ਅਮਰੀਕਾ ’ਚ ਮਹਾਮਾਰੀ ਦੇ ਬਾਅਦ ਵਧੀ ਰੋਬੋਟਾਂ ਦੀ ਮੰਗ

10/25/2021 3:19:23 AM

‘ਮਿਸੋ ਰੋਬੋਟਿਕਸ’, ‘ਬਿਅਰ ਰੋਬੋਟਿਕਸ’, ‘ਪੀਨਟ ਰੋਬੋਟਿਕਸ’, ‘ਨਾਈਟਸਕੋਪ’, ‘ਸਾਫਟਬੈਂਕ ਰੋਬੋਟਿਕਸ’ ਵਰਗੇ ਰੋਬੋਟ ਬਣਾਉਣ ਵਾਲੀਆਂ ਕਈ ਕੰਪਨੀਆਂ ਦਾ ਕਹਿਣਾ ਹੈ ਕਿ ਮਹਾਮਾਰੀ ਦੇ ਬਾਅਦ ਤੋਂ ਉਨ੍ਹਾਂ ਦੇ ਰੋਬੋਟਾਂ ਦੀ ਮੰਗ ਕਈ ਗੁਣਾ ਵੱਧ ਚੁੱਕੀ ਹੈ।

ਅਮਰੀਕਾ ’ਚ ਇਹ ਮੰਗ ਰੇਸਤਰਾਂ ਵਾਲਿਆਂ ਵੱਲੋਂ ਵੀ ਆ ਰਹੀ ਹੈ। ਜਦੋਂ ਫਲੋਰਿਡਾ ਸੂਬੇ ਨੇ ਇਸ ਸਾਲ ਦੀ ਸ਼ੁਰੂਆਤ ’ਚ ਰੇਸਤਰਾਂ ਨੂੰ ਖੋਲ੍ਹਣ ਦੀ ਇਜਾਜ਼ਤ ਿਦੱਤੀ ਤਾਂ ਉਨ੍ਹਾਂ ਦੇ ਮਾਲਕ ਖੁਸ਼ ਸਨ ਪਰ ਉਨ੍ਹਾਂ ਨੂੰ ਜਲਦੀ ਹੀ ਅਹਿਸਾਸ ਹੋ ਗਿਆ ਕਿ ਮੁਲਾਜ਼ਮਾਂ ਨੂੰ ਕੰਮ ’ਤੇ ਵਾਪਸ ਸੱਦਣਾ ਕਿੰਨਾ ਔਖਾ ਸੀ।

ਅਜਿਹੇ ਹੀ ਇਕ ਰੇਸਤਰਾਂ ਮਾਲਕ ਕਾਰਲੋਸ ਗਾਜਿਟੂਆ ਨੇ ਰੋਬੋਟਸ ਦੀ ਮਦਦ ਲੈਣ ਦਾ ਫੈਸਲਾ ਕੀਤਾ ਅਤੇ ਜੁਲਾਈ ’ਚ ਆਪਣੇ ਰੇਸਤਰਾਂ ਲਈ ‘ਸਰਵੀ ਰੋਬੋਟ’ ਲੈ ਆਏ। ਕੈਮਰੇ ਅਤੇ ਲੇਜ਼ਰ ਸੈਂਸਰਾਂ ਨਾਲ ਲੈਸ ਰੋਬੋਟ ਕਿਚਨ ਤੋਂ ਪਕਵਾਨਾਂ ਦੀਆਂ ਪਲੇਟਾਂ ਨੂੰ ਟੇਬਲਾਂ ਤੱਕ ਲਿਆਉਂਦਾ ਹੈ ਜਿੱਥੇ ਵੇਟਰ ਉਨ੍ਹਾਂ ਨੂੰ ਗਾਹਕਾਂ ਦੇ ਸਾਹਮਣੇ ਪਰੋਸਦੇ ਹਨ।       

