ਅਸਾਮ ਚੋਣਾਂ ’ਚ ਵੋਟਰਾਂ ਨੂੰ ਭਰਮਾਉਣ ਲਈ ਖਤਰਨਾਕ ਨਸ਼ਿਆਂ ਦਾ ਰੁਝਾਨ

04/05/2021 3:15:54 AM

ਅਸਾਮ ਵਿਧਾਨ ਸਭਾ ਚੋਣਾਂ ਦੇ ਲਈ 27 ਮਾਰਚ ਅਤੇ 1 ਅਪ੍ਰੈਲ ਨੂੰ ਦੋ ਪੜਾਵਾਂ ’ਚ ਵੋਟਾਂ ਪੈਣ ਦੇ ਬਾਅਦ ਸਾਰਿਆਂ ਦੀਆਂ ਨਜ਼ਰਾਂ 6 ਅਪ੍ਰੈਲ ਨੂੰ ਹੋਣ ਜਾ ਰਹੇ ਆਖਰੀ ਪੜਾਅ ਦੀਆਂ ਪੈਣ ਵਾਲੀਆਂ ਵੋਟਾਂ ’ਤੇ ਹੈ, ਹਾਲਾਂਕਿ ਨਤੀਜੇ ਦੇ ਲਈ 2 ਮਈ ਤਕ ਦੀ ਉਡੀਕ ਕਰਨੀ ਪਵੇਗੀ।

ਅਸਾਮ ’ਚ ਹੁਣ ਤਕ ਦੀਆਂ ਚੋਣਾਂ ਕਾਫੀ ਵਿਵਾਦਿਤ ਰਹੀਆਂ ਹਨ। ਕਈ ਥਾਂ ਹਿੰਸਕ ਘਟਨਾਵਾਂ ਦੀ ਗੱਲ ਸਾਹਮਣੇ ਆਈ ਹੈ ਪਰ ਸਭ ਤੋਂ ਵੱਧ ਵਿਵਾਦ ਅਸਾਮ ਦੇ ਕਰੀਮਗੰਜ ਜ਼ਿਲੇ ’ਚ ਅਹੁਦਾ ਛੱਡ ਰਹੇ ਭਾਜਪਾ ਵਿਧਾਇਕ ਤੇ ਉਮੀਦਵਾਰ ਕ੍ਰਿਸ਼ਣੇਂਦੂ ਪਾਲ ਦੇ ਨਿੱਜੀ ਵਾਹਨ ’ਚੋਂ ‘ਇਲੈਕਟ੍ਰਾਨਿਕ ਵੋਟਿੰਗ ਮਸ਼ੀਨ’ ਭਾਵ ਈ. ਵੀ. ਐੱਮ. ਬਰਾਮਦ ਹੋਣ ਦੇ ਨਤੀਜੇ ਵਜੋਂ ਪੈਦਾ ਹੋਇਆ ਹੈ।

ਈ. ਵੀ. ਐੱਮ. ਬਰਾਮਦ ਹੋਣ ਦੇ ਮਾਮਲੇ ਨੂੰ ਲੈ ਕੇ ਸਿਆਸੀ ਪਾਰਟੀਆਂ ਦੇ ਚੋਟੀ ਦੇ ਨੇਤਾਵਾਂ ਦੀ ਸਖਤ ਪ੍ਰਤੀਕਿਰਿਆ ਸਾਹਮਣੇ ਆਉਣ ਤੋਂ ਬਾਅਦ ਚੋਣ ਕਮਿਸ਼ਨ ਨੇ 4 ਪੋਲਿੰਗ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਅਤੇ ਰਾਤਾਬਾੜੀ ਸੀਟ ਦੇ ਇਕ ਪੋਲਿੰਗ ਕੇਂਦਰ ’ਚ ਨਵੇਂ ਸਿਰੇ ਤੋਂ ਵੋਟਾਂ ਪਵਾਉਣ ਦਾ ਹੁਕਮ ਦਿੱਤਾ।

ਦਰਅਸਲ 1 ਅਪ੍ਰੈਲ ਨੂੰ 39 ਸੀਟਾਂ ਦੇ ਲਈ ਵੋਟਿੰਗ ਖਤਮ ਹੋਣ ਦੇ ਸਿਰਫ ਕੁਝ ਘੰਟੇ ਬਾਅਦ ਹੀ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਸਾਹਮਣੇ ਆਇਆ ਸੀ ਜਿਸ ’ਚ ਇਕ ਪ੍ਰਾਈਵੇਟ ਕਾਰ ’ਚ ਈ. ਵੀ. ਐੱਮ. ਲਿਜਾਂਦੇ ਹੋਏ ਦਿਖਾਇਆ ਗਿਆ ਸੀ।

