂ ਸ਼ਿਕਾਰ’

07/14/2022 1:18:18 AM

ਔਰਤਾਂ ਦੀ ਘਰੇਲੂ ਹਿੰਸਾ ਤੋਂ ਸੁਰੱਖਿਆ ਲਈ ਦੇਸ਼ ’ਚ ‘ਦਾਜ ਪ੍ਰਤੀਰੋਧ ਕਾਨੂੰਨ’ (1961), ‘ਅਸ਼ਲੀਲ ਚਿੱਤਰਣ ਰੋਕਥਾਮ ਕਾਨੂੰਨ’ (1986),‘ਘਰੇਲੂ ਹਿੰਸਾ ਨਿਵਾਰਨ ਕਾਨੂੰਨ’ (2005), ‘ਬਾਲ ਵਿਆਹ ਰੋਕਥਾਮ ਕਾਨੂੰਨ’ (2006) ਆਦਿ ਕਾਨੂੰਨ ਮੌਜੂਦ ਹੋਣ ਦੇ ਬਾਵਜੂਦ ਇੱਥੇ ਹਰ 3 ’ਚੋਂ ਇਕ ਔਰਤ ਘਰੇਲੂ ਤਸ਼ੱਦਦ ਦੀ  ਸ਼ਿਕਾਰ ਹੋ ਰਹੀ ਹੈ, ਜਿਸ ਦੀਆਂ ਲਗਭਗ 1 ਮਹੀਨੇ ਦੀਆਂ ਉਦਾਹਰਣਾਂ ਹੇਠਾਂ ਦਰਜ ਹਨ :  
* 16 ਜੂਨ ਨੂੰ ਅਲੀਗੜ੍ਹ ਦੇ ਪਿੰਡ ‘ਸਿੰਧੌਲੀਖੁਰਦ’ ’ਚ ਇਕ 22 ਸਾਲਾ ਔਰਤ ਨੇ ਘਰੇਲੂ ਕਲੇਸ਼ ਅਤੇ ਪਤੀ ਵੱਲੋਂ ਬੁਲੇਟ ਮੋਟਰਸਾਈਕਲ ਲਈ ਪੈਸੇ ਮੰਗਣ ਤੋਂ ਤੰਗ ਆ ਕੇ ਦੁਪੱਟੇ ਨਾਲ ਫਾਹਾ ਬਣਾ ਕੇ ਆਪਣੀ ਜੀਵਨਲੀਲਾ ਖਤਮ ਕਰ ਲਈ। 
* 26 ਜੂਨ ਨੂੰ ਰਤਲਾਮ ਦੇ ਲਖਮਾਖੇੜੀ ਪਿੰਡ ’ਚ ਇਕ ਔਰਤ ਨੇ ਜਦੋਂ ਆਪਣੇ ਪਤੀ ਨੂੰ ਕੁਝ ਸਾਮਾਨ ਲਿਆਉਣ ਨੂੰ ਕਿਹਾ ਤਾਂ ਉਸ ਦੇ ਪਤੀ ਨੇ ਉਸ ਨੂੰ ਬੁਰੀ ਤਰ੍ਹਾਂ ਕੁੱਟ ਦਿੱਤਾ। 
* 2 ਜੁਲਾਈ ਨੂੰ ਸੋਨੀਪਤ ’ਚ ਪਤੀ ਵੱਲੋਂ ਪ੍ਰੇਸ਼ਾਨ ਕਰਨ ’ਤੇ ਇਕ ਔਰਤ ਨੇ ਖੁਦਕੁਸ਼ੀ ਕਰ ਲਈ। ਪੁਲਸ ਨੇ ਇਸ ਸਿਲਸਿਲੇ ’ਚ ਮ੍ਰਿਤਕਾ ਦੇ ਪਤੀ ਦੇ ਵਿਰੁੱਧ ਉਸ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ’ਚ ਕੇਸ ਦਰਜ ਕੀਤਾ ਹੈ। 