ਮਹਾਮਾਰੀ ਦੇ ਕਾਰਨ ਅਮਰੀਕਾ ਦੀ ਰੇਸਤਰਾਂ ਇੰਡਸਟਰੀ ’ਚ ਮੁਲਾਜ਼ਮਾਂ ਦੀ ਕਿੱਲਤ ਦੇ ਦਰਮਿਆਨ ਰੋਬੋਟਾਂ ਦੀ ਮਦਦ ਲੈਣ ਦਾ ਰੁਝਾਨ ਵਧ ਚੁੱਕਾ ਹੈ। ਰੇਸਤਰਾਂ ਮਾਲਕਾਂ ਦਾ ਕਹਿਣਾ ਹੈ ਕਿ ਰੋਬੋਟ ਨਾਂ ਬੀਮਾਰ ਹੁੰਦੇ ਹਨ, ਨਾ ਹੀ ਤਨਖਾਹ ਵਧਾਉਣ ਲਈ ਕਹਿੰਦੇ ਹਨ, ਭੋਜਨ ਤਲਣ ਤੋਂ ਲੈ ਕੇ ਸਫਾਈ ਵਰਗੇ ਕੰਮ ਵੀ ਬਿਨਾਂ ਨਖਰੇ ਕਰਦੇ ਹਨ।

ਬਾਜ਼ਾਰ ’ਚ ਲਗਭਗ ਹਰ ਤਰ੍ਹਾਂ ਦੇ ਕੰਮ ਕਰਨ ਵਾਲੇ ਰੋਬੋਟ ਮੌਜੂਦ ਹਨ। ‘ਫਿਲਪੀ’ ਨਾਂ ਦਾ ਇਕ ਰੋਬੋਟ ਆਰਟੀਫੀਸ਼ੀਅਲ ਇੰਟੈਲੀਜੈਂਸ, ਸੈਂਸਰਾਂ, ਕੰਪਿਊਟਰ ਵਿਜ਼ਨ ਅਤੇ ਰੋਬੋਟਿਕ ਆਰਮਸ ਦੀ ਵਰਤੋਂ ਕਰਦੇ ਹੋਏ ਫਾਸਟ ਫੂਡ ਫ੍ਰਾਈ ਕਰ ਸਕਦਾ ਹੈ।

‘ਫਿਲਪੀ’ ਰੋਬੋਟ ਬਣਾਉਣ ਵਾਲਿਆਂ ਦਾ ਕਹਿਣਾ ਹੈ ਕਿ ਉਸ ਦੀ ਵਰਤੋਂ ਕਰਨ ਨਾਲ ਰਸੋਈ ’ਚ ਭੋਜਨ ਪਕਾਉਂਦੇ ਹੋਏ ਮਨੁੱਖੀ ਤਰੁੱਟੀ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ ਜਿਸ ਨਾਲ ਖਾਣੇ ਦੇ ਦੂਸ਼ਿਤ ਹੋਣ ਤੋਂ ਵੀ ਬਚਿਆ ਜਾ ਸਕਦਾ ਹੈ।

‘ਸੈਂਟਰਜ਼ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ’ (ਸੀ. ਡੀ. ਸੀ.) ਦਾ ਅੰਦਾਜ਼ਾ ਹੈ ਕਿ ਹਰ ਸਾਲ ਖੁਰਾਕ ਤੋਂ ਪੈਦਾ ਹੋਣ ਵਾਲੀਆਂ ਬੀਮਾਰੀਆਂ ਨਾਲ 4.80 ਕਰੋੜ ਲੋਕ ਬੀਮਾਰ ਹੁੰਦੇ ਹਨ, ਜਿਨ੍ਹਾਂ ’ਚੋਂ 1,28,000 ਹਸਪਤਾਲ ’ਚ ਦਾਖਲ ਹੁੰਦੇ ਹਨ ਅਤੇ 3,000 ਦੀ ਮੌਤ ਹੋ ਜਾਂਦੀ ਹੈ।

