ਅਧਿਆਪਕਾਂ ਵਲੋਂ ਵਿਦਿਆਰਥੀਆਂ-ਵਿਦਿਆਰਥਣਾਂ ਦਾ ਯੌਨ ਸ਼ੋਸ਼ਣ ਅਤੇ ਮਾਰ-ਕੁਟਾਈ

04/20/2017 1:14:55 AM

ਕਿਸੇ ਵੀ ਵਿਅਕਤੀ ਦੀ ਜ਼ਿੰਦਗੀ ''ਚ ਮਾਂ-ਪਿਓ ਤੋਂ ਬਾਅਦ ਗੁਰੂ ਭਾਵ ਅਧਿਆਪਕ ਦਾ ਹੀ ਸਰਵਉੱਚ ਸਥਾਨ ਮੰਨਿਆ ਗਿਆ ਹੈ। ਉਹੀ ਬੱਚਿਆਂ ਨੂੰ ਸਹੀ ਸਿੱਖਿਆ ਅਤੇ ਉਚਿਤ ਮਾਰਗਦਰਸ਼ਨ ਦੇ ਕੇ ਅਗਿਆਨੀ ਤੋਂ ਗਿਆਨਵਾਨ ਨਾਗਰਿਕ ਬਣਾਉਣ ਦਾ ਰਾਹ ਪੱਧਰਾ ਕਰਦੇ ਹਨ ਤੇ ਬੱਚਿਆਂ ਨੂੰ ਪਿਆਰ ਕਰਨ ਦੇ ਨਾਲ-ਨਾਲ ਅਧਿਆਪਕਾਂ ਨੂੰ ਕਦੇ-ਕਦੇ ਉਨ੍ਹਾਂ ਨੂੰ ਸਜ਼ਾ ਵੀ ਦੇਣੀ ਪੈਂਦੀ ਹੈ।
ਕੁਝ ਸਮਾਂ ਪਹਿਲਾਂ ਤਕ ਗੁਰੂਆਂ ਵਲੋਂ ਦਿੱਤੀ ਜਾਣ ਵਾਲੀ ਸਜ਼ਾ ''ਚ ਵੀ ਉਨ੍ਹਾਂ ਦਾ ਪਿਆਰ ਲੁਕਿਆ ਹੁੰਦਾ ਸੀ ਤੇ ਵਿਦਿਆਰਥੀ ਵੀ ਆਪਣੇ ਗੁਰੂਆਂ ਵਲੋਂ ਦਿੱਤੀ ਸਜ਼ਾ ਨੂੰ ਆਸ਼ੀਰਵਾਦ ਹੀ ਮੰਨਦੇ ਸਨ ਪਰ ਅੱਜ ਜ਼ਮਾਨਾ ਬਦਲ ਗਿਆ ਹੈ।
ਅਧਿਆਪਕ ਆਪਣੇ ਪੇਸ਼ੇ ਦੇ ਉੱਚ ਆਦਰਸ਼ਾਂ-ਮਰਿਆਦਾਵਾਂ ਨੂੰ ਭੁੱਲ ਕੇ ਨਾ ਸਿਰਫ ਬੱਚਿਆਂ ''ਤੇ ਅਣਮਨੁੱਖੀ ਅੱਤਿਆਚਾਰ ਕਰ ਰਹੇ ਹਨ ਸਗੋਂ ਨੈਤਿਕਤਾ ਨੂੰ ਵੀ ਤਾਰ-ਤਾਰ ਕਰ ਰਹੇ ਹਨ ਤੇ ਉਨ੍ਹਾਂ ਦੀਆਂ ਅਨੈਤਿਕ ਕਰਤੂਤਾਂ ਦੀਆਂ ਤਾਜ਼ਾ ਮਿਸਾਲਾਂ ਹੇਠਾਂ ਦਰਜ ਹਨ :
* 20 ਜਨਵਰੀ ਨੂੰ ਵਾਲ ਨਾ ਵਾਹ ਕੇ ਆਉਣ ''ਤੇ 6ਵੀਂ ਜਮਾਤ ਦੇ ਵਿਦਿਆਰਥੀ ਨੂੰ ਸੋਟੀ ਨਾਲ ਬੁਰੀ ਤਰ੍ਹਾਂ ਕੁੱਟਣ ਦੇ ਦੋਸ਼ ਹੇਠ ਛੱਤੀਸਗੜ੍ਹ ਦੇ ਜਾਂਜਗੀਰ ਜ਼ਿਲੇ ਦੇ ਸਰਕਾਰੀ ਮਿਡਲ ਸਕੂਲ ਦੀ ਅਧਿਆਪਕਾ ਵਿਰੁੱਧ ਕੇਸ ਦਰਜ ਕਰਵਾਇਆ ਗਿਆ।