* 3 ਜੁਲਾਈ ਨੂੰ ‘ਬਾਂਦਾ’ ’ਚ ਸ਼ਰਾਬ ਪੀਣ ਲਈ ਪੈਸੇ ਦੇਣ ਤੋਂ ਨਾਂਹ ਕਰਨ ’ਤੇ ਇਕ ਵਿਅਕਤੀ ਨੇ ਆਪਣੀ ਪਤਨੀ ਨੂੰ ਡੰਡੇ ਨਾਲ ਕੁੱਟਣ ਦੇ ਬਾਅਦ ਮਕਾਨ ਦੀ ਛੱਤ ਤੋਂ ਹੇਠਾਂ ਸੁੱਟ ਕੇ ਗੰਭੀਰ ਤੌਰ ’ਤੇ ਜ਼ਖਮੀ ਕਰ ਦਿੱਤਾ।
ਅੌਰਤ ਦਾ ਦੋਸ਼ ਹੈ ਕਿ ਉਸ ਦਾ ਪਤੀ ਨਸ਼ਾ ਕਰਨ ਲਈ ਅਕਸਰ ਉਸ ਕੋਲੋਂ ਰੁਪਏ-ਪੈਸੇ ਅਤੇ ਗਹਿਣੇ ਮੰਗਦਾ ਹੈ ਅਤੇ ਨਾਂਹ ਕਰਨ ’ਤੇ ਉਸ ਨਾਲ ਕੁੱਟਮਾਰ ਕਰਦਾ ਹੈ।  
* 5 ਜੁਲਾਈ  ਨੂੰ ਬਿਲਾਸਪੁਰ ਦੇ ‘ਮੋਤਿਮਪੁਰ’ ’ਚ ਘਰੇਲੂ ਵਿਵਾਦ ਕਾਰਨ ਇਕ ਵਿਅਕਤੀ ਨੇ ਪਹਿਲਾਂ ਤਾਂ ਆਪਣੀ ਭਾਬੀ ਨਾਲ ਗਾਲੀ-ਗਲੋਚ ਕੀਤਾ ਅਤੇ ਫਿਰ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਔਰਤ ਦਾ ਪਤੀ ਵੀ ਘਰ ਆ ਪਹੁੰਚਿਆ ਅਤੇ ਉਹ ਵੀ ਉਸ ਨੂੰ ਕੁੱਟਣ ਤੋਂ ਬਚਾਉਣ ਦੀ ਬਜਾਏ ਆਪਣੇ ਭਰਾ ਨਾਲ ਮਿਲ ਕੇ ਉਸ ਨੂੰ ਕੁੱਟਣ ਲੱਗਾ, ਜਿਸ ਦੇ ਵਿਰੁੱਧ ਪੀੜਤ ਔਰਤ ਨੇ ਪੁਲਸ ’ਚ ਸ਼ਿਕਾਇਤ ਦਰਜ ਕਰਵਾਈ। 
* 11 ਜੁਲਾਈ ਨੂੰ ਆਪਣੇ ਪਤੀ ਨਾਲੋਂ ਵੱਖ ਰਹਿਣ ਵਾਲੀ ਇਕ ਔਰਤ ਜਦੋਂ ਉੱਤਰ ਪ੍ਰਦੇਸ਼ ’ਚ ਸੰਭਲ ਦੇ ‘ਘੰਸੂਰਪੁਰ’ ਪਿੰਡ ’ਚ ਆਪਣੇ ਪੁੱਤਰ ਨੂੰ ਮਿਲਣ ਆਈ ਤਾਂ ਉਸ ਦੇ ਪਤੀ ਨੇ ਸਿਰਹਾਣੇ ਨਾਲ ਧੌਣ ਦਬਾ ਕੇ ਉਸ ਨੂੰ ਮਾਰ ਦਿੱਤਾ। 
* 11 ਜੁਲਾਈ ਨੂੰ ਹੀ ਬਿਹਾਰ ਦੇ ਸਮਸਤੀਪੁਰ ’ਚ ਇਕ ਔਰਤ ਵੱਲੋਂ  ਆਪਣੇ ਪਤੀ ਦੇ ਨਾਜਾਇਸ਼ ਸਬੰਧਾਂ ਦਾ ਵਿਰੋਧ ਕਰਨ ’ਤੇ ਉਸ ਨੇ ਪਤਨੀ ਦੀ ਹੱਤਿਆ ਕਰ ਕੇ ਉਸ ਦੀ ਲਾਸ਼ ਬਿਜਲੀ ਦੇ ਖੰਬੇ ਨਾਲ ਲਟਕਾ ਦਿੱਤੀ।  