ਜਿਥੋਂ ਤਕ ਵੋਟਰਾਂ ਨੂੰ ਭਰਮਾਉਣ ਦੇ ਲਈ ਲਾਲਚਾਂ ਦਾ ਸਬੰਧ ਹੈ, ਦੇਸ਼ ਭਰ ’ਚ ਹੋਣ ਵਾਲੀਆਂ ਚੋਣਾਂ ’ਚ ਵੋਟਰਾਂ ਨੂੰ ਮੁਫਤ ’ਚ ਚੀਜ਼ਾਂ ਦੇਣ ਦੇ ਵਾਅਦੇ ਸੁਣਾਈ ਦੇਣਾ ਆਮ ਗੱਲ ਹੈ ਜਿਨ੍ਹਾਂ ’ਚ ਸਾਈਕਲ, ਟੀ. ਵੀ. ਤੋਂ ਲੈ ਕੇ ਲੈਪਟਾਪ ਤਕ ਸ਼ਾਮਲ ਹਨ। ਵੋਟ ਖਰੀਦਣ ਲਈ ਪੈਸੇ ਤਕ ਦਿੱਤੇ ਜਾਣ ਜਾਂ ਵ੍ਹਿਸਕੀ ਪਿਆਉਣ ਤਕ ਦਾ ਰਿਵਾਜ ਵੀ ਦੇਖਣ ਨੂੰ ਮਿਲਦਾ ਰਿਹਾ ਹੈ।

ਹਾਲਾਂਕਿ ਇਸ ਵਾਰ ਅਸਾਮ ਦੀਆਂ ਚੋਣਾਂ ’ਚ ਵੋਟਰਾਂ ਨੂੰ ਭਰਮਾਉਣ ਦੇ ਲਈ ਇਸ ਤੋਂ ਵੀ ਕਿਤੇ ਵੱਧ ਅਤੇ ਬੇਹੱਦ ਚਿੰਤਾਜਨਕ ਰੁਝਾਨ ਵੀ ਦੇਖਣ ਨੂੰ ਮਿਲ ਰਿਹਾ ਹੈ। ਦਰਅਸਲ, ਅਸਾਮ ’ਚ ਹੋਣ ਵਾਲੀਆਂ ਚੋਣਾਂ ਦੇ ਲਈ ਅਕਸਰ ‘ਬੀ. ਐੱਮ. ਡਬਲਯੂ.’ ‘ਕੋਡ ਵਰਡ’ ਦੀ ਵਰਤੋਂ ਕੀਤੀ ਜਾਂਦੀ ਰਹੀ ਹੈ। ਇਸ ਦਾ ਮਤਲਬ ‘ਬਲੈਂਕੇਟ’ (ਕੰਬਲ), ‘ਮਨੀ’ (ਧਨ) ਅਤੇ ‘ਵਾਈਨ’ (ਸ਼ਰਾਬ) ਤੋਂ ਹੈ।

ਹਾਲਾਂਕਿ ਵੱਖ-ਵੱਖ ਐਨਫੋਰਸਮੈਂਟ ਏਜੰਸੀਆਂ ਵਲੋਂ ਕੀਤੀ ਜਾ ਰਹੀ ਨਸ਼ਿਆਂ ਦੀ ਵੱਡੀ ਮਾਤਰਾ ’ਚ ਬਰਾਮਦਗੀ ਨੂੰ ਦੇਖਦੇ ਹੋਏ ਲੱਗਦਾ ਹੈ ਕਿ ਇਸ ਵਾਰ ਦੀਆਂ ਚੋਣਾਂ ’ਚ ‘ਬੀ. ਐੱਮ. ਡਬਲਯੂ.’ ਦਾ ਸਥਾਨ ਡਰੱਗਸ ਨੇ ਲੈ ਲਿਆ ਹੈ।

26 ਫਰਵਰੀ ਨੂੰ ‘ਆਦਰਸ਼ ਚੋਣ ਜ਼ਾਬਤਾ’ ਲਾਗੂ ਹੋਣ ਤੋਂ 31 ਮਾਰਚ ਦੇ ਦਰਮਿਆਨ ਐਨਫੋਰਸਮੈਂਟ ਅਤੇ ਰੈਗੂਲੇਟਰੀ ਏਜੰਸੀਆਂ ਨੇ ਅਸਾਮ ’ਚੋਂ ਰਿਕਾਰਡ 110.83 ਕਰੋੜ ਰੁਪਏ ਮੁੱਲ ਦੀ ਨਕਦੀ, ਨਾਜਾਇਜ਼ ਸ਼ਰਾਬ ਅਤੇ ਹੋਰ ਚੀਜ਼ਾਂ ਜ਼ਬਤ ਕੀਤੀਆਂ ਹਨ।

ਅਧਿਕਾਰੀ ਦਾ ਕਹਿਣਾ ਹੈ ਕਿ ਚੋਣ ਪ੍ਰਚਾਰ ਦੇ ਦੌਰਾਨ ਨਕਦੀ, ਸ਼ਰਾਬ ਅਤੇ ਹੋਰ ਕੀਮਤੀ ਚੀਜ਼ਾਂ ਦਾ ਫੜਿਆ ਜਾਣਾ ਇਕ ਆਮ ਗੱਲ ਹੈ ਪਰ ਸਾਰਿਆਂ ਨੂੰ ਹੈਰਾਨੀ 34.29 ਕਰੋੜ ਰੁਪਏ ਦਾ ਨਸ਼ਾ ਫੜੇ ਜਾਣ ਤੋਂ ਹੈ।

ਵੋਟਾਂ ਦੇ ਲਈ ਭਰਮਾਉਣ ਦੇ ਮਕਸਦ ਨਾਲ ਵੰਡਣ ਲਈ ਜਮ੍ਹਾ ਭਾਰਤੀ ਅਤੇ ਵਿਦੇਸ਼ੀ ਬ੍ਰਾਂਡ ਦੀ ਸਿਗਰਟ ਅਤੇ ਤੰਬਾਕੂ ਉਤਪਾਦਾਂ ਦੀ ਬਰਾਮਦਗੀ ਹੀ ਰਿਕਾਰਡ 14.91 ਕਰੋੜ ਤਕ ਪਹੁੰਚ ਚੁੱਕੀ ਹੈ।

ਜ਼ਬਤ ਕੀਤੇ ਗਏ ਡਰੱਗਸ ’ਚ 6892.82 ਕਿਲੋ ਗਾਂਜਾ, 10.27 ਕਿਲੋ ‘ਕ੍ਰਿਸਟੇਲਾਈਨ ਮੈਥਾਮਫੇਟਾਮਾਈਨ’, 4.22 ਕਿਲੋ ‘ਹੈਰੋਇਨ’, 1 ਕਿਲੋ ‘ਮਾਰਫਿਨ’ ਅਤੇ 252.85 ਗ੍ਰਾਮ ‘ਬ੍ਰਾਊਨ ਸ਼ੂਗਰ’ ਸ਼ਾਮਲ ਹੈ। ਨਿਗਰਾਨੀ ਟੀਮਾਂ ਨੇ ‘ਮੈਥਾਮਫੇਟਾਮਾਈਨ’ ਦੇ 3,02,188 ਕੈਪਸੂਲ ਅਤੇ ਹੋਰ ਨਸ਼ੇ ਵਾਲੀਆਂ ਗੋਲੀਆਂ ਵੀ ਜ਼ਬਤ ਕੀਤੀਆਂ ਹਨ।

ਜ਼ਿਕਰਯੋਗ ਹੈ ਕਿ ਅਸਾਮ ਦੇ ਵਧੇਰੇ ਚਾਹ ਬਾਗਾਨ ਪੂਰਬੀ ਅਸਾਮ ’ਚ ਹੀ ਹਨ ਅਤੇ ਸਟੇਟ ਨੋਡਲ ਅਫਸਰ ਰਾਹੁਲ ਦਾਸ ਦੇ ਅਨੁਸਾਰ, ‘‘ਸਭ ਤੋਂ ਵੱਧ ਡਰੱਗਸ ਪੂਰਬੀ ਅਸਾਮ ’ਚ ਹੀ ਫੜੇ ਗਏ ਹਨ।’’

‘ਐਕਸਾਈਜ਼ ਐਂਡ ਰੈਵੇਨਿਊ ਇੰਟੈਲੀਜੈਂਸ’ ਅਧਿਕਾਰੀਆਂ ਦੇ ਲਈ ਇਹ ਇਕ ਪ੍ਰੇਸ਼ਾਨ ਕਰਨ ਵਾਲਾ ਰੁਝਾਨ ਹੈ ਕਿਉਂਕਿ ਅਸਾਮ ਦੇ ਹੋਰ ਹਿੱਸੇ ਪਹਿਲਾਂ ਤੋਂ ਹੀ ਨਸ਼ਾ ਸਮੱਗਲਿੰਗ ਦੇ ਲਈ ਬਦਨਾਮ ਹਨ। ਇਨ੍ਹਾਂ ’ਚ ਬਰਾਕ ਘਾਟੀ ਵੀ ਹੈ ਜਿਸਦੀ ਵਰਤੋਂ ਨਸ਼ਾ ਸਮੱਗਲਰ ਮਿਆਂਮਾਰ-ਮਿਜ਼ੋਰਮ-ਬੰਗਲਾਦੇਸ਼ ਦੇ ਦਰਮਿਆਨ ‘ਹੈਰੋਇਨ’, ‘ਮੈਥਾਮਫੇਟਾਮਾਈਨ’ ਅਤੇ ‘ਹਾਈ-ਕੋਡੇਈਨ ਕਫ ਸਿਰਪ’ ਨੂੰ ਨਾਜਾਇਜ਼ ਤੌਰ ’ਤੇ ਲਿਆਉਣ-ਲਿਜਾਣ ਦੇ ਲਈ ਕਰਦੇ ਹਨ।

ਪੱਛਮੀ ਅਸਾਮ ਦਾ ਧੁਬੜੀ ਜ਼ਿਲਾ ਵੀ ਇਸ ਦੇ ਲਈ ਬਦਨਾਮ ਹੈ।

ਇਕ ਐਕਸਾਈਜ਼ ਅਫਸਰ ਦੇ ਅਨੁਸਾਰ, ‘‘ਦੱਖਣੀ ਅਰੁਣਾਚਲ ਪ੍ਰਦੇਸ਼ ਅਤੇ ਨਾਗਾਲੈਂਡ ’ਚ ਗਾਂਜਾ ਫੜਿਆ ਜਾਣਾ ਆਮ ਹੈ। ਦਰਅਸਲ, ਉਹ ਹੋਰ ਨਸ਼ੇ ਵਾਲੀਆਂ ਚੀਜ਼ਾਂ ਹਨ ਜਿਨ੍ਹਾਂ ਦੀ ਬਰਾਮਦਗੀ ਨੂੰ ਲੈ ਕੇ ਅਸੀਂ ਚਿੰਤਤ ਹਾਂ।’’

ਸਪੱਸ਼ਟ ਹੈ ਕਿ ਅਸਾਮ ’ਚ ਚੋਣਾਂ ਜਿੱਤਣ ਦੇ ਲਈ ਨੇਤਾ ਲੋਕ ਕੁਝ ਵੀ ਕਰ ਗੁਜ਼ਰਨ ਦੇ ਚਾਹਵਾਨ ਹਨ। ਇਹੀ ਗੱਲ ਸਾਡੇ ਦੇਸ਼ ਦੇ ਦੂਸਰੇ ਸੂਬਿਆਂ ਦੇ ਲਈ ਵੀ ਕਹਿ ਸਕਦੇ ਹਾਂ। ਜੇਕਰ ਪੱਛਮੀ ਬੰਗਾਲ ’ਚ ਅਥਾਹ ਧਨ ਅਤੇ ਬੇਹੱਦ ਹਿੰਸਾ ਦੀ ਚੋਣਾਂ ਨੂੰ ਜਿੱਤਣ ਲਈ ਵਰਤੋਂ ਕੀਤਾ ਜਾ ਰਹੀ ਹੈ ਤਾਂ ਤਾਮਿਲਨਾਡੂ, ਕੇਰਲ ਅਤੇ ਪੁੱਡੂਚੇਰੀ ’ਚ ਵੀ ਹਾਲਾਤ ਵੱਖਰੇ ਨਹੀਂ ਹਨ।

ਇਸ ਤੋਂ ਪਹਿਲਾਂ ਕਿ ਸਾਡੇ ਲੋਕਤੰਤਰ ਦੀਆਂ ਜੜ੍ਹਾਂ ਕਮਜ਼ੋਰ ਹੋ ਜਾਣ ਇਸ ਦੇ ਲਈ ਚੋਣ ਕਮਿਸ਼ਨ ’ਚ ਸੋਧ ਲਿਆਉਣ ਦੀ ਲੋੜ ਹੈ ਪਰ ਸਵਾਲ ਇਹ ਹੈ ਕਿ ਅਜਿਹਾ ਕਿਹੜੀ ਸਰਕਾਰ ਕਰਨਾ ਚਾਹੇਗੀ।

Bharat Thapa

This news is Content Editor Bharat Thapa