* 21 ਜਨਵਰੀ ਨੂੰ ਠਾਣੇ ''ਚ ਇਕ 6 ਸਾਲਾ ਬੱਚੀ ਵਲੋਂ ਫੀਸ ਜਮ੍ਹਾ ਕਰਨ ''ਚ ਦੇਰੀ ਹੋ ਜਾਣ ''ਤੇ ਉਸ ਦੀ ਅਧਿਆਪਕਾ ਰੇਖਾ ਨਾਇਰ ਨੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਵਾਲ ਖਿੱਚੇ, ਜਿਸ ਨਾਲ ਉਸ ਦੇ ਸਿਰ ਦੇ ਇਕ ਹਿੱਸੇ ਦੇ ਵਾਲ ਹੀ ਉੱਖੜ ਗਏ।
* 10 ਫਰਵਰੀ ਨੂੰ ਜੈਪੁਰ ਦੇ ਰਾਮਗੰਜ ਪੁਲਸ ਥਾਣੇ ''ਚ ਇਕ ਵਿਦਿਆਰਥੀ ਦੇ ਮਾਤਾ-ਪਿਤਾ ਨੇ ਇਕ ਸਕੂਲ ਦੇ ਅਧਿਆਪਕ ਰਮੀਜ਼ ਖਾਂ ਵਿਰੁੱਧ ਲਗਾਤਾਰ 6 ਸਾਲਾਂ ਤੋਂ ਉਨ੍ਹਾਂ ਦੇ ਬੇਟੇ ਦਾ ਯੌਨ ਸ਼ੋਸ਼ਣ ਕਰਦੇ ਆਉਣ ਦੇ ਦੋਸ਼ ਹੇਠ ਸ਼ਿਕਾਇਤ ਦਰਜ ਕਰਵਾਈ। ਪੀੜਤ ਬੱਚੇ ਦੇ ਵਕੀਲ ਨੇ ਦੋਸ਼ ਲਾਇਆ ਕਿ ਦੋਸ਼ੀ ਅਧਿਆਪਕ ਪਿਛਲੇ 10 ਸਾਲਾਂ ''ਚ 200 ਤੋਂ ਜ਼ਿਆਦਾ ਬੱਚਿਆਂ ਦਾ ਰੇਪ ਕਰ ਚੁੱਕਾ ਹੈ।
* 18 ਫਰਵਰੀ ਨੂੰ ਰਾਜਸਥਾਨ ਦੇ ਰਾਜਸਮੰਦ ਜ਼ਿਲੇ ਦੇ ਨਾਥਦੁਆਰਾ ਥਾਣਾ ਖੇਤਰ ''ਚ ਇਕ ਪ੍ਰਾਈਵੇਟ ਸਕੂਲ ਦੀ ਅਧਿਆਪਕਾ ਹੀਰਲ ਚੌਧਰੀ ਨੇ ਹੋਮਵਰਕ ਨਾ ਕਰ ਕੇ ਆਉਣ ''ਤੇ 7ਵੀਂ ਜਮਾਤ ਦੀ ਵਿਦਿਆਰਥਣ ਦੀ ਸਲਵਾਰ ਉਤਰਵਾ ਦਿੱਤੀ।
* 01 ਮਾਰਚ ਨੂੰ ਜਗਾਧਰੀ ''ਚ ਇਕ ਅਧਿਆਪਕ ਨੇ ਹੋਮਵਰਕ ਨਾ ਕਰਨ ''ਤੇ ਪਹਿਲੀ ਜਮਾਤ ਦੀ 5 ਸਾਲਾ ਵਿਦਿਆਰਥਣ ਨੂੰ ਡੰਡਾ ਮਾਰਿਆ, ਜੋ ਉਸ ਦੀ ਅੱਖ ''ਤੇ ਲੱਗਣ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਈ।
* 12 ਮਾਰਚ ਨੂੰ ਮੱਧ ਪ੍ਰਦੇਸ਼ ਦੇ ਗੁਨਾ ਜ਼ਿਲੇ ਦੇ ਚੌਪਨਾ ਪਿੰਡ ਦੇ ਸਰਕਾਰੀ ਸਕੂਲ ਦੇ ਅਧਿਆਪਕ ਰਾਮ ਨਾਰਾਇਣ ਭਾਰਗਵ ਵਿਰੁੱਧ ਇਕ ਮਹੀਨੇ ਦੌਰਾਨ 10 ਤੇ 11 ਸਾਲ ਦੀ ਉਮਰ ਦੀਆਂ 5 ਵਿਦਿਆਰਥਣਾਂ ਦਾ ਲੰਚ ਟਾਈਮ ਦੌਰਾਨ ਯੌਨ ਸ਼ੋਸ਼ਣ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ।
* 25 ਮਾਰਚ ਨੂੰ ਰਾਜਸਥਾਨ ਦੇ ਬੀਕਾਨੇਰ ''ਚ 8 ਅਧਿਆਪਕਾਂ ਵਲੋਂ ਸਕੂਲ ਦੀ 13 ਸਾਲਾ ਵਿਦਿਆਰਥਣ ਦੀ ਨੰਗੀ ਵੀਡੀਓ ਕਲਿੱਪ ਬਣਾ ਕੇ ਉਸ ਨੂੰ ਬਲੈਕਮੇਲ ਕਰ ਕੇ ਡੇਢ ਸਾਲ ਤਕ ਉਸ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾਂਦਾ ਹੈ ਕਿ ਦੋਸ਼ੀਆਂ ਨੇ ਬੱਚੀ ਨੂੰ ਇੰਨੀ ਜ਼ਿਆਦਾ ਮਾਤਰਾ ''ਚ ਗਰਭ ਨਿਰੋਧਕ ਦਵਾਈਆਂ ਖਿਲਾਈਆਂ ਕਿ ਉਸ ਨੂੰ ਕੈਂਸਰ ਹੋ ਗਿਆ।
* ਅਤੇ ਹੁਣ 18 ਅਪ੍ਰੈਲ ਨੂੰ ਅਬੋਹਰ ਦੇ ਬੱਲੂਆਣਾ ਦੇ ਤਹਿਤ ਪਿੰਡ ਅਮਰਪੁਰਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪਿੰ੍ਰਸੀਪਲ ਸੁਖਦੇਵ ਸਿੰਘ ਦੀ ਕਰਤੂਤ ਸਾਹਮਣੇ ਆਈ ਹੈ। ਦੋਸ਼ ਹੈ ਕਿ ਉਕਤ ਪਿੰ੍ਰਸੀਪਲ ਕਈ ਮਹੀਨਿਆਂ ਤੋਂ 12ਵੀਂ ਜਮਾਤ ਦੀ ਇਕ ਵਿਦਿਆਰਥਣ ਨੂੰ ਦੇਰ ਰਾਤ ਨੂੰ ਵਾਰ-ਵਾਰ ਫੋਨ ਕਰ ਕੇ ਪ੍ਰੇਸ਼ਾਨ ਕਰ ਰਿਹਾ ਸੀ।
ਉਸ ਨੇ 27 ਫਰਵਰੀ ਦੀ ਰਾਤ ਨੂੰ 12 ਵਜੇ ਦੇ ਲੱਗਭਗ ਵਿਦਿਆਰਥਣ ਨੂੰ ਘੱਟੋ-ਘੱਟ 10 ਵਾਰ ਫੋਨ ਕੀਤਾ ਤੇ ਉਸ ਤੋਂ ਬਾਅਦ ਵੀ ਲਗਾਤਾਰ ਉਸ ਨੂੰ ਪ੍ਰੇਸ਼ਾਨ ਕਰਦਾ ਰਿਹਾ। ਜਦੋਂ 17 ਅਪ੍ਰੈਲ ਨੂੰ ਵੀ ਪਿੰ੍ਰਸੀਪਲ ਨੇ ਅਜਿਹੀ ਹੀ ਹਰਕਤ ਕੀਤੀ ਤਾਂ ਤੰਗ ਆ ਕੇ ਪਰਿਵਾਰ ਵਾਲਿਆਂ ਨੇ ਪੰਚਾਇਤ ਦੇ ਜ਼ਰੀਏ ਸਕੂਲ ''ਚ ਜਾ ਕੇ ਇਹ ਮੁੱਦਾ ਉਠਾਇਆ।
ਪਿੰ੍ਰਸੀਪਲ ਵਲੋਂ ਪਿੰਡ ਵਾਸੀਆਂ ਨਾਲ ਮਾੜਾ ਸਲੂਕ ਕਰਨ ''ਤੇ ਉਨ੍ਹਾਂ ਨੇ ਸਕੂਲ ਕੰਪਲੈਕਸ ''ਚ ਧਰਨਾ ਲਾ ਦਿੱਤਾ, ਸਕੂਲ ਦੇ ਗੇਟ ਨੂੰ ਜਿੰਦਰਾ ਲਾ ਦਿੱਤਾ ਅਤੇ ਪਿੰ੍ਰਸੀਪਲ ਦੀ ਗੱਡੀ ਦੀ ਵੀ ਭੰਨ-ਤੋੜ ਕੀਤੀ।
ਅਧਿਆਪਕਾਂ-ਅਧਿਆਪਕਾਵਾਂ ਵਲੋਂ ਮਾਸੂਮ ਵਿਦਿਆਰਥੀਆਂ-ਵਿਦਿਆਰਥਣਾਂ ਦੇ ਯੌਨ ਸ਼ੋਸ਼ਣ ਅਤੇ ਮਾਰ-ਕੁਟਾਈ ਵਰਗੇ ਅਪਰਾਧ ਇਸ ਆਦਰਸ਼ ਪੇਸ਼ੇ ''ਤੇ ਇਕ ਘਿਨੌਣਾ ਧੱਬਾ ਅਤੇ ਅਧਿਆਪਕ ਵਰਗ ''ਚ ਵੀ ਲਗਾਤਾਰ ਵਧ ਰਹੀ ਨੈਤਿਕ ਗਿਰਾਵਟ ਦਾ ਨਤੀਜਾ ਹੈ।
ਸਮਾਜ ਨੂੰ ਸਹਿਣਸ਼ੀਲਤਾ, ਸੰਜਮ, ਸਾਦਗੀ ਅਤੇ ਉੱਚ ਵਿਚਾਰਾਂ ਦਾ ਪਾਠ ਪੜ੍ਹਾਉਣ ਵਾਲੇ ਅਧਿਆਪਕ ਵਰਗ ਨੂੰ ਅਜਿਹਾ ਆਚਰਣ ਸ਼ੋਭਾ ਨਹੀਂ ਦਿੰਦਾ, ਇਸ ਲਈ ਅਜਿਹਾ ਕਰਨ ਵਾਲੇ ਅਧਿਆਪਕਾਂ-ਅਧਿਆਕਾਵਾਂ ਨੂੰ ਸਿੱਖਿਆਦਾਇਕ ਸਜ਼ਾ ਦਿੱਤੀ ਜਾਵੇ ਤਾਂ ਕਿ ਦੂਜਿਆਂ ਨੂੰ ਸਬਕ ਮਿਲੇ।                            
—ਵਿਜੇ ਕੁਮਾਰ

Vijay Kumar Chopra

This news is Chief Editor Vijay Kumar Chopra