* 12 ਜੁਲਾਈ ਨੂੰ ਪਠਾਨਕੋਟ ਦੇ ਪਿੰਡ ‘ਤਲਾਰੀਆ’ ਦੀ ਰਹਿਣ ਵਾਲੀ ਔਰਤ ਨੇ ਆਪਣੇ ਪਤੀ ਵਿਰੁੱਧ ਦਾਜ ਲਈ ਉਸ ਨੂੰ ਤੰਗ-ਪ੍ਰੇਸ਼ਾਨ ਕਰਨ, ਕੁੱਟਮਾਰ ਕਰਨ ਤੇ ਬੀਮਾਰੀ ਕਾਰਨ ਬੇਸਹਾਰਾ ਛੱਡ ਦੇਣ ਦੇ ਦੋਸ਼ ’ਚ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ। 
* 12 ਜੁਲਾਈ ਨੂੰ ਹੀ ਮਲੋਟ ਦੇ ਸੰਦੀਪ ਨਗਰ ’ਚ ਇਕ ਵਿਅਕਤੀ ਨੇ ਗਲਾ ਘੁੱਟ ਕੇ ਆਪਣੀ ਨੂੰਹ ਨੂੰ ਮਾਰ ਦਿੱਤਾ। 
* 12 ਜੁਲਾਈ ਨੂੰ ਹੀ ਉੱਤਰ ਪ੍ਰਦੇਸ਼ ਦੇ ਲਲਿਤਪੁਰ ’ਚ ਘਰੇਲੂ ਵਿਵਾਦ ਕਾਰਨ ਇਕ ਔਰਤ ਆਪਣੇ 3 ਮਾਸੂਮ ਬੱਚਿਆਂ ਨੂੰ ਲੈ ਕੇ ਖੂਹ ’ਚ ਕੁੱਦ ਗਈ। ਲੋਕਾਂ ਨੇ ਔਰਤ ਨੂੰ ਤਾਂ ਬਚਾਅ ਲਿਆ ਪਰ ਤਿੰਨਾਂ ਬੱਚਿਆਂ ਦੀ ਮੌਤ ਹੋ ਗਈ। 
ਇਸੇ ਦਿਨ ਮਹੋਬਾ ਦੇ ‘ਸਿਯਾਵਨ’ ਪਿੰਡ ’ਚ ਸ਼ਰਾਬੀ ਪਤੀ ਦੇ ਤਸ਼ੱਦਦ, ਕੁੱਟਮਾਰ ਅਤੇ ਜੌੜੀਆਂ ਧੀਆਂ  ਪੈਦਾ ਹੋਣ ’ਤੇ ਸਹੁਰਿਆਂ ਦੇ ਤਾਅਨਿਆਂ ਤੋਂ ਪ੍ਰੇਸ਼ਾਨ ਔਰਤ ਨੇ ਆਪਣੀ ਇਕ ਸਾਲ ਦੀ ਮਾਸੂਮ ਬੱਚੀ ਨਾਲ ਖੁਦਕੁਸ਼ੀ ਕਰ ਲਈ। 
* 12 ਜੁਲਾਈ ਨੂੰ ਹੀ ਕਪੂਰਥਲਾ ’ਚ ਇਕ ਔਰਤ ਨੇ ਆਪਣੇ ਪਤੀ ਦੇ ਵਿਰੁੱਧ ਸ਼ਿਕਾਇਤ ਲਿਖਵਾਈ, ਜਿਸ ’ਚ ਉਸ ਨੇ ਗੈਰ-ਕੁਦਰਤੀ ਸਬੰਧ ਬਣਾਉਣ ਤੋਂ ਨਾਂਹ ਕਰਨ ’ਤੇ ਉਸ ਨਾਲ ਕੁੱਟਮਾਰ ਕਰਨ ਦਾ ਦੋਸ਼ ਲਾਇਆ।  