ਹਾਲਾਂਕਿ, ਰੋਬੋਟਸ ਨੂੰ ਲੈ ਕੇ ਆਪਣੀ ਤਰ੍ਹਾਂ ਦੀਆਂ ਕਈ ਸਮੱਸਿਆਵਾਂ ਹੋ ਸਕਦੀਆਂ ਹਨ, ਉਹ ਬੀਮਾਰ ਨਹੀਂ ਹੁੰਦੇ ਜਾਂ ਤਨਖਾਹ ਵਧਾਉਣ ਲਈ ਨਹੀਂ ਕਹਿੰਦੇ ਪਰ ਖਰਾਬ ਹੋ ਸਕਦੇ ਹਨ।

ਓਧਰ ਰੋਬੋਟਸ ਕਈ ਵਾਰ ਅਜਿਹੀਆਂ ਗਲਤੀਆਂ ਕਰ ਚੁੱਕੇ ਹਨ ਜਿਨ੍ਹਾਂ ਨੂੰ ਲੈ ਕੇ ਜਨਤਕ ਤੌਰ ’ਤੇ ਵੀ ਖੂਬ ਆਲੋਚਨਾ ਹੋਈ। ਇਨ੍ਹਾਂ ਦੇ ‘ਹੈਕ’ ਤੱਕ ਹੋਣ ਦੀ ਸੰਭਾਵਨਾ ਵੀ ਪ੍ਰਗਟਾਈ ਜਾ ਚੁੱਕੀ ਹੈ ਪਰ ਮਾਹਿਰਾਂ ਦਾ ਮੰਨਣਾ ਹੈ ਕਿ ਮਹਾਮਾਰੀ ਦੇ ਕਾਰਨ ਮੁਲਾਜ਼ਮਾਂ ਦੀ ਘਾਟ ਦੇ ਕਾਰਨ ਕੰਮ ਵਾਲੀਆਂ ਥਾਵਾਂ ’ਤੇ ਰੋਬੋਟਾਂ ਨੂੰ ਪ੍ਰਵਾਨ ਕਰਨਾ ਹੁਣ ਆਮ ਹੋ ਚੁੱਕਾ ਹੈ।

ਬੇਸ਼ੱਕ ਹੀ ਘੱਟ ਆਬਾਦੀ ਵਾਲੇ ਪਰ ਅਮੀਰ ਦੇਸ਼ਾਂ ’ਚ ਇਨ੍ਹਾਂ ਦੀ ਪ੍ਰਵਾਨਗੀ ਵੱਧ ਹੈ ਪਰ ਵਿਕਾਸਸ਼ੀਲ ਦੇਸ਼ ਇਸ ਨੂੰ ਬੇਰੋਜ਼ਗਾਰੀ ਵਧਾਉਣ ਵਾਲੇ ਵਿਚਾਰ ਦੇ ਰੂਪ ’ਚ ਦੇਖਦੇ ਹਨ ਅਤੇ ਇਸ ਦੇ ਲਈ ਤਿਆਰ ਨਹੀਂ ਹਨ ਪਰ ਮਨੁੱਖੀ ਤਰੱਕੀ ਦੇ ਇਤਿਹਾਸ ਨੂੰ ਨਹੀਂ ਭੁੱਲਣਾ ਚਾਹੀਦਾ, ਮਸ਼ੀਨੀਕਰਨ ਦੀ ਕਹਾਣੀ ਨੇ ਨਾ ਸਿਰਫ ਮਨੁੱਖ ਦੀ ਜ਼ਿੰਦਗੀ ਨੂੰ ਸਹਿਜ ਅਤੇ ਸਰਲ ਬਣਾਇਆ ਹੈ, ਨਵੇਂ ਰਸਤੇ ਲੱਭੇ ਹਨ ਸਗੋਂ ਇਹ ਬਰਾਬਰੀ ਦਾ ਅਗਰਦੂਤ ਰਿਹਾ ਹੈ।

Bharat Thapa

This news is Content Editor Bharat Thapa