* 12 ਜੁਲਾਈ ਨੂੰ ਹੀ ਹਿਸਾਰ ਪੁਲਸ ਨੇ ਇਕ ਔਰਤ ਵਿਰੁੱਧ ਆਪਣੀ 9 ਸਾਲਾ ਧੀ ਨੂੰ ਕਿਸੇ ਵਿਅਕਤੀ ਨੂੰ ਗੋਦ ਦੇਣ ਦੇ ਬਦਲੇ ’ਚ ਉਸ ਤੋਂ 2 ਲੱਖ ਰੁਪਏ ਦੀ ਮੰਗ ਕਰਨ, ਉਸ ਦੀਆਂ ਨਗਨ (ਅਸ਼ਲੀਲ)  ਫੋਟੋਆਂ ਵਾਇਰਲ ਕਰਨ ਤੇ ਵੇਸ਼ਵਾਪੁਣਾ ਕਰਵਾਉਣ ਦੇ ਮਕਸਦ ਨਾਲ ਉਸ ਨੂੰ ਵੇਚਣ ਦੀ ਕੋਸ਼ਿਸ਼ ਕਰਨ ਦੇ ਦੋਸ਼ ’ਚ ਕੇਸ ਦਰਜ ਕੀਤਾ।  
ਉਪਰੋਕਤ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਔਰਤਾਂ ਦੇ ਵਿਰੁੱਧ ਹਿੰਸਾ ਨਾਲ ਨਜਿੱਠਣ ਦੇ ਲਈ ਕਾਨੂੰਨ ਹੋਣ ਦੇ ਬਾਵਜੂਦ ਇਨ੍ਹਾਂ ਦਾ ਅਸਰਦਾਇਕ ਢੰਗ ਨਾਲ ਲਾਗੂ ਨਾ ਹੋਣ ਦੇ ਕਾਰਨ ਔਰਤਾਂ ਘਰੇਲੂ ਹਿੰਸਾ ਦੀਆਂ ਸ਼ਿਕਾਰ ਹੋ ਰਹੀਆਂ ਹਨ ਕਿਉਂਕਿ  ਗਵਾਹਾਂ ਦੇ ਸਾਹਮਣੇ ਨਾ ਆਉਣ ਨਾਲ ਇਨ੍ਹਾਂ ਮਾਮਲਿਆਂ ’ਚ ਘੱਟ ਦੋਸ਼ੀਆਂ ਨੂੰ ਹੀ ਸਜ਼ਾ ਮਿਲਦੀ ਹੈ।
ਇਹੀ  ਨਹੀਂ  ਵਿਸ਼ੇਸ਼ ਅਦਾਲਤਾਂ ਦੀ ਕਮੀ ਅਤੇ ਪੁਲਸ ਜਾਂਚ ’ਚ ਢਿਲਾਈ ਵੀ ਔਰਤਾਂ ਦੇ ਵਿਰੁੱਧ ਅਪਰਾਧਾਂ  ਦੇ ਵਧਣ ਦਾ ਇਕ ਵੱਡਾ ਕਾਰਨ ਹੈ। ਇਸ ਲਈ ਜਦੋਂ ਤੱਕ ਔਰਤ ਸੁਰੱਖਿਆ ਕਾਨੂੰਨਾਂ ਦੀਆਂ ਵਿਵਸਥਾਵਾਂ ਨੂੰ ਅਸਰਦਾਇਕ  ਢੰਗ ਨਾਲ ਲਾਗੂ  ਅਤੇ ਅਪਰਾਧੀਆਂ ਦੇ ਮਨ ’ਚ ਕਾਨੂੰਨ ਦਾ ਡਰ ਪੈਦਾ ਨਹੀਂ ਕੀਤਾ ਜਾਵੇਗਾ,  ਉਦੋਂ ਤੱਕ ਔਰਤਾਂ ’ਤੇ ਘਰੇਲੂ ਹਿੰਸਾ ਅਤੇ ਤਸ਼ੱਦਦ ਖਤਮ ਹੋਣ ਦੀ ਸੰਭਾਵਨਾ ਘੱਟ ਹੀ ਜਾਪਦੀ ਹੈ।  

ਵਿਜੇ ਕੁਮਾਰ 


Karan Kumar

Content Editor

